ਦੁਨੀਆ ਦੇ ਇਤਿਹਾਸ ਦਾ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ; ਸ਼ਹੀਦੀ ਦਿਹਾੜੇ 'ਤੇ ਯਾਦ ਕਰਦਿਆਂ

ਦੁਨੀਆ ਦੇ ਇਤਿਹਾਸ ਦਾ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ; ਸ਼ਹੀਦੀ ਦਿਹਾੜੇ 'ਤੇ ਯਾਦ ਕਰਦਿਆਂ

ਸਰਦਾਰ ਹਰੀ ਸਿੰਘ ਨਲੂਆ ਨੇ 30 ਅਪ੍ਰੈਲ 1837 ਨੂੰ ਜਮਰੌਦ ਕਿਲ੍ਹੇ ਦੀ ਜੰਗ ਵਿਚ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ।

ਜ਼ੋਏ-ਜ਼ਾਹਰਾ ਰਹੇ ਨਾ ਜ਼ਰਾ ਕਾਇਮ, ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ।
ਹਰੀ ਸਿੰਘ ਸਰਦਾਰ ਤਲਵਾਰ ਫੜਕੇ, ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ।
ਅਫ਼ਜ਼ਲ ਖ਼ਾਨ ਪਠਾਣ ਦਲੇਰ ਯਾਰੋ, ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ।
ਕਾਦਰਯਾਰ ਉਹ ਛਡ ਮੈਦਾਨ ਗਿਆ, ਦਰ੍ਹਾ ਜਾ 'ਖ਼ੈਬਰ' ਵਾਲਾ ਲੰਘਿਆ ਜੀ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਆਰੇ ਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਪਰਿਵਾਰ ਮੁੱਢ ਕਦੀਮ ਤੋਂ ਬਹਾਦਰ ਯੋਧਿਆਂ ਦਾ ਪਰਿਵਾਰ ਸੀ ਅਤੇ ਖਾਲਸਾ ਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਪਰਿਵਾਰ ਨੇ ਬਹਾਦਰੀ ਅਤੇ ਵਫ਼ਾਦਾਰੀ ਸਦਕਾ ਆਪਣੀ ਇਕ ਅਲੱਗ ਪਛਾਣ ਬਣਾਈ ਹੋਈ ਸੀ। ਹਰੀ ਸਿੰਘ ਨਲੂਆ ਦੇ ਦਾਦਾ ਸ. ਹਰਿਦਾਸ ਸਿੰਘ ਉੱਪਲ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਬਾਬਾ ਨੌਧ ਸਿੰਘ ਨਾਲ ਪਹਿਲੀ ਮੁਲਾਕਾਤ ਸੰਨ 1726 ਦੇ ਕਰੀਬ ਜਿਹੇ ਮਜੀਠੇ ਦੇ ਮੁਕਾਮ ‘ਤੇ ਹੋਈ। ਉਸ ਸਮੇਂ ਮਜੀਠੇ ਦੇ ਸ਼ੇਰਗਿੱਲ ਪੂਰੀ ਤਰ੍ਹਾਂ ਨਾਲ ਮੁਗਲ ਹਕੂਮਤ ਦੇ ਤਰਫ਼ਦਾਰ ਸਨ ਪਰ ਸ. ਗੁਲਾਬ ਸਿੰਘ ਸ਼ੇਰਗਿੱਲ (ਸ. ਨੌਧ ਸਿੰਘ ਦਾ ਸਾਲਾ) ਅਤੇ ਸ. ਹਰਿਦਾਸ ਸਿੰਘ ਉੱਪਲ ਕੌਮ ਦੀ ਆਜ਼ਾਦੀ ਲਈ ਯੁੱਧਾਂ ਵਿਚ ਹਿੱਸਾ ਲੈਂਦੇ ਸਨ। ਬਾਬਾ ਨੌਧ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਚੜ੍ਹਤ ਸਿੰਘ ਨੇ ਸ਼ੁੱਕਰਚਕੀਆ ਮਿਸਲ ਕਾਇਮ ਕੀਤੀ ਅਤੇ ਆਪਣੇ ਅਧੀਨ ਸਿਪਾਹੀਆਂ ਦੀ ਨਫ਼ਰੀ ਵੀ 100 ਤੋਂ ਵਧਾ ਲਈ। ਉਨ੍ਹਾਂ ਨੇ ਸਾਰੀ ਨਫਰੀ ਦੀ ਕਮਾਨ ਸ. ਹਰਿਦਾਸ ਸਿੰਘ ਉੱਪਲ ਦੇ ਹੱਥ ਸੌਂਪੀ ਹੋਈ ਸੀ। ਬਾਅਦ ਵਿਚ ਸ. ਚੜ੍ਹਤ ਸਿੰਘ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ ਅਤੇ ਉਥੇ ਪੱਕਾ ਕਿਲਾ ਤਿਆਰ ਕਰਵਾ ਕੇ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਹਰਿਦਾਸ ਸਿੰਘ ਵੀ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ। ਸ. ਹਰਿਦਾਸ ਸਿੰਘ ਹਰੇਕ ਯੁੱਧ ਵਿਚ ਸ. ਚੜ੍ਹਤ ਸਿੰਘ ਸ਼ੁੱਕਰਚਕੀਆ ਦੇ ਹਮ-ਰਕਾਬ ਰਹੇ ਅਤੇ ਸੰਨ 1762 ਵਿਚ ਕੁੱਪ-ਰਹੀੜਾ ਵਿਚ ਵੱਡੇ ਘੱਲੂਘਾਰੇ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਸੇ ਅਹੁਦੇ ‘ਤੇ ਉਨ੍ਹਾਂ ਦੇ ਸਪੁੱਤਰ ਸ. ਗੁਰਦਾਸ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸ. ਗੁਰਦਾਸ ਸਿੰਘ ਪਹਿਲਾਂ ਤਾਂ ਸ. ਚੜ੍ਹਤ ਸਿੰਘ ਦੇ ਨਾਲ ਅਤੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਸ. ਮਹਾਂ ਸਿੰਘ ਨਾਲ ਹਮ-ਰਕਾਬ ਹੋ ਕੇ ਹਰ ਮੁਹਿੰਮ ‘ਚ ਹਿੱਸਾ ਲੈਂਦੇ ਰਹੇ। ਸੰਨ 1792 ਵਿਚ ਸ. ਮਹਾਂ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਨ 1798 ਵਿਚ ਸ. ਗੁਰਦਾਸ ਸਿੰਘ ਦਾ ਵੀ ਦੇਹਾਂਤ ਹੋ ਗਿਆ। ਉਸ ਦੇ ਦੋ ਬੱਚੇ ਸਨ, ਸ. ਹਰੀ ਸਿੰਘ (ਜਨਮ ਸੰਨ 1791 ਈ.) ਅਤੇ ਬੀਬੀ ਕਿਸ਼ਨ ਦੇਵੀ (ਜਨਮ ਸੰਨ 1795 ਈ.)।

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ? ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

ਜਨਮ: 
ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਇਹ ਹੋਣਹਾਰ ਬਾਲਕ ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।

ਬਸੰਤੀ ਦਰਬਾਰ ਵਿਚ ਚੋਣ:
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿਚ ਇਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿਚ ਇਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।

ਸਰਦਾਰੀ ਦਾ ਸਮਾਂ:
ਇਸੇ ਤਰ੍ਹਾਂ 1807 ਈਸਵੀ ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਮਹਾਨ ਅਤੇ ਭਿਆਨਕ ਕੰਮ ਸ. ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ। ਇਸ ਜੰਗ ਵਿਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।

ਇਸ ਤੋਂ ਛੁੱਟ 1818 ਈਸਵੀ ਵਿਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਦੀ ਡਿਊਟੀ ਲਾਈ ਗਈ ਸੀ। ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਮਿਲਿਆ।

ਇਕ ਵਾਰੀ ਸ. ਹਰੀ ਸਿੰਘ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਨੇੜੇ ਪਹੁੰਚੇ। ਉਨ੍ਹਾਂ ਦਾ ਰਾਹ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ। ਇਹ ਸਰਦਾਰ ਦਾ ਸਾਮਾਨ ਲੁੱਟਣਾ ਚਾਹੁੰਦੇ ਸਨ। ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਇਹ ਲੋਕ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ। ਇਧਰ ਸਰਦਾਰ ਨੇ ਵੀ ਭਾਂਪ ਲਿਆ ਕਿ ਇਹ ਲੋਕ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ, ਕੁੱਟ ਖਾਣ ਤੋਂ ਬਿਨਾਂ ਰਸਤਾ ਨਹੀਂ ਦੇਣਗੇ। ਇਸ ਲਈ ਖ਼ਾਲਸੇ ਨੇ ਚੜ੍ਹਾਈ ਕੀਤੀ ਅਤੇ ਤੀਹ ਹਜ਼ਾਰ ਫੌਜ ਉਤੇ ਕੇਵਲ ਸੱਤ-ਹਜ਼ਾਰ ਸਿੰਘਾਂ ਨੇ ਫ਼ਤਹਿ ਪਾਈ।

ਇਸ ਤੋਂ ਇਲਾਵਾ ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿਚ ਬੜੀ ਨਿਡਰਤਾ ਤੇ ਜੰਗੀ ਹੁਨਰ ਨਾਲ ਸ. ਹਰੀ ਸਿੰਘ ਨੇ ਫ਼ਤਹਿ ਪਾਈ। ਇਸ ਦੇ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਸੰਨ 1834 ਈ. ਵਿਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤਕ ਖ਼ਾਲਸਾ ਰਾਜ ਵਿਚ ਨਹੀਂ ਮਿਲ ਜਾਂਦੇ ਓਨੀ ਦੇਰ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ। ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਵੇ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ। 27 ਅਪ੍ਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਤੁਰਤ-ਫੁਰਤ ਖ਼ਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਤੇ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿਚ ਕਰ ਲਿਆ।

ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ। ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤਕ ਜਿੱਤ ਦਾ ਬਿਗਲ ਵੱਜ ਚੁਕਾ ਸੀ ਅਤੇ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ। ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਖ਼ਾਲਸੇ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ। 
ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।

ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।

ਜਮਰੌਦ ਕਿਲ੍ਹੇ ਦੀ ਜੰਗ :
ਹਰੀ ਸਿੰਘ ਨਲਵਾ ਕੋਲ ਸੁਮੇਰਗੜ੍ਹ ਕਿਲ੍ਹੇ ਵਿੱਚ 10,000 ਫ਼ੌਜ ਸੀ। ਇਹ ਅਫ਼ਗ਼ਾਨਾਂ ਦੀ ਫ਼ੌਜ ਤੋਂ ਬਹੁਤ ਘੱਟ ਸੀ। ਸੁਮੇਰਗੜ੍ਹ ਦਾ ਕਿਲ੍ਹਾ ਬੜਾ ਵੱਡਾ ਤੇ ਮਜ਼ਬੂਤ ਸੀ। ਜੇ ਹਰੀ ਸਿੰਘ, ਮਹਾਰਾਜੇ ਦੇ ਆਦੇਸ਼ ਮੁਤਾਬਕ ਚਲਦਾ ਤਾਂ ਉਹ ਆਰਾਮ ਨਾਲ ਇਸ ਕਿਲ੍ਹੇ ਵਿੱਚ ਡਟਿਆ ਰਹਿੰਦਾ ਕਿਉਂਕਿ ਸਾਰੀ ਅਫ਼ਗ਼ਾਨ ਫ਼ੌਜ ਇਸ ਕਿਲ੍ਹੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੀ। ਇਸ ਤੋਂ ਇਲਾਵਾ ਹਰੀ ਸਿੰਘ ਨੇ ਆਪਣਾ ਤੋਪਖ਼ਾਨਾ ਅਲੀ ਮਰਦਾਨ ਦੀ ਛੋਟੀ ਪਹਾੜੀ ਉਪਰ ਤਾਇਨਾਤ ਕੀਤਾ ਹੋਇਆ ਸੀ। ਉਹਨੇ ਸੁਮੇਰਗੜ੍ਹ ਨੂੰ ਸੰਭਾਲਣ ਵਾਸਤੇ 600 ਬੰਦੇ ਪਿੱਛੇ ਛੱਡੇ ਅਤੇ ਬਾਕੀ ਫ਼ੌਜ ਲੈ ਕੇ ਜਮਰੌਦ ਵੱਲ ਮਹਾਂ ਸਿੰਘ ਦੀ ਮਦਦ ਵਾਸਤੇ ਕੂਚ ਕੀਤਾ। ਹਰੀ ਸਿੰਘ ਨਲਵਾ, ਦੋਸਤ ਮੁਹੰਮਦ ਦੀ ਫ਼ੌਜ ਨੂੰ 'ਖ਼ੈਬਰ' ਦੇ ਮੂੰਹ 'ਤੇ ਹੀ ਦਲੇਰੀ ਤੇ ਬਹਾਦਰੀ ਨਾਲ ਟੱਕਰ ਲੈ ਕੇ ਰੋਕਣਾ ਚਾਹੁੰਦਾ ਸੀ। ਉਸ ਦੀ ਮਸ਼ਹੂਰੀ ਇੱਕ ਸਫ਼ਲ ਕਮਾਂਡਰ ਦੇ ਤੌਰ 'ਤੇ ਸੀ ਅਤੇ ਉਹਦੇ ਮੈਦਾਨ ਵਿੱਚ ਆਉਣ ਨਾਲ ਹੀ ਜੰਗ ਦਾ ਰੁਖ਼ ਬਦਲ ਜਾਣਾ ਸੀ। ਹਰੀ ਸਿੰਘ ਨਲਵੇ ਨੂੰ ਪਤਾ ਸੀ ਕਿ ਉਹ ਸੁਮੇਰਗੜ੍ਹ ਵਿੱਚ ਟਿਕ ਕੇ ਲਾਹੌਰ ਤੋਂ ਆਉਣ ਵਾਲੀਆਂ ਫ਼ੌਜਾਂ ਦਾ ਇੰਤਜ਼ਾਰ ਕਰਨ ਲੱਗ ਪਿਆ ਤਾਂ ਅਫ਼ਗ਼ਾਨ ਜਮਰੌਦ ਦੇ ਕਿਲ੍ਹੇ ਵਿੱਚ ਬੈਠੇ ਖ਼ਾਲਸਾ ਰਾਜ ਦੇ ਬੰਦੇ ਕਤਲ ਕਰਕੇ ਆਲੇ-ਦੁਆਲੇ ਦੇ ਪਿੰਡ ਤਬਾਹ ਕਰ ਦੇਣਗੇ ਤੇ ਵਸਨੀਕਾਂ ਨੂੰ ਕਤਲ ਕਰ ਦੇਣਗੇ। ਜੇ ਅਜਿਹਾ ਹੋਇਆ ਤਾਂ ਅਫ਼ਗ਼ਾਨਾਂ ਲਈ 'ਅਟਕ' ਦਾ ਰਾਹ ਖੁੱਲ੍ਹ ਜਾਵੇਗਾ। ਅਫ਼ਗ਼ਾਨ, ਖ਼ਾਲਸਾ ਫ਼ੌਜ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਜਿੱਤੇ ਹੋਏ ਨਾਰਥ ਵੈਸਟ ਫ਼ਰੰਟੀਅਰ ਦੇ ਇਲਾਕੇ ਨੂੰ ਮੁੜ ਆਪਣੇ ਕਬਜ਼ੇ ਵਿੱਚ ਕਰ ਲੈਣਗੇ।

ਜਰਨੈਲ ਹਰੀ ਸਿੰਘ ਨੇ ਮੌਕੇ ਦੇ ਹਾਲਾਤ ਭਲੀ-ਭਾਂਤ ਸਮਝ ਕੇ, ਜਮਰੌਦ ਜਾ ਕੇ ਅਫ਼ਗ਼ਾਨਾਂ ਨਾਲ ਟੱਕਰ ਲੈਣੀ ਖ਼ਾਲਸਾ ਰਾਜ ਦੇ ਹੱਕ ਵਿੱਚ ਠੀਕ ਸਮਝੀ। ਹਰੀ ਸਿੰਘ ਨਲਵੇ ਦਾ ਦਬਦਬਾ, ਦਲੇਰੀ, ਬਹਾਦਰੀ ਤੇ ਫ਼ੌਜੀ ਸੂਝ-ਬੂਝ ਤੋਂ ਅਫ਼ਗ਼ਾਨ ਘਬਰਾਉਂਦੇ ਸਨ। ਉਹ ਖ਼ਾਲਸਾ ਫ਼ੌਜ ਦੇ ਇਸ ਨਿਰਭੈ ਜਰਨੈਲ ਤੋਂ ਕਈ ਵਾਰੀ ਮਾਤ ਖਾ ਚੁੱਕੇ ਸਨ। ਹਰੀ ਸਿੰਘ ਨਲਵਾ ਜਮਰੌਦ, ਪਿਸ਼ਾਵਰ ਅਤੇ ਨਾਰਥ ਵੈਸਟ ਫ਼ਰੰਟੀਅਰ ਵਾਲੇ ਇਲਾਕੇ ਦੀ ਖ਼ਾਲਸਾ ਰਾਜ ਲਈ ਅਹਿਮੀਅਤ ਸਮਝਦਾ ਸੀ। ਉਹਨੂੰ ਪਤਾ ਸੀ ਕਿ ਸਾਹਮਣੇ ਅਫ਼ਗ਼ਾਨਾਂ ਦੀ ਬਹੁਤ ਵੱਡੀ ਫ਼ੌਜ ਹੈ ਜੋ ਖ਼ਾਲਸਾ ਫ਼ੌਜ ਤੋਂ ਕਈ ਗੁਣਾ ਵੱਧ ਹੈ। ਇਸ ਵੇਲੇ ਮਰਨ-ਮਾਰਨ ਤੇ ਕੁਰਬਾਨੀ ਦਾ ਸਮਾਂ ਆ ਗਿਆ ਹੈ। ਜਰਨੈਲ ਹਰੀ ਸਿੰਘ ਨਲਵਾ ਜਾਨ ਤਲੀ 'ਤੇ ਰੱਖ ਕੇ ਖ਼ਾਲਸਾ ਫ਼ੌਜ ਨਾਲ ਲੈ ਜਮਰੌਦ ਵੱਲ ਚੱਲ ਪਿਆ। ਉਹ ਲਾਹੌਰ ਦੇ ਹਾਲਾਤ ਨੂੰ ਸਮਝਦਾ ਸੀ ਤੇ ਉਹਨੂੰ ਪਤਾ ਸੀ ਕਿ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਜਸ਼ਨਾਂ ਉਪਰੰਤ ਤੁਰਨ ਵਾਲੀ ਫ਼ੌਜ ਜਮਰੌਦ ਪਹੁੰਚਣ ਤਕ ਅਫ਼ਗ਼ਾਨ ਇਲਾਕੇ ਜਿੱਤ ਕੇ ਆਪਣੇ ਅਧੀਨ ਕਰ ਚੁੱਕੇ ਹੋਣਗੇ। ਇਸ ਕਰਕੇ ਹੁਣ ਹੀ ਸਮਾਂ ਹੈ ਪਠਾਣ ਫ਼ੌਜਾਂ ਨਾਲ ਟੱਕਰ ਲੈ ਕੇ ਉਨ੍ਹਾਂ ਨੂੰ ਰੋਕਣ ਦਾ।

ਅਫ਼ਗ਼ਾਨ 30 ਅਪਰੈਲ 1837 ਦੀ ਸਵੇਰ ਨੂੰ ਜਮਰੌਦ ਦਾ ਕਿਲ੍ਹਾ ਘੇਰ ਕੇ ਸਮਝ ਰਹੇ ਸਨ ਕਿ ਜਿੱਤ ਉਨ੍ਹਾਂ ਦੀ ਹੈ ਕਿ ਅਚਾਨਕ ਲੜਾਈ ਦੇ ਮੈਦਾਨ ਵਿੱਚ ਹਰੀ ਸਿੰਘ ਨਲਵਾ ਪੁੱਜ ਗਿਆ। ਹਰੀ ਸਿੰਘ ਨਲਵੇ ਕੋਲ ਸੱਤ ਬਟਾਲੀਅਨ ਇਨਫ਼ੈਂਟਰੀ ਸੀ ਤੇ 4,500 ਘੁੜਸਵਾਰ ਸਨ। ਉਸ ਕੋਲ ਵੱਖ-ਵੱਖ ਆਕਾਰ ਦੀਆਂ 25 ਤੋਪਾਂ ਸਨ। ਇਸ ਫ਼ੌਜ ਵਿੱਚ ਦੋ ਬਟਾਲੀਅਨ ਅਤੇ 4,000 ਘੁੜਸਵਾਰ ਜਮਾਂਦਾਰ ਖੁਸ਼ਾਲ ਸਿੰਘ ਦੇ ਸਨ ਜਿਨ੍ਹਾਂ ਬਾਰੇ ਉਹਨੂੰ ਭਰੋਸਾ ਨਹੀਂ ਸੀ ਕਿਉਂਕਿ ਜਮਾਂਦਾਰ ਉਹਦੇ ਖ਼ਿਲਾਫ਼ ਸੀ।

ਜਰਨੈਲ ਹਰੀ ਸਿੰਘ ਨਲਵੇ ਦੀਆਂ ਫ਼ੌਜਾਂ ਨੇ ਦੁਸ਼ਮਣ ਦੀਆਂ ਤਿੰਨ ਤੋਪਾਂ ਕਬਜ਼ੇ ਵਿੱਚ ਲੈ ਲਈਆਂ ਅਤੇ ਅਫ਼ਗ਼ਾਨਾਂ ਦੇ ਪੈਰ ਮੁਕੰਮਲ ਤੌਰ 'ਤੇ ਉਖਾੜ ਦਿੱਤੇ। ਮੁੱਲਾਂ ਮੁਹਮੰਦ ਖ਼ਾਨ, ਨਾਇਬ ਅਮੀਰ ਅਖੁੰਡਜ਼ਾਦਾ ਅਤੇ ਨਾਇਬ ਜ਼ਰੀਨ ਖ਼ਾਨ ਦੇ ਪੈਰ ਉੱਖੜ ਗਏ। ਉਨ੍ਹਾਂ ਦੀ ਫ਼ੌਜ ਜ਼ਖ਼ਮੀ ਅਫ਼ਗ਼ਾਨ ਸਰਦਾਰਾਂ ਨੂੰ ਮੈਦਾਨ ਵਿੱਚ ਹੀ ਛੱਡ ਕੇ ਤਿੱਤਰ-ਬਿੱਤਰ ਹੋ ਗਈ। ਬਾਕੀ ਅਫ਼ਗ਼ਾਨ ਡਵੀਜ਼ਨਾਂ ਵਿੱਚ ਵੀ ਭਾਜੜ ਪੈ ਗਈ। ਸਿਰਫ਼ ਮੁਹੰਮਦ ਅਫ਼ਜ਼ਲ ਖ਼ਾਨ ਮੈਦਾਨ ਵਿੱਚ ਟਿਕਿਆ ਰਿਹਾ। ਦੋਸਤ ਮੁਹੰਮਦ ਦਾ ਛੋਟਾ ਪੁੱਤਰ ਮੁਹੰਮਦ ਹੈਦਰ ਖ਼ਾਨ ਮੈਦਾਨ ਵਿੱਚੋਂ ਭੱਜ ਗਿਆ। ਦੋਸਤ ਮੁਹੰਮਦ ਦੇ ਦੂਜੇ ਪੁੱਤਰ ਤੇ ਨਵਾਬ ਜੱਬਾਰ ਖ਼ਾਨ ਹਾਲੇ ਪਹਾੜਾਂ ਵਿੱਚ ਲੁਕੇ ਹੋਏ ਸਨ। ਪਹਾੜੀਆਂ ਵਿੱਚ ਲੁਕਿਆ ਹੋਇਆ ਮੁਹੰਮਦ ਅਕਬਰ ਖ਼ਾਨ ਆਪਣੇ ਸਾਹਮਣੇ ਸਿੱਖ ਫ਼ੌਜ ਦੀ ਟੁਕੜੀ ਦੇਖ ਕੇ ਲੜਨ ਨੂੰ ਵਧਿਆ ਪਰ ਟਿਕ ਨਾ ਸਕਿਆ। ਇਸ ਘਮਾਸਾਨ ਲੜਾਈ ਵਿੱਚ ਖ਼ਾਲਸਾ ਫ਼ੌਜ ਦੀ ਮੁੱਢਲੀ ਜਿੱਤ ਹੋਈ। 

ਸ: ਹਰੀ ਸਿੰਘ ਦਾ ਪਿੱਛਾ ਕਰਦਿਆਂ ਇਕ ਪਹਾੜੀ ਗੁਫਾ ਵਿਚ ਲੁਕੇ ਪਠਾਣਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਸ: ਨਲੂਆ ਦੀ ਛਾਤੀ ਵਿਚ ਅਤੇ ਦੂਜੀ ਵੱਖੀ ਵਿਚ ਲੱਗੀ। ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਅਤੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ। ਅੰਤ ਸਮਾਂ ਨੇੜੇ ਆਇਆ ਜਾਣ ਕੇ ਕਿਲ੍ਹੇਦਾਰ ਸ: ਮਹਾਂ ਸਿੰਘ ਨੂੰ ਕਿਹਾ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਨਹੀਂ ਪਹੁੰਚ ਜਾਂਦੇ, ਤਦ ਤੱਕ ਮੇਰੀ ਸ਼ਹੀਦੀ ਦੀ ਖਬਰ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ। ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।

ਜਾਂ ਕੋ ਸੁਨ ਨਾਮ, ਓ ਬਹਾਦੁਰੀ ਕੇ ਕਾਮ, ਦੇਖ ਨੀਤ ਪ੍ਰੀਤ ਸ਼ਾਮ, ਸਭ ਮੁਗ਼ਲ ਠਹਿਰਾਏ ਜਾਤ।
ਧਿਆਵਤ ਜੀਆ ਤੇ, ਜੋਊ ਬੀਰ ਸੁਨ ਪਾਤੇ, ਉਪਮਾ ਦੁਸ਼ਮਨ ਭੀ ਗਾਤੇ, ਦੇਖ ਸੁਧ ਵਿਸਰਾਏ ਜਾਤ।
ਦਸਮ ਗੁਰੂ ਜੀ ਪਿਆਰੇ, ਬੀਰ ਰਸ ਕੇ ਸੰਵਾਰੇ, ਸੱਤ ਧਰਮ ਰਖਵਾਰੇ, ਕਰੁਨਾ ਰਸੁ ਵਰਸਾਏ ਜਾਤ।
ਗਏ ਜਗਤ ਹੂੰ ਕੋ ਛੋੜ, ਏਸ ਠੀਕਰੇ ਕੋ ਫ਼ੋੜ, ਮਹਾਰਾਜ ਹਰਿਦੇ ਤੋੜ, ਹਰੀ ਹਰ ਪਦ ਪਾਏ ਜਾਤ।

ਇਸ ਅਦੁੱਤੀ ਜਰਨੈਲ ਦੀ ਸ਼ਹਾਦਤ ਸਮੇਂ ਮਹਾਰਾਜੇ ਨੇ ਅੱਥਰੂ ਕੇਰਦਿਆਂ ਕਿਹਾ, 'ਮੈਨੂੰ ਅੱਜ ਸਿੱਖ ਰਾਜ ਦਾ ਥੰਮ੍ਹ ਡਿਗਣ ਦਾ ਅਹਿਸਾਸ ਹੋਇਆ ਹੈ।' ਜਦੋਂ ਸ: ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਸ ਸਮੇਂ ਉਹ 3 ਲੱਖ 67 ਹਜ਼ਾਰ ਦੀ ਸਾਲਾਨਾ ਆਮਦਨ ਵਾਲੀ ਜਗੀਰ ਦਾ ਮਾਲਕ ਸੀ। ਕਲਗੀਧਰ ਪਾਤਸ਼ਾਹ ਦੇ ਇਸ ਮਹਾਨ ਯੋਧੇ ਦੀ ਕੁਰਬਾਨੀ ਦਾ ਜ਼ਿਕਰ ਅੱਜ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ। ਅੱਜ ਸ਼ਹਾਦਤ ਦੇ ਦਿਹਾੜੇ 'ਤੇ ਉਸ ਮਹਾਨ ਜਰਨੈਲ ਦੀ ਮਹਾਨ ਸ਼ਹਾਦਤ ਸਾਡਾ ਮਾਰਗ ਦਰਸ਼ਨ ਕਰਦਿਆਂ ਸਮੁੱਚੇ ਜੁਝਾਰੂਆਂ ਨੂੰ ਪ੍ਰੇਰਣਾ ਦੇ ਰਹੀ ਹੈ।