ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ

ਸਮੁੱਚੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਦਾ ਮਾਣ ਹਾਸਲ ਕਰਨ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਆਪਣੇ ਸੌ ਸਾਲ ਪੂਰੇ ਕਰਨ ਜਾ ਰਹੀ ਹੈ। 99 ਸਾਲ ਪਹਿਲਾਂ ਗੁਰਦੁਆਰਾ ਪ੍ਰਬੰਧਾਂ ਅਤੇ ਗੁਰੂ ਘਰਾਂ ਵਿੱਚ ਗੁਰਮਤਿ ਮਰਿਯਾਦਾ ਬਹਾਲ ਕਰਵਾਉਣ ਲਈ ਅਨੇਕਾਂ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ 15 ਨਵੰਬਰ 1920 ਦੇ ਦਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਆਈ ਸੀ। ਭਾਵੇਂ ਕਿ ਸ੍ਰੋਮਣੀ ਕਮੇਟੀ ਦੇ ਹੌਂਦ ਵਿੱਚ ਆਉਣ ਤੋਂ ਪਹਿਲਾਂ ਹੀ ਗੁਰਦੁਆਰਾ ਸੁਧਾਰ ਲਹਿਰ, ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ, ਖਾਲਸਾ/ਗੁਰਮੁਖੀ ਅਖਬਾਰ, ਅਕਾਲੀ ਅਖਬਾਰ, ਸਿੰਘ ਸਭਾ ਲਹਿਰ ਅੰਮ੍ਰਿਤਸਰ/ਲਾਹੌਰ, ਕੇਂਦਰੀ ਗੁਰੂ ਸਿੰਘ ਸਭਾ ਵਰਗੀਆਂ ਸੰਸਥਾਵਾਂ, ਸਿੱਖ ਬੁਧੀਜੀਵੀ/ਲੇਖਕ, ਵਿਦਵਾਨ ਅਤੇ ਸੁਚੇਤ ਸਿੱਖ ਪੂਰੀ ਸੰਜੀਦਗੀ ਅਤੇ ਗੰਭੀਰਤਾ ਨਾਲ ਪੰਥ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਵਾਸਤੇ ਯਤਨ ਕਰਨ ਰਹੇ ਸਨ। ਕਿਉਂਕਿ ਇਹ ਅਜਿਹਾ ਸਮਾਂ ਸੀ ਜਦੋਂ ਇੱਕ ਪਾਸੇ ਤਾਂ ਦੇਸ਼ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ ਅਤੇ ਦੂਜਾ ਅੰਗਰੇਜ ਹਕੂਮਤ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਨਿਯੁਕਤ ਕੀਤੇ ਹੋਏ ਸਰਬਰਾਹ ਆਪਣੀਆਂ ਮਨ-ਮਾਨੀਆਂ ਰਹੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੰਧੂਰ ਰਹੇ ਸਨ। ਅੰਮ੍ਰਿਤਸਰ ਸ਼ਹਿਰ ਅੰਦਰ ਅਪ੍ਰੈਲ 1919 ਦੀ ਵਿਸਾਖੀ ਵੇਲੇ ਵਾਪਰੇ ਸਾਕੇ ਜਲ੍ਹਿਆਂ ਵਾਲਾ ਬਾਗ ਨੂੰ ਭੁੱਲ ਜਾਣਾ ਅਸਾਨ ਨਹੀਂ ਸੀ ਅਤੇ ਇੱਕ ਚੀਸ ਬਣ ਕੇ ਹਰ ਭਾਰਤੀ ਦੇ ਦਿਲ ਦਿਮਾਗ ਅੰਦਰ ਵੱਸਿਆ ਹੋਇਆ ਸੀ। ਅੰਗ੍ਰੇਜ ਹਕੂਮਤ ਹਰ ਤਰ੍ਹਾਂ ਦੇ ਡਰਾਵੇ, ਜ਼ਬਰਦਸਤੀ ਅਤੇ ਕਤਲੋਗਾਰਤ ਰਾਹੀਂ ਭਾਰਤੀ ਮਨਾਂ ਅੰਦਰ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦੀ ਸੀ। ਇਹੀ ਕਾਰਣ ਸੀ ਕਿ ਹਕੂਮਤ ਨੂੰ ਇਹ ਕਦਾਚਿਤ ਬਰਦਾਸ਼ਤ ਨਹੀਂ ਸੀ ਕਿ ਗੁਰਦੁਆਰਾ ਪ੍ਰਬੰਧ ਕਿਸੇ ਹੋਰ ਅਜ਼ਾਦ ਲੋਕਲ ਕਮੇਟੀ ਦੇ ਹੱਥਾਂ ਵਿੱਚ ਚਲਿਆ ਜਾਵੇ ਜੋ ਸਿੱਖਾਂ ਨੂੰ ਇੱਕਜੁੱਟ ਕਰਨ ਵਿੱਚ ਮੱਦਦ ਕਰ ਸਕੇ। ਸਿੰਘ ਸਭਾ ਲਹਿਰ ਦੀ ਕਾਇਮੀ ਤੋਂ ਬਾਅਦ ਜਦ ਸਿੱਖ ਆਗੂਆਂ ਵੱਲੋਂ ਸਰਕਾਰ ਤੱਕ ਪਹੁੰਚ ਕਰਕੇ ਗੁਰਦੁਆਰਾ ਪ੍ਰਬੰਧ ਅਧੀਨ ਆ ਰਹੀਆਂ ਵੱਡੀਆਂ ਖਾਮੀਆਂ ਨੂੰ ਖ਼ਤਮ ਕਰਕੇ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੀ ਗੱਲ ਭਾਰਤ ਦੇ ਵਾਇਸਰਾਏ ਲਾਰਡ ਰਿੱਪਨ ਤੱਕ ਪੁੱਜੀ ਤਾਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਆਰ.ਈ. ਈਗਰਟਨ ਨੇ ਵਾਇਸਰਾਏ ਨੂੰ ਚਿੱਠੀ ਰਾਹੀਂ ਖ਼ਬਰਦਾਰ ਕਰਦਿਆਂ ਲਿਖਿਆ ਸੀ, ‘ਮੇਰਾ ਖ਼ਿਆਲ ਹੈ ਕਿ ਸਿੱਖ ਗੁਰਦੁਆਰਿਆਂ ਦਾ ਇੰਤਜ਼ਾਮ ਇੱਕ ਅਜਿਹੀ ਕਮੇਟੀ, ਜੋ ਸਰਕਾਰ ਦੇ ਕੰਟਰੋਲ ਤੋਂ ਅਜ਼ਾਦ ਹੋਵੇ, ਦੇ ਹੱਥਾਂ ਵਿੱਚ ਦੇਣਾ, ਸਿਆਸੀ ਪੱਖ ਤੋਂ ਖ਼ਤਰਨਾਕ ਹੋਵੇਗਾ ਅਤੇ ਮੈਂ ਉਮੀਦ ਕਰਦਾ ਹਾਂ ਕਿ ਜਨਾਬ ਅਜਿਹੇ ਹੁਕਮ ਜਾਰੀ ਕਰਵਾਉਣ ਵਿੱਚ ਮਦਦਗਾਰ ਹੋਣਗੇ, ਜਿਸ ਨਾਲ ਪਿਛਲੇ 30 ਸਾਲ ਤੋਂ ਕਾਮਯਾਬੀ ਨਾਲ ਚਲਦਾ ਇੰਤਜ਼ਾਮ ਜਾਰੀ ਰਹੇਗਾ।’ ਚਿੱਠੀ ਵਿੱਚ ਲਿਖੀ ਉਪਰੋਕਤ ਇਬਾਰਤ ਇਹ ਸਾਬਤ ਕਰਦੀ ਹੈ ਕਿ ਅੰਗ੍ਰੇਜ ਹਕੂਮਤ ਕਦੇ ਵੀ ਨਹੀਂ ਸੀ ਚਾਹੁੰਦੀ ਕਿ ਗੁਰਦੁਆਰਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਚਲਿਆ ਜਾਵੇ। ਕਿਉਂਕਿ ਇਸ ਨਾਲ ਸਿੱਖਾਂ ਨੂੰ ਜਿੱਥੇ ਇੱਕ ਪਲੇਟਫਾਰਮ ਮੁਹੱਈਆ ਹੁੰਦਾ ਸੀ, ਉੱਥੇ ਸਮੁੱਚੇ ਪੰਥ ਵਿੱਚ ਏਕਾ ਪੈਦਾ ਕਰਕੇ ਇੱਕ ਵੱਡੀ ਸ਼ਕਤੀ ਬਣਨ ਦਾ ਇਸ਼ਾਰਾ ਵੀ ਕਰਦਾ ਸੀ।

ਉਸ ਵੇਲੇ ਗੁਰਦੁਆਰਾ ਪ੍ਰਬੰਧ ਵਿੱਚ ਗੰਭੀਰ ਅਤੇ ਆਚਰਣਹੀਣੀਆਂ ਕਰਵਾਈਆਂ ਜ਼ੋਰ ਫੜਦੀਆਂ ਜਾ ਰਹੀਆਂ ਸਨ। ਸ਼ਰਧਾਲੂਆਂ ਨਾਲ ਬਦਸਲੂਕੀ, ਗੁਰ ਮਰਿਯਾਦਾ ਦਾ ਘਾਣ, ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦ ਮੰਨ ਕੇ ਆਪਹੁਦਰੀਆਂ ਕਰਨਾ, ਮਾਇਆ ਦੀ ਹੋਣ ਵਾਲੀ ਚੜ੍ਹਤ/ਆਮਦਨੀ ਦੇ ਨਾਂ ਲੜਾਈ ਝਗੜੇ ਅਤੇ ਭ੍ਰਿਸ਼ਟਾਚਾਰ ਆਦਿ ਆਮ ਗੱਲਾਂ ਹੋ ਗਈਆਂ ਸਨ। ਅਕਾਲੀ ਅਖਬਾਰ ਦੀ ਸ਼ੁਰੂਆਤ ਕਾਰਣ ਉਸ ਵਿੱਚ ਛਪ ਰਹੇ ਮਜ਼ਮੂਨ/ਲੇਖ ਅਤੇ ਅਪੀਲਾਂ ਸਿੱਖ ਮਨਾਂ ਉੱਤੇ ਗਹਿਰਾ ਅਸਰ ਕਰ ਰਹੀਆਂ ਸਨ ਅਤੇ ਸਮੁੱਚਾ ਪੰਥ ਆਪ ਮੁਹਾਰੇ ਇੱਕ ਮੁੱਠ ਹੁੰਦਾ ਜਾ ਰਿਹਾ ਸੀ। ਸ੍ਰੋਮਣੀ ਕਮੇਟੀ ਦੇ ਜਨਮ ਤੋਂ ਬਾਅਦ ਸਮੁੱਚਾ ਪੰਥ ਇੱਕ ਤੌਰ ਤੇ ਇੱਕ ਮੰਚ ਪੁਰ ਇਕੱਠਾ ਹੋਣ ਲੱਗਿਆ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ, ਗੁਰਮਰਿਯਾਦਾ ਦੀ ਬਹਾਲੀ ਲਈ ਇੱਕ ਲੰਮਾ ਸਮਾਂ ਜਦੋਜਹਿਦ ਕਰਨੀ ਪਈ ਜਿਸ ਵਿੱਚ ਸੈਂਕੜੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, ਸਾਕੇ ਵਰਤੇ, ਮੋਰਚੇ ਲੱਗੇ, ਜੇਲ੍ਹਾਂ ਭਰੀਆਂ। ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਮੋਰਚਾ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ, ਗੁ. ਚੁਮਾਲਾ ਸਾਹਿਬ ਤੇ ਕਬਜ਼ਾ, ਗੁ. ਬਾਬੇ ਕੀ ਬੇਰ, ਜੈਤੋ ਮੋਰਚਾ, ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣਾ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰੀ ਪੁਜਾਰੀਆਂ ਨੂੰ ਭਜਾਉਣਾ ਇਹ ਸਾਰਾ ਕੁੱਝ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਹੇਠ ਉਸ ਵੇਲੇ ਦੀਆਂ ਸਿਰਕੱਢ ਸਿੱਖ ਸੰਸਥਾਵਾਂ/ਅਦਾਰਿਆਂ ਦੇ ਸਹਿਯੋਗ ਨਾਲ ਲੱਖਾਂ ਸਿੱਖਾਂ ਨੇ ਸ਼ਾਮਲ ਹੋ ਕੇ ਇੱਕ ਤੋਂ ਬਾਅਦ ਇੱਕ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਹੀ ਸ੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ, ਜੋ ਸਿੱਖ ਸਿਆਸਤ ਦੀ ਇੱਕ ਵਾਹਿਦ ਸਿਆਸੀ ਜਮਾਤ ਵਜੋਂ ਉਭਰਿਆ।

ਇੱਥੋਂ ਤੱਕ ਕਿ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਆਜ਼ਾਦੀ ਦੇ ਪਹਿਲੇ ਸ਼ਹੀਦ ਸ. ਹਜ਼ਾਰਾ ਸਿੰਘ ਦੀ ਦਾਸਤਾਨ ਸੁਣਨ ਤੋਂ ਬਾਅਦ ਮਹਾਤਮਾ ਗਾਂਧੀ ਵੱਲੋਂ ਸ੍ਰੋਮਣੀ ਅਕਾਲੀ ਦਲ ਨੂੰ ਵਿਸ਼ੇਸ਼ ਤੌਰ ਤੇ ਤਾਰ ਭੇਜੀ ਜਿਸ ਵਿੱਚ ਲਿਖਿਆ ਸੀ, ‘ਮੈਨੂੰ ਦੇਸ਼ ਅਜ਼ਾਦ ਕਰਵਾਉਣ ਦਾ ਨੁਸਖਾ ਮਿਲ ਗਿਆ ਹੈ, ਗੁਰਦੁਆਰਾ ਆਜ਼ਾਦ ਹੋ ਗਿਆ, ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਵਾਉਣਾ ਹੈ।’

ਚਾਬੀਆਂ ਦੇ ਮੋਰਚੇ ਦੀ ਫਤਹਿ ਪਿੱਛੋਂ ਜਨਵਰੀ 1922 ਨੂੰ ਮਹਾਤਮਾ ਗਾਂਧੀ ਵੱਲੋਂ ਭੇਜੀ ਤਾਰ ਵਿੱਚ ਸ਼ਬਦ ਸਨ, ‘ਦੇਸ਼ ਸੁਤੰਤਰਤਾ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ। ਮੈਂ ਸਿੱਖ ਕੌਮ ਨੂੰ ਵਧਾਈ ਦਿੰਦਾ ਹਾਂ।’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਧਾਰ ਲਹਿਰ, ਸ੍ਰੋਮਣੀ ਅਕਾਲੀ ਦਲ, ਸਿੱਖ ਨੇਤਾਵਾਂ ਦੀ ਯੋਗ ਅਗਵਾਈ ਸਦਕਾ ਸਮੁੱਚੇ ਪੰਥ ਵਿਚਲੇ ਜੋਸ਼ ਅੱਗੇ ਹਰ ਮੈਦਾਨ ਫਤਹਿ ਹੁੰਦਾ ਜਾ ਰਿਹਾ ਸੀ ਅਤੇ ਗੁਰਦੁਆਰਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆ ਰਿਹਾ ਸੀ। ਗੁਰਦੁਆਰਾ ਸੁਧਾਰ ਲਹਿਰ ਨੂੰ ਦੇਸ਼ ਦੇ ਨਾਮੀ ਨੇਤਾਵਾਂ ਵੱਲੋਂ ਦੇਸ਼ ਸੁਤੰਤਰਤਾ ਦਾ ਅੰਦੋਲਨ ਮੰਨ ਲਿਆ ਗਿਆ ਹੈ, ਜੋ ਉਕਤ ਵੇਲੇ ਦੇ ਉਹਨਾਂ ਦੇ ਵਿਚਾਰਾਂ ਤੋਂ ਸਾਫ ਪ੍ਰਗਟ ਹੁੰਦਾ ਹੈ। ਇਸ ਬਾਬਤ ਪੰਡਤ ਮੋਤੀ ਲਾਲ
ਨਹਿਰੂ ਨੇ ਆਖਿਆ ਸੀ, ‘ਮੈਂ ਪ੍ਰਣਾਮ ਕਰਦਾ ਹਾਂ ਅਕਾਲੀਆਂ ਨੂੰ, ਜਿੰਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਘੋਲ ਅਰੰਭਿਆ ਹੈ ਅਤੇ ਅਜ਼ਾਦੀ ਲਈ ਲੜ ਰਹੇ ਹਨ।’ ਪੰਡਤ ਮਦਨ ਮੋਹਨ ਮਾਲਵੀਆ ਦੇ ਵਿਚਾਰ ਸਨ, ‘ਗੁਰੂ ਕੇ ਬਾਗ ਵਿੱਚੋਂ ਹੀ ਦੇਸ਼ ਸੁਤੰਤ੍ਰਤਾ ਦੀ ਲਹਿਰ ਉੱਠੀ ਹੈ ਅਤੇ ਹੁਣ ਇਸ ਨੇ ਹੀ ਦੇਸ਼ ਨੂੰ ਸੁਤੰਤਰ ਕਰਵਾਉਣਾ ਹੈ।’ ਪਟਾ ਭਾਈ ਸੀਤਾ ਰਮੱਈਆ ਅਨੁਸਾਰ, ‘ਜਿਸ ਦੇਸ਼ ਕੋਲ ਸਿੱਖਾਂ ਜੇਹੀ ਸ਼ਹੀਦਾਂ ਦੀ ਕੌਮ
ਮੌਜੂਦ ਹੋਵੇ, ਉਹ ਦੇਸ਼ ਬਹੁਤੀ ਦੇਰ ਗੁਲਾਮ ਨਹੀਂ ਰਹਿ ਸਕਦਾ।’ ਲਾਲਾ ਲਾਜਪਤ ਰਾਇ ਦੇ ਸ਼ਬਦਾਂ ਵਿੱਚ, ‘ਅਜ਼ਾਦੀ ਹਰ ਇੱਕ ਦਾ ਹੱਕ ਹੈ, ਅਸੀਂ ਕਪੁੱਤਰ ਹਾਂ, ਪਰ ਅਕਾਲੀ ਸਪੁੱਤਰ ਹਨ ਜਿਹੜੇ ਕਿ ਆਪਣੇ ਇਸ ਹੱਕ ਲਈ ਲੜ ਰਹੇ ਹਨ।’

ਇਸ ਤਰ੍ਹਾਂ ਹਰ ਮੋਰਚੇ ਅਤੇ ਲਹਿਰਾਂ ਨੂੰ ਫਤਹਿ ਕਰਦੀ ਹੋਈ ਕੇਵਲ ਗੁਰਦੁਆਰਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਗੁਰਮਰਿਯਾਦਾ ਬਹਾਲ ਕਰਵਾਉਣ ਲਈ ਹੋਂਦ ਵਿੱਚ ਲਿਆਂਦੀ ਗਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਰੋਮਣੀ ਅਕਾਲੀ ਦਲ ਦੇ ਨਾਲ ਸਿੱਖ ਸਿਆਸਤ ਦੇ ਧੁਰੇ ਵੱਜੋਂ ਵੀ ਆਪਣੀ ਪਹਿਚਾਣ ਬਣਾ ਗਈ। ਭਾਵੇਂ ਕਿ ਮੌਜੂਦਾ ਦੌਰ ਵਿੱਚ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਜਾਂ ਅਧਿਕਾਰ ਖੇਤਰ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ, ਪਰ ਬਾਵਜੂਦ ਇਸਦੇ ਸਮੁੱਚੀ ਸਿੱਖ ਸਿਆਸਤ ਅੱਜ ਵੀ ਇਸਦੇ ਦੁਆਲੇ ਹੀ ਕੇਂਦਰਿਤ ਰਹਿੰਦੀ ਹੈ।

ਮੌਜੂਦਾ ਸਮੇਂ ਅੰਦਰ ਹਲਕੀ ਸਿਆਸਤ ਨੇ ਕਿਤੇ ਨਾ ਕਿਤੇ ਇਸ ਨਾਮਵਰ ਸੰਸਥਾ ਦੇ ਸਤਿਕਾਰ ਨੂੰ ਸੱਟ ਮਾਰੀ ਹੈ ਅਤੇ ਆਮ ਸਿੱਖ ਇਸ ਸੰਸਥਾ ਤੋਂ ਥੋੜੀ ਦੂਰੀ ਬਣਾ ਰਿਹਾ ਹੈ। ਜਿਸ ਦਾ ਕਾਰਣ ਪ੍ਰਬੰਧਕ ਢਾਂਚੇ ਵਿੱਚ ਖਾਮੀਆਂ/ਕਮੀਆਂ ਦਾ ਦਰਜ ਹੋਣਾ ਹੈ ਅਤੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਗੁਰਮਰਿਯਾਦਾ ਅਨੁਸਾਰ ਚਲਾਉਣ ਦੀ ਥਾਂ ਕੇਵਲ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਵਰਤਣਾ, ਹੱਦੋਂ ਵੱਧ ਸਿਆਸੀ ਦਖਲ, ਗੁਰਮਰਯਾਦਾ ਪ੍ਰਤੀ ਅਣਜਾਨਤਾ, ਸਿੱਖ ਹਿੱਤਾਂ ਬਾਰੇ ਸਟੈਂਡ ਨਾ ਲੈਣਾ ਆਦਿ ਕਈ ਕਿਸਮਾਂ ਦੀਆਂ ਖਾਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਆਉਂਦੇ ਸਮੇਂ ਸ੍ਰੋਮਣੀ ਕਮੇਟੀ ਆਪਣੇ 100 ਸਾਲਾਂ ਦਾ ਸਫਰ ਪੂਰਾ ਕਰਨ ਜਾ ਰਹੀ ਹੈ ਤਾਂ ਚਾਹੀਦਾ ਹੈ ਕਿ ਇਸ ਦਾ 1920 ਵਾਲਾ ਵੱਕਾਰ ਮੁੜ ਹਾਸਲ ਕੀਤਾ ਜਾਵੇ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਮੁੜ ਤੋਂ ਗੁਰੂ ਗ੍ਰੰਥ ਸਾਹਬਿ ਜੀ ਵਿਚਲੀ ਮਰਯਾਦਾ ਅਨੁਸਾਰ ਚਾਲਇਆ ਜਾਵੇ ਤਾਂ ਕਿ ਨਾਨਕ ਨਿਰਮਲ ਪੰਥ ਵਿੱਚੋਂ ਕਿਸੇ ਅਨਮਤੀ ਕਰਮ ਦੇ ਪਰਛਾਵੇਂ ਦੀ ਝਲਕ ਵੀ ਨਾ ਪਵੇ। ਗੁਰੂ ਰਾਖਾ!

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।