ਦਿੱਲੀ ਵਿਚ ਸੀਏੲ ਵਿਰੋਧੀਆਂ ਅਤੇ ਸਮਰਥਕਾਂ ਦਰਮਿਆਨ ਅੱਜ ਫੇਰ ਪੱਥਰ ਚੱਲੇ

ਦਿੱਲੀ ਵਿਚ ਸੀਏੲ ਵਿਰੋਧੀਆਂ ਅਤੇ ਸਮਰਥਕਾਂ ਦਰਮਿਆਨ ਅੱਜ ਫੇਰ ਪੱਥਰ ਚੱਲੇ

ਨਵੀਂ ਦਿੱਲੀ: ਦਿੱਲੀ ਦੇ ਮੌਜਪੁਰ ਇਲਾਕੇ 'ਚ ਅੱ ਲਗਾਤਾਰ ਦੂਜੇ ਦਿਨ ਸੀਏਏ ਵਿਰੋਧੀ ਅਤੇ ਸੀਏਏ ਸਮਰਥਕਾਂ 'ਚ ਆਪਸੀ ਝੜਪ ਹੋਈ ਹੈ। ਦੋਵੇਂ ਧਿਰਾਂ ਨਾਲ ਸਬੰਧਿਤ ਲੋਕ ਇਕ ਦੂਜੇ ਉੱਤੇ ਪੱਥਰਬਾਜ਼ੀ ਕਰ ਰਹੇ ਹਨ। 

ਪੁਲਿਸ ਨੇ ਭੀੜਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਹੈ। ਦਿੱਲੀ ਮੈਟਰੋ ਨੇ ਜਾਫਰਾਬਾਦ ਅਤੇ ਮੌਜਪੁਰ-ਬਾਬਰਪੁਰ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ। 

ਭਾਜਪਾ ਮੰਤਰੀ ਨੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਧਮਕੀ ਦਿੱਤੀ
ਭਾਜਪਾ ਆਗੂ ਕਪਿਲ ਮਿਸ਼ਰਾ ਨੇ ਅੱਜ ਟਵੀਟ ਕਰਕੇ ਧਮਕੀ ਦਿੰਦਿਆਂ ਦਿੱਲੀ ਪੁਲਸ ਨੂੰ ਕਿਹਾ ਹੈ ਕਿ ਜੇ ਤਿੰਨ ਦਿਨਾਂ ਵਿਚ ਜਾਫਰਾਬਾਦ ਅਤੇ ਚੰਦ ਬਾਗ ਸੜਕਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਨਹੀਂ ਹਟਾਇਆ ਗਿਆ ਤਾਂ ਉਹ ਪੁਲਸ ਦੀ ਵੀ ਨਹੀਂ ਸੁਣਨਗੇ। 


ਕਪਿਲ ਮਿਸ਼ਰਾ

ਇਸ ਟਵੀਟ ਨਾਲ ਪਾਈ ਗਈ ਵੀਡੀਓ ਵਿਚ ਕਪਿਲ ਮਿਸ਼ਰਾ ਇਕ ਭੀੜ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹਿ ਰਹੇ ਹਨ ਤੇ ਉਹਨਾਂ ਨਾਲ ਉਸ ਸਮੇਂ ਡੀਸੀਪੀ (ਉੱਤਰ ਪੂਰਬ) ਵੇਦ ਪ੍ਰਕਾਸ਼ ਸੂਰਿਆ ਵੀ ਖੜ੍ਹੇ ਹਨ। ਮਿਸ਼ਰਾ ਨੇ ਬੋਲਦਿਆਂ ਕਿਹਾ ਕਿ ਜਦੋਂ ਤਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵਿਚ ਹਨ ਉਹ ਇੱਥੋਂ ਜਾ ਰਹੇ ਹਨ ਪਰ ਜੇ ਤਿੰਨ ਦਿਨਾਂ ਤਕ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਨਹੀਂ ਹਟਾਇਆ ਗਿਆ ਤਾਂ ਉਹ ਪੁਲਸ ਦੀ ਵੀ ਨਹੀਂ ਸੁਣਨਗੇ..ਤੇ ਸੀਏਏ ਦੇ ਸਮਰਥਕ ਲੋਕ ਸੜਕਾਂ 'ਤੇ ਆ ਜਾਣਗੇ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਸੀਏਏ ਦੇ ਵਿਰੁੱਧ ਪ੍ਰਦਰਸ਼ਨਾਂ ਦੇ ਬਰਾਬਰ ਸੀਏਏ ਦੇ ਸਮਰਥਨ ਵਿਚ ਰੈਲੀ ਕਪਿਲ ਮਿਸ਼ਰਾ ਵੱਲੋਂ ਹੀ ਕੱਢੀ ਗਈ ਸੀ ਜਿਸ ਮਗਰੋਂ ਪੱਥਰਬਾਜ਼ੀ ਸ਼ੁਰੂ ਹੋਈ।