ਮੰਤਰੀ ਭਰਤ ਭੂਸ਼ਣ ਆਸ਼ੂ 'ਤੇ ਬੰਬ ਧਮਾਕੇ ਦੇ ਦੋਸ਼

ਮੰਤਰੀ ਭਰਤ ਭੂਸ਼ਣ ਆਸ਼ੂ 'ਤੇ ਬੰਬ ਧਮਾਕੇ ਦੇ ਦੋਸ਼

ਚੰਡੀਗੜ੍ਹ: ਪੰਜਾਬ ਪੁਲਸ ਦੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੰਤਰੀ ਭਰਤ ਭੂਸ਼ਣ ਆਸ਼ੂ 'ਤੇ 1992 'ਚ ਲੁਧਿਆਣਾ ਦੇ ਗੁੜ ਮੰਡੀ ਇਲਾਕੇ 'ਚ ਹੋਏ ਬੰਬ ਧਮਾਕੇ ਦਾ ਮੁੱਖ ਸਾਜਿਸ਼ ਘਾੜਾ ਹੋਣ ਦੇ ਦੋਸ਼ ਲਾਏ ਹਨ। 

ਡੀਐਸਪੀ ਸੇਖੋਂ ਨੇ ਦੋਸ਼ ਲਾਇਆ ਹੈ ਕਿ ਭਰਤ ਭੂਸ਼ਣ ਆਸ਼ੂ ਦੇ ਸਬੰਧ ਭਿੰਡਰਾਵਾਲਾ ਟਾਈਗਰ ਫੋਰਸ ਨਾਲ ਸੀ। ਇਸ ਦੇ ਅਧਾਰ ਵਜੋਂ ਉਹਨਾਂ 1992 'ਚ ਆਸ਼ੂ ਵੱਲੋਂ ਪੁਲਸ ਨੂੰ ਦਿੱਤੇ ਇਕ ਬਿਆਨ ਦਾ ਹਵਾਲਾ ਦਿੱਤਾ। ਸੇਖੋਂ ਨੇ ਕਿਹਾ, "ਆਸ਼ੂ ਨੇ 1992 'ਚ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਸੀ ਕਿ ਉਹ ਭਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦਾ ਹਿੱਸਾ ਸੀ ਤੇ ਖਾੜਕੂਆਂ ਦੇ ਹਥਿਆਰ ਤੇ ਗੋਲਾ ਬਰੂਦ ਸਾਂਭਦਾ ਸੀ ਤੇ ਤਿੰਨ ਕਤਲਾਂ 'ਚ ਵੀ ਸ਼ਾਮਲ ਸੀ। ਉਹ ਮੇਰਾ ਵੀ ਕਤਲ ਕਰਵਾ ਸਕਦਾ ਹੈ। ਉਸਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ।"

ਇਸ ਮੌਕੇ ਸੇਖੋਂ ਨੇ ਇਕ ਪੁਲਸ ਬਿਆਨ ਦੀ ਕਾਪੀ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਇਹ ਬਿਆਨ ਆਸ਼ੂ ਨੇ 6 ਮਈ 1992 ਵਾਲੇ ਦਿਨ ਐਸਪੀ ਸਿਟੀ ਲੁਧਿਆਣਾ ਐਸਐਸ ਸੰਧੂ ਨੂੰ ਦਿੱਤਾ ਸੀ। ਇਸ ਬਿਆਨ 'ਚ ਲਿਖਿਆ ਗਿਆ ਹੈ, "ਬੀਟੀਐਫਕੇ ਦੇ ਜੁਝਾਰੂ ਚਰਨਜੀਤ ਉਰਫ ਸਵਰਨਜੀਤ ਉਰਫ ਚੱਨਾ ਅਤੇ ਉਸਦੇ ਪੰਜ ਸਾਥੀਆਂ ਨਾਲ ਮੇਰੇ ਪਰਿਵਾਰ ਦੇ ਸਬੰਧ ਸਨ। ਉਹ ਹੈਬੋਵਾਲ ਸਥਿਤ ਮੇਰੀ ਡਾਇਰੀ 'ਤੇ ਵੀ ਆਉਂਦੇ ਰਹਿੰਦੇ ਸਨ। ਮੈਂ ਉਹਨਾਂ ਦਾ ਅਸਲਾ ਸਾਂਭਦਾ ਸੀ ਕਿਉਂਕਿ ਮੇਰੇ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ।"

ਬਿਆਨ ਵਿਚ ਇਹ ਵੀ ਮੰਨਿਆ ਗਿਆ ਹੈ ਕਿ ਲੁਧਿਆਣਾ ਦੀ ਗੁੜ ਮੰਡੀ ਵਿਚ ਧਮਾਕਾ ਵੀ ਭਰਤ ਭੂਸ਼ਣ ਆਸ਼ੂ ਦੀ ਸਲਾਹ ਨਾਲ ਹੀ ਕੀਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਮਹਿਕਮੇ ਦੇ ਮੰਤਰੀ ਹੁੰਦਿਆਂ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ ਨਾਲ ਗਰੈਂਡ ਮੈਨਰ ਹੋਮਜ਼ ਦੀ ਜ਼ਮੀਨ ਦੇ ਵਿਵਾਦ ਵਿਚ ਭਰਤ ਭੂਸ਼ਣ ਆਸ਼ੂ ਦੀ ਸ਼ਮੂਲੀਅਤ ਦੀ ਜਾਂਚ ਡੀਐਸਪੀ ਸੇਖੋਂ ਕਰ ਰਿਹਾ ਸੀ। ਸੇਖੋਂ ਦਾ ਕਹਿਣਾ ਹੈ ਕਿ ਇਸੇ ਲਈ ਭਰਤ ਭੂਸ਼ਣ ਆਸ਼ੂ ਨੇ ਉਸਨੂੰ ਮੁਅੱਤਲ ਕਰਵਾਇਆ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਜਾਂਚ ਦੀ ਰਿਪੋਰਟ ਜਮ੍ਹਾ ਕਰਵਾ ਦਿੱਤੀ ਗਈ ਸੀ ਪਰ ਸਿੱਧੂ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਹ ਰਿਪੋਰਟ ਗੁਆਚ ਜਾਣ ਦਾ ਦਾਅਵਾ ਕੀਤਾ ਗਿਆ ਤੇ ਇਹ ਅੱਜ ਤਕ ਦੁਬਾਰਾ ਸਾਹਮਣੇ ਨਹੀਂ ਆਈ।