ਸ਼ਾਹੀਨ ਬਾਗ 'ਤੇ ਛਾਅ ਰਿਹਾ ਹਿੰਦੁਤਵ ਅੱਤਵਾਦ ਦਾ ਕਾਲਾ ਸਾਇਆ!

ਸ਼ਾਹੀਨ ਬਾਗ 'ਤੇ ਛਾਅ ਰਿਹਾ ਹਿੰਦੁਤਵ ਅੱਤਵਾਦ ਦਾ ਕਾਲਾ ਸਾਇਆ!
ਹਮਲਾਵਰ ਕਪਿਲ ਗੁੱਜਰ ਨੂੰ ਲੈ ਕੇ ਜਾਂਦੀ ਹੋਈ ਪੁਲਸ

ਨਵੀਂ ਦਿੱਲੀ: ਭਾਰਤ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਂਤਮਈ ਢੰਗ ਨਾਲ ਸ਼ਾਹੀਨ ਬਾਗ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਦੇ ਇਕੱਠ ਵਿਚ ਅੱਜ ਕਪਿਲ ਗੁੱਜਰ ਨਾਂ ਦੇ ਹਿੰਦੂ ਬੰਦੇ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪਰ 48 ਘੰਟਿਆਂ ਵਿਚ ਹਿੰਦੂਆਂ ਵੱਲੋਂ ਕੀਤਾ ਗਿਆ ਇਹ ਦੂਜਾ ਹਮਲਾ ਹੈ। ਅਹਿਮ ਗੱਲ ਇਹ ਹੈ ਕਿ ਇਹ ਕਾਤਲਾਨਾ ਹਮਲੇ ਭਾਜਪਾ ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਦਿੱਤੇ ਗੋਲੀਆਂ ਮਾਰਨ ਦੇ ਬਿਆਨਾਂ ਮਗਰੋਂ ਹੋਏ ਹਨ। ਹਲਾਂਕਿ ਇਹ ਭੜਕਾਊ ਬਿਆਨ ਦੇਣ ਵਾਲੇ ਕਿਸੇ ਭਾਜਪਾ ਆਗੂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਗੋਪਾਲ ਨਾਮੀਂ ਇਕ ਹਿੰਦੂ ਨੌਜਵਾਨ ਨੇ ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਗੋਲੀ ਚਲਾਈ ਸੀ। 

ਭਾਵੇਂ ਕਿ ਇਹ ਹਮਲੇ ਇਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਪਾਉਣ ਦੇ ਇਰਾਦੇ ਨਾਲ ਕੀਤੇ ਗਏ ਹਨ ਪਰ ਭਾਰਤੀ ਮੀਡੀਆ ਇਹਨਾਂ ਨੂੰ 'ਅੱਤਵਾਦ' ਦਾ ਨਾਂ ਨਹੀਂ ਦੇ ਰਿਹਾ। ਬਲਕਿ ਦੋਸ਼ੀਆਂ ਦੇ ਨਾਵਾਂ ਅੱਗੇ ਨਾਬਾਲਗ ਅਤੇ ਸਿਰਫਿਰੇ ਵਰਗੇ ਵਿਸ਼ੇਸ਼ਣ ਲਾ ਕੇ ਨਰਮ ਰਵੱਈਆ ਬਣਾਇਆ ਜਾ ਰਿਹਾ ਹੈ। 

ਅੱਜ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਹਿੰਦੂ ਨੌਜਵਾਨ ਕਹਿ ਰਿਹਾ ਸੀ, "ਹਮਾਰੇ ਦੇਸ਼ ਮੇਂ ਸਿਰਫ ਹਿੰਦੂਓਂ ਕੀ ਚਲੇਗੀ ਔਰ ਕੀਸੀ ਕੀ ਨਹੀਂ।" ਉਸਨੇ ਹਮਲਾ ਕਰਨ ਮਗਰੋਂ 'ਹਿੰਦੂ ਰਾਸ਼ਟਰ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ।

ਇਸ ਹਮਲਾਵਰ ਨੂੰ ਪੁਲਸ ਵੱਲੋਂ ਫੜ੍ਹ ਲਿਆ ਗਿਆ ਹੈ। ਪਰ ਅਹਿਮ ਗੱਲ ਇਹ ਹੈ ਕਿ ਪੁਲਸ ਦੀ ਹਾਜ਼ਰੀ ਵਿਚ ਇਹ ਦੋਵੇਂ ਹਮਲੇ ਹੋਏ ਅਤੇ ਹਮਲਾਵਰ ਪੁਲਸ ਤੋਂ ਬੇਖੌਫ ਇਹਨਾਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ। 

ਸਵਾਲ ਇਹ ਉੱਠਦਾ ਹੈ ਕਿ ਇਹਨਾਂ ਹਮਲਿਆਂ ਨੂੰ ਭੜਕਾਉਣ ਵਾਲੇ ਭਾਜਪਾ ਦੇ ਆਗੂਆਂ ਖਿਲਾਫ ਕਾਰਵਾਈ ਦਾ ਅਧਾਰ ਕੀ ਹੁਣ ਵੀ ਨਹੀਂ ਬਣ ਰਿਹਾ? ਜਾਂ ਭਾਰਤ ਸਰਕਾਰ ਹਿੰਦੂਆਂ ਤੋਂ ਇਲਾਵਾ ਬਾਕੀ ਘੱਟਗਿਣਤੀਆਂ ਨੂੰ ਸਾਫ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਹੁਣ ਹਿੰਦੂ ਰਾਸ਼ਟਰ ਜਾਂ ਹਿੰਦੂ ਧੱਕੇਸ਼ਾਹੀ ਤੇ ਭਾਰਤ ਸਰਕਾਰ ਦੇ ਫੈਂਸਲਿਆਂ ਦਾ ਵਿਰੋਧ ਕਰਨ ਵਾਲੇ ਘੱਟਗਿਣਤੀ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾਣਗੀਆਂ। ਕੀ ਦਿੱਲੀ 'ਤੇ ਸ਼ਾਅ ਰਹੇ ਹਿੰਦੁਤਵ ਅੱਤਵਾਦ ਦੇ ਕਾਲੇ ਬੱਦਲ ਸ਼ਾਹੀਨ ਬਾਗ ਵਿਚ ਹੋਣ ਵਾਲੇ ਕਿਸੇ ਵੱਡੇ ਕਤਲੇਆਮ ਵੱਲ ਇਸ਼ਾਰਾ ਰਹੇ ਹਨ? 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।