ਝੂਠ ਦਾ ਭਾਰਤੀ ਮਹਾਂ ਜਾਲ: ਭਾਰਤੀ ਅਕਸ ਸੁਧਾਰਨ ਲਈ ਚਲਾਇਆ ਜਾ ਰਿਹਾ ਝੂਠੇ ਖਬਰੀ ਅਦਾਰਿਆਂ ਦਾ ਵਿਸ਼ਵ ਪੱਧਰੀ ਨੈਟਵਰਕ

ਝੂਠ ਦਾ ਭਾਰਤੀ ਮਹਾਂ ਜਾਲ: ਭਾਰਤੀ ਅਕਸ ਸੁਧਾਰਨ ਲਈ ਚਲਾਇਆ ਜਾ ਰਿਹਾ ਝੂਠੇ ਖਬਰੀ ਅਦਾਰਿਆਂ ਦਾ ਵਿਸ਼ਵ ਪੱਧਰੀ ਨੈਟਵਰਕ

ਚੰਡੀਗੜ੍ਹ (ਅੰਮ੍ਰਿਤਸਰ ਟਾਈਮਜ਼ ਬਿਊਰੋ): ਭਾਰਤੀ ਏਜੰਸੀਆਂ ਵੱਲੋਂ ਭਾਰਤ ਸਰਕਾਰ ਦੇ ਝੂਠ ਨੂੰ ਸੱਚ ਬਣਾਉਣ ਲਈ ਪੂਰੀ ਦੁਨੀਆ ਵਿੱਚ ਫੈਲਾਏ ਗਏ ਝੂਠੇ ਖਬਰੀ ਅਦਾਰਿਆਂ ਦਾ ਖੁਲਾਸਾ ਹੋਇਆ ਹੈ। ਯੂਰਪੀਨ ਯੂਨੀਅਨ ਦੀ ਡਿਸਇਨਫੋਲੈਬ ਵੱਲੋਂ ਕੀਤੀ ਗਈ ਖੋਜ ਤੋਂ ਸਾਹਮਣੇ ਆਇਆ ਸੀ ਕਿ ਇਸ ਨੈਟਵਰਕ ਵਿੱਚ 265 ਤੋਂ ਵੱਧ ਵੈੱਬਸਾਈਟਾਂ ਹਨ ਜੋ 65 ਤੋਂ ਵੱਧ ਦੇਸ਼ਾਂ ਅੰਦਰ ਕਾਰਜਸ਼ੀਲ ਹਨ। ਇਹਨਾਂ ਵੈੱਬਸਾਈਟਾਂ ਰਾਹੀਂ ਦੁਨੀਆ ਵਿੱਚ ਭਾਰਤ ਸਰਕਾਰ ਦੀ ਚੰਗੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

ਕੈਨੇਡਾ ਦੇ ਖਬਰੀ ਅਦਾਰੇ ਸੀਬੀਸੀ ਦੀ ਰਿਪੋਰਟ ਮੁਤਾਬਿਕ ਇਹਨਾਂ ਵੈੱਬਸਾਈਟਾਂ ਵਿੱਚੋਂ 12 ਵੈੱਬਸਾਈਟਾਂ ਨੂੰ ਕੈਨੇਡੀਅਨ ਖਬਰੀ ਅਦਾਰਿਆਂ ਵਜੋਂ ਵੀ ਸਥਾਪਿਤ ਕੀਤਾ ਗਿਆ ਹੈ, ਜਿਹਨਾਂ ਦੇ ਨਾਂ ਕੈਨੇਡਾ ਦੇ ਨਾਮੀਂ ਖਬਰੀ ਅਦਾਰਿਆਂ ਦੀ ਨਕਲ ਵਾਲੇ ਰੱਖੇ ਗਏ ਹਨ। ਇਹਨਾਂ ਸਾਰੀਆਂ ਵੈੱਬਸਾਈਟਾਂ ਦਾ ਪ੍ਰਬੰਧ ਸ਼੍ਰੀਵਾਸਤਵਾ ਗਰੁੱਪ ਦੇ ਹੱਥ ਹੈ। 

ਸ਼੍ਰੀਵਾਸਤਵਾ ਗਰੁੱਪ ਦੀਆਂ ਜੜ੍ਹਾਂ ਦਿੱਲੀ ਵਿੱਚ ਹਨ ਜਿਸ ਦਾ ਮਾਲਕ ਅੰਕਿਤ ਸ੍ਰੀਵਾਸਤਵ ਹੈ।

ਕਿਵੇਂ ਹੋਇਆ ਇਸ ਝੂਠ ਦਾ ਪਰਦਾਫਾਸ਼?
ਯੂਰਪੀਨ ਯੂਨੀਅਨ ਦੀ ਡਿਸਇਨਫੋਰਮੇਸ਼ਨ ਟਾਸਕ ਫੋਰਸ ਵੱਲੋਂ ਅਕਤੂਬਰ ਮਹੀਨੇ ਖੁਲਾਸਾ ਕੀਤਾ ਗਿਆ ਸੀ ਕਿ ਈਪੀਟੂਡੇ.ਕਾਮ ਨਾਂ ਦੀ ਇੱਕ ਵੈੱਬਸਾਈਟ ਜੋ ਖੁਦ ਨੂੰ ਬਰੂਸਲ ਸਥਿਤ ਯੂਰਪੀਨ ਪਾਰਲੀਮੈਂਟ ਦੀ ਮੈਗਜ਼ੀਨ ਹੋਣ ਦਾ ਦਾਅਵਾ ਕਰਦੀ ਹੈ ਉਸ ਉੱਤੇ ਰਸ਼ੀਆ ਟੂਡੇ ਅਤੇ ਵਾਇਸ ਆਫ ਅਮਰੀਕਾ ਖਬਰੀ ਅਦਾਰਿਆਂ ਦੀਆਂ ਬਹੁਤੀਆਂ ਖਬਰਾਂ ਨੂੰ ਛਾਪ ਰਹੀ ਹੈ। ਇਸ ਵੈਬਸਾਈਟ 'ਤੇ ਛਪੀਆਂ ਖਬਰਾਂ ਵਿੱਚ ਜ਼ਿਆਦਾ ਖਬਰਾਂ ਪਾਕਿਸਤਾਨ ਵਿੱਚ ਘੱਟਗਿਣਤੀਆਂ ਦੀ ਸਥਿਤੀ ਅਤੇ ਹੋਰ ਭਾਰਤ ਨਾਲ ਸਬੰਧਿਤ ਮਸਲਿਆਂ ਬਾਰੇ ਸਨ। 

ਯੂਰਪੀਨ ਯੂਨੀਅਨ ਦੀ ਡਿਸਇਨਫੋਲੈਬ ਵੱਲੋਂ ਕੀਤੀ ਹੋਰ ਪੜਤਾਲ ਤੋਂ ਸਾਹਮਣੇ ਆਇਆ ਕਿ ਇਸ ਵੈੱਬਸਾਈਟ ਨੂੰ ਭਾਰਤੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਇਸ ਨੈੱਟਵਰਕ ਵਿੱਚ ਸ਼੍ਰੀਵਾਸਤਵਾ ਗਰੁੱਪ ਨਾਲ ਜੁੜੇ ਕਈ ਥਿੰਕ ਟੈਂਕ, ਐਨਜੀਓ ਅਤੇ ਕੰਪਨੀਆਂ ਕੰਮ ਕਰਦੀਆਂ ਹਨ। ਇਸ ਤੋਂ ਅੱਗੇ ਸ਼੍ਰੀਵਾਸਤਵਾ ਗਰੁੱਪ ਦੇ ਆਈਪੀ ਐਡਰੈੱਸ 'ਤੇ ਚਲਦੀਆਂ ਹੋਰ ਖਬਰੀ ਵੈੱਬਸਾਈਟਾਂ ਦੇ ਭੇਦ ਖੁੱਲ੍ਹਣੇ ਸ਼ੁਰੂ ਹੋਏ। ਇਸ ਗਰੁੱਪ ਨਾਲ ਸਬੰਧਿਤ ਨਵੀਂ ਦਿੱਲੀ ਸਥਿਤ ਐਨਜੀਓ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ ਅਲਾਈਨਡ ਸਟਡੀਜ਼ ਦਾ ਵੀ ਖੁਲਾਸਾ ਹੋਇਆ।

ਸ਼੍ਰੀਵਾਸਤਵਾ ਨੈੱਟਵਰਕ ਦੀ ਉੱਚ ਪੱਧਰੀ ਪਹੁੰਚ ਨੇ ਕੀਤੇ ਸਭ ਹੈਰਾਨ
ਪੜਤਾਲ ਉਸ ਸਮੇਂ ਹੋਰ ਅਹਿਮ ਹੋ ਗਈ ਜਦੋਂ ਇਸ ਗੱਲ ਦੇ ਸਾਹਮਣੇ ਆਉਣ ਤੋਂ ਕੁੱਝ ਦਿਨਾਂ ਬਾਅਦ ਹੀ ਦਿੱਲੀ ਸਥਿਤ ਐਨਜੀਓ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ ਅਲਾਈਨਡ ਸਟਡੀਜ਼ ਵੱਲੋਂ ਕਸ਼ਮੀਰ ਦੌਰੇ ਲਈ ਯੂਰਪੀਨ ਯੂਨੀਅਨ ਦੇ 27 ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਅਤੇ ਉਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਵਾਈ ਗਈ। 

ਝੂਠ ਦਾ ਭਾਰਤੀ ਮਹਾਂ ਜਾਲ
ਡਿਸਇਨਫੋਲੈਬ ਦੀ ਪੜਤਾਲ ਵਿੱਚ ਇੱਕ ਹੋਰ ਵੈੱਬਸਾਈਟ ਸਾਹਮਣੇ ਆਈ ਜੋ ਸੰਯੁਕਤ ਰਾਸ਼ਟਰ ਦੇ ਅਹਿਮ ਦਫਤਰਾਂ ਵਾਲੀ ਥਾਂ ਜੇਨੇਵਾ ਨਾਲ ਜੁੜੀ ਹੋਈ ਸੀ। ਟਾਈਮਜ਼ਆਫਜੇਨੇਵਾ.ਕਾਮ ਨਾਂ ਦੀ ਵੈੱਬਸਾਈਟ 'ਤੇ ਸਾਰੀਆਂ ਖਬਰਾਂ ਈਪੀ ਟੂਡੇ ਵੈੱਬਸਾਈਟ ਵਾਲੀਆਂ ਹੀ ਸਨ ਤੇ ਪਾਕਿਸਤਾਨ ਖਿਲਾਫ ਵੱਡੇ ਪੱਧਰ 'ਤੇ ਭੰਡੀ ਪ੍ਰਚਾਰ ਦੀਆਂ ਵੀਡੀਓ ਪਾਈਆਂ ਗਈਆਂ ਸਨ।

ਇਹਨਾਂ ਵੈਬਸਾਈਟਾਂ ਦੀ ਹੋਰ ਪੜਤਾਲ ਤੋਂ ਸਾਹਮਣੇ ਆਇਆ ਕਿ ਇਹਨਾਂ ਦੇ ਕਈ ਐਨਜੀਓ ਜਿਵੇਂ ਯੂਰਪੀਨ ਓਰਗਨਾਈਜ਼ੇਸ਼ਨ ਫਾਰ ਪਾਕਿਸਤਾਨ ਮਾਈਨੋਰਟੀਜ਼, ਪਾਕਿਸਤਾਨ ਵੂਮੈਨਜ਼ ਹਿਊਮਨ ਰਾਈਟਜ਼ ਓਰਗਨਾਈਜ਼ੇਸ਼ਨ ਨਾਲ ਕਾਫੀ ਗੂੜੇ ਸਬੰਧ ਹਨ। ਇਹ ਵੀ ਸਾਹਮਣੇ ਆਇਆ ਕਿ ਇਹਨਾਂ ਖਬਰੀ ਅਦਾਰਿਆਂ ਦੀਆਂ ਵੈੱਬਸਾਈਟਾਂ ਅਤੇ ਇਹਨਾਂ ਐਨਜੀਓ ਦੀਆਂ ਵੈੱਬਸਾਈਟਾਂ ਇੱਕ ਹੀ ਸਰਵਰ ਤੋਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਈ ਮੁਲਾਜ਼ਮ ਅਜਿਹੇ ਸਨ ਜੋ ਦੋਵਾਂ ਤਰ੍ਹਾਂ ਦੀਆਂ ਸੰਸਥਾਵਾਂ ਲਈ ਕੰਮ ਕਰਦੇ ਸਨ। 

ਹੋਰ ਡੂੰਘੀ ਪੜਤਾਲ ਤੋਂ ਜਾਂਚ ਏਜੰਸੀ 4ਨਿਊਜ਼ਏਜੰਸੀ.ਕਾਮ ਵੈੱਬਸਾਈਟ 'ਤੇ ਪਹੁੰਚੀ ਜੋ ਖੁਦ ਨੂੰ ਸਵਿਜ਼ਰਲੈਂਡ, ਬੈਲਜੀਅਮ, ਥਾਈਲੈਂਡ ਅਤੇ ਆਬੂ-ਧਾਬੀ ਵਿੱਚ ਕੰਮ ਕਰਦੀਆਂ 4 ਖਬਰੀ ਏਜੰਸੀਆਂ ਦਾ ਸਮੂਹ ਦੱਸਦੀ ਹੈ। ਇਸ ਏਜੰਸੀ ਦੇ ਦੱਸਣ ਮੁਤਾਬਿਕ ਇਸਦੇ ਮੁਲਾਜ਼ਮ 100 ਦੇਸ਼ਾਂ ਵਿੱਚ ਕਾਰਜਸ਼ੀਲ ਹਨ। ਇਸ ਨਿਊਜ਼ ਏਜੰਸੀ ਦਾ ਸਬੰਧ ਵੀ ਉਪਰੋਕਤ ਖਬਰੀ ਅਦਾਰਿਆਂ ਨਾਲ ਸਾਬਿਤ ਹੋ ਗਿਆ। ਹੁਣ ਤੱਕ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਇਸ ਨੈਟਵਰਕ ਰਾਹੀਂ 65 ਤੋਂ ਵੱਧ ਦੇਸ਼ਾਂ ਵਿੱਚ 265 ਤੋਂ ਵੱਧ ਅਜਿਹੀਆਂ ਵੈੱਬਸਾਈਟਾਂ ਦਾ ਜਾਲ ਵਿਛਾਇਆ ਗਿਆ ਹੈ। 

ਝੂਠ ਦੇ ਭਾਰਤੀ ਮਹਾਂ-ਜਾਲ ਦਾ ਉਦੇਸ਼?
ਇਹਨਾਂ ਵੈੱਬਸਾਈਟਾਂ 'ਤੇ ਪਈ ਸਮਗਰੀ ਤੋਂ ਜੋ ਅੰਦਾਜ਼ਾ ਲਗਦਾ ਹੈ ਉਸ ਮੁਤਾਬਿਕ ਇਸ ਝੂਠ ਦੇ ਮਹਾਂ-ਜਾਲ ਰਾਹੀਂ ਕੌਮਾਂਤਰੀ ਸੰਸਥਾਵਾਂ ਅਤੇ ਉਹਨਾਂ 'ਤੇ ਬੈਠੀਆਂ ਜ਼ਿੰਮੇਵਾਰ ਸਖਸ਼ੀਅਤਾਂ ਦੀ ਮਾਨਸਿਕਤਾ 'ਤੇ ਭਾਰਤ ਪੱਖੀ ਅਸਰ ਪਾਉਣਾ। ਭਾਰਤ ਪੱਖੀ ਐਨਜੀਓ ਤੇ ਹੋਰ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸਥਾਪਿਤ ਕਰਨਾ। ਪਾਕਿਸਤਾਨ ਖਿਲਾਫ ਭੰਡੀ ਪ੍ਰਚਾਰ ਕਰਨਾ ਤੇ ਭਾਰਤ ਦਾ ਅਕਸ ਵਧੀਆ ਬਣਾ ਕੇ ਪੇਸ਼ ਕਰਨਾ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।