ਹੱਲਿਆਂ ਵੇਲੇ ਦੇ ਸਾਊ ਸ਼ਹਿਰੀ

ਹੱਲਿਆਂ ਵੇਲੇ ਦੇ ਸਾਊ ਸ਼ਹਿਰੀ
ਬਾਬੇ ਦੀ ਸਾਈਕਲ ਸੰਵਾਰਨ ਆਲੀ ਦੁਕਾਨਨੁਮਾ ਥਾਂ

ਸ਼ਹਿਰਾਂ ਦੀਆਂ ਕਹਾਣੀਆਂ ਬਹੁਤ ਛੋਟੀਆਂ ਹੁੰਦੀਆਂ ਹਨ, ਕਿਸੇ ਕੋਲੋਂ ਪੁੱਛੋ ਉਹ ਆਖੇਗਾ“ਹਾਲੇ ਕੱਲ ਦੀਆਂ ਗੱਲ਼ਾਂ ਇੱਥੇ ਕੁਝ ਨਹੀਂ ਸੀ, ਵੇਂਹਦ-ਵੇਂਹਦੇ ਐਨਾ ਨਿੱਕ-ਸੁੱਕ ਖੁੱਲ ਗਿਆ।” ਤੇ ਚੰਡੀਗੜ੍ਹ ਤਾਂ ਕੋਈ ਬਹੁਤਾ ਪੁਰਾਣਾ ਸ਼ਹਿਰ ਵੀ ਨਹੀਂ, ਇੱਥੇ ਬਾਰੇ ਜੇ ਅੱਜ ਦੀ ਪੀੜੀ ਨੇ ਜਾਨਣਾ ਹੋਵੇ ਤਾਂ ਸ਼ਹਿਰ ਦੇ ਫੁਟਪਾਥਾਂ 'ਤੇ ਤੁਰਨਾ ਪਵੇਗਾ। ਕਿਉਂਕਿ ਬਹੁਤੇ ਜਾਣਕਾਰ ਬੰਦੇ ਫੁਟਪਾਥਾਂ 'ਤੇ ਹੀ ਹੁੰਦੇ ਹਨ, ਹਾਸ਼ੀਏ 'ਤੇ ਧੱਕੇ ਹੋਏ। ਇਹਨਾਂ ਵਿੱਚੋਂ ਕੁੱਝ ਪੁਰਾਣੀਆਂ ਦੁਕਾਨਾਂ ਜਾਂ ਰੇਹੜੀਆਂ ਲਾਉਣ ਵਾਲੇ ਪੰਜਾਬੀ ਬਜ਼ੁਰਗ ਹਨ, ਜਿਹਨਾਂ ਨੇ ਚੰਡੀਗੜ੍ਹ ਸ਼ਹਿਰ ਉੱਸਰਦਾ ਆਪਣੇ ਅੱਖੀਂ ਵੇਖਿਆ।

ਸ਼ਹਿਰਾਂ 'ਚ ਪ੍ਰਵਾਸੀ ਪੰਛੀਆਂ ਦਾ ਹਰ ਰੁੱਤ 'ਚ ਹੀ ਆਵਾਗਾਉਣ ਲੱਗਿਆ ਰਹਿੰਦਾ ਹੈ। ਰੋਟੀ ਰੁਜ਼ਗਾਰ ਦੀ ਝਾਕ 'ਚ ਆਏ ਨੂੰ ਸ਼ਹਿਰ ਬੇਸ਼ੱਕ ਚੋਗਾ ਦਿੰਦਾ ਹੈ, ਪਰ ਇੰਨ੍ਹਾਂ ਬਹੁਤਾ ਵੀ ਨਹੀਂ ਦਿੰਦਾ ਕਿ ਚੋਗਾ ਲੈ ਕੇ ਵਾਪਿਸ ਪਿੰਡ ਵੱਸਿਆ ਜਾਵੇ। ਕੁਝ ਇਹੋ ਜਿਹਾ ਪੰਛੀ ਹੀ ਹੈ ਕਰਨੈਲ ਸਿੰਘ ਜੋ ਲੱਗਭਗ ਪੰਜ ਦਹਾਕਿਆਂ ਤੋਂ ਚੰਡੀਗੜ੍ਹ ਸ਼ਹਿਰ ਵਿੱਚ ਸਾਈਕਲ ਰਿਪੇਅਰ ਕਰ ਰਿਹਾ ਹੈ, ਆਸ ਪੜੋਸੀ ਉਸ ਨੂੰ 'ਲੰਬੂ ਕਰਨੈਲ' ਆਂਹਦੇ ਹਨ। ਕਰਨੈਲ ਸਿੰਘ 85 ਸਾਲ ਦਾ ਹੈ, ਉਸ ਨੂੰ ਬਜ਼ੁਰਗ ਕਹਿਣਾ ਤਾਂ ਸਹੀ ਨਹੀਂ, ਛੇ ਫੁੱਟ ਦੇ ਕਰੀਬ ਕੱਦ ਚੰਗਾ ਗਠੇ ਸਰੀਰ ਦਾ, ਕੁਤਰੀ ਹੋਈ ਦਾਹੜੀ ਤੇ ਅੱਖ਼ਾਂ ਦੀ ਚਮਕ ਤੋਂ ਉਹ ਅਧੇੜ ਜਿਹਾ ਲੱਗਦਾ ਹੈ। ਕਰਨੈਲ ਸਿੰਘ ਦੇ ਕੰਨ 'ਚ ਸੁਣਨ ਵਾਲੀ ਮਸ਼ੀਨ ਲੱਗੀ ਹੈ ਪਰ ਤਾਂ ਵੀ ਉਹ ਚੰਗਾ ਗਾਲ੍ਹੜੀ ਹੈ, ਤੁਹਾਡੇ ਗੱਲ ਤੋਰਨ ਦੀ ਦੇਰ ਹੈ ਅੱਗੇ ਦੀ ਅੱਗੇ ਉਹ ਕਿੱਸੇ ਸੁਣਾਉਂਦਾ ਜਾਂਦਾ ਹੈ। ਕਰਨੈਲ ਸਿੰਘ ਹੁਰੀਂ ਪਿੱਛਿਉਂ ਨਵਾਂ ਸ਼ਹਿਰ ਜਲੰਧਰ ਵੱਲ ਦੇ ਹਨ ਤੇ ਚੰਡੀਗੜ੍ਹ ਆਇਆਂ 48 ਵਰ੍ਹੇ ਹੋ ਗਏ ਹਨ। ਮੈਨੂੰ ਉਸ ਦੀ ਇਹ ਗੱਲ ਬੜੀ ਖਾਸ ਲੱਗੀ ਉਸ ਦਿਆਂ ਕਿੱਸਿਆਂ ਵਿੱਚ ਸ਼ਪੱਸ਼ਟਤਾ ਬਹੁਤ ਹੈ। ਅਸੀਂ ਅੱਜ ਵੀ ਗੱਲ ਕਰਦੇ ਐਵੇਂ ਹੀ ਕਹਿ ਦਿੰਨੇ ਹਾਂ ਵੀ ਹੋਊ ਕੋਈ 8-10 ਸਾਲ ਪੁਰਾਣੀ ਗੱਲ ਪਰ ਉਹ ਪੂਰੀ ਸਪੱਸ਼ਟਤਾ ਨਾਲ ਵਰ੍ਹੇ ਦਿਨਾਂ ਬਾਰੇ ਬਿਨ ਸੋਚਿਆਂ ਦੱਸਦਾ ਜਾਂਦਾ ਹੈ। ਇਉਂ ਲੱਗਦਾ ਹੈ ਜਿਵੇਂ ਕਿਤੇ ਬਹਿ ਕੇ ਯਾਦ ਕੀਤੇ ਹੋਣ। ਕਰਨੈਲ ਸਿੰਘ 37 ਸੈਕਟਰ ਦੇ ਸਰਕਾਰੀ ਸਕੂਲ ਕੋਲ ਇੱਕ ਖੂੰਜੇ ਵਿੱਚ ਸਾਈਕਲ ਠੀਕ ਕਰਦਾ ਹੈ। ਮੇਰਾ ਉਸ ਨਾਲ ਮੇਲ ਚੱਕੇ 'ਚ ਫੂਕ ਭਰਾਉਂਦਿਆ ਹੀ ਹੋਇਆ। ਸੈਂਕਲਾਂ ਦੀ ਦੁਕਾਨ 'ਤੇ ਗਾਹਕ ਅੱਜਕਲ ਘੱਟ ਹੀ ਬਹੁੜਦੇ ਹਨ ਏਸ ਲਈ ਅਸੀਂ ਗੱਲੀਂ ਲੱਗ ਗਏ। ਬਾਬੇ ਨੇ ਚੰਡੀਗੜ੍ਹ ਆਪਣੇ ਅੱਖੀਂ ਵੱਸਦਾ ਦੇਖਿਆ ਸੀ ਉਹ ਪੂਰਾ ਇਤਿਹਾਸ ਉਂਗਲਾਂ ਦੇ ਪੋਟਿਆਂ ਤੇ ਦੱਸਦਾ ਹੈ ਕਿ ਪਹਿਲਾਂ ਇੱਥੇ ਕਿਹੜਾ ਸੈਕਟਰ ਵਸਿਆ ਤੇ ਕਿੱਥੇ ਕੀ ਸੀਬਾਬਾ ਇੱਕ ਗੱਲ ਤੇ ਵਾਧੂ ਜ਼ੋਰ ਦਿੰਦਾ ਹੈ ਕਿ ਪੀੜੀਆਂ ਬਦਲੀਆਂ ਤਾਂ ਨਾਮ ਬਦਲੇ, ਨਹੀਂ ਉਹ ਤਾਂ ਹਜੇ ਵੀ ਸਾਰੇ ਸੈਕਟਰਾਂ ਨੂੰ ਪਿੰਡਾਂ ਦੇ ਨਾਵਾਂ ਨਾਲ ਜਾਣਦਾ। ਉਸਦਾ ਨਵੀਂ ਪੀੜੀ ਪ੍ਰਤੀ ਕੁਝ ਰੋਸਾ ਜਾਇਜ਼ ਵੀ ਹੈ, ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੀ ਘਟਦੀ ਪੈਠ ਦਾ ਸਾਰਾ ਦੋਸ਼ ਉਹ ਨਵੀਂ ਪੀੜੀ ਨੂੰ ਹੀ ਦਿੰਦਾ ਹੈ।

ਗੱਲ਼ਾਂ ਕਰਦਾ-ਕਰਦਾ ਉਹ ਦੱਸਣ ਲੱਗ ਗਿਆ ਕਿ ਜ਼ਿੰਦਗੀ 'ਚ ਇੱਕੋ ਰਾਤ ਸਭ ਤੋਂ ਔਖੀ ਰਹੀ ਜੋ ਕਦੇ ਚਾਹ ਕੇ ਵੀ ਨਹੀਂ ਭੁੱਲਦੀ। ਜਦੋਂ ਇੰਦਰਾ ਮਰੀ ਤਾਂ 1984 'ਚ ਸਰਕਾਰ ਨੇ ਕਰਫਿਊ ਐਲਾਨ ਦਿੱਤਾ। ਉਦੋਂ ਉਹ ਯੂਨੀਵਰਸਿਟੀ ਗੇਟ ਨੰਬਰ 2 ਸਾਹਮਣੇ ਬੈਠਦਾ ਸੀ ਤੇ ਉਦੋਂ ਪਾੜ੍ਹਿਆਂ ਕੋਲ ਬਹੁਤੇ ਸਾਈਕਲ ਹੀ ਹੁੰਦੇ ਸਨ। ਰਾਤ ਨੂੰ 8 ਵਜੇ ਕਰਫਿਊ ਦਾ ਐਲਾਨ ਹੋ ਗਿਆ। ਸ਼ਹਿਰ ਫੌਜ ਨਾਲ ਭਰ ਗਿਆ। ਬਾਬੇ ਕੋਲ ਫੌਜੀ ਆਏ ਤੇ ਕਿਹਾ ਕਿ ਫੌਰਨ ਸਾਮਾਨ ਚੱਕ ਬਾਬੇ ਕੋਲ 10-15 ਸਾਈਕਲ ਰਿਪੇਅਰ ਨੂੰ ਖੜੇ ਸਨ। ਜਿਹਨਾਂ ਵਿੱਚੋਂ ਬਹੁਤੇ ਯੂਨੀਵਰਸਿਟੀ ਹਾਸਟਲ ਰਹਿਣ ਵਾਲਿਆਂ ਦੇ ਸਨ। ਉਹਨੇ ਫੌਜੀ ਦੀਆਂ ਮਿੰਨਤਾਂ ਕੀਤੀਆਂ ਕਿ ਭਾਈ ਮੈਂ ਇੰਨੇ ਸਾਈਕਲ ਛੱਡ ਕੇ ਕਿਵੇਂ ਜਾਵਾਂ। ਫੌਜੀ ਬਹੁਤੇ ਨਾਗਾਲੈਂਡ ਜਾਂ ਉੱਤਰ ਪੂਰਬ ਵੱਲ ਦੇ ਸਨ ਜੋ ਪੰਜਾਬੀ ਹਿੰਦੀ ਕੁਝ ਨਹੀਂ ਸਮਝਦੇ ਸਨ। ਉਹਨਾਂ ਨੇ ਬਾਬੇ ਦੀ ਕੁੱਟ ਮਾਰ ਕੀਤੀ ਤੇ ਆਖਿਰ ਬਹੁਤੀਆਂ ਮਿੰਨਤਾਂ ਤੋਂ ਬਾਅਦ ਇੰਨ੍ਹਾਂ ਕੁ ਸਮਝੇ ਕਿ ਇਹਨਾਂ ਸਾਈਕਲਾਂ ਨੂੰ ਉਹ ਕਿਤੇ ਟਿਕਾਣੇ ਲਾ ਲਵੇ ਫੇਰ ਚਲਾ ਜਾਵੇਗਾ। ਅਧੇੜ ਉਮਰ 'ਚ ਵੀ ਉਹ ਭਰ ਜਵਾਨ ਸੀ ਇਸ ਲਈ ਕੁੱਟ ਖਾਣ ਮਗਰੋਂ ਉਹ ਸਾਈਕਲ ਢੋ ਕੇ ਸਾਹਮਣੀ ਪਾਰਕ 'ਚ ਲਾਉਣ ਲੱਗਿਆ ਤੇ ਸਮਾਨ ਸਮੇਟਣ ਲੱਗਿਆ। ਸਾਈਕਲ ਲਾਉਂਦੇ ਨੂੰ ਰਾਤ ਦੇ 12 ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਦੋਂ ਉਹਨਾਂ ਨੂੰ ਰਹਿਣ ਲਈ 37 ਸੈਕਟਰ ਵਿੱਚ ਕੁਆਟਰ ਮਿਲੇ ਸਨ। ਉਹਨੇ ਹੌਲ ਹੁੰਗਾਰੇ ਨਾਲ ਮੋਢੇ ਤੇ ਪੇਟੀ ਟੰਗੀ ਜਿਸ ਵਿੱਚ ਪੰਪ, ਚਾਬੀਆਂ ਗਰਾਰੀ ਖੋਲਣ ਵਾਲੇ ਸੰਦ ਤੇ ਹੋਰ ਰਿਪੇਅਰ ਦਾ ਸਮਾਨ ਸੀ ਜੋ ਬਹੁਤਾ ਲੋਹੇ ਦਾ ਸੀ ਤੇ ਪੇਟੀ ਵੀ ਉਹ ਜਿਹੜੀ ਫੌਜੀਆਂ ਕੋਲ ਹੁੰਦੀ ਹੈ। ਇਹ ਫੌਜੀਆਂ ਵਾਲੀ ਪੇਟੀ ਬਾਬੇ ਦੀ ਪੁਰਾਣੀ ਵੀਹ ਸਾਲਾਂ ਦੀ ਕਮਾਈ ਹੀ ਸੀ, ਬਾਬਾ ਪਹਿਲਾਂ ਫੌਜ ਵਿੱਚ ਸੀ, ਬਾਬਾ 1945-1965 ਫੌਜ ਵਿੱਚ ਰਿਹਾ 1962 ਦੀ ਚੀਨ ਖਿਲਾਫ ਜੰਗ ਲੜੀ। ਉਹ ਅੰਗਰੇਜ਼ਾਂ ਵੇਲੇ ਭਰਤੀ ਹੋਇਆ ਤੇ ਉਹਦੇ ਦੱਸਣ ਮੁਤਾਬਕ ਉਹ ਫੋਜ ਵਿੱਚ ਮੇਜਰ ਜਨਰਲ ਸੀ। ਉਦੋਂ ਤਨਖਾਹ ਦਹਿਆਂ 'ਚ ਹੁੰਦੀ ਸੀ, ਤੇ ਏਸੇ ਲਈ ਬਾਬੇ ਦੀ ਹੁਣ ਤੱਕ ਫੌਜ ਦੀ ਪੈਨਸ਼ਨ ਸੈਂਕੜਿਆਂ ਵਿੱਚ ਹੀ ਹੈ। ਲੈ ਦੇ ਕੇ ਕੁੱਲ ਬਾਬੇ ਨੇ ਫੌਜ ਵਿੱਚੋਂ ਉਹ ਪੇਟੀ ਹੀ ਖੱਟੀ ਸੀ ਜੋ ਹੁਣ ਤੱਕ ਬਾਬੇ ਕੋਲ ਪਈ ਹੈ, ਜਿਸ ਵਿੱਚ ਉਹ ਆਪਣਾ ਸਾਰਾ ਸੈਂਕਲ ਠੀਕ ਕਰਨ ਵਾਲਾ ਸਮਾਨ ਰੱਖਦਾ। ਬਾਬਾ 15 ਸੈਕਟਰ ਦੀਆਂ ਲਾਈਟਾਂ ਤੋਂ ਤੁਰ ਪਿਆ ਉਦੋਂ ਚੰਡੀਗੜ੍ਹ ਇੰਨ੍ਹਾਂ ਆਬਾਦ ਨਹੀਂ ਸੀ ਤੇ ਸੁੰਨ ਸਰ੍ਹਾਂ ਵੀ ਬੜੀ ਸੀ, ਉਤੋ ਰਾਤ 1 ਵਜੇ ਦੇ ਕਰੀਬ ਦਾ ਸਮਾਂ ਸੀ। ਤੇ ਜਦੋਂ ਬਾਬਾ ਡੀਂਗਾ ਭਰੇ ਉਦੋਂ ਨਾਲ-ਨਾਲ ਪੇਟੀ ਚ ਪਿਆ ਸਮਾਨ ਹਿੱਲੇ ਤੇ ਖੜਾਕ ਅੱਧਾ ਕਿ.ਮੀ ਦੂਰ ਤੱਕ ਸੁਣੇ। ਬਾਬੇ ਦੀ ਰੋਜ਼ੀ ਰੋਟੀ ਸੀ ਉਹ ਰੱਖ ਕੇ ਵੀ ਨੀ ਜਾ ਸਕਦਾ ਸੀ। ਅੱਗੇ ਗਿਆ 24 ਸੈਕਟਰ ਦੇ ਚੌਂਕ ਵਿੱਚ ਫੌਜੀ ਖੜੇ ਓਸ ਚੌਂਕ ਦੇ ਪੁਲਿਸ ਵਾਲਿਆਂ ਨੇ ਕੱਪੜਿਆਂ ਤੋਂ ਤੇ ਸਮਾਨ ਤੋਂ ਅੰਦਾਜ਼ਾ ਲਾ ਲਿਆ ਵੀ ਇਹ ਮਿਸਤਰੀ ਆ। ਉਹਨਾਂ ਬਾਬੇ ਨੂੰ ਘੰਟਾ ਸਿਰਫ ਕੰਨ ਫੜ ਕੇ ਖਲੋਣ ਲਈ ਕਿਹਾ, ਮਰਦਾ ਕੀ ਨਾਂ ਕਰਦਾ। ਬਾਬਾ ਖਲੋਤਾ ਰਿਹਾ, ਉਹ ਇਹ ਵੀ ਨਾਂ ਦੱਸ ਸਕੇ ਕਿ ਮੈਂ ਵੀ ਸਾਬਕਾ ਫੌਜੀ ਆਂ। ਦੱਸੇ ਤਾਂ ਜੇ ਕੋਈ ਸਮਝੇ, ਸਾਰੇ ਤਾਂ ਗੈਰ ਭਾਸ਼ਾਈ ਸੀ। ਉਹਨਾਂ ਘੰਟਾ ਖੜਾ ਕੇ ਥੱਪੜ ਮਾਰ ਕੇ ਬਾਬੇ ਨੂੰ ਭੱਜ ਜਾਣ ਨੂੰ ਕਿਹਾ। ਅੱਗੇ ਉਹ ਬੱਤਰੇ ਵਾਲੇ ਮੋੜ ਤੇ ਪਹੁੰਚਿਆਂ, ਤਾਂ ਫੌਜੀਆਂ ਦੇ ਡਰੋਂ ਉਹਨੇ ਸੜਕੇ ਸੜਕੇ ਜਾਣਾ ਚੰਗਾ ਨਾਂ ਸਮਝ ਵਿਚਕਾਰਲੇ ਰਾਹ ਤੋਂ ਜਾਣ ਲੱਗ ਪਿਆ। ਪੇਟੀ ਦਾ ਖੜਾਕ ਸੁਣ ਕੇ ਉੱਥੇ ਫੌਜੀ ਭੱਜੇ ਆਏੇ ਉਹਨਾਂ ਨੇ ਕੁਝ ਦੱਸਿਆ ਨੀ ਪੁੱਛਿਆ ਨੀ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਬਾਬੇ ਦਾ ਜ਼ੇਰਾ ਸੱਚੀਂ ਬਹੁਤ ਸੀ ਉਹ ਬੜੀ ਸਹਿਜੇ ਇਹ ਗੱਲ਼ਾਂ ਸੁਣਾ ਰਿਹਾ ਸੀਸਾਹਮਣੇ ਵਾਲਾ ਕਿੰਨ੍ਹਾਂ ਕੁ ਹੈਰਾਨ ਹੋਵੇਗਾ ਇਹਦਾ ਅੰਦਾਜ਼ਾ ਉਹਨੂੰ ਸ਼ਾਇਦ ਨਹੀਂ ਸੀ। ਉਹਨਾਂ ਫੋਜੀਆਂ ਦਾ ਜ਼ਿਕਰ ਕਰਦਿਆਂ ਇੱਕੋ ਵਾਰ ਬਾਬੇ ਦੇ ਚਿਹਰੇ ਤੇ ਸ਼ਿਕਨ ਆਇਆ। ਕਹਿੰਦਾ ਉਹਨਾਂ ਮੈਨੂੰ ਠੁੱਡ ਮਾਰ-ਮਾਰ ਅੱਧ ਮੋਇਆ ਕਰ ਦਿੱਤਾ, ਜਬਾੜਾ ਤੋੜ ਦਿੱਤਾ ਤੇ ਹੋਰ ਵੀ ਸਰੀਰਕ ਚੋਟਾਂ ਬਹੁਤ ਮਾਰੀਆਂ। ਬਾਬੇ ਦੇ ਘਰਦੇ ਬੱਸ ਇਵੇਂ ਹੀ ਹੈਰਾਨ ਸਨ ਕਿ ਇਹ ਲਹੂ ਲੁਹਾਣ ਬਚ ਕਿਵੇਂ ਗਿਆ। ਉਹਨਾਂ ਸੱਟਾਂ ਨੇ ਬਾਬੇ ਦੇ ਚੱਕਲੇ ਵਰਗੇ ਕਾਮੇ ਸਰੀਰ ਨੂੰ 2 ਮਹੀਨੇ ਬਿਸਤਰੇ ਨਾਲ ਬੰਨੀਂ ਰੱਖਿਆ। ਇੰਨ੍ਹਾਂ ਕੁਝ ਦੱਸ ਕੇ ਬਾਬਾ ਇੱਕਦਮ ਚੁੱਪ ਹੋ ਗਿਆ।

ਮੈਂ ਵੀ ਬਾਬੇ ਨੂੰ ਅੱਗੇ ਪੁੱਛਣ ਦਾ ਜ਼ੇਰਾ ਹੀ ਨਹੀਂ ਕਰ ਸਕਿਆ ਕਿ ਉਹਨਾਂ ਸੈਂਕਲਾਂ ਦਾ ਕੀ ਬਣਿਆ ਜੋ ਪਾਰਕ 'ਚ ਲਾ ਕੇ ਆਇਆ ਸੀ, ਜੋ ਵੀ ਬਣਿਆ ਹੋਵੇ ਉਹਨਾਂ ਦਾ ਹਾਲ ਕਦੇ ਐਨਾ ਬਦਤਰ ਨਹੀਂ ਹੋਇਆ ਹੋਣਾ ਕਿ 85 ਸਾਲ ਦੀ ਉਮਰ ਦੀ ਕਿਸੇ ਦੀ ਇੱਕੋ-ਇੱਕ ਯਾਦ ਬਣ ਜਾਵੇ। ਸਰਕਾਰਾਂ ਦੀ ਇਹ ਕਿਹੋ ਜਿਹੀ ਸਨਕ ਸੀ, ਜਿੰਨ੍ਹਾਂ ਨੇ ਸੈਂਕੜੇ ਬੇਕਸੂਰ ਇਉਂ ਸੜਕਾਂ ਤੇ ਰੋਲੇ, ਖਬਰੇ ਕਿੰਨੇ ਬਾਬੇ ਉਦਣ ਆਪਣੇ ਘਰ ਪਹੁੰਚ ਹੀ ਨਹੀਂ ਸਕੇ ਹੋਣੇ। ਕਿੰਨੇ ਕਰਨੈਲ ਸਿੰਘ ਉਸ 'ਸਰਕਾਰੀ ਅੱਤਵਾਦ' ਦੀ ਲਪੇਟ 'ਚ ਆਏ, ਜਿੰਨ੍ਹਾਂ ਦੇ ਝੰਬਿਆਂ ਦਾ ਮੁਆਵਜਾ ਤਾਂ ਦੂਰ, ਕੋਈ ਖਬਰ ਵੀ ਨਹੀਂ ਬਣਦੀ।

ਬਲਤੇਜ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ