ਗੁਰੂ ਗਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦੇ ਮਸਲੇ ਕਾਰਣ ਸ਼੍ਰੋਮਣੀ ਕਮੇਟੀ ਨੂੰ ਢਾਹ ਲਗੀ

ਗੁਰੂ ਗਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦੇ ਮਸਲੇ ਕਾਰਣ ਸ਼੍ਰੋਮਣੀ ਕਮੇਟੀ ਨੂੰ ਢਾਹ ਲਗੀ

ਪ੍ਰਿਥੀਪਾਲ  ਸਿੰਘ ਕਪੂਰ

ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕ ਪ੍ਰਣਾਲੀ ਵਿਚ ਗੰਭੀਰ ਊਣਤਾਈਆਂ ਦੇ ਸਾਹਮਣੇ ਆਉਣ ਨਾਲ ਖ਼ਾਲਸਾ ਪੰਥ ਵਿਚ ਸਮੂਹਿਕ ਤੌਰ 'ਤੇ ਨਿਰਾਸ਼ਾਜਨਕ ਸਥਿਤੀ ਬਣ ਗਈ ਹੈ। ਬੀਤੇ ਦਿਨੀਂ ਅਖਬਾਰਾਂ ਵਿਚ ਜੋ ਆਪ ਦਾ ਵੇਰਵੇ ਭਰਪੂਰ ਬਿਆਨ ਛਪਿਆ ਹੈ, ਉਸ ਨੇ ਤਾਂ ਇਸ ਨਿਰਾਸ਼ਾ ਨੂੰ ਫ਼ਿਕਰਮੰਦੀ ਵਿਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕ ਪ੍ਰਣਾਲੀ ਵਿਚ ਕੋਈ ਨਿਰਧਾਰਤ ਨਿਯਮ ਨਹੀਂ ਹਨ ਅਤੇ ਨਾ ਹੀ ਅਧਿਕਾਰੀਆਂ/ ਕਰਮਚਾਰੀਆਂ ਲਈ ਕੋਈ ਸਰਵਿਸ ਰੂਲ ਹਨ। ਸਗੋਂ ਸਾਰਾ ਪ੍ਰਬੰਧ ਅਹੁਦੇਦਾਰਾਂ ਦੇ ਖਬਤ ਜਾਂ ਵਕਤੀ ਤੌਰ 'ਤੇ ਮਨਾਂ ਵਿਚ ਸੁੱਝੀਆਂ ਤਰੰਗਾਂ ਦੇ ਆਧਾਰ 'ਤੇ ਹੀ ਚਲਾਇਆ ਜਾ ਰਿਹਾ ਹੈ। ਕਾਰਜਕਾਰੀ ਕਮੇਟੀ ਦੀ ਇਕੋ ਮੀਟਿੰਗ ਵਿਚ ਮੁੱਖ ਸਕੱਤਰ ਤੋਂ ਲੈ ਕੇ ਸੇਵਾਦਾਰ ਤੱਕ ਕਾਫੀ ਵੱਡੀ ਗਿਣਤੀ ਦੇ ਅਧਿਕਾਰੀਆਂ/ ਕਰਮਚਾਰੀਆਂ ਵਿਰੁੱਧ ਬਿਨਾਂ ਕਿਸੇ ਮੁਢਲੀ ਜਾਂਚ-ਪੜਤਾਲ ਦੇ ਫ਼ੌਜਦਾਰੀ ਮੁਕੱਦਮੇ ਦਰਜ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਾਪਦਾ ਹੈ ਕਿ ਪਿੱਛੋਂ ਕਿਸੇ 'ਸਿਆਣੇ' ਵਿਅਕਤੀ ਨੇ ਕਿਹਾ ਹੋਵੇਗਾ ਕਿ ਇਸ ਰਸਤੇ ਪੈਣ ਨਾਲ ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਬੰਧਕ ਗ਼ੈਰ-ਜ਼ਿੰਮੇਦਾਰੀ ਦੇ ਦੋਸ਼ ਤੇ ਸਰਕਾਰੀ ਦਖ਼ਲਅੰਦਾਜ਼ੀ ਦਾ ਰਾਹ ਖੁੱਲ੍ਹ ਜਾਵੇਗਾ ਤਾਂ ਪ੍ਰਧਾਨ ਸਾਹਿਬ ਨੇ ਫ਼ੈਸਲਾ ਲੈ ਲਿਆ ਕਿ ਸਾਰਾ ਮਾਮਲਾ 'ਆਪਣੇ ਤੌਰ 'ਤੇ ਮਰਯਾਦਾ ਅਨੁਸਾਰ' ਹੀ ਨਿਪਟਾ ਲਿਆ ਜਾਵੇਗਾ। ਇਸ ਸਭ ਕੁਝ ਤੋਂ ਪ੍ਰਬੰਧਕ ਪ੍ਰਣਾਲੀ ਵਿਚ ਅਰਾਜਕਤਾ ਵਾਲੀ ਸਥਿਤੀ ਸਪੱਸ਼ਟ ਹੈ। ਆਡਿਟਰ ਕੋਹਲੀ ਨੂੰ 'ਗ਼ੈਰ ਜ਼ਿੰਮੇਦਾਰੀ' ਨਾਲ ਕਾਰਜ ਕਰਨ ਕਰਕੇ ਬਰਖ਼ਾਸਤ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕੋਹਲੀ ਨੂੰ ਕਰੋੜਾਂ ਰੁਪਏ ਦੀ ਅਗਾਊਂ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਪੈਸਿਆਂ ਦੀ ਵਾਪਸੀ ਦਾ ਮਾਮਲਾ ਵੀ ਹੈ। ਇਨ੍ਹਾਂ ਸਾਰੇ ਕੇਸਾਂ ਨੂੰ ਪਹਿਲੀ ਨਜ਼ਰੇ ਦੇਖਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸਭੇ 'ਅਖਾਉਤੀ ਦੋਸ਼ੀ' ਹਾਈ ਕੋਰਟ ਵਿਚੋਂ ਪਹਿਲੀ ਪੇਸ਼ੀ 'ਤੇ ਹੀ ਬਹਾਲ ਹੋ ਜਾਣਗੇ, ਕਿਉਂਕਿ ਉਨ੍ਹਾਂ ਵਿਰੁੱਧ ਨਾ ਕੋਈ ਮੁਢਲੀ ਇਨਕੁਆਇਰੀ ਹੋਈ ਹੈ ਅਤੇ ਨਾ ਹੀ ਉਨ੍ਹਾਂ ਨੂੰ 'ਕਾਰਨ ਦੱਸੋ' ਨੋਟਿਸ ਦਿੱਤੇ ਗਏ ਹਨ। ਇਸ ਸਮੇਂ ਮੈਨੂੰ ਇਕੋ ਰਾਹ ਠੀਕ ਲਗਦਾ ਹੈ ਕਿ ਕਾਰਜਕਾਰੀ ਕਮੇਟੀ ਇਕ ਉੱਚ-ਪੱਧਰੀ ਇਨਕੁਆਇਰੀ ਕਮੇਟੀ ਬਣਾਏ ਜਿਸ ਨੂੰ ਨਿਰਪੱਖ ਪੜਤਾਲ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਇਸ ਕਮੇਟੀ ਵਿਚ ਉਹੀ ਸੱਜਣ ਲਏ ਜਾਣ ਜਿਨ੍ਹਾਂ ਦੀ ਦਿਆਨਤਦਾਰੀ ਉੱਪਰ ਕੋਈ ਵੀ ਵਿਅਕਤੀ ਉਂਗਲੀ ਨਾ ਕਰ ਸਕੇ। ਹੁਣ ਇਹੀ ਤਰੀਕਾ ਸ਼੍ਰੋਮਣੀ ਕਮੇਟੀ ਦਾ ਪੰਥ ਵਿਚ ਮੁੜ ਭਰੋਸਾ/ਵਿਸ਼ਵਾਸ ਬਹਾਲ ਕਰਨ ਦਾ ਰਹਿ ਗਿਆ ਹੈ।

ਮੈਨੂੰ ਲਗਦਾ ਹੈ ਕਿ ਇਹੋ ਜਿਹੀ ਕੋਈ ਵੀ ਕਾਰਵਾਈ ਕਰਨ ਵੱਲ ਨਾ ਅਹੁਦੇਦਾਰ ਅਤੇ ਨਾ ਹੀ ਰਾਜਨੀਤਕ ਨੇਤਾ ਰੁਚਿਤ ਹੋਣਗੇ। ਉਹ ਤਾਂ ਠੱਪ ਠਪੱਈਏ ਵਾਲੀ ਵਿਧੀ ਨਾਲ ਮਾਮਲਾ ਨਿਪਟਾਉਣ ਵੱਲ ਲੱਗ ਪਏ ਜਾਪਦੇ ਹਨ। ਇਸ ਗੱਲ ਦਾ ਸੰਕੇਤ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਨ ਨੇ ਇਕ ਟੈਲੀਵਿਜ਼ਨ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਦਿੱਤਾ ਵੀ ਹੈ। ਉਨ੍ਹਾਂ ਕਿਹਾ ਕਿ 'ਕੋਈ ਸਰੂਪ ਗੁੰਮ ਨਹੀਂ ਹੋਏ' । ਇਹ ਜ਼ਰੂਰ ਕਿਸੇ ਨੂੰ ਦਿੱਤੇ ਗਏ ਹੋਣਗੇ ਅਤੇ ਉਨ੍ਹਾਂ ਦੀ ਐਂਟਰੀ ਨਹੀਂ ਹੋਈ ਹੋਵੇਗੀ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਭੇਟਾ ਰਹਿਤ' ਸੰਗਤਾਂ ਨੂੰ ਦੇਣ ਦੇ ਫ਼ੈਸਲੇ ਪਿੱਛੋਂ ਗੁਰੂ ਸਾਹਿਬ ਦੇ ਸਰੂਪ ਕਿਤਾਬਾਂ ਵਾਂਗ ਹੀ 'ਸਰਦੇ ਪੁਜਦਿਆਂ' ਨੂੰ ਭੇਟਾ ਕੀਤੇ ਜਾਂਦੇ ਰਹੇ। ਇਹ ਪ੍ਰਥਾ ਵੀ ਤਾਂ ਨਿਰਾਦਰ ਦੇ ਤੁੱਲ ਹੀ ਹੈ। ਇਕ ਹੋਰ ਮੈਂਬਰ ਨੇ ਇਹ ਵੀ ਕਿਹਾ ਕਿ ਕਿਸੇ ਅਧਿਕਾਰੀ/ਕਰਮਚਾਰੀ ਨੇ ਕੋਈ ਜਾਣਬੁੱਝ ਕੇ ਭੁੱਲ ਨਹੀਂ ਕੀਤੀ। ਸਾਨੂੰ ਆਪੇ ਹੀ ਸਾਰਾ ਮਾਮਲਾ 'ਅੰਦਰੂਨੀ' ਤੌਰ 'ਤੇ ਨਿਪਟਾ ਲੈਣਾ ਚਾਹੀਦਾ ਹੈ। ਸ਼ਾਇਦ ਇਸ ਪ੍ਰਕਾਰ ਦੀ ਕੋਈ ਵੀ ਕਾਰਵਾਈ ਸੰਗਤ ਦੀ ਤਸੱਲੀ ਨਹੀਂ ਕਰਵਾ ਸਕੇਗੀ। ਸ਼੍ਰੋਮਣੀ ਕਮੇਟੀ ਨੂੰ ਅਜਿਹੇ ਕਾਰਗਰ ਕਦਮ ਚੁੱਕਣੇ ਪੈਣਗੇ ਜਿਨ੍ਹਾਂ ਨਾਲ ਗੁਰੂ ਪੰਥ ਸਮੂਹ ਵਿਚ ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਅਤੇ ਇਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਨਰੋਈ ਸਾਖ ਬਹਾਲ ਕੀਤੀ ਜਾ ਸਕੇ। ਅੱਗੇ ਲਈ ਸ਼੍ਰੋਮਣੀ ਕਮੇਟੀ ਵਿਚ ਅਮਲਾ ਭਰਤੀ ਕਰਨ ਲਈ ਪਰਪੱਕ ਨਿਯਮ/ਵਿਧੀ ਵਿਧਾਨ ਬਣਾਏ ਜਾਣ ਤਾਂ ਜੋ ਸਿਫ਼ਾਰਸ਼ੀ ਭਰਤੀ 'ਤੇ ਪੱਕੀ ਰੋਕ ਲੱਗ ਜਾਵੇ। ਭਰਤੀ ਲਈ ਚੁਣੇ ਉਮੀਦਵਾਰਾਂ ਨੂੰ ਜਾਇਨ ਕਰਾਉਣ ਤੋਂ ਪਹਿਲਾਂ ਇਕ 'ਓਰੀਅੰਟੇਸ਼ਨ ਕੋਰਸ' ਲਗਵਾਇਆ ਜਾਵੇ।