ਸਿੱਖਾਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ "ਲਾਈਫਟਾਈਮ ਅਚੀਵਮੈਂਟ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ

ਸਿੱਖਾਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ
ਇਮਰਾਨ ਖਾਨ

ਲੰਡਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇੱਥੇ ਹੋਏ ਇੱਕ ਸਮਾਗਮ 'ਚ ਉਹਨਾਂ ਨੂੰ "ਲਾਈਫਟਾਈਮ ਅਚੀਵਮੈਂਟ ਅਵਾਰਡ" ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬੁਲਾਰੇ ਸਾਹਿਬਜ਼ਾਦਾ ਜਹਾਂਗੀਰ ਨੇ ਇਮਰਾਨ ਖਾਨ ਵੱਲੋਂ ਇਹ ਐਵਾਰਡ ਹਾਸਲ ਕੀਤਾ।

ਇਹ ਸਮਾਗਮ ਲੰਡਨ ਸ਼ਹਿਰ ਦੇ ਮੇਅਰ ਦੇ ਮੁੱਖ ਦਫਤਰ ਵਿੱਚ ਸਿੱਖ ਨੈੱਟਵਰਕ, ਸਿੱਖ ਫੈਡਰੇਸ਼ਨ (ਯੂਕੇ) ਅਤੇ ਲੰਡਨ ਅਸੈਂਬਲੀ ਦੇ ਮੈਂਬਰ ਡਾ. ਓਂਕਾਰ ਸਹੋਤਾ ਵੱਲੋਂ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਸਹਿਯੋਗ ਨਾਲ ਕਰਵਾਇਆ ਗਿਆ।


ਸਨਮਾਨ ਹਾਸਿਲ ਕਰਦੇ ਹੋਏ ਜਹਾਂਗੀਰ

ਇਸ ਮੌਕੇ ਲੰਡਨ ਦੇ ਮੇਅਰ ਸਾਦਿਕ ਖਾਨ, ਬਰਤਾਨੀਆ ਦੀ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੇ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੁਲਾਰੇ ਸਾਹਿਬਜ਼ਾਦਾ ਜਹਾਂਗੀਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਪੂਰੀ ਦੁਨੀਆ ਤੋਂ ਸਿੱਖਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੰਦੀ ਹੈ।

ਵੱਖ-ਵੱਖ ਖੇਤਰਾਂ ਵਿੱਚ ਕਾਰਜਸ਼ੀਲ ਸੰਸਥਾਵਾਂ, ਸਖਸ਼ੀਅਤਾਂ ਦਾ ਸਨਮਾਨ
ਇਸ ਮੌਕੇ ਬਰਤਾਨੀਆ ਵੱਲੋਂ ਖੇਡਣ ਵਾਲੀ ਸਿੱਖ ਖਿਡਾਰਨ ਪਾਵਰਲਿਫਟਰ ਕਿਰਨਜੀਤ ਕੌਰ ਬੈਂਸ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਪਾਰੀ ਪੌਲ ਬਾਸੀ ਅਤੇ ਲੋਕ ਸੇਵਾ ਵਿੱਚ ਕਾਰਜਸ਼ੀਲ ਖਾਲਸਾ ਏਡ, ਸਿੱਖਿਆ ਲਈ ਮਨਸਿਮਰ ਕੌਰ, ਮੀਡੀਆ ਲਈ ਕੇ.ਟੀ.ਵੀ, ਮਨੁੱਖੀ ਹੱਕਾਂ ਲਈ ਯੂਨਾਈਟਿਡ ਸਿੱਖਸ, ਰੈਡਰਿਸ ਸੰਸਥਾ, ਟ੍ਰਿਬਿਊਟ 1984, ਇਨਸਾਫ ਸੰਸਥਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤ ਵਿੱਚ ਕੈਦ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਲਈ ਅਵਾਜ਼ ਚੁੱਕਣ ਵਾਲੇ ਸੰਸਦ ਮੈਂਬਰ ਡੋਰਚੇ ਹਿਊਜ਼ ਦਾ ਵੀ ਸਨਮਾਨ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।