ਫ਼ਰਵਰੀ ਮਹੀਨੇ ਦੇ ਖੇਤੀ ਰੁਝੇਂਵੇਂ

ਫ਼ਰਵਰੀ ਮਹੀਨੇ ਦੇ ਖੇਤੀ ਰੁਝੇਂਵੇਂ

ਕਣਕ: ਦਸੰਬਰ ਵਿਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਦੇ ਦਿਉ। ਖੇਤ ਵਿਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ। ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ ਦੇਣ। ਜਦੋਂ ਹੀ ਖੇਤ ਵਿਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਓੁਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ 200 ਮਿ.ਲਿ. 200 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਕਰੋ। ਜੇਕਰ ਚੇਪੇ ਦਾ ਹਮਲਾ ਨੁਕਸਾਨ ਕਰਨ ਦੀ ਸਮਰੱਥਾ ਤੱਕ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. (ਥਾਇਆਮੈਥੌਕਸਮ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਬਹਾਰ ਰੁੱਤ ਦੀ ਮੱਕੀ: ਮੱਕੀ ਦੀਆਂ ਪੀ ਐਮ ਐਚ-10, ਡੀ ਕੇ ਸੀ-9108, ਪੀ ਐਮ ਐਚ-8, ਪੀ ਐਮ ਐਚ-7 ਅਤੇ ਪੀ ਐਮ ਐਚ-1 ਕਿਸਮਾਂ ਦੀ ਬਿਜਾਈ ਪੂਰਬ-ਪੱਛਮ 60 ਸੈ.ਮੀ. ਦੀ ਵਿੱਥ ਤੇ ਵੱਟਾਂ ਬਣਾ ਕੇ ਜਾਂ 67.5 ਸੈ.ਮੀ. ਦੀ ਵਿੱਥ ਤੇ ਬੈੱਡ ਬਣਾ ਕੇ 15 ਫਰਵਰੀ ਤੱਕ ਕੀਤੀ ਜਾ ਸਕਦੀ ਹੈ। ਵੱਟਾਂ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈ.ਮੀ. ਅਤੇ ਬੈੱਡਾਂ ਉੱਪਰ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈ.ਮੀ. ਰੱਖਣਾ ਚਾਹੀਦਾ ਹੈ। ਨਦੀਨਾਂ ਦਾ ਖਾਤਮਾ ਕਰਨ ਲਈ ਐਟਰਾਟਾਫ 50 ਡਬਲਯੂ ਪੀ (ਐਟਰਾਜੀਨ), 500 ਗ੍ਰਾਮ/ਏਕੜ ਹਲਕੀਆਂ ਜ਼ਮੀਨਾਂ ਲਈ ਅਤੇ 800 ਗ੍ਰਾਮ/ਏਕੜ ਭਾਰੀਆਂ ਜ਼ਮੀਨਾਂ ਲਈ, ਦਾ ਛਿੜਕਾਅ ਦੋ ਦਿਨਾਂ ਦੇ ਵਿਚ-ਵਿਚ 200 ਲਿਟਰ ਪਾਣੀ ਪਾ ਕੇ ਕਰ ਦਿਓ।

ਤੇਲ ਬੀਜ ਫ਼ਸਲਾਂ: ਤੇਲ ਬੀਜ ਫ਼ਸਲਾਂ ਨੂੰ ਕੋਰੇ ਦੇ ਨੁਕਸਾਨ ਤੋਂ ਬਚਾਉਣ ਲਈ, ਫੁੱਲਾਂ ਤੇ ਆਈ ਫ਼ਸਲ ਨੂੰ ਹਲਕਾ ਪਾਣੀ ਦਿਉ। ਜੇਕਰ ਸਰ੍ਹੋਂ ਤੇ ਚੇਪੇ ਦਾ ਹਮਲਾ ਹੋਵੇ ਤਾਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ । ਛਿੜਕਾਅ ਦੁਪਹਿਰ ਬਾਅਦ ਕਰਨਾ ਚਾਹੀਦਾ ਹੈ।

ਦਾਲਾਂ: ਮਸਰ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਪਾਣੀ ਦਿਓ। ਛੋਲਿਆਂ ਦੀ ਸੁੰਡੀ, ਪੱਤੇ, ਫੁਲ ਅਤੇ ਫ਼ਲੀਆਂ ਖਾਂਦੀ ਹੈ। ਪਕਾਵੇਂ ਮਟਰਾਂ ਤੇ ਚਿਟੋਂ ਦਾ ਹਮਲਾ ਰੋਕਣ ਲਈ ਸਲਫੈਕਸ 600 ਗਾ੍ਰਮ ਦਾ 100 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਦਸ ਦਿਨਾਂ ਦੀ ਵਿੱਥ ਤੇ ਛਿੜਕਾਅ ਦੁਹਰਾਓ।

ਸੂਰਜਮੁਖੀ: ਸੂਰਜਮੁਖੀ ਦੀ ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਲਉ। ਸੂਰਜਮੁਖੀ ਦੀ ਬਿਜਾਈ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ। ਜਲਦੀ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਪਹਿਲ ਦਿਉ ਜਿਵੇਂ ਕਿ ਪੀ ਐਸ ਐਚ 1962, ਡੀ ਕੇ 3849, ਪੀ ਐਸ ਐਚ 996, ਪੀ ਐਸ ਐਚ 569 ਅਤੇ ਪੀ ਐਸ ਐਫ ਐਚ 118 । ਫਰਵਰੀ ਦੇ ਪਹਿਲੇ ਹਫਤੇ ਵਿਚ ਹੀ ਬਿਜਾਈ ਖਤਮ ਕਰ ਲਓ ਅਤੇ ਇਸ ਸਮੇਂ ਪੀ ਐਸ ਐਚ 559 ਕਿਸਮ ਨੂੰ ਬੀਜਣ ਲਈ ਤਰਜੀਹ ਦਿਓ। ਫ਼ਸਲ ਨੂੰ 60 ਸੈਂ. ਮੀ. ਚੌੜੀਆਂ ਕਤਾਰਾਂ ਵਿਚ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈ.ਮੀ. ਰੱਖੋ। ਵੱਟਾਂ ਪੂਰਬ ਤੋਂ ਪੱਛਮ ਵੱਲ ਅਤੇ ਬਿਜਾਈ ਦੱਖਣ ਵੱਲ ਕਰੋ। ਬੀਜ ਨੂੰ ਵੱਟਾਂ ਦੀ ਢਲਾਣ ਦੇ 6-8 ਸੈ. ਮੀ. ਹੇਠਾਂ ਵੱਲ ਬੀਜੋ। ਵੱਟਾਂ ਤੇ ਬੀਜੀ ਫ਼ਸਲ ਨੂੰ ਬਿਜਾਈ ਦੇ 2-3 ਦਿਨਾਂ ਬਾਅਦ ਪਾਣੀ ਦਿਉ ਅਤੇ ਪਾਣੀ ਦਿੰਦੇ ਸਮੇਂ ਇਹ ਧਿਆਨ ਰੱਖੋ ਕਿ ਪਾਣੀ ਬੀਜ ਦੀ ਸਤਹਿ ਤੋਂ ਹੇਠਾਂ ਹੀ ਰਹੇ। ਦੋ ਕਿਲੋ ਬੀਜ ਹੀ ਇਕ ਏਕੜ ਲਈ ਕਾਫ਼ੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ, ਟੈਗ੍ਰਾਨ 6 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ, ਸੋਧ ਲਉੁ। ਬਿਜਾਈ ਸਮੇਂ 50 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਹਲਕੀਆਂ ਜ਼ਮੀਨਾਂ ਵਿਚ 50 ਕਿਲੋ ਯੂਰੀਆ ਪ੍ਰਤੀ ਏਕੜ ਦੋ ਕਿਸ਼ਤਾਂ ਵਿਚ ਇਕ ਬਿਜਾਈ ਵੇਲੇ ਤੇ ਦੂਸਰੀ ਇਕ ਮਹੀਨਾ ਬਾਅਦ ਪਾਓ। ਜੇਕਰ ਸੂਰਜਮੁਖੀ ਆਲੂਆਂ ਤੋਂ ਬਾਅਦ ਬੀਜਣਾ ਹੋਵੇ, ਜਿਨ੍ਹਾਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੋਵੇ, ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਜੇਕਰ ਮਿੱਟੀ ਪਰਖ਼ ਅਨੁਸਾਰ ਜ਼ਮੀਨ ਵਿਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ 40 ਕਿਲੋ ਮਿਊਰੇਟ ਆਫ ਪੋਟਾਸ਼ ਪਾਓ।

ਕਮਾਦ: ਇਸ ਮਹੀਨੇ ਦੇ ਅੱਧ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਦਿਉ। ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ ਓ ਪੀ ਬੀ-92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀਆਂ ਕਿਸਮਾਂ) ਸੀ ਓ ਪੀ ਬੀ-94, ਸੀ ਓ ਪੀ ਬੀ-93, ਸੀ ਓ ਪੀ ਬੀ-91, ਸੀ ਓ-238 ਅਤੇ ਸੀ ਓ ਜੇ 88 (ਦਰਮਿਆਨੀਆਂ, ਪਿਛੇਤੀ ਪੱਕਣ ਵਾਲੀਆਂ) ਕਿਸਮਾਂ ਵਰਤੋ। ਬੀਜ ਰੱਤਾ ਰੋਗ, ਸੋਕੜਾ, ਕਾਂਗਿਆਰੀ, ਮਧਰੇਪਣ ਅਤੇ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਵਰਤਣਾ ਚਾਹੀਦਾ ਹੈ। ਸਿਉਂਕ ਦੇ ਹਮਲੇ ਤੋਂ ਬਚਣ ਲਈ ਰੂੜੀ ਦੀ ਗਲੀ-ਸੜੀ ਖਾਦ ਵਰਤੋ। ਸਿਉਂਕ ਦੀ ਰੋਕਥਾਮ ਲਈ 45 ਮਿ.ਲਿ. ਈਮੀਡਾਕਲੋਪਰਿਡ 17.8 ਐਸ ਐਲ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫੁਆਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਪਾਣੀ ਲਾ ਦਿਓ। ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 10 ਕਿਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ (ਫਿਪਰੋਨਿਲ) ਦਾਣੇਦਾਰ ਨੂੰ 20 ਕਿਲੋ ਗਿੱਲੀ ਮਿੱਟੀ ਵਿਚ ਮਿਲਾ ਕੇ ਗੁੱਲੀਆਂ ਉਪਰ ਪਾ ਕੇ ਸੁਹਾਗੇ ਨਾਲ ਗੁੱਲੀਆਂ ਢਕ ਦਿਉ ਜਾਂ ਫਿਰ ਫ਼ਸਲ ਉੱਗਣ (ਤਕਰੀਬਨ ਗੁੱਲੀਆਂ ਲਾਉਣ ਤੋਂ 45 ਕੁ ਦਿਨਾਂ ਬਾਅਦ) ਤੇ 10 ਕਿਲੋ ਰੀਜੈਂਟ/ਮੌਰਟੈਲ/ਰਿਪਨ 0.3 ਜੀ ਨੂੰ 20 ਕਿਲੋ ਰੇਤ ਵਿਚ ਮਿਲਾ ਕੇ ਜਾਂ 150 ਮਿ.ਲਿ. ਕੋਰਾਜਨ 18.5 ਤਾਕਤ ਜਾਂ 2 ਲਿਟਰ ਡਰਮਟ/ਕਲਾਸਿਕ /ਡਰਸਬਾਨ/ ਮਾਰਕਪਾਈਰੀਫਾਸ 20 ਤਾਕਤ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫ਼ੁਹਾਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਜਿਹਾ ਪਾਣੀ ਲਾ ਦਿਉ। ਮੌਸਮੀ ਨਦੀਨਾਂ ਦੀ ਰੋਕਥਾਮ ਲਈ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਕਮਾਦ ਦੀ ਫ਼ਸਲ ਬੀਜਣ ਤੋਂ ਬਾਅਦ ਅਤੇ ਨਦੀਨ ਉਗਣ ਤੋਂ ਪਹਿਲਾਂ ਛਿੜਕੋ। ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪ੍ਰੈਸ ਮੱਡ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਦਿਉ। ਜੇਕਰ ਰੂੜੀ ਜਾਂ ਪ੍ਰੈਸ ਮੱਡ ਪਾਈ ਹੋਵੇ ਤਾਂ ਨਾਈਟਰੋਜਨ ਦੀ ਮਾਤਰਾ 60 ਕਿਲੋ ਪ੍ਰਤੀ ਏਕੜ ਤੋਂ ਘਟਾ ਕੇ 40 ਕਿਲੋ ਪ੍ਰਤੀ ਏਕੜ ਕਰ ਦਿਉ ਪਰੰਤੂ ਹਲਕੀਆਂ ਜ਼ਮੀਨਾਂ ਵਿਚ ਖਾਦ ਦੀ ਮਿਕਦਾਰ ਨਾ ਘਟਾਓ। ਫਾਸਫੋਰਸ ਤੱਤ ਮਿੱਟੀ ਪਰਖ ਅਨੁਸਾਰ ਵਰਤੋ । ਆਮ ਹਾਲਤਾਂ ਵਿਚ ਗੰਨੇ ਦੀ ਬਿਜਾਈ ਸਮੇਂ 65 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਇਸ ਤੋਂ ਇਲਾਵਾ ਬਿਜਾਈ ਸਮੇਂ 4 ਕਿਲੋ ਅਜੋਟੋਬੈਕਟਰ (ਜੀਵਾਣੂ ਖਾਦ) ਪ੍ਰਤੀ ਏਕੜ ਪਾਓ।

ਹਰੇ ਚਾਰੇ: ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਦੇਖਦੇ ਹੋਏ 15-20 ਦਿਨਾਂ ਦੇ ਫ਼ਰਕ ਤੇ ਬਰਸੀਮ ਅਤੇ ਲੂਸਣ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ। ਜੇਕਰ ਹਰਾ ਚਾਰਾ ਜ਼ਿਆਦਾ ਹੋਵੇ ਤਾਂ ਇਸ ਮਹੀਨੇ ਦੇ ਅਖ਼ੀਰ 'ਚ ਜਾਂ ਮਾਰਚ ਦੇ ਸ਼ੁਰੂ ਵਿਚ ਜਵੀਂ ਦੀ ਫ਼ਸਲ ਜਦੋਂ ਦੋਧੀ ਹੋਵੇ ਤਾਂ ਅਚਾਰ ਬਣਾ ਲਵੋ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।