ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ 'ਤੇ ਔਰਤ ਮੁਲਾਜ਼ਮ ਨੇ ਸ਼ਰੀਰਕ ਜਬਰਦਸਤੀ ਕਰਨ ਦੇ ਦੋਸ਼ ਲਾਏ

ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ 'ਤੇ ਔਰਤ ਮੁਲਾਜ਼ਮ ਨੇ ਸ਼ਰੀਰਕ ਜਬਰਦਸਤੀ ਕਰਨ ਦੇ ਦੋਸ਼ ਲਾਏ
ਰੰਜਨ ਗੋਗੋਈ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਵਿੱਚ ਜੂਨੀਅਰ ਕੋਰਟ ਅਸਿਸਟੈਂਟ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਇੱਕ 35 ਸਾਲਾ ਔਰਤ ਮੁਲਾਜ਼ਮ ਨੇ ਸੁਪਰੀਮ ਕੋਰਟ ਦੇ 22 ਜੱਜਾਂ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਹੈ ਕਿ ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਆਪਣੀ ਰਿਹਾਇਸ਼ੀ ਦਫਤਰ ਵਿਖੇ 10 ਅਤੇ 11 ਅਕਤੂਬਰ, 2018 ਨੂੰ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਤਰਾਜ਼ਯੋਗ ਹਰਕਤਾਂ ਕੀਤੀਆਂ।

ਇਹਨਾਂ ਦੋਸ਼ਾਂ ਸਬੰਧੀ ਭਾਰਤ ਦੇ ਮੁੱਖ ਜੱਜ ਨੂੰ ਪੁੱਛੇ ਸਵਾਲ ਦੇ ਜਵਾਬ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਨੇ ਈਮੇਲ ਰਾਹੀਂ ਦਿੱਤੇ ਜਵਾਬ ਵਿੱਚ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਿਰੇ ਦਾ ਝੂਠਾ ਦੋਸ਼ ਦੱਸਿਆ ਹੈ।

ਈਮੇਲ ਵਿੱਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਇਸ ਸਾਰੀ ਗੱਲ ਪਿੱਛੇ ਕੋਈ ਸ਼ਰਾਰਤੀ ਤਾਕਤਾਂ ਕੰਮ ਕਰ ਰਹੀਆਂ ਹੋਣ ਜੋ ਸੁਪਰੀਮ ਕੋਰਟ ਦੇ ਅਦਾਰੇ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ।

ਪੀੜਤ ਔਰਤ ਵੱਲੋਂ ਭੇਜੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਮੁੱਖ ਜੱਜ ਰੰਜਨ ਗੋਗੋਈ ਦੀ ਇਸ ਹਰਕਤ ਦਾ ਵਿਰੋਧ ਕਰਨ ਤੋਂ ਬਾਅਦ ਉਸਨੂੰ ਜੱਜ ਦੇ ਰਿਹਾਇਸ਼ੀ ਦਫਤਰ ਤੋਂ ਹਟਾ ਦਿੱਤਾ ਗਿਆ ਜਿੱਥੇ ਉਹ ਅਗਸਤ 2018 ਤੋਂ ਤੈਨਾਤ ਸੀ। ਇਸ ਤੋਂ ਦੋ ਮਹੀਨੇ ਬਾਅਦ 21 ਦਸੰਬਰ, 2018 ਨੂੰ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਨੌਕਰੀ ਤੋਂ ਬਰਖਾਸਤ ਕਰਨ ਦੇ ਤਿੰਨ ਅਧਾਰਾਂ ਵਿੱਚੋਂ ਇਕ ਅਧਾਰ ਇਹ ਸੀ ਕਿ ਉਸਨੇ ਬਿਨ੍ਹਾਂ ਪ੍ਰਵਾਨਗੀ ਤੋਂ ਇੱਕ ਦਿਨ ਦੀ ਛੁੱਟੀ ਕਰ ਲਈ ਸੀ। 

ਪੀੜਤ ਔਰਤ ਨੇ ਕਿਹਾ ਕਿ ਉਸਨੂੰ ਬਰਖਾਸਤ ਕਰਨ ਤੋਂ ਇਲਾਵਾ ਦਿੱਲੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਉਸਦੇ ਪਤੀ ਅਤੇ ਪਤੀ ਦੇ ਭਰਾ, ਦੋਵਾਂ ਨੂੰ 28 ਦਸੰਬਰ, 2018 ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਬਰਖਾਸਤਗੀ ਦਾ ਅਧਾਰ 2012 ਦੇ ਇੱਕ ਮਾਮਲੇ ਨੂੰ ਬਣਾਇਆ ਗਿਆ ਜੋ ਕਿ ਦੋਵੇਂ ਧਿਰਾਂ ਵਿੱਚ ਆਪਸੀ ਸਹਿਮਤੀ ਨਾਲ ਹੱਲ ਹੋ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ