ਪੰਜਾਬ ਦੀ ਕੋਰੋਨਾ ਰਿਪੋਰਟ: ਪਾਜ਼ੇਟਿਵ ਮਾਮਲੇ ਵਧ ਕੇ 377 ਹੋਏ

ਪੰਜਾਬ ਦੀ ਕੋਰੋਨਾ ਰਿਪੋਰਟ: ਪਾਜ਼ੇਟਿਵ ਮਾਮਲੇ ਵਧ ਕੇ 377 ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਅੰਦਰ ਕੋਰੋਨਾਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 377 ਹੋ ਗਈ ਹੈ। ਇਸੇ ਦੌਰਾਨ ਜਲੰਧਰ ਵਿੱਚ ਇੱਕ ਮਹਿਲਾ ਦੀ ਮੌਤ ਹੋਣ ਨਾਲ ਵਾਇਰਸ ਨੇ ਹੁਣ ਤੱਕ ਸੂਬੇ ਵਿੱਚ 20 ਜਾਨਾਂ ਲੈ ਲਈਆਂ।ਸਿਹਤ ਵਿਭਾਗ ਮੁਤਾਬਕ ਅੱਜ 10 ਜ਼ਿਲ੍ਹਿਆਂ ਵਿੱਚ 35 ਨਵੇਂ ਮਾਮਲੇ ਸਾਹਮਣੇ ਆਏ ਹਨ। 

ਲੁਧਿਆਣਾ ਵਿੱਚ 11 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਸਨਅਤੀ ਜ਼ਿਲ੍ਹੇ ਵਿੱਚ ਪੀੜਤਾਂ ਦੀ ਗਿਣਤੀ ਦਾ ਅੰਕੜਾ 29 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਮੁਹਾਲੀ ਵਿੱਚ ਵੀ 8 ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਗਿਣਤੀ 73 ਹੋ ਗਈ। ਬਠਿੰਡਾ ਜ਼ਿਲ੍ਹਾ ਹੁਣ ਤੱਕ ਕਰੋਨਾ ਦੀ ਮਾਰ ਤੋਂ ਬਚਿਆ ਹੋਇਆ ਸੀ ਪਰ ਹੁਣ 2 ਨਵੇਂ ਮਾਮਲੇ ਆਏ ਹਨ।

ਸਿਹਤ ਵਿਭਾਗ ਮੁਤਾਬਕ ਅੱਜ ਮੁਹਾਲੀ ਵਿੱਚ 8, ਨਵਾਂਸ਼ਹਿਰ ’ਚ 2, ਫਰੀਦਕੋਟ ’ਚ 3, ਲੁਧਿਆਣਾ ’ਚ 11, ਹੁਸ਼ਿਆਰਪੁਰ ‘ਚ 3, ਪਟਿਆਲਾ ‘ਚ 2, ਸੰਗਰੂਰ ‘ਚ 1, ਕਪੂਰਥਲਾ ਵਿੱਚ 2 ਅਤੇ ਬਠਿੰਡਾ ‘ਚ ਵੀ 2 ਵਿਅਕਤੀਆਂ ਵਿੱਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਗਏ ਹਨ। ਪੰਜਾਬ ਵਿੱਚ ਅੱਜ ਤੱਕ ਲਏ ਗਏ ਨਮੂਨਿਆਂ ਦੀ ਗਿਣਤੀ 18670 ਤੱਕ ਪਹੁੰਚ ਗਈ ਹੈ।

ਕੁੱਝ ਢਿੱਲਾਂ ਨਾਲ 2 ਹਫਤਿਆਂ ਲਈ ਵਧਾਇਆ ਕਰਫਿਊ
ਪੰਜਾਬ ਦੇ ਗ੍ਰਹਿ ਵਿਭਾਗ ਨੇ ਤਰਤੀਬਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇਣ ਲਈ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਕਾਨਾਂ ਖੋਲ੍ਹਣ ਦੇ ਮੁੱਦੇ ਉੱਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਜ਼ਿਲ੍ਹੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ, ਪਰ ਸਿਰਫ ਤਰਤੀਬਵਾਰ ਤਰੀਕੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲ੍ਹ ਸਕਣਗੇ। 

ਬੁਲਾਰੇ ਨੇ ਦੱਸਿਆ ਕਿ ਦੁਕਾਨਾਂ ਖੁੱਲ੍ਹਣ ਦੇ ਸਮੇਂ ਸਮਾਜਿਕ ਦੂਰੀਆਂ, ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਵਰਗੇ ਕੋਵਿਡ-19 ਦੀ ਰੋਕਥਾਮ ਦੇ ਉਪਰਾਲਿਆਂ ਨੂੰ ਅਮਲ ਵਿਚ ਲਿਆਉਂਦਿਆਂ ਆਮ ਆਦਮੀ ਨੂੰ ਵਸਤਾਂ ਦੀ ਖਰੀਦ ਲਈ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ, ਨਾ ਸਿਰਫ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਸੇ ਨੂੰ ਵੀ ਸਮਰੱਥ ਅਥਾਰਟੀ ਦੀ ਅਗਾਊਂ ਆਗਿਆ ਤੋਂ ਬਿਨਾਂ ਦੁਕਾਨਾਂ ਖੋਲ੍ਹਣ ਜਾਂ ਘੁੰਮਣ ਦੀ ਆਗਿਆ ਨਹੀਂ ਹੋਣੀ ਚਾਹੀਦੀ।

ਬੁਲਾਰੇ ਨੇ ਕਿਹਾ ਕਿ 24 ਅਪਰੈਲ ਨੂੰ ਜਾਰੀ ਕੀਤੇ ਗਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ, ਸੂਬੇ ਦੇ ਗ੍ਰਹਿ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਸਪੱਸ਼ਟ ਕਰਦੇ ਹਨ ਕਿ ਨਗਰ ਨਿਗਮਾਂ ਦੀ ਸੀਮਾ ਵਿਚਲੇ ‘ਖਰੀਦਦਾਰੀ ਕੰਪਲੈਕਸਾਂ’ ਸ਼ਬਦ ਦੀ ਥਾਂ ‘ਮਾਰਕੀਟ ਕੰਪਲੈਕਸਾਂ’ ਨਾਲ ਤਬਦੀਲ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਮਾਰਕੀਟ ਕੰਪਲੈਕਸਾਂ ਵਿੱਚ ਗਤੀਵਿਧੀਆਂ 3 ਮਈ 2020 ਤੱਕ ਬੰਦ ਰਹਿਣਗੀਆਂ। ਬੁਲਾਰੇ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਉਪਰੋਕਤ ਕੋਰੀਜੰਡਮ ਅਨੁਸਾਰ ਉਨ੍ਹਾਂ ਦੁਕਾਨਾਂ/ਅਦਾਰਿਆਂ ਤੋਂ ਇਲਾਵਾ ਜ਼ਰੂਰੀ ਦੁਕਾਨਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਧਾਰਾ 13 ਅਧੀਨ ਨਿਯਮਤ ਕੀਤਾ ਜਾਂਦਾ ਹੈ।