ਤੂੰ ਸ਼ਾਹੀਨ ਹੈਂ, ਤੇਰੀ ਫਿਤਰਤ ਹੈ ਉੱਡਣਾ

ਤੂੰ ਸ਼ਾਹੀਨ ਹੈਂ, ਤੇਰੀ ਫਿਤਰਤ ਹੈ ਉੱਡਣਾ
ਨਰਿੰਦਰ ਕੌਰ ਸੋਹਲ
 
ਫਾਰਸੀ ਭਾਸ਼ਾ ਵਿੱਚ ਸ਼ਾਹੀਨ ਦਾ ਅਰਥ ਹੈ ਬਾਜ਼। “ਸ਼ਾਹੀਨ ਬਾਗ਼” ਹੁਣ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ। ਸ਼ਾਹੀਨ ਬਾਗ ਹੁਣ ਦੇਸ਼ ਤੋਂ ਬਾਹਰ ਵੀ ਜਾਣਿਆ ਜਾਣ ਲੱਗਾ ਹੈ। ਪਹਿਲਾਂ ਬਹੁਤ ਘੱਟ ਲੋਕ ਜਾਣਦੇ ਸਨ ਕਿ ਇਸ ਨਾਮ ਦੀ ਕੋਈ ਥਾਂ ਦਿੱਲੀ ਵਿੱਚ ਹੈ। ਪਰ ਜਦੋਂ ਦੇਸ਼ ਭਰ ਵਿੱਚ ਐੱਨ ਆਰ ਸੀ ਅਤੇ ਸੀ ਏ ਏ ਦਾ ਵਿਰੋਧ ਸ਼ੁਰੂ ਹੋਇਆ ਤਾਂ ਇਸ ਥਾਂ ਬਾਰੇ ਵੀ ਚਰਚਾ ਚੱਲ ਪਈ ਕਿਉਂਕਿ ਯੂਨੀਵਰਸਿਟੀਆਂ ਵਿੱਚ ਸ਼ੁਰੂ ਹੋਏ ਵਿਰੋਧ ਤੋਂ ਬਾਅਦ, ਸਭ ਤੋਂ ਪਹਿਲਾਂ ਇਸ ਇਲਾਕੇ ਦੀਆਂ ਵਡੇਰੀ ਉਮਰ ਦੀਆਂ ਕੁਝ ਔਰਤਾਂ ਨੇ ਸੀ ਏ ਏ ਦੇ ਵਿਰੁੱਧ ਇੱਥੇ ਧਰਨਾ ਲਗਾ ਦਿੱਤਾ। ਇਸ ਵਿੱਚ ਵੇਖਦਿਆਂ ਹੀ ਵੇਖਦਿਆਂ ਹਰ ਉਮਰ ਦੀਆਂ ਹਾਜਾਰਾਂ ਔਰਤਾਂ ਆ ਸ਼ਾਮਲ ਹੋਈਆਂ। ਜੇ 80, 85 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਸ਼ਾਮਲ ਸਨ ਤਾਂ ਮਹਿਜ਼ 20 ਦਿਨਾਂ ਦੀ ਉਹ ਬੱਚੀ ਵੀ ਸ਼ਾਮਲ ਸੀ, ਜਿਸ ਦੀ ਮਾਂ ਭਵਿੱਖ ਨੂੰ ਖ਼ਤਰੇ ਵਿੱਚ ਵੇਖਦਿਆਂ ਘਰ ਬੈਠਣ ਦੀ ਬਜਾਏ ਧਰਨੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਸਮਝਦੀ ਸੀ।
 
“ਸ਼ਾਹੀਨ ਬਾਗ਼” ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਇਹ ਵੇਖਦੇ ਹੋ ਕਿ ਧਰਨੇ ਵਾਲੀ ਥਾਂ ਦੇ ਵਿਚਕਾਰ ਇੱਕ ਛੋਟੀ ਜਿਹੀ ਸਟੇਜ ਬਣੀ ਹੋਈ ਹੈ, ਜਿਸਦੇ ਪਿਛਲੇ ਪਾਸੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਹਨ। ਜਿਵੇਂ ਬੀ ਆਰ ਅੰਬੇਡਕਰ, ਸੁਭਾਸ਼ ਚੰਦਰ ਬੋਸ, ਬੇਗ਼ਮ ਰੁਕਈਆ, ਸਖ਼ਾਵਤ ਹੁਸੈਨ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਆਦਿ। ਆਪ ਮੁਹਾਰੇ ਸ਼ੁਰੂ ਹੋਏ ਇਸ ਧਰਨੇ ਵਿੱਚ ਕੋਈ ਪ੍ਰਧਾਨਗੀ ਮੰਡਲ ਨਹੀਂ ਹੈ ਸਗੋਂ ਸਟੇਜ ਕੋਲ ਖਲੋਤੇ ਕੁਝ ਵਲੰਟੀਅਰਜ਼ ਨੂੰ ਤੁਸੀਂ ਆਪਣਾ ਨਾਂ ਦੱਸ ਕੇ ਬੋਲਣ ਦੀ ਇਜਾਜ਼ਤ ਲੈ ਸਕਦੇ ਹੋ। ਹਰ ਪਾਸੇ ਪੇਂਟਿੰਗਜ਼ ਰਾਹੀਂ ਆਪਣੇ ਜਜ਼ਬਾਤਾਂ ਨੂੰ ਦਰਸਾਇਆ ਗਿਆ ਹੈ। ਕਿਤਾਬਾਂ ਪੜ੍ਹਨ ਲਈ ਇੱਕ ਛੋਟੀ ਲਾਇਬ੍ਰੇਰੀ ਵੀ ਹੈ। ਦਾਦੀਆਂ ਦੇ ਪੋਸਟਰ ਅਤੇ ਪੇਂਟਿੰਗਜ਼ ਵੀ ਲਗਾਈਆਂ ਗਈਆਂ ਹਨ। ਸਟੇਜ ਦੇ ਸਾਹਮਣੇ ਪਾਸੇ ਵੱਲ ਬਹੁਤ ਵੱਡਾ ਭਾਰਤ ਦਾ ਨਕਸ਼ਾ ਬਣਾ ਕੇ ਖੜ੍ਹਾ ਕੀਤਾ ਗਿਆ ਹੈ, ਜਿਸਦੇ ਉੱਪਰ “ਅਸੀਂ ਭਾਰਤ ਦੇ ਲੋਕ” ਅਤੇ ਐੱਨ ਆਰ ਸੀ, ਸੀ ਏ ਏ ਦਾ ਵਿਰੋਧ ਦਰਜ਼ ਹੈ। ਇਸ ਸਭ ਨੇ ਲੋਕਾਂ ਦਾ ਧਿਆਨ ਖਿੱਚਿਆ ਤਾਂ ਸ਼ਾਹੀਨ ਬਾਗ਼ ਬਾਰੇ ਹਾਂ ਪੱਖੀ ਦੇ ਨਾਲ ਨਾਲ ਨਾ ਪੱਖੀ ਪ੍ਰਚਾਰ ਵੀ ਜ਼ੋਰਾਂ ਉੱਤੇ ਹੋਣ ਲੱਗ ਪਿਆ। ਇਸ ਨੂੰ “ਤੌਹੀਨ ਬਾਗ਼”, “ਪਾਕਿਸਤਾਨ ਦੇ ਹਮਾਇਤੀਆਂ ਦਾ ਧਰਨਾ”, “ਟੁਕੜੇ ਟੁਕੜੇ ਗੈਂਗ ਵਾਲਿਆਂ ਦਾ ਅੱਡਾ”, “ਮਿਨੀ ਪਾਕਿਸਤਾਨ” ਅਤੇ ਹੋਰ ਵੀ ਬਹੁਤ ਕੁਝ ਕਿਹਾ ਗਿਆ। ਚੋਣ ਪ੍ਰਚਾਰ ਦੌਰਾਨ ਦਿੱਲੀ ਵਾਸੀਆਂ ਨੂੰ ਡਰਾਉਣ ਲਈ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਇਹ ਮੁਜ਼ਾਹਰਾਕਾਰੀ ਤੁਹਾਡੇ ਘਰਾਂ ਵਿੱਚ ਵੜ ਕੇ, ਤੁਹਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨਗੇ। ਇਹ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਸਿਰੇ ਦਾ ਯਤਨ ਸੀ।
 
ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ ਸਗੋਂ ਗੋਲੀ ਮਾਰਨ ਤੱਕ ਦੀਆਂ ਗੱਲਾਂ ਵੀ ਕੀਤੀਆਂ ਜਾਣ ਲੱਗੀਆਂ। ਇੱਕ ਸਿਰ ਫਿਰੇ ਵੱਲੋਂ ਤਾਂ ਧਰਨਾਕਾਰੀਆਂ ਵਿੱਚ ਅਫਰਾ ਤਫਰੀ ਮਚਾਉਣ ਲਈ ਹਵਾ ਵਿੱਚ ਫਾਇਰੰਗ ਤੱਕ ਵੀ ਕਰ ਦਿੱਤੀ ਗਈ। ਪਰ ਜੁਝਾਰੂ ਔਰਤਾਂ ਨੇ ਇਸਦੀ ਕੋਈ ਪ੍ਰਵਾਹ ਕੀਤੇ ਬਗੈਰ, ਡਰ ਭੈਅ ਤੋਂ ਮੁਕਤ ਹੋ ਕੇ ਸ਼ਾਂਤੀ ਨਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਇਹ ਔਰਤਾਂ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਹਰ ਸਵਾਲ ਦਾ ਜਵਾਬ ਤਰਕ ਨਾਲ ਦੇਣਾ ਜਾਣਦੀਆਂ ਨੇ. ਜੋ ‘ਪੰਜ ਪੰਜ ਸੌ ਰੁਪਏ ਲੈ ਕੇ ਬੈਠੀਆਂ’ ਕਹਿਣ ਵਾਲਿਆਂ ਲਈ ਇੱਕ ਤਮਾਚਾ ਹੈ।
 
ਜਦੋਂ ਇਹਨਾਂ ਸੰਘਰਸ਼ੀ ਔਰਤਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਕਿ ਜੋ ਕੁਝ ਹੋ ਰਿਹਾ ਹੈ, ਤੁਹਾਨੂੰ ਡਰ ਨਹੀਂ ਲੱਗਦਾ? ਉਹਨਾਂ ਦਾ ਜਵਾਬ ਸੀ ਕਿ ਇਸ ਮਾਹੌਲ ਕਾਰਨ ਸਗੋਂ ਸਾਡਾ ਸਾਰਾ ਡਰ ਦੂਰ ਹੋ ਗਿਆ ਹੈ। ਮਰਨਾ ਤਾਂ ਇੰਜ ਵੀ ਹੈ ਤੇ ਉਂਜ ਵੀ, ਫਿਰ ਕਿਉਂ ਨਾ ਲੜ ਕੇ ਮਰਿਆ ਜਾਵੇ। ਕੁਝ ਔਰਤਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਐੱਨ ਆਰ ਸੀ, ਸੀ ਏ ਏ ਨੇ ਤਾਂ ਸਾਡੇ ਬੁਰਕੇ ਲੁਹਾ ਦਿੱਤੇ ਹਨ ਤੇ ਅਸੀਂ ਸਭ ਬੰਦਸ਼ਾਂ ਤੋੜ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ, ਸੰਘਰਸ਼ ਦੇ ਮੈਦਾਨ ਵਿੱਚ ਉੱਤਰ ਆਈਆਂ ਹਾਂ। ਕਈ ਨੌਜਵਾਨ ਲੜਕੀਆਂ ਨੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਆਪਣੀਆਂ ਨੌਕਰੀਆਂ ਤੱਕ ਛੱਡ ਦਿੱਤੀਆਂ ਹਨ। ਇਸ ਪਿਛਲੇ ਕਾਰਨਾਂ ਨੂੰ ਬਿਆਨ ਕਰਦਿਆਂ ਉਹਨਾਂ ਕਿਹਾ ਕਿ “ਜੇ ਸੀ ਏ ਏ ਲਾਗੂ ਹੋ ਜਾਂਦਾ ਹੈ ਤਾਂ ਸਾਡੀ ਨਾਗਰਿਕਤਾ ਖੋਹ ਲਈ ਜਾਵੇਗੀ ਫਿਰ ਅਸੀਂ ਕੀ ਕਰਾਂਗੇ? ਇਸ ਲਈ ਅੱਜ ਸਭ ਤੋਂ ਵੱਡਾ ਮਸਲਾ ਆਪਣੀ ਨਾਗਰਿਕਤਾ ਬਚਾਉਣ ਲਈ ਐੱਨ ਆਰ ਸੀ, ਸੀ ਏ ਏ, ਐੱਨ ਪੀ ਆਰ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਹੈ।”
 
ਇਸ ਧਰਨੇ ਨੂੰ ਲਗਭਗ ਦੋ ਮਹੀਨੇ ਬੀਤ ਚੁੱਕੇ ਹਨ ਪਰ ਇੱਥੇ ਹਾਜ਼ਰ ਦਾਦੀਆਂ/ ਨਾਨੀਆਂ ਦੇ ਹੌਸਲੇ ਅੱਜ ਵੀ ਪੂਰੀ ਤਰ੍ਹਾਂ ਬੁਲੰਦ ਹਨ। ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਅਤੇ ਜੋ ਵੀ ਇਸ ਸਘੰਰਸ਼ ਦੀ ਹਮਾਇਤ ਵਿੱਚ ਹੈ, ਆ ਕੇ ਆਪਣੇ ਵਿਚਾਰਾਂ ਰਾਹੀਂ ਹਾਜ਼ਰੀ ਲਗਵਾ ਰਿਹਾ ਹੈ। ਸ਼ਾਹੀਨ ਬਾਗ਼ ਜਾ ਕੇ ਹੀ ਪਤਾ ਲੱਗਦਾ ਹੈ ਕਿ ਇਹ ਧਰਨਾ ਸਿਰਫ਼ ਮੁਸਲਮਾਨਾਂ ਦਾ ਨਹੀਂ (ਜਿਵੇਂ ਦਾ ਪ੍ਰਚਾਰ ਕੀਤਾ ਗਿਆ ਸੀ) ਸਗੋਂ ਸਾਰੇ ਭਾਰਤ ਦੇ ਲੋਕਾਂ ਦਾ ਹੈ। ਜੇ ਵੱਡੀ ਗਿਣਤੀ ਵਿੱਚ ਔਰਤਾਂ ਧਰਨਾ ਮਾਰੀ ਬੈਠੀਆਂ ਹਨ ਤਾਂ ਉਹਨਾਂ ਦੀ ਹਮਾਇਤ ਵਿੱਚ ਵੱਡੀ ਗਿਣਤੀ ਆਦਮੀਆਂ ਦੀ ਵੀ ਉੱਥੇ ਹਾਜ਼ਰ ਹੈ। ਜੋ ਹਰ ਗੱਲ ਦਾ ਧਿਆਨ ਰੱਖ ਰਹੇ ਹਨ।
 
ਇਹ ਇਕੱਠ ਉਹਨਾਂ ਲੋਕਾਂ ਦਾ ਹੈ, ਜਿਨ੍ਹਾਂ ਦੇ ਵੱਡੇ ਵਡੇਰੇ ਇਸ ਧਰਤੀ ਉੱਤੇ ਪੈਦਾ ਹੋਏ ਤੇ ਇਸੇ ਮਿੱਟੀ ਵਿੱਚ ਦਫ਼ਨ ਹੋ ਗਏ। ਜਿਨ੍ਹਾਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਧਰਮਾਂ, ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਕੁਰਬਾਨੀਆਂ ਦਿੱਤੀਆਂ। ਅੱਜ ਜੇ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਜਾਵੇਗੀ ਤਾਂ ਅਸ਼ਫ਼ਾਕ ਉਲ੍ਹਾ ਖਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਇਹ ਦੇਸ਼, ਇਹ ਮਿੱਟੀ ਉਨ੍ਹਾਂ ਸਭ ਦੀ ਆਪਣੀ ਹੈ ਤੇ ਕੋਈ ਵੀ ਤਾਕਤ ਉਨ੍ਹਾਂ ਨੂੰ ਇਸ ਮਿੱਟੀ ਤੋਂ ਜੁਦਾ ਨਹੀਂ ਕਰ ਸਕਦੀ। ਇਹ ਲੜਾਈ ਸਿਰਫ਼ ਉਹਨਾਂ ਦੀ ਆਪਣੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੈ। ਉਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵੀ ਹੈ ਜੋ ਸਭ ਦੇ ਬਰਾਬਰਤਾ ਦੀ ਗੱਲ ਕਰਦਾ ਹੈ। ਪਰ ਮੌਜੂਦਾ ਸਰਕਾਰ ਸੰਵਿਧਾਨ ਨੂੰ ਵਾਰ-ਵਾਰ ਤੋੜ ਮਰੋੜ ਰਹੀ ਹੈ। ਪਹਿਲਾਂ 370 ਦਾ ਖਾਤਮਾ ਤੇ ਫਿਰ ਨਾਗਰਿਕਤਾ ਸੋਧ ਕਾਨੂੰਨ ਦਾ ਹੋਂਦ ਵਿੱਚ ਆਉਣਾ ਜੋ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਵਿੱਚ ਵਸਦੇ ਗ਼ੈਰ-ਮੁਸਲਿਮ ਫ਼ਿਰਕਿਆਂ ਦੇ ਲੋਕਾਂ ਨੂੰ ਧਰਮ ਦੇ ਆਧਾਰ ਉੱਤੇ ਹੀ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ। ਐੱਨ ਪੀ ਆਰ ਰਾਹੀਂ ਤਾਂ ਦੇਸ਼ ਦੇ ਹਰ ਆਦਮੀ/ਔਰਤ ਤੋਂ ਇਸ ਦੇਸ਼ ਦਾ ਨਾਗਰਿਕ ਹੋਣ ਦੇ ਸਬੂਤ ਮੰਗੇ ਜਾਣਗੇ। ਸਦੀਆਂ ਤੋਂ ਇਸ ਧਰਤੀ ਉੱਤੇ ਵਸਦੇ ਲੋਕਾਂ ਤੋਂ ਹੁਣ ਪੁੱਛਿਆ ਜਾਵੇਗਾ ਕਿ ਇਸ ਧਰਤੀ ਨਾਲ ਆਪਣੇ ਸਬੰਧਾਂ ਦਾ ਸਬੂਤ ਦਿਉ।
 
ਇਸ ਕਾਨੂੰਨ ਨੇ ਲੋਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਲੋਕ ਆਪ ਮੁਹਾਰੇ ਸੜਕਾਂ ਉੱਤੇ ਉੱਤਰ ਆਏ। ਕਿਸੇ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਪੋਸਟਰ ਉੱਤੇ ਲਿਖ ਲਿਆ ਤੇ ਕਿਸੇ ਨੇ ਇਨਕਲਾਬ ਜ਼ਿੰਦਾਬਾਦ, ਕਿਸੇ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਤੇ ਕਿਸੇ ਨੇ ਕੁਝ ਹੋਰ। ਹਰ ਥਾਂ ਐੱਨ ਆਰ ਸੀ, ਸੀ ਏ ਏ ਅਤੇ ਐੱਨ ਪੀ ਆਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਣ ਲੱਗੇ। ਦਿੱਲੀ ਦਾ ਸ਼ਾਹੀਨ ਬਾਗ਼, ਲਖਨਊ ਦਾ ਸਬਜ਼ੀ ਬਾਗ਼, ਕਲਕੱਤੇ ਦਾ ਪਾਰਕ ਸਰਕਸ, ਜੈਪੁਰ ਦਾ ਸ਼ਹੀਦ ਸਮਾਰਕ, ਪੰਜਾਬ ਦਾ ਮਲੇਰਕੋਟਲਾ ਆਦਿ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਧਰਨਾਕਾਰੀਆਂ ਦੀ ਹਮਾਇਤ ਅਤੇ ਮਦਦ ਲਈ ਹਰ ਧਰਮ, ਹਰ ਭਾਈਚਾਰੇ ਦੇ ਲੋਕ ਉੱਥੇ ਹਾਜ਼ਰ ਹੁੰਦੇ ਹਨ ਜੋ ਭਾਰਤ ਦੀ ਭਾਈਚਾਰਕ ਏਕਤਾ ਦਾ ਜਿਉਂਦਾ ਜਾਗਦਾ ਸਬੂਤ ਹਨ।
 
ਇਹਨਾਂ ਹਾਲਤਾਂ ਨੂੰ ਵੇਖਦਿਆਂ ਇਹ ਪੱਖ ਵੀ ਗੌਰ ਕਰਨ ਵਾਲਾ ਹੈ ਕਿ ਸਰਕਾਰ ਆਪਣੇ ਮਕਸਦ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਰਹੀ ਹੈ ਕਿਉਂਕਿ ਉਸਨੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ, ਨਾਗਰਿਕਤਾ ਬਚਾਉਣ ਵੱਲ ਲੱਗਾ ਦਿੱਤਾ ਹੈ। ਜਦੋਂ ਇੱਕ ਪਾਸੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਸਤੀ ਵਿੱਦਿਆ ਲਈ ਲੜ ਰਹੇ ਸਨ ਅਤੇ ਦੂਜੇ ਪਾਸੇ ਨੌਜਵਾਨ ਪੀੜ੍ਹੀ ਰੁਜ਼ਗਾਰ ਦਾ ਮੁੱਦਾ ਚੁੱਕ ਰਹੀ ਸੀ। ਜੋ ਲੋਕ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰ ਰਹੇ ਸਨ, ਸਰਕਾਰ ਨੇ ਉਹਨਾਂ ਨੂੰ ਹੀ ‘ਨਾਗਰਿਕਤਾ ਸਿੱਧ’ ਕਰਨ ਦੇ ਵੱਡੇ ਸਵਾਲ ਵਿੱਚ ਉਲਝਾ ਦਿੱਤਾ ਹੈ। ਦੇਸ਼ ਦੇ ਹਾਲਾਤ ਦਿਨੋ-ਦਿਨ ਚਿੰਤਾਜਨਕ ਹੁੰਦੇ ਜਾ ਰਹੇ ਹਨ। ਨੌਕਰੀਆਂ ਵਿੱਚੋਂ ਛਾਂਟੀ ਅਤੇ ਵੱਖ-ਵੱਖ ਕਾਰੋਬਾਰਾਂ ਦੇ ਘਾਟੇ ਵਿੱਚ ਜਾਣ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਇਸ ਕਦਰ ਵਧ ਰਿਹਾ ਕਿ ਹੁਣ ਪੂਰੇ ਦੇ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਰੋਜ਼ ਸੁਣਨ ਨੂੰ ਮਿਲ ਰਹੀਆਂ ਹਨ।
 
ਦੂਜੇ ਪਾਸੇ ਤਾਜ਼ਾ ਅੰਕੜਿਆਂ ਅਨੁਸਾਰ ਕਿਸਾਨਾਂ ਨਾਲੋਂ ਵੀ ਵਧੇਰੇ ਖੁਦਕੁਸ਼ੀਆਂ ਬੇਰੁਜ਼ਗਾਰ ਨੌਜਵਾਨਾਂ ਨੇ ਕੀਤੀਆਂ ਹਨ। ਪਰ ਅਫਸੋਸ, ਸਰਕਾਰਾਂ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੀ ਕੁਰਸੀ ਦੀ ਮਿਆਦ ਲੰਮੀ ਕਰਨ ਵੱਲ ਰੁਚਿਤ ਹਨ। ਜਿੱਥੇ ਦੇਸ਼ ਨੂੰ ਅੱਜ ‘ਰੁਜ਼ਗਾਰ ਦੀ ਗਰੰਟੀ’ ਵਰਗੇ ਕਾਨੂੰਨਾਂ ਦੀ ਲੋੜ ਹੈ, ਉੱਥੇ ਸੀ ਏ ਏ ਵਰਗੇ ਕਾਲੇ ਕਾਨੂੰਨ ਲਿਆ ਕੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਛੜਯੰਤਰ ਰਚਿਆ ਜਾ ਰਿਹਾ ਹੈ। ਬੇਸ਼ੱਕ ਇਸ ਗੱਲ ਦੀ ਥੋੜ੍ਹੀ ਤਸੱਲੀ ਵੀ ਹੈ ਕਿ ਹੁਣ ਲੋਕ ਚੇਤਨ ਹੋ ਕੇ ਆਪ ਮੁਹਾਰੇ ਸੜਕਾਂ ਉੱਤੇ ਉੱਤਰ ਰਹੇ ਹਨ। ਖ਼ਾਸ ਕਰਕੇ ਔਰਤਾਂ, ਜਿਨ੍ਹਾਂ ਨੂੰ ਸ਼ਾਹੀਨ ਬਾਗ਼ ਨੇ ਇੱਕ ਵੱਡਾ ਹੁਲਾਰਾ ਦਿੰਦਿਆਂ, ਵਲਗਣਾਂ ਤੋਂ ਬਾਹਰ ਆ ਕੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਹੈ। ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਸਰਕਾਰਾਂ ਨੂੰ ਅਸਲ ਮੁੱਦਿਆਂ ਉੱਤੇ ਘੇਰਨਾ ਸ਼ੁਰੂ ਕਰਨਗੇ।