ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ ਕੋਈ ਦੁਆ ਕਰੀਏ

ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ ਕੋਈ ਦੁਆ ਕਰੀਏ
ਜਸਵੰਤ ਸਿੰਘ ਕੰਵਲ

"ਕੁੱਝ ਘੰਟਿਆਂ ਦੇ ਫਰਕ ਨਾਲ ਪੰਜਾਬ ਦੀ ਧਰਤ ਤੋਂ ਪੰਜਾਬੀ ਦਾ ਇੱਕ ਪੁੱਤ ਤੇ ਪੰਜਾਬੀ ਦੀ ਇਕ ਧੀ ਧੁਰ ਦਰਗਾਹ ਰੁਖਸਤ ਕਰ ਗਏ। ਪਹਿਲਾਂ ਬੀਬੀ ਡਾ. ਦਲੀਪ ਕੌਰ ਟਿਵਾਣਾ ਗਈ ਮਗਰੇ ਮਗਰ ਬਾਪੂ ਜਸਵੰਤ ਸਿੰਘ ਕੰਵਲ ਤੁਰ ਗਏ। ਬੀਤੇ ਕੱਲ੍ਹ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਨਾਲ ਜੁੜੇ ਹਰ ਬਜ਼ੁਰਗ, ਨੌਜਵਾਨ ਨੇ ਸੋਗ ਕੀਤਾ। ਸ਼ਾਮੀਂ ਪੰਜਾਬ ਯੂਨੀਵਰਸਿਟੀ ਵਿਚ ਲੱਗੇ ਕਿਤਾਬ ਮੇਲੇ 'ਚ ਫਿਰਦਿਆਂ ਉੱਥੇ ਪਈਆਂ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ 'ਤੇ ਜਦੋਂ ਨਜ਼ਰ ਪਈ ਤਾਂ ਨੇੜੇ ਖੜ੍ਹੇ ਇਕ ਵਿਦਿਆਰਥੀ ਨੂੰ ਕਿਹਾ, "ਉਹ ਨਾ ਰਹਿ ਕੇ ਵੀ ਸਦਾ ਪੰਜਾਬ ਦੀ ਇਸ ਧਰਤ 'ਤੇ ਰਹੇਗਾ, ਇਹ ਲਿਖਤਾਂ ਉਸ ਨੂੰ ਜਿਉਂਦਾ ਰੱਖਣਗੀਆਂ।"

ਅੱਜ ਜਦੋਂ ਪੰਜਾਬ ਦੀ ਜਵਾਨੀ ਪੜ੍ਹਨ ਦੀ ਆਦਤ ਤੋਂ ਕਿਨਾਰਾ ਕਰ ਰਹੀ ਹੈ ਤਾਂ ਬਾਪੂ ਕੰਵਲ ਅਤੇ ਬੀਬੀ ਟਿਵਾਣਾ ਦੀ ਅੰਤਿਮ ਅਰਦਾਸ 'ਤੇ ਇਹੋ ਦੁਆ ਕਰਨੀ ਚਾਹੀਦੀ ਹੈ ਕਿ ਪੰਜਾਬ ਵਿਚ ਇਕ ਵਾਰ ਫੇਰ ਪੜ੍ਹਨ ਦੀ ਹਵਾ ਘੁੰਮੇ ਤੇ ਪੰਜਾਬ ਦੇ ਰੁੱਖ ਕਲਮਾਂ ਬਣ ਕੇ ਪੰਜਾਬ ਦੀ ਧਰਤ ਰੂਪੀ ਕਿਤਾਬ 'ਤੇ ਵਹਿੰਦੇ ਸਾਹਿਤ ਦੇ ਦਰਿਆ ਵਿਚ ਆਪਣੀ ਪੀੜ੍ਹੀ ਦਾ ਹਿੱਸਾ ਪਾਉਣ।"
ਸੁਖਵਿੰਦਰ ਸਿੰਘ

ਜਸਵੰਤ ਸਿੰਘ ਕੰਵਲ ਨੇ ਬਤੌਰ ਲੇਖਕ ਪੰਜਾਬ ਦੀ ਧਰਤੇ ਪੈਦਾ ਹੋਏ ਜੁਝਾਰੂਆਂ ਦਾ ਦਰਦ ਵੰਡਾਇਆ ਅਤੇ ਉਹਨਾਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕੀਤੀ। ਕੰਵਲ ਦੇ ਇਸ ਪੱਖ ਬਾਰੇ ਰਿੱਪਣੀ ਸਾਂਝੀ ਕਰਦਿਆਂ ਸਿੱਖ ਨੌਜਵਾਨ ਚਿੰਤਕ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ:

ਸ੍ਰ. ਜਸਵੰਤ ਸਿੰਘ ਕੰਵਲ ਦੇ ਖਾੜਕੂਆਂ ਅਤੇ ਪੰਜਾਬ ਦੇ ਕਮਿਊਨਿਸਟ ਆਗੂਆਂ ਬਾਰੇ ਵਿਚਾਰ:

"ਖਾੜਕੂ ਇਸ ਸਮੇਂ, ਪੰਜਾਬ ਦੇ ਹਿੱਤਾਂ ਨੂੰ ਰਾਖਵੇਂ ਕਰਨ ਲਈ ਸਰਕਾਰ ਵਿਰੋਧੀ ਬੁਨਿਆਦੀ ਧਿਰ ਹਨ।"

"ਅੱਜ ਇਨ੍ਹਾਂ (ਕਮਿਊਨਿਸਟ) ਲੀਡਰਾਂ ਦੀ ਸਰਕਾਰੀ ਗਾਰਡ ਰਾਖੀ ਕਰਦੀ ਹੈ। ਇਹ ਹਨ ਲੋਕਾਂ ਦੇ ਲੀਡਰ, ਜਿਹੜੇ ਲੋਕਾਂ ਤੋਂ ਹੀ ਡਰਦੇ ਹਨ । ਹੁਣ ਖਾੜਕੂਆਂ ਵਿਰੁੱਧ ਸਰਕਾਰੀ ਬੋਲੀ ਹੀ ਨਹੀਂ ਬੋਲਦੇ, ਸਗੋਂ ਡਾਂਗ ਤੇ ਬਲਦੇਵ ਪ੍ਰਕਾਸ਼ ਵਿਚ ਫਰਕ ਹੀ ਕੋਈ ਨਹੀਂ ਰਿਹਾ। ਪੰਜਾਬ ਉਜੜ ਰਿਹਾ ਹੈ, ਥਲ ਮਾਰੂ ਬਣ ਰਿਹਾ ਹੈ, ਇਹ ਸਰਕਾਰ ਨੂੰ ਪੂਰੀ ਢੀਠਤਾਈ ਨਾਲ ਸਲਾਹਾਂ ਦੇ ਰਹੇ ਹਨ, ਖਾੜਕੂਆਂ ਦਾ ਲੱਕ ਤੋੜਿਆ ਜਾਵੇ ਪੱਤਰਕਾਰੀ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਦੀਆਂ ਅਖਬਾਰਾਂ ਮਹਾਸ਼ਾ ਅਖਬਾਰਾਂ ਦੀਆਂ ਕਾਪੀਆਂ ਹਨ! ਇਨਕਲਾਬ ਇਨ੍ਹਾਂ ਇੰਦਰਾ ਨੂੰ ਵੇਚ ਦਿੱਤਾ ਸੀ । ਪੰਜਾਬ ਦੇ ਵਾਰਸ, ਲੋਕਾਂ ਦੇ ਹਿੱਤਾਂ ਲਈ ਕੁਰਬਾਨੀ ਕਰਕੇ ਹੀ ਬਣਿਆ ਜਾ ਸਕਦਾ ਹੈ, ਨਿਰੀ ਸਰਕਾਰ ਦੀ ਝੋਲੀ ਚੁੱਕ ਕੇ ਨਹੀਂ। ਕਿਸੇ ਵੀ ਦੇਸ਼-ਕੌਮ ਦੀ ਵਿਰਾਸਤ ਦਾ ਫੈਸਲਾ ਉਥੋਂ ਦੇ ਲੋਕਾਂ ਹੱਥ ਹੁੰਦਾ ਹੈ। ਲੋਕਾਂ ਦੀ ਰਾਇ ਤੋਂ ਡਰਦੇ ਹੀ ਇਹ ਦੋਹਾਈਆਂ ਪਾ ਰਹੇ ਹਨ, ਹਾਲੇ ਪੰਜਾਬ ਵਿਚ ਚੋਣਾਂ ਦਾ ਮਾਹੌਲ ਠੀਕ ਨਹੀਂ।"

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਚ ਪੰਜਾਬੀ ਵਿਭਾਗ ਦੇ ਮੁਖੀ ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ ਲਿਖਦੇ ਹਨ:
ਜਸਵੰਤ ਸਿੰਘ ਕੰਵਲ ਸੱਚੀਂ ਪੰਜਾਬ ਲਈ ਜਿਉਂਦਾ ਸੀ। ਉਹ ਏਨੀ ਦੂਰ ਵੇਖਦਾ ਸੀ ਕਿ ਹੈਰਾਨੀ ਹੁੰਦੀ ਹੈ। ਪੰਜਾਬ ਦੇ ਸਿਆਸੀ ਆਗੂਆਂ ਨੂੰ ਦਿੱਲੀ ਦੀ ਝੋਲੀ ਵਿਚੋਂ ਕੱਢਣ ਲਈ ਉਹਨੇ 35 ਸਾਲ ਪਹਿਲਾਂ ਜਿਹੜੀ ਨਸੀਹਤ ਦਿੱਤੀ ਸੀ ਉਹ ਅੱਜ ਸੱਚ ਐ। ਕਿੰਨੀ ਸੱਚ ਐ ਖੁਦ ਵੇਖੋ:

“ਅਕਾਲੀ ਲੀਡਰੋ, ਜਿੰਨਾ ਚਿਰ ਤੁਸੀਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਦੋ ਸਮਝੋਗੇ, ਮਾਰ ਈ ਖਾਓਗੇ। ਮਿਸਟਰ ਜਿਨਾਹ ਮਰਦੇ ਦਮ ਤੱਕ ਕਾਂਗਰਸ ਨੂੰ ਹਿੰਦੂ ਜਮਾਤ ਆਖਦਾ ਰਿਹਾ। ਉਹ ਓਨਾ ਚਿਰ ਸਮਝੌਤੇ ਦੀ ਮੇਜ ‘ਤੇ ਨੀ ਆਇਆ ਜਿੰਨਾ ਚਿਰ ਕਾਂਗਰਸ ਨੇ ਆਪੇ ਨੂੰ ਹਿੰਦੂ ਜਮਾਤ ਨਹੀਂ ਮੰਨ ਲਿਆ। ਜੰਮੂ ਕਸ਼ਮੀਰ ਦੀ ਧਾਰਾ 370 ਭਾਵ ਮਾਂਹ ਚਿਟਿਆਈ ਜਿੰਨੀ ਖੁਦਮੁਖਤਿਆਰੀ ਖਤਮ ਕਰਨ ਲਈ ਸਾਰੇ ਮਾਮੇ ਭਾਣਜੇ ਇਕ ਹਨ। ਤੁਸਾਂ ਜੋ ਅੰਦਰੂਨੀ ਖੁਦਮੁਖਤਿਆਰੀ ਲੈਣੀ ਹੈ ਤਾਂ ਜੰਮੂ ਕਸ਼ਮੀਰ ਦੀ ਧਾਰਾ 370 ਨੂੰ ਕਾਇਮ ਰੱਖਣ ਲਈ ਕਿਉਂ ਉਸ ਰਾਜ ਦੇ ਲੋਕਾਂ ਦਾ ਸਾਥ ਨਹੀਂ ਦੇਂਦੇ?” 
(ਦੂਜਾ ਜਿੱਤਨਾਮਾ, 1984: 59)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।