ਸੱਥ ਵੱਲੋਂ ਕੀਤੇ ਵਿਰੋਧ ਦੇ ਚਲਦਿਆਂ ਵਿਵਾਦਤ ਤਖਤੀਆਂ ਹਟਾਈਆਂ

ਸੱਥ ਵੱਲੋਂ ਕੀਤੇ ਵਿਰੋਧ ਦੇ ਚਲਦਿਆਂ ਵਿਵਾਦਤ ਤਖਤੀਆਂ ਹਟਾਈਆਂ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਨਿਰਾਦਰ ਦਾ ਮੁੱਦਾ ਉਸ ਵੇਲੇ ਉਠ ਖੜਾ ਹੋਇਆ ਜਦੋਂ ਯੂਨੀਵਰਸਿਟੀ ਕੈਂਪਸ ਵਿੱਚ ਚਲ ਰਹੇ ਖੇਡ ਮੇਲੇ ਦੀਆਂ ਤਖਤੀਆਂ ਉਪਰ ਪੰਜਾਬੀ ਨਾ ਲਿਖੀ ਗਈ। ਖੇਡ ਮੇਲੇ ਦੀ ਮੁੱਖ ਤਖਤੀ ਤੇ ਸੰਸਕ੍ਰਿਤ ਭਰਪੂਰ ਹਿੰਦੀ ਤੇ ਅੰਗਰੇਜ਼ੀ ਲਿਖੀ ਹੋਈ ਸੀ ਜਦਕਿ ਪੰਜਾਬੀ ਨੂੰ ਇਸ ਤਖਤੀ ਉਪਰ ਜਗਾ ਨਾ ਦਿੱਤੀ ਗਈ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਸ ਗੱਲ ਦਾ ਤੁਰੰਤ ਨੋਟਿਸ ਲੈਂਦਿਆਂ ਮੁਖੀ ਵਿਦਿਆਰਥੀ ਭਲਾਈ ਇਮੈਨੂਅਲ ਨਾਹਰ ਨੂੰ ਮੰਗ ਪੱਤਰ ਸੌਂਪ ਕੇ ਵਿਰੋਧ ਦਰਜ ਕੀਤਾ। 

ਸੱਥ ਦੇ ਬੁਲਾਰੇ ਸੁਖਮਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਘੁੱਗ ਵਸਦੇ ਪਿੰਡ ਧਨਾਸ ਦੀ ਜ਼ਮੀਨ 'ਤੇ ਬਣਾਈ ਗਈ ਸੀ ਤੇ ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਵੱਡਾ ਹਿੱਸਾ ਪੰਜਾਬ ਤੋਂ ਆਉਂਦਾ ਹੈ। ਅਜਿਹੇ ਵਿੱਚ ਪੰਜਾਬੀ ਬੋਲੀ ਨੂੰ ਕੈਂਪਸ ਵਿੱਚੋਂ ਦਰਕਿਨਾਰ ਕਰਨਾ ਬਹੁਤ ਮੰਦਭਾਗਾ ਹੈ ਤੇ ਪੰਜਾਬ ਦੇ ਵਿਦਿਆਰਥੀ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਓਨੀ ਦੇਰ ਤੱਕ ਕਰਦੇ ਰਹਿਣਗੇ ਜਦ ਤੱਕ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਹਾਸਲ ਹੁੰਦਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣ-ਬੁਝ ਕੇ ਕੈਂਪਸ ਵਿੱਚ ਹਿੰਦੀ ਅਤੇ ਸੰਸਕ੍ਰਿਤ ਥੋਪ ਰਿਹਾ ਹੈ। 

ਵਿਦਿਆਰਥੀਆਂ ਵੱਲੋਂ ਕੀਤੇ ਵਿਰੋਧ ਦੇ ਚਲਦਿਆਂ ਮੁਖੀ ਵਿਦਿਆਰਥੀ ਭਲਾਈ ਨੇ ਫੌਰੀ ਕਾਰਵਾਈ ਕਰਦਿਆਂ ਵਿਵਾਦਤ ਤਖਤੀਆਂ ਹਟਾਉਣ ਦੇ ਹੁਕਮ ਦਿੱਤੇ, ਉਪਰੰਤ ਖੇਡ ਮੈਦਾਨ ਦੀ ਸਟੇਜ ਤੇ ਰੱਖੀ ਮੁੱਖ ਤਖਤੀ ਨੂੰ ਹਟਾ ਦਿੱਤਾ ਗਿਆ। ਇਮੈਨੂਅਲ ਨਾਹਰ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।