ਗੁਰਦੁਆਰਿਆਂ, ਮਸੀਤਾਂ, ਮੰਦਰਾਂ ਚੋਂ ਹੁੰਦਿਆਂ ਮਾਝੇ ਤੋਂ ਅਯੁਧਿਆ ਤਕ ਦਾ ਸਫਰ

ਗੁਰਦੁਆਰਿਆਂ, ਮਸੀਤਾਂ, ਮੰਦਰਾਂ ਚੋਂ ਹੁੰਦਿਆਂ ਮਾਝੇ ਤੋਂ ਅਯੁਧਿਆ ਤਕ ਦਾ ਸਫਰ

ਚਰਨਜੀਤ ਸਿੰਘ

ਕੁਝ ਸਾਲ ਪਹਿਲਾਂ ਤੱਕ ਝੋਲਾ ਚੁੱਕ ਕੇ ਪਹਾੜਾਂ ਜਾਂ ਮਾਰੂਥਲਾਂ ‘ਚ ਚਲੇ ਜਾਣਾ ਬੜਾ “ ਅਡਵੈਚਰਸ ” ਲਗਦਾ ਸੀ, ਕੁਝ ਥਾਵਾਂ ਦੇ ਲੰਮੇ ਸਫਰਨਾਮੇ ਵੀ ਲਿਖੇ । ਪਰ ਹੁਣ ਪਤਾ ਨਹੀਂ ਬਹੁਤਾ ਕੁਝ ਵੇਖ ਲਿਆ ਜਾਂ ਸਾਰਾ ਕੁਛ ਇਕੋ ਜਿਹਾ ਲੱਗਣ ਲੱਗ ਗਿਆ, ਪਹਾੜਾਂ ਦਾ ਉਹ ਚਾਅ ਜਿਹਾ ਨਹੀਂ ਰਿਹਾ । ਕੋਈ ਏਦਾਂ ਵੀ ਸਮਝ ਸਕਦਾ ਕਿ ਵਿਆਹੇ ਗਏ ਤੇ ਕਿਸੇ ਨੂੰ ਇਹ ਵੀ ਕਿਹਾ ਜਾ ਸਕਦਾ ਕਿ ਗ੍ਰਹਿਸਥ ਤੋਂ ਵਣਪ੍ਰਸਤ ਆਸ਼ਰਮ ਵੱਲ ਨੂੰ ਤੁਰ ਪਏ …। 
ਅਸਟ੍ਰੇਲੀਅਨ ਵਾਲਾ ਕੁਲਦੀਪ ਸਹੁਰਿਆਂ ਦੀ ਸੇਵਾ ਤੋਂ ਵੇਹਲਾ ਹੋਇਆ ਤੇ ਕਹਿੰਦਾ ਕਿਸੇ ਪਾਸੇ ਚਲਦੇ ਆ ਘੁੰਮਣ ਫਿਰਨ। ਸਲਾਹਾ ਬਣਨ ਲੱਗੀਆਂ ਪਰ ਜਦੋਂ ਅੰਮ੍ਰਤਸਰੋਂ ਤੁਰੇ ਤਾਂ ਮੈਂ ਸਾਦਿਕ ਵਾਲੇ ਨਾਲ ਫੋਨ ‘ਤੇ ਹਮਸ਼ਵਰਾ ਹੋ ਕੇ ਕਿਹਾ ਕਿ ਅਯੁਧਿਆ ਚੱਲਦੇ ਆ । ਪਿਪਲ ਸਣੇ ਬਾਕੀ ਦੇ ਪੰਜੇ ਬੰਦੇ ਏਦਾਂ ਦੇ ਨੇ ਕਿ ਲੰਢਿਆ ਤੈਨੂੰ ਚੋਰ ਲੈ ਜਾਣ ਯਾਰਾਂ ਤਾਂ ਪੱਠੇ ਈ ਖਾਂਣੇ ਨੇ । ਸਾਦਿਕ ਵਾਲਾ ਮੋਗੇ ਉਡੀਕਦਾ ਸੀ , ਕਮਲ ਪਟਿਆਲੇ ਆ ਗਿਆ , ਗੰਗਵੀਰ ਰਾਜਪੁਰੇ ਤੋਂ ਚੁੱਕਣਾ ਸੀ । ਗੱਡੀ ਦੀ ਇਕ ਸੀਟ ਖਾਲੀ ਸੀ, ਨਰਾਤਿਆਂ ਦੇ ਦਿਨੀ ਰੁਲਦੀ ਗੰਢਿਆਂ ਦੀ ਬੋਰੀ ਵਾਂਗੂ ਕਾਮਰੇਡ ਕੰਵਰ ਹੋਸਟਲ ਪਿਆ ਸੀ, ਚੁੱਕ ਕੇ ਗੱਡੀ ‘ਚ ਰੱਖ ਲਿਆ । 
ਸਫਰ ਤੇ ਤੁਰਨ ਲੱਗਿਆ ਹਰ ਬੰਦੇ ਦਾ ਆਪਣਾ ਵਹਿਮ ਹੁੰਦੈ, ਪਰ ਮੇਰਾ ਮੰਨਣਾ ਕਿ ਮਨਹੂਸੀਅਤ ਦਾ ਜੇ ਕੋਈ ਦੇਵਤਾ ਹੈਗਾ ਤਾਂ ਰਾਜਪੁਰੇ ‘ਚ ਵੱਸਦਾ । ਜੇ ਬੰਦਾ ਇਸ ਮਨਹੂਸ ਦੇ ਦਰਸ਼ਨ ਕਰਕੇ ਤੁਰੇ ਤਾਂ ਕੋਈ ਬਲੱਛਣ ਬਕਾਇਆ ਨਹੀਂ ਰਹਿੰਦਾ , ਸਫਰ ਚੰਗਾ ਲੰਘਦਾ । ਪੁਆਧੀ ਮਾਨਸ ਦੇ ਜਜਬਾਤਾਂ ਦਾ ਸੌਦਾਗਰ ਮਨਜੀਤ ਸਿੰਘ ਰਾਜਪੁਰਾ ਉਰਫ ਚੰਗਿਆੜਾ ਰਾਜਪੁਰੇ ਦੇ ਗਗਨ ਚੌਕ ‘ਚ ਬੋਰੀਨੁਮਾ ਸੁਰਮਈ ਜੈਕੇਟ ਪਾ ਕੇ ਦਰਸ਼ਨ ਦੇਣ ਲਈ “ਸੁਵੰਯਮ ਸਾਖਸ਼ਾਤ” ਖੜਾ ਸੀ । ਚੰਗਿਆੜੇ ਦੇ 100 ‘ਚ ਪੱਲਿਉਂ 40 ਰੁਪਏ ਪਾ ਕੇ ਚਾਹ ਪੀਤੀ ਰੀਪੀਟ ਕਮੇਡੀ ਸੁਣੀ ਤੇ ਤੁਰ ਪਏ । 
ਅੰਬਾਲੇ ਤੋਂ ਜਗਾਧਰੀ ਹੋ ਕੇ ਜਮੁਨਾ ਪਾਰ ਕਰਕੇ ਹਿੰਦੋਸਤਾਨ ‘ਚ ਦਾਖਲ ਹੋਏ। ਹਿੰਦੋਸਤਾਨ ‘ਚ ਪਹਿਲਾ ਗੁਰਦਵਾਰਾ ਸਾਹਿਬ ਪੁਲ ਪਾਰ ਕਰਦਿਆਂ ਈ ਸੱਜੇ ਹੱਥ ਆ । ਤਰਨ ਤਾਰਨ ਜਿਲ੍ਹੇ ਦੇ ਪਿੰਡ ਸਰਹਾਲੀ ਤੋਂ ਨਹਿੰਗ ਮਿਸਲ ਦੇ ਸਿੰਘ ਨੇ ਸੜਕ ਕੰਢੇ ਨਿਸ਼ਾਨ ਸਾਹਿਬ ਲਾ ਕੇ ਜੰਗਲ ‘ਚ ਮੰਗਲ ਕੀਤਾ ਹੋਇਆ । ਪਿਛਲੀ ਵਾਰ ਰਿਸ਼ੀਕੇਸ਼ ਜਾਂਦਿਆਂ ਮਾਈ ਨਾਲ ਵਾਕਫੀਅਤ ਕੀਤੀ ਸੀ, ਸੋ ਇਸ ਵਾਰ ਬਰਫੀ ਤੇ ਗੁੜ ਦੇ ਗੁਣਿਆਂ ਨਾਲ ਸਵਾਗਤ ਹੋਇਆ । ਯੂਨੀਵਰਸਟੀ ਦੇ ਹੋਸਟਲ ‘ਚੋਂ ਖਾਧੇ ਫੈਮਲੀ ਪੀਜੇ ਜਿੱਡੇ ਪਰੌਠਿਆਂ ਨੂੰ ਜਮਨਾਂ ਪਾਰ ਕਰਵਾ ਕੇ ਅੱਗੇ ਚਾਲੇ ਪਾਏ । 
ਸਹਾਰਨਪੁਰ ਤੱਕ ਤਾਂ ਇਸ ਗੱਲ ‘ਤੇ ਸਹਿਮਤੀ ਨਹੀਂ ਬਣੀ ਕਿ ਵਾਕਿਆ ਹੀ ਅਯੁਧਿਆ ਜਾਣਾ ਕਿਉਂ ਕਿ ਵੱਡਾ ਸਵਾਲ ਸੀ ਕਿ ਅਯੁਧਿਆ ‘ਚ ਹੈ ਕੀ ? ਜੁਆਬ ਸੀ : ਰਾਮ ਲੱਲਾ । ਖੈਰ ਬਰੇਲੀ ਦੇ ਰਾਹੇ ਪੈ ਕੇ ਇਹ ਤਾਂ ਜਾਹਰ ਹੋ ਗਿਆ ਕਿ ਹੁਣ ਅਯੁਧਿਆ ਜਾਈਏ ਭਾਵੇ ਬਨਾਰਸ ਪਰ ਉਤਰਾਖੰਡ ਨਹੀਂ ਸਗੋਂ ਉਤਰ ਪ੍ਰਦੇਸ਼ ‘ਚ ਹੀ ਮੰਜਿਲਾਂ ਮਾਰਾਂਗੇ । ਪਟਿਆਲਿਉਂ ਤੁਰ ਕੇ ਲੌਢਾ ਵੇਲਾ ਹੋ ਗਿਆ ਪਰ ਸੜਕ ਤੋਂ ਸਿਵਾਏ ਕੋਈ ਨਜਾਰਾ ਵੇਖਿਆ ਨਹੀਂ ਸੀ । ਸਹਾਰਨਪੁਰ ਤੋਂ ਮੁਰਾਦਾਬਾਦ ਜਾਂਦਿਆਂ ਸੜਕ ਤੇ ਦੇਉਬੰਦ ਕਸਬੇ ਦੇ ਤਖਤੇ ਵੇਖ ਕੇ ਹਿੰਦੋਸਤਾਨੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਮਦਰੱਸੇ ਦਾਰੂਲ-ਉਲੂਮ ‘ਚ ਰੁਕਣ ਦਾ ਖਿਆਲ ਆਇਆ । ਇਹ ਮਦਰੱਸਾ 1857 ‘ਚ ਅੰਗਰੇਜਾਂ ਦੀ ਮੁਖਾਲਫਤ ਵਿਚੋਂ ਪੈਦਾ ਹੋਇਆ ਦੱਸਿਆ ਜਾਂਦਾ ਪਰ ਬਰੇਲਵੀਆਂ ਤੇ ਦਿਉਬੰਦੀਆਂ ਬਾਰੇ ਇਹ ਵੀ ਸੁਣਿਆਂ ਕਿ ਅੰਗਰੇਜ ਹੀ ਚਾਹੁੰਦੇ ਸਨ ਕਿ ਇਸਲਾਮ ਦੀ ਸਿਖਿਆ ਨੂੰ ਸਿਸਟਮ ‘ਚ ਲਿਆਂਦਾ ਜਾਵੇ, ਸੋ ਮਦਰੱਸੇ ਕਾਇਮ ਕਰਵਾਏ ।


ਮੋਮਨ ਨਾਲ ਦਾਰੂਲ-ਉਲਮ ਦੇਊਬੰਧ

ਖੈਰ, ਦਾਰੂਲ-ਉਲੂਮ ਦਾ ਮੋੜ ਮੁੜਦਿਆਂ ਟੋਪੀਆਂ ਵਾਲੇ ਮੁਸਲਮਾਨ ਨਿਆਣੇ ਤਰੰਗੇ (ਭਾਰਤੀ) ਝੰਡੇ ਐਦਾਂ ਚੁੱਕੀ ਫਿਰਦੇ ਸਨ ਜਿਵੇਂ ਬਠਿੰਡੇ ਵਾਲਾ ਜੱਗਾ 2017 ‘ਚ ਆਮ ਆਦਮੀ ਪਾਲਟੀ ਦੀਆਂ ਬਹੁਕਰਾਂ ਫਸਾਈ ਫਿਰਦਾ ਸੀ । ਕਿੱਡਾ ਜਾਹਲੀ ਮਹੌਲ ਸੀ । ਅਸਲ ‘ਚ NRC ਤੇ CAA ਖਿਲਾਫ ਮੁਜਾਹਰਾ ਹੋ ਕੇ ਹਟਿਆ ਸੀ, ਜਿਸ ਵਿਚ ਖੌਫਯਦਾ ਮੁਸਲਮਾਨ ਆਪਣੇ ਆਪ ਨੂੰ ਵੱਡੇ ਭਾਰਤੀ ਸਾਬਤ ਕਰਨ ਲਈ ਤਰੰਗੇ ਚੁੱਕੀ ਫਿਰ ਰਹੇ ਸਨ । ਬੁਰਕੇ ਵਾਲੀ ਇਕ ਸੋਹਣੀ ਕੁੜੀ ਦੇ ਮੱਥੇ ਤੇ ਲੱਗਾ ਤਰੰਗਾ ਸਭ ਤੋਂ ਕਰੂਪ ਲੱਗਿਆ । ਉਝ ਮੁਸਲਮਾਨ ਕੁੜੀਆਂ ਦੇ ਸਦਕੇ ਜਾਈਏ ਜਿਨ੍ਹਾਂ ਅੱਖ ਚੁਕ ਕੇ ਨਹੀਂ ਵੇਖਿਆ ਕਿ ਕੌਣ ਕਾਠਮਾਡੂ ਬਰੈਡ ਦੀਆਂ ਜੈਕਟਾਂ ਪਾ ਕੇ ਤੁਰੇ ਫਿਰਦੇ ਨੇ । 
ਸਾਨੂੰ ਭੀੜ ‘ਚ ਗਵਾਚਿਆਂ ਵੇਖ ਇਕ ਮੋਮਨ ਆ ਮਿਲਿਆ ਤੇ ਪੁਛਿਆ ਕਿ ਕਿਥੇ ਜਾਣਾ ਜੇ । ਅਸੀਂ ਮਦਰੱਸਾ ਵੇਖਣ ਤੇ ਕਿਸੇ ਵੱਡੇ ਮੌਲਵੀ ਨੂੰ ਮਿਲਣ ਦੀ ਇਛਾ ਜਾਹਰ ਕੀਤੀ । ਉਹ ਸਾਡੇ ਅੱਗੇ ਅੱਗੇ ਤੁਰ ਪਿਆ । ਪਹਿਲਾਂ ਉਹਨੇ ਵੱਡੇ ਮੌਲਵੀ ਦੇ ਮੁੰਡੇ ਦੀ ਚੁਬਾਰੇ ਵਾਲੀ ਬੈਠਕ ਤੇ ਜਾ ਚਾੜ੍ਹਿਆ । ਮੌਲਾਣਾ ਲੋੜ ਤੋਂ ਵੱਧ ਸਹਿਮਿਆ ਹੋਇਆ ਸੀ, ਵਤਨਪ੍ਰਸਤੀ ਦੀਆਂ ਘੋੜੀਆਂ ਗਾਈ ਗਿਆ ਜਿਵੇਂ ਅਸੀਂ ਕੌਮੀਅਤ ਦਾ ਸਰਟੀਫਿਕੇਟ ਵੇਖਣ ਆਏ ਹੋਈਏ। ਖੈਰ ਗੱਲਾਂ ਖੁਲੀਆਂ ਤਾਂ ਉਹਨੇ ਆਪਣਾ ਇਸ਼ਫਾਕ ਜਾਹਰ ਕੀਤਾ ਕਿ ਇਸ ਹਿੰਦੂਤਵੀ ਦਬਾਅ ‘ਚ ਕਮਜੋਰ ਮੁਸਲਮਾਨ ਦੀਨ ਬਦਲ ਲੈਣਗੇ । ਅਸੀਂ ਸੁਆਲ ਪਾਇਆ ਕਿ ਮੌਲਾਨਾ ਜੀ, “ ਜੇ ਮੁਸਲਮਾਨ ਨੂੰ ਦੀਨ ਤੇ ਵਤਨ ‘ਚੋਂ ਇਕ ਚੁਣਨਾ ਪਿਆ ਤਾਂ ਉਹ ਕੀ ਚੁਣੂ ?” ਉਹਨੇ ਸਾਨੂੰ ਖਾਲਿਸਤਾਨ ਬਣਾਉਂਣ ਦੀ ਸਲਾਹ ਦੇ ਕੇ ਜੁਆਬ ਦੀ ਗੇਦ ਬਣਾ ਲਈ । ਏਨੇ ਨੂੰ ਮੌਲਵੀ ਦਾ ਮੁੰਡਾ ਫਰਿੱਜ ‘ਚ ਰੱਖੀਆਂ ਮਦੀਨੇ ਦੀਆਂ ਖਜੂਰਾਂ ਦੀ ਪਲੇਟ ਭਰ ਲਿਆਇਆ । ਪਹਿਲੀ ਖਾ ਕੇ ਜਦੋਂ ਮੌਲਾਨਾ ਗਿੱਟਕ ਦਾ ਫੁੜਾਕਾ ਮਾਰਨ ਵਾਲਾ ਸੀ ਤਾਂ ਮੈਂ ਬੜੇ ਅਹਿਤਰਾਮ ਨਾਲ ਗਿੱਟਕ ਮੂੰਹ ਚੋਂ ਕੱਢ ਕੇ ਤਲੀ ਤੇ ਰੱਖ ਲਈ ਤੇ ਕਿਹਾ, “ਮੌਲਵੀ ਜੀ, ਮਦੀਨੇ ਦੀਆਂ ਗਿੱਟਕਾਂ ਵੀ ਸਾਡੇ ਲਈ ਪਾਕਿ ਨੇ, ਸਾਡੇ ਧੰਨਭਾਗ ਜੋ ਮਦੀਨੇ ਦੀ ਖਜੂਰ ਨਸੀਬ ਹੋਈ ” ਤਾਂ ਮੌਲਵੀ ਨੂੰ ਵੀ ਗਿੱਟਕ ਮੂੰਹ ‘ਚੋਂ ਕੱਢ ਕੇ ਹੱਥ ‘ਚ ਸਾਂਭਣੀ ਪਈ । ਪਲੇਟ ਖਾਲੀ ਹੋ ਗਈ ਪਰ ਗਿੱਟਕ ਦਾ ਫੁੜਕੜਾ ਕਿਸੇ ਨਾ ਮਾਰਿਆ । ਮਦੀਨੇ ਦੀਆਂ ਗਿਟਕਾਂ ਦੀ ਲੱਜਤ ਈ ਹੋਰ ਸੀ । ਮੈਂ ਮੌਲਵੀ ਨਾਲ ਗੱਲਾਂ ਤਾਂ ਹੋਰ ਵੀ ਕਰਨੀਆਂ ਸਨ , ਪਰ ਪਹਿਲੀਆਂ ਕੀਤੀਆਂ ਹੀ ਬਹੁਤ ਮਹਿੰਗੀਆਂ ਪਈਆਂ , ਮੇਰੇ ਨਾਲਦੇ ਚਵਲ ਤਿੰਨ ਤਿੰਨ ਖਾ ਗਏ, ਮੈਨੂੰ ਤੇ ਮੋਮਨ ਨੂੰ ਇਕ ਇਕ ਖਜੂਰ ਨਸੀਬ ਹੋਈ । 
ਮੌਲਵੀ ਤੋਂ ਵਿਹਲੇ ਹੋ ਕੇ ਮੋਮਨ ਨੇ ਮਦਰੱਸਾ ਘੁਮਾਇਆ, ਜਿਥੇ 5000 ਬਾਲ ਅਰਬੀ ਜੁਬਾਨ ਦੀਆਂ ਬਰੀਕੀਆਂ ਤੋਂ ਲੈ ਕੇ ਮੌਲਵੀ ਤੇ ਉਲਮਾ ਬਣਨ ਦੀ ਸਾਰੀ ਸਿਖਿਆ ਲੈਂਦਾ ਹੈ । ਫਤਵਾ ਦੇਣ ਦਾ ਹੱਕ ਲੈਣ ਲਈ ਅੱਡ ਕੋਰਸ ਹੈ । ਦੁਬਈ ਦੇ ਕਿਸੇ ਦਾਨੀ ਦੀ ਮਦਦ ਨਾਲ ਨਵੀਂ ਬਣੀ ਇਮਾਰਤ ਦੇ ਹਾਲ ‘ਚ 2000 ਤਾਲਿਬੇ ਇਲਮ ਕੱਠੇ ਕੁਰਾਨ ਦੀ ਤਲਾਵਤ ਕਰ ਸਕਦੇ ਨੇ । ਵੱਡੀ ਲਾਇਬਰੇਰੀ ਦਾ ਕੰਮ ਸਰਕਾਰ ਨੇ ਇਹ ਕਹਿ ਕੇ ਰੋਕਿਆ ਹੋਇਆ ਕਿ ਨਕਸ਼ਾ ਨਹੀਂ ਪਾਸ ਕਰਵਾਇਆ । ਬਿਲਡਿੰਗ ਨੂੰ ਅਖਲੇਸ਼ ਯਾਦਵ ਦੀ ਸਰਕਾਰ ਦੀ ਉਡੀਕ ਹੈ। ਮਦਰੱਸੇ ਦੇ ਬਾਵਰਚੀਖਾਨੇ ਦਾ ਨਜ਼ਾਰਾ ਬਹੁਤ ਕਮਾਲ ਸੀ । ਆਟਾ ਪੀਹਣ ਤੋਂ ਲੈ ਕੇ ਮਸਾਲੇ ਕੁੱਟਣ ਤੱਕ ਲਈ ਸਾਰੀ ਮਸ਼ੀਨਰੀ ਅੰਦਰ ਈ ਸੀ । ਡੰਗਰ ਚਾਰਦੇ ਦਿਲ ਦੇ ਸਾਰੇ ਜਜਬਾਤ ਮੀਣੀ ਮੱਝ ਨਾਲ ਸਾਂਝੇ ਕਰਨ ਵਾਲਿਆਂ ਨੂੰ ਮੋਮਨ ਹਲਾਲਗਾਹ ‘ਚ ਲੈ ਗਿਆ । ਉਦਾਂ ਭਾਵੇਂ ਕਈ ਸਿੰਘ ਕਹਿੰਦੇ ਬਾਹਮਣਵਾਦ ਤੋਂ ਬਚਣ ਲਈ ਸਿੱਖਾਂ ਨੂੰ ਗਊ ਛਕਣੀ ਚਾਹੀਦੀ ਪਰ ਬਿਨ੍ਹਾਂ ਧੜ੍ਹ ਤੋਂ ਮੱਝ ਦਾ ਖੁਲੀਆਂ ਅੱਖਾਂ ਵਾਲਾ ਸਿਰ ਵੇਖ ਕੇ ਤਾਂ ਇਕ ਵੇਰਾਂ ਭੁੱਖ ਮਰ ਜਾਂਦੀ । ਗੰਗਵੀਰ ਜਿੱਡੇ-ਜਿਡੇ ਪੀਸ ਵੇਖ ਕੇ ਮੋਮਨ ਦੀ ਰੋਟੀ ਦੀ ਮਾਰੀ ਸੁਲ੍ਹਾ ਵੀ ਮਹਿਮਾਨ-ਨਵਾਜੀ ਦੀ ਥਾਂ ਫਾਰਮੈਲਟੀ ਲੱਗਣ ਲਗ ਗਈ । ਬੰਦਾ ਪੁਛੇ ਐਨਾ ਲਹੂ , ਮਿਝ, ਤੇ ਅੰਦਰੋਂ ਕੱਢਿਆ ਗੋਹਾ ਵੇਖ ਕੇ ਬੁਰਕੀ ਲੰਘਦੀ ਕਿੱਥੇ ਅੰਦਰ । ਖੈਰ ਗੋਡੇ ਕੋਲੋਂ ਵਢਿਆ ਪਿਆ “ਮਹਿ ਦਾ ਖੁਰ” ਵੇਖ ਕੇ ਦੂਰ ਬੈਠੇ ਚੰਗਿਆੜੇ ਦਾ ਗੰਜਾ ਸਿਰ ਯਾਦ ਆ ਗਿਆ ।
ਮਹਿਮਾਨ ਨਵਾਜੀ ‘ਚ ਮੋਮਨ ਨੇ ਕੋਈ ਕਸਰ ਨਹੀਂ ਛੱਡੀ। ਬਹੁਤ ਵੱਡਾ ਮਦਰੱਸਾ ਬਿਨ੍ਹਾਂ ਕਿਸੇ ਪੁਛਗਿਛ ਦੇ ਬੜੇ ਚਾਅ ਨਾਲ ਕੁੰਡੇ ਜਿੰਦੇ ਖੋਲ ਖੋਲ ਘੁਮਾਇਆ । ਹਰ ਗੱਲ ਦਾ ਜੁਆਬ ਦਿੱਤਾ । ਜਿਨੇ ਤਾਲਿਬੇ ਇਲਮ ਮਿਲੇ ਸਭ ਨੇ ਮੋਹ ਵੰਡਿਆ । ਚੌਕੀਦਾਰ ਨੇ ਨੌਕਰੀ ਖਤਰੇ ‘ਚ ਪਾ ਵੱਡਾ ਦਰਵਾਜਾ ਖੋਲਿਆ । ਇਕ ਹੋਰ ਕਮਾਲ ਸੀ ਕਿ 1880 ਤੋਂ ਪਹਿਲਾਂ ਦੀਆਂ ਬਣੀਆਂ ਇਮਾਰਤਾਂ ਜਿਉਂ ਦੀਆਂ ਤਿਉਂ ਖੜੀਆਂ ਸੀ । 
ਦੇਊਬੰਧ ਤੋਂ ਨਿਕਲ ਕੇ ਲਖਨਊ ਤਾਂ ਕੀ ਮੁਰਾਦਾਬਦ ਪਹੁੰਚਣਾ ਵੀ ਔਖਾ ਸੀ । ਗੰਗਾ ਪਾਰ ਕਰਨ ਤੋਂ ਪਹਿਲਾਂ ਈ ਘੁਸਮੁਸਾ ਹੋ ਗਿਆ । ਬਜਨੌਰ ਪਹੁੰਚੇ ਤਾਂ ਹਨੇਰਾ ਗਾੜਾ ਸੀ । ਗੰਗਵੀਰ ਕਹਿ ਰਿਹਾ ਸੀ ਕਿ ਗੰਗਾ ਪਾਰ ਕਰਕੇ ਰਮਈਏ ਸਿੱਖਾਂ ਦਾ ਇਲਾਕਾ ਸ਼ੁਰੂ ਹੋ ਜਾਂਦਾ ਪਰ ਵੱਡੇ ਵੱਡੇ ਇਤਿਹਾਸਕਾਰਾਂ, ਵਿਦਵਾਨਾਂ ਤੇ ਫਿਲਾਸਫਰਾਂ ਦੇ ਕਾਫਲੇ ‘ਚ ਧੂਤੇ ਦੀ ਕੌਣ ਗੌਲਦਾ ?
ਗੂਗਲ ਦੇ ਨਕਸ਼ੇ ‘ਤੇ ਨੇੜੇ ਤੇੜੇ ਗੁਰਦਵਾਰਾ ਸਾਹਿਬ ਲੱਭਣ ਦੀ ਕੋਸ਼ਿਸ ਨੂੰ ਬੂਰ ਪਿਆ ਤੇ ਬਜਨੌਰ ਲੰਘ ਕੇ ਵੱਡੀ ਸੜਕ ਤੋਂ 2 ਕੁ ਕਿਲੋਮੀਟਰ ਲਹਿ ਕੇ ਗੁਰਦਵਾਰਾ ਸਾਹਿਬ ਦਾ ਨਿਸਾਨ ਮਿਲਿਆ । ਕਿਉਂ ਕਿ ਉਥੇ ਸਿੱਖਾਂ ਦੀ ਵੱਸੋਂ ਦਾ ਕਿਆਸ ਨਹੀਂ ਸੀ ਸੋ ਇਹ ਆਸ ਨਹੀਂ ਸੀ ਕਿ ਉਥੇ ਰਾਤ ਨੂੰ ਕੋਈ ਸਿੱਖ ਦਰਵਾਜਾ ਖੋਲਣ ਵਾਲਾ ਵੀ ਮਿਲੇਗਾ । ਰਾਤ ਕੱਟਣ ਦਾ ਸੋਚਣਾ ਤਾਂ ਬੇ-ਮਾਅਨਾ ਸੀ।
ਇਥੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਪਤ ਗੁਰਦਵਾਰਾ ਗੁਰੂ ਨਾਨਕ ਬਾਗ ਹੈ । ਨਿੱਕੇ ਜਿਹੇ ਕਸਬੇ ਹਲਦੌਰ ਵਿੱਚ ਸਿੱਖਾਂ ਦੇ 50 ਕੁ ਘਰ ਨੇ । ਜਦੋਂ ਅਸੀਂ ਗੁਰਦਵਾਰੇ ਦੇ ਬਾਹਰ ਪਹੁੰਚੇ ਤਾਂ ਵੇਖਿਆ ਕਿ ਗੁਰਦਵਾਰੇ ਦੇ ਵੱਡੇ ਹਿੱਸੇ ‘ਚ ਸ਼ਿਵ ਮੰਦਰ ਵਾਲਿਆਂ ਮੱਲ ਮਾਰ ਲਈ ਹੈ । ਇਕ ਨਿਕੀ ਜਿਹੀ ਕਰੀਬ 4 ਫੁੱਟ ਦੀ ਗਲੀ ਮੰਦਰ ਦੇ ਪਿਛੇ ਵਿਹੜੇ ਵੱਲ ਜਾਂਦੀ ਹੈ । ਆਪਣੀ ਇਤਿਹਾਸਕ ਥਾਂ ਦਾ ਦਾਹਵਾ ਛੱਡ ਕੇ ਸਿੱਖਾਂ ਨੇ ਪਿਛਲੇ ਪਾਸੇ ਕੁਝ ਜਮੀਨ ਖਰੀਦ ਕੇ ਪਿਛਲੀ ਗਲੀ ਨੂੰ ਰਾਹ ਕੱਢ ਕੇ ਅਲੀਸ਼ਾਨ ਗੁਰਦਵਾਰਾ ਸਾਹਿਬ ਬਣਾਇਆ ਹੋਇਆ ਹੈ । ਇਤਿਹਾਸਕ ਖੂਹ, ਜਿਸ ਕੰਢੇ ਪਾਤਸ਼ਾਹ ਨੇ ਟਿਕਾਣਾ ਕੀਤਾ ਸੀ ਮੰਦਰ ਦੀ ਜੂਹ ‘ਚ ਰਹਿ ਗਿਆ ਹੈ । 


ਗੁਰੂ ਨਾਨਕ ਬਾਗ ਦੀ ਸੰਗਤ ਨਾਲ

ਇਤਿਹਾਸ ਅਨੁਸਾਰ ਜਦੋਂ ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੰਨ 1526 ‘ਚ ਹਰਿਦਵਾਰ ਤੋਂ ਪੰਡਿਆਂ ਨੂੰ ਸੂਰਜ ਪੂਜਾ ਤੋਂ ਵਰਜ ਕੇ ਤੁਰੇ ਤਾਂ ਕੋਟਦੁਆਰ ਤੇ ਨਜੀਬਾਬਾਦ ਹੁੰਦੇ ਹੋਏ ਹਲਦੌਰ ਪਹੁੰਚੇ । ਇਸ ਰਿਆਸਤ ‘ਚ ਰਾਜਾ ਕਮਲ ਨੈਨ ਰਾਜ ਕਰਦਾ ਸੀ । ਗੁਰਦਵਾਰਾ ਸਾਹਿਬ ਵਾਲੀ ਥਾਂ ਤੇ ਰਾਜੇ ਦਾ ਬਾਗ ਸੀ ਜਿਸਦਾ ਕੁਝ ਹਿਸਾ ਨੇੜੇ ਅਜੇ ਵੀ ਕਾਇਮ ਹੈ । ਗੁਰੂ ਸਾਹਿਬ ਬਾਗ ਵਿਚਲੇ ਖੂਹ ਕੋਲ ਬਾਗ ਦੇ ਮਾਲੀ ਧਰਮਦਾਸ ਕੋਲ ਠਹਿਰੇ । ਸਾਖੀ ਮੁਤਾਬਕ ਧਰਮਦਾਸ ਨੇ ਰਾਜੇ ਨੂੰ ਜਾ ਦੱਸਿਆ ਕਿ ਕੋਈ ਰੱਬ ਵਰਗਾ ਬਾਬਾ ਤੁਹਾਡੇ ਬਾਗ ‘ਚ ਉਤਰਿਆ ਏ । ਰਾਜੇ ਨੇ ਦਰਸ਼ਨ ਕੀਤੇ ਤੇ ਵਰ ਪ੍ਰਾਪਤ ਕੀਤੇ । ਪਿਛੋਂ ਰਾਜੇ ਨੇ ਮਾਹਰਾਜ ਦੀ ਯਾਦ ‘ਚ ਧਰਮਸ਼ਾਲਾ ਬਣਾਈ ਜਿਥੇ ਪਿਛੋਂ ਤਕੜਿਆਂ ਨੇ ਸ਼ਿਵ ਮੰਦਰ ਪਰਗਟ ਕਰ ਲਿਆ । 
ਖੈਰ, ਰਹਿਰਾਸ ਸਾਹਿਬ ਦੀ ਸਮਾਪਤੀ ਪਿਛੋਂ ਸੁਖਆਸਣ ਹੋ ਚੁੱਕਾ ਸੀ । 30-35 ਜੀਅ ਲੰਗਰ ਛਕ ਰਹੇ ਸਨ, ਕੁਝ ਬਾਲ ਖੇਡ ਰਹੇ ਸਨ। ਬੀਬੀਆਂ ਦਾ ਇਕ ਜਥਾ ਘਰਾਂ ਨੂੰ ਮੁੜਦਾ ਸਾਨੂੰ ਗਲੀ ਵਿਚ ਫਤਿਹ ਗਜਾ ਮਿਲਿਆ । ਸਾਨੂੰ ਵੇਖ ਕੇ ਹਰ ਜੀਅ ਨੂੰ ਚਾਅ ਚੜ੍ਹ ਗਿਆ । ਗੰਗਵੀਰ ਦਾ ਕਿਆਫਾ ਸੱਚਾ ਨਿਕਲਿਆ, ਇਹ ਰਮਈਏ ਸਿੱਖ ਹਨ । ਇਨ੍ਹਾਂ ਦਾ ਬਾਰਸਤਾ ਸਿੱਖੀ ਪੰਜਾਬ ਨਾਲ ਸਬੰਧ ਏ, ਉਦਾਂ ਇਹ ਇਸ ਖਿਤੇ ਦੇ ਮੂਲ ਵਾਸੀ ਨੇ । ਹਲਦੌਰ ‘ਚ 50 ਕੁ ਪਰਿਵਾਰ ਸਿੱਖਾਂ ਦੇ ਨੇ , ਨੇੜੇ ਤੇੜੇ ਦੇ 40 ਪਿੰਡਾਂ ‘ਚ ਸਿੱਖਾਂ ਦੀ ਵਾਹਵਾ ਅਬਾਦੀ ਹੈ । ਸ਼ਹਿਰ ਦੀ ਕਮੇਟੀ ਦੇ ਦੋ ਮੈਂਬਰ ਸਿੱਖ ਨੇ । ਇਹ ਸਾਰੇ ਨਿੱਕੇ ਮੋਟੇ ਵਪਾਰ ਕਰਦੇ ਨੇ । ਰਮਈਆ ਵਪਾਰੀ ਦਾ ਹੀ ਸਮਾਨ-ਅਰਥੀ ਹੈ । ਗੁਰਦਾਵਰੇ ਦੇ ਵਿਹੜੇ ਵਿਚ ਜਦੋਂ ਅਸੀਂ ਰਮਈਆ ਲਫਜ ਤੇ ਗਹਿਰ ਗੰਭੀਰ ਚਿੰਤਨ ਕਰ ਰਹੇ ਸਾਂ ਤਾਂ ਇਕ ਭੋਲਾ ਰਮਈਆ ਸਿੱਖ ਕਹਿੰਦਾ ਕਿ ਇਹ ਉਹ ਸਿੱਖ ਨੇ ਜੋ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਏ ਤੇ ਇਥੇ ਟਿਕ ਗਏ ਭਾਵ ਰਮ ਗਏ ਭਾਵ ਕਿ ਲੁਕ ਛਿਪ ਗਏ। ਪਰ ਗੰਗਵੀਰ ਨੇ ਉਸ ਨੂੰ ਗਲਤ ਸਾਬਤ ਕੀਤਾ ਤੇ ਰਮਈਏ ਦਾ ਅਰਥ ਤੁਰ ਫਿਰ ਕੇ ਵਪਾਰ ਕਰਨ ਵਾਲਾ ਤਹਿ ਕੀਤਾ । 
ਜਿਨ੍ਹੇ ਵੀ ਬੱਚੇ, ਜਵਾਨ ਤੇ ਬਜੁਰਗ ਗੁਰਦਵਾਰਾ ਸਾਹਿਬ ਦੇ ਵਿਹੜੇ ‘ਚ ਸਨ ਉਹ ਸਾਰੇ ਸਾਬਤ ਸੂਰਤ ਸਨ ਤੇ ਸਾਡੇ ਛੇ ਜਣਿਆ ਚੋਂ ਇਕ ਵੀ ਪੂਰਾ ਨਹੀਂ ਸੀ । ਜਦੋਂ ਬੀਬੀਆਂ ਸਾਡੇ ਲਈ ਖਾਸ ਦਾਲ ਸਬਜੀ ਦੇ ਆਹਰ ਵਿਚ ਲਗ ਗਈਆਂ ਤਾਂ ਸਾਨੂੰ ਇਕ ਸਿੰਘ ਨੇ ਹੱਥ ਬੰਨ ਬੇਨਤੀ ਕੀਤੀ ਕਿ “ਜੇ ਇਥੇ ਕੋਈ ਬਾਬਾ ਤੁਹਾਡੇ ਸਰੂਪ ਬਾਰੇ ਕੁਝ ਮਾੜਾ ਚੰਗਾ ਬੋਲੇ ਤਾਂ ਬੁਰਾ ਨਾ ਮਨਾਇਉ” । ਅਸੀਂ ਤਾਂ ਪਹਿਲਾਂ ਈ ਸ਼ਰਮਸ਼ਾਰ ਸਾ ਉਨ੍ਹੇ ਕਹਿ ਕੇ ਸਾਡਾ ਝਾਕਾ ਲਾਹ ਦਿਤਾ । ਪ੍ਰਸ਼ਾਦਾ ਤਿਆਰ ਹੁੰਦਿਆ ਨੂੰ ਉਨ੍ਹਾਂ ਆਪਣੀ ਵੀ ਇਕ ਕਮਜੋਰੀ ਜਾਹਰ ਕਰ ਦਿੱਤੀ । ਉਹ ਸਾਡੇ ਨਾਲ ਤਾਂ ਪੰਜਾਬੀ ਬੋਲਦੇ ਸਨ ਪਰ ਆਪਸ ‘ਚ ਹਿੰਦੀ ਬੋਲਦੇ ਸਨ । ਉਝ ਹਰ ਭੁਝੰਗੀ ਤੇ ਬੀਬੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਹੋਈ ਹੈ ਤੇ ਗੁਰਮੁਖੀ ਜਾਣਦੇ ਨੇ । ਡੇਹਰਾਦੂਨ ਤੋਂ ਆ ਕੇ ਹਲਦੌਰ ਵੱਸਿਆ ਬਾਬਾ ਰਾਮਗੜ੍ਹੀਆ ਹਰ ਬਾਲ ਨੂੰ ਕਾਇਦੇ ਤੋਂ ਸ਼ੁਰੂ ਕਰ ਕੇ ਪੰਜ ਗ੍ਰੰਥੀ, ਦਸ ਗ੍ਰੰਥੀ, ਵਾਰਾਂ ਭਾਈ ਗੁਰਦਾਸ ਤੱਕ ਸੰਥਿਆ ਦਿੰਦਾ ਹੈ। ਇਉਂ ਅਸੀਂ ਵੀ ਕੋਈ ਸਿਆਣੀ ਗੱਲ ਕਰਨ ਲੱਗੇ ਮਾਫੀ ਮੰਗੀਏ ਕਿ ਸਾਡੀਆਂ ਦਾੜੀਆਂ ਕੱਟੀਆਂ ਹੋਈਆਂ ਤੇ ਉਹ ਵੀ ਕਹਿਣ ਜੀ ਮਾਫ ਕਰਿਉ ਅਸੀਂ ਜੂੜਾ ਤੇ ਸਾਂਭ ਲਿਆ ਪਰ ਊੜਾ ਰਹਿ ਗਿਆ । ਇਉਂ ਹਿਸਾਬ ਕਿਤਾਬ ਬਰਾਬਰ ਕਰਕੇ ਵਾਹਵਾ ਸਾਂਝ ਬਣ ਗਈ । ਇਕ ਸਿੰਘ ਸਾਨੂੰ ਰਾਜੇ ਦਾ ਕਿਲਾ ਦਿਖ਼ਾਉਂਣ ਲੈ ਗਿਆ । “ ਜੰਹਿ ਜੰਹਿ ਬਹੈ ਜਮੀਨ ਮਲ, ਤਹਿ ਤਹਿ ਤਖ਼ਤ ਬਣਾਏ” ਦੇ ਵਾਖਿਆਨ ਮੂਜਬ ਨਿਕੇ ਜਿਹੇ ਕਸਬੇ ‘ਚ ਸਿੱਖਾਂ ਦੀ ਆਪਣੀ ਸਲਤਨਤ ਹੈ, ਜਿਸ ਉਤੇ ਬੱਚੇ-ਬੱਚੇ ਨੂੰ ਮਾਣ ਹੈ । ਉਨ੍ਹਾਂ ਦੇ ਬਾਲ ਹੈਰਾਨ ਸਨ ਕਿ ਅਸੀਂ ਪੰਜਾਬ ‘ਚ ਰਹਿ ਕੇ ਮਾਣ ਕਿਉਂ ਨਹੀਂ ਕਰਦੇ ।
ਅਸੀਂ ਉਥੇ ਸਾਲਾਂ ਪਿਛੋਂ ਟਿਕੇ ਯਾਤਰੀ ਸਾਂ, ਸੋ ਪ੍ਰਸਾਦੇ ਪਾਣੀ ਦੀ ਸੇਵਾ ਤੋਂ ਲੈ ਕੇ ਕਿਸੇ ਪੱਖੋਂ ਕੋਈ ਕਮੀਂ ਨਾ ਰਹਿਣ ਦਿੱਤੀ । ਅਗਲੀ ਸਵੇਰ ਪੰਜ ਵਜੇ ਚਾਹ ਦਾ ਲੰਗਰ ਤਿਆਰ ਸੀ। ਸਾਨੂੰ ਇਸ਼ਨਾਨ ਕਰਾਉਂਣ ਲਈ ਬਜਿਦ ਮੁਕਾਮੀ ਸੰਗਤਾਂ ਨੇ ਪਾਣੀ ਤੱਤੇ ਕਰ ਕੇ ਦਿੱਤੇ ਪਰ ਕਈ ਅਭਾਗੀਆਂ ਰੂਹਾਂ ਫੇਰ ਵੀ “ਪੰਜ ਇਸ਼ਨਾਨਾਂ ਮਹਾਂ ਗਿਆਨਾਂ” ਦੇ ਵਾਕ ਪੁਰ ਚਲਦੇ ਸੁਕ-ਮਾਂਜ ਕਰ ਕੇ ਤੁਰ ਪਏ ।
ਅਗਲਾ ਪੜਾਅ , ਮੁਰਾਦਾਬਾਦ ਸੀ । ਜਿਥੇ ਧੰਨਾ ਸਿੰਘ ਯਾਤਰੀ ਦੇ ਦੱਸੇ ਮੂਜਬ ਰਾਮ ਗੰਗਾ ਦੇ ਕੰਢੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨਾਂ ਨੂੰ ਲੱਭਣਾ ਸੀ । ਮੁਸਲਮਾਨ ਬਹੁਗਿਣਤੀ ਲਾਲ ਬਾਗ ਇਲਾਕੇ ‘ਚ ਕਾਲੀ ਮੰਦਰ ਦੇ ਗੁਆਢ ‘ਚ ਗੰਗਾ ਵੱਲ ਨੂੰ ਗੁਰਦਵਾਰਾ ਸਾਹਿਬ ਹੈ । ਗ੍ਰੰਥੀ ਸਿੰਘ ਅੰਦਰ ਹੀ ਮਿਲ ਪਿਆ । ਇਥੇ ਨੇੜੇ ਤੇਰੇ ਸਿੱਖਾਂ ਦਾ ਇਕ ਵੀ ਘਰ ਨਹੀਂ । ਇਕ ਅਮੀਰ ਸਿੱਖ ਨੇ ਸੋਹਣੀ ਇਮਰਤ ਤੇ ਰਹਾਇਸ਼ ਬਣਾਈ ਤੇ ਇਕ ਸਧਾਰਨ ਸਿੱਖ ਦੇ ਘਰੋਂ ਰੋਜ ਬਿਨ੍ਹਾਂ ਨਾਗਾ ਦੇਗ ਤਿਆਰ ਹੋ ਕੇ ਆਉਂਦੀ ਹੈ । ਬਾਬਾ ਜੀ ਦੱਸਦੇ ਸੀ ਕਿ ਕਈ ਦਹਾਕਿਆਂ ਤੋਂ ਮੀਹ, ਹਨੇਰੀ, ਹੜ੍ਹ ‘ਚ ਵੀ ਦੇਗ ਪਹੁੰਚਦੀ ਹੈ। ਸਿੰਘ ਸਰੀਰ ਛੱਡ ਗਿਆ, ਹੁਣ ਉਸਦਾ ਪੁਤਰ ਆਉਂਦਾ ਹੈ। ਕਾਲੀ ਮੰਦਿਰ ਵਾਲਿਆਂ ਨੇ ਸ਼ਰਾਰਤ ਨਾਲ ਗੁਰਦਵਾਰਾ ਸਾਹਿਬ ਦੇ ਥੱਲੇ ਆਪਣੇ ਵੱਲੋਂ ਬੇਸਮੈਂਟ ਪੁੱਟ ਕੇ ਸਾਈਂ ਮੰਦਰ ਬਣਾ ਲਿਆ । ਜੇ ਰਾਜ ਸਲਾਮਤ ਰਿਹਾ ਤਾਂ ਮੰਦਰ ਉੱਤੇ ਵੱਲ ਨੂੰ ਪੁੰਗਰਨ ਲੱਗ ਜਾਊ । ਮਾਹਰਾਜ ਭਲੀ ਕਰੇ, ਪੰਜਾਬ ਤੋਂ ਬਾਹਰ ਸਿੱਖਾਂ ਅਸੀਮ ਚੜ੍ਹਦੀ ਕਲਾ ਸਾਂਭੀ ਬੈਠੇ ਹਨ । ਮੁਰਾਦਾਬਾਦ ‘ਚ ਤਿੰਨ ਹੋਰ ਗੁਰਦਾਵਾਰੇ ਨੇ , ਜਿਥੇ ਗਰੀਬਾਂ ਲਈ ਚੱਤੇ ਪਹਿਰ ਲੰਗਰ ਦਾ ਪ੍ਰਬੰਧ ਹੈ ।


ਮੁਰਾਦਾਬਾਦ ਵਿੱਚ ਰਾਮ ਗੰਗਾ ਕੰਢੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸਥਾਨਾਂ 'ਤੇ

ਅਸੀਂ ਸ਼ਾਮ ਤੱਕ ਅਯੁਧਿਆ ਪਹੁੰਚਣਾ ਚਾਹੁੰਦੇ ਸੀ ਸੋ ਬਰੇਲੀ ਦਾ ਝੁਮਕਿਆਂ ਵਾਲਾ ਬਜਾਰ ਬਾਈਪਾਸ ਕਰਕੇ ਲਖਨਊ ਪਹੁੰਚੇ ਤਾਂ ਘੁਸਮੁਸਾ ਹੋ ਗਿਆ ਸੀ । ਲਖਨਊ ‘ਚ ਸਾਡੀ ਪਹਿਲੀ ਖਿੱਚ ਗੁਰਦਾਵਾਰਾ ਅਹੀਆ ਗੰਜ ਸੀ, ਜਿਥੇ ਦੋ ਜਹਾਂ ਦੇ ਵਾਲੀ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਵੱਲੋਂ ਸਿੱਖਾਂ ਦੇ ਨਾਂ ਭੇਜੇ ਦੋ ਪਾਵਨ ਹੁਕਮਨਾਮਾ ਸਾਹਿਬ ਤੇ ਪੁਰਾਤਨ ਹੱਥ ਲਿਖਤ ਬੀੜ ਹੈ । ਪਟਨਾ ਸਾਹਿਬ ਤੋਂ ਮੁੜਦੇ ਦਸਮ ਪਾਤਸ਼ਾਹ ਬਾਲ ਅਵਸਥਾ ‘ਚ ਮਾਤਾ ਗੁਜਰੀ ਜੀ ਨਾਲ ਇਥੇ ਆਪਣੇ ਸੇਵਕਾਂ ਕੋਲ ਠਹਿਰ ਕੇ ਗਏ ਸਨ । ਮੁਸਲਮਾਨ ਬਹੁਗਿਣਤੀ ਤੇ ਭੀੜੇ ਇਲਾਕੇ ਦੀ ਇਕ ਗਲੀ ‘ਚ ਬਣਿਆ ਇਹ ਗੁਰਦਵਾਰਾ ਸਾਹਿਬ ਪੰਜਾਬੋਂ ਬਾਹਰ ਸਿੱਖਾਂ ਦੀ ਚੜ੍ਹਦੀ ਕਲਾ ਦਾ ਗਵਾਹ ਹੈ। ਜਦੋਂ ਅਸੀਂ ਪਹੁੰਚੇ ਤਾਂ ਬੀੜ ਤੇ ਹੁਕਮਨਾਮਿਆਂ ਦੇ ਦਰਸ਼ਨਾਂ ਵਾਲਾ ਕਵਾੜ ਬੰਦ ਹੋ ਚੁਕਿਆ ਸੀ । ਗ੍ਰੰਥੀ ਸਾਹਿਬ ਨੂੰ ਬੇਨਤਾ ਕੀਤਾ ਤਾਂ ਆਪ ਜੀ ਨੇ ਦਰਸ਼ਨ ਖੋਲ ਦਿੱਤੇ । ਬੀੜ ਰਾਗਮਾਲਾ ਤਕ ਸੰਪੂਰਨ ਹੈ ।


ਮਾਹਰਾਜ ਦਾ ਹੁਕਮਨਾਮਾ

ਗ੍ਰੰਥੀ ਸਿੰਘ ਦੇ ਦੱਸਣ ਮੁਤਾਬਕ ਗੁਰੂ ਸਾਹਿਬ ਕੇਸਰ ਨਾਲ ਆਪ ਲਿਖਤ ਦੀ ਸੁਧਾਈ ਕੀਤੀ ਹੈ । ਸਿਆਹੀ ਦਾ ਨੁਸਖਾ ਦਰਜ ਹੈ । ਸਿੰਘ ਨੇ ਹੁਕਮਨਾਮਿਆਂ ਦੇ ਨਾਲ ਨਾਲ ਇਤਿਹਾਸ ਦੇ ਵੱਖ ਵੱਖ ਦੌਰਾਂ ‘ਚ ਵਰਤੇ ਵਾਕਿਆਂ ਦੀ ਸਾਂਝ ਪਾਈ । ਗ੍ਰੰਥੀ ਸਿੰਘ ਸੱਤਰਵਿਆਂ ਵਿੱਚ ਕਸ਼ਮੀਰ ਤੋਂ ਲਖਨਊ ਆਏ ਸੀ । ਉਦੋਂ ਇਕ 8 ਬਾਈ 8 ਦਾ ਕਮਰਾ ਹੀ ਗੁਰਦਵਾਰਾ ਸੀ, ਜੋ ਅੱਜ ਕਰੀਬ ਇਕ ਕਨਾਲ ‘ਚ ਹੈ । ਸੰਨ 1984 ‘ਚ ਬਾਬਾ ਜੀ ਦੋ ਮਹੀਨੇ ਇਕੱਲੇ ਹੀ ਰੋਜ ਪ੍ਰਕਾਸ਼ ਕਰਦੇ ਬਾਣੀ ਪੜ੍ਹਦੇ ਤੇ ਸੁਖ ਆਸਣ ਕਰਦੇ । ਇੰਦਰਾ ਨੂੰ ਸੋਧਣ ਪਿਛੋਂ ਲਖਨਊ ਦੇ ਆਲੇ ਦੁਆਲੇ ਹਿੰਦੂ ਵੱਸੋਂ ਨੇ 15 ਦੇ ਕਰੀਬ ਸਿੱਖ ਮਾਰੇ ਜਿਨ੍ਹਾਂ ਵਿਚੋਂ 9 ਇਕ ਪਰਿਵਾਰ ਦੇ ਸਨ, ਸਣੇ ਜਨਾਨੀਆਂ ਤੇ ਨਿਆਣੇ । ਪਰਿਵਾਰ ਦਾ ਪਤਾ ਮਿਲ ਗਿਆ ਪਰ ਦਰਸ਼ਨ ਨਹੀਂ ਕਰ ਸਕੇ । ਗ੍ਰੰਥੀ ਸਿੰਘ ਆਦਰਸ਼ ਸਿੱਖ ਤੇ ਅਗਵਾਈ ਕਰਤਾ ਨਜ਼ਰ ਆਏ ਜੋ ਗੁਰਦਾਵਰਾ ਸਾਹਿਬ ਆਉਂਣ ਵਾਲੇ ਹਰ ਸਿੱਖ ਨੂੰ ਵਿਸ਼ੇਸ਼ ਤਵੱਜੋਂ ਨਾਲ ਮਿਲਦੇ ਤੇ ਦੁੱਖ ਸੁੱਖ ਸੁਣਦੇ ਨੇ । ਆਪਣੀ ਅਕਲ ਮੁਤਾਬਕ ਸਾਡੇ ਚੋਂ ਇਕ “ਪੰਥ-ਦਰਦੀ” ਨੇ ਹੁਕਮਨਾਮਿਆਂ ਤੇ ਬੀੜ ਸਾਹਿਬ ਵਾਲੇ ਕਮਰੇ ‘ਚ ਬਿਜਲੀ ਦੇ ਸਵਿਚਾਂ ਤੇ ਤਾਰਾਂ ਤੇ ਚਿੰਤਾਂ ਪ੍ਰਗਟਾਈ ਤਾਂ ਇਕ ਸ਼ਰਧਾਵਾਨ ਸਿੱਖ ਨੇ ਕਿਹਾ ਕਿ ਇਸ ਗੱਲ ਦੀ ਚਿੰਤਾ ਗੁਰੂ ਨੁੰ ਹੈ, “ਜੋ 300 ਸਾਲ ਤੋਂ ਅਸਾਂ ਤੋਂ ਨਹੀਂ ਵਿਛੜੇ ਹੁਣ ਵੀ ਕਿਤੇ ਨਹੀਂ ਜਾਣਗੇ” । ਅਸਾਂ ਨੇ ਯਕੀਨ ਨੂੰ ਸਿਜਦਾ ਕੀਤਾ ਪਰ ਕਾਮਰੇਡ, ਪਿਪਲ ਤੇ ਸਾਦਿਕ ਵਾਲਾ ਹੱਸੇ, ਬਾਬੇ ਨੇ ਵਾਜ ਮਾਰ ਕੇ ਖੱਚ ਕੀਤੇ । ਗੁਰਦਵਾਰਾ ਸਾਹਿਬ ਨੂੰ ਜਾਂਦੇ ਸਾਰੇ ਬਜਾਰ ‘ਚ ਮੁਸਲਮਾਨ ਹੋਣ ਦੇ ਬਾਵਯੂਦ ਕਿਤੇ ਤਰੰਗਾ ਨਹੀਂ ਸੀ। ਇਥੇ ਮੁਸਲਮਾਨ ਬਹੁਗਿਣਤੀ ਇਲਾਕਿਆਂ ‘ਚ ਸਿੱਖਾਂ ਤੇ ਹਿੰਦੂਆਂ ਨਾਲ ਗੱਲ ਕਰਕੇ ਨਾ ਤਾਂ ਮੁਸਲਮਾਨ ਏਨੇ ਪੀੜ੍ਹਤ ਲੱਗੇ ਤੇ ਨਾਂ ਯੋਗੀ ਇਨ੍ਹਾਂ ਡਰਾਉਂਣਾ ।


ਪੁਰਾਤਨ ਹੱਥ ਲਿਖਤ ਬੀੜ ਦੇ ਦਰਸ਼ਨ , ਅਹੀਆ ਗੰਜ ਲਖਨਊ

ਅਸੀਂ ਰਾਤੋ ਰਾਤ ਇਮਮਵਾੜਾ ਤੇ ਹਜਰਤਗੰਜ ਵੇਖ ਕੇ ਅਯੁਧਿਆ ਨੂੰ ਤੁਰਨਾ ਚਾਹੁੰਦੇ ਸੀ ਸੋ ਲਖਨਊ ਦਾ ਕੁਝ ਖਾਸ ਖਾਣ ਦੀ ਚਾਹਨਾਂ ‘ਚ ਭੱਜ ਦੌੜ ਕਰਨ ਲੱਗੇ । ਕਾਮਰੇਡ ਨੇ ਟੁੰਡੇ ਕਬਾਬ ਬਾਰੇ ਸੁਣਿਆ ਹੋਇਆ ਸੀ । ਸਾਨੂੰ ਲਗਦਾ ਸੀ ਚੌਟੰਗਾ ਹੋਊ ਜਦੋਂ ਪੁਛਿਆ ਤਾਂ ਕਹਿੰਦੇ ਮਹਿ ਦਾ ਖੁਰ ਆ । ਤਾਂ ਚੰਗਿਆੜਾ ਚੇਤੇ ਆਇਆ, ਗੱਡੀ ਮੋੜ ਲਈ । ਮੱਝ ਨਾਲ ਤਾਂ ਕੱਲ ਦੀ ਹਮਦਰਦੀ ਹੋਈ ਪਈ ਸੀ । ਮੁੜਦੇ ਹੋਏ ਜਦੋਂ ਅਵਧ ਦੇ ਨਵਾਬਾਂ ਦੀ ਚਿੱਟੀ ਬਾਰਾਦਰੀ ਕੋਲੋਂ ਲੰਘਦੇ ਸੀ ਤਾਂ ਮੇਲਾ ਜਿਹਾ ਲੱਗਿਆ ਵੇਖਿਆ । ਅਮੀਰ ਜਨਾਨੀਆਂ ਮਰਦਾਂ ਨੂੰ ਗੋਲੇ ਬਣਾਈ ਨਿਆਣੇ ਚੁਕਾ ਕੇ ਮੇਲੇ ਨੂੰ ਜਾ ਰਹੀਆਂ ਸਨ । ਟਿਕਟਾਂ ਲਈਆਂ ਤੇ ਮਹਿਲ ਦੇ ਅੰਦਰ ਜਾ ਵੜੇ । ਯੂਪੀ ‘ਚ ਹੁਸਨ ਦੇ ਅਜਿਹੇ ਜਲਵੇ ਦਿਖਣ ਤਾਂ ਕਹਿਣ ਲਈ ਪੰਜਾਬੀ ‘ਚ ਮੈਨੂੰ ਕੋਈ ਲਫਜ ਨਹੀਂ ਲੱਭਾ । ਅੰਗਰੇਜੀ ‘ਚ ਇਕ ਲਫਜ ਹੁੰਦਾ oasis ਜੀਹਦਾ ਮਤਲਬ ਹੁੰਦਾ, ਮਾਰੂਥਲ ‘ਚ ਕੋਈ ਹਰਿਆਵਲ ਟਿੱਬਾ । ਸੁਚੱਜੇ ਲੀੜੀਆਂ ਤੇ ਹਿਜਾਬਾਂ ਨਾਲ ਢੱਕੇ ਹੋਏ ਸਿਰ ਵਾਲੀਆਂ ਨਵਾਬਯਾਦੀਆਂ ਦੇ ਸੰਗਾਂ-ਸ਼ਰਮਾਂ ਵਾਲੇ ਮੁਖੜੇ ਚੰਨ ਦੀ ਮੱਧਮ ਚਾਨਣੀ ‘ਚ ਰਿਸ਼ੀਕੇਸ਼ ਘਾਟ ਤੇ ਗੰਗਾ ‘ਚ ਤਰਦੇ ਦੀਵਿਆਂ ਵਾਂਗੂ ਜਗ ਰਹੇ ਸਨ । ਕਵਾਲ ਸੰਘ ਪਾੜ ਰਹੇ ਸਨ ਤੇ ਦਾਦ ਦੇਣ ਵਾਲਿਆਂ ਦੀ ਜਾਨ ਨਿਕਲ ਰਹੀ ਸੀ । 
ਅਸੀਂ ਹੁਣ ਬਤੌਰ ਪੰਜਾਬੀ ਚਾਹੁੰਦੇ ਸਾ ਕਿ ਲੋਕ ਆਪਣਾ ਮੇਲਾ ਛੱਡ ਕੇ ਸਾਡਾ ਮੇਲਾ ਵੇਖਣ । ਸਾਦਿਕ ਵਰਗਿਆਂ ਨੇ ਇਕ ਦੋ ਥਾਂ ਕਪੱਤ ਲੈਣ ਦੀ ਕੋਸ਼ਿਸ ਵੀ ਕੀਤੀ ਪਰ ਲਖਨਊ ‘ਚ ਅਦਬ ਈ ਐਨਾ ਕਿ ਬੰਦੇ ਲੜਨ ਦੀ ਬਿਜਾਏ ਅਹਤਰਾਮ ਕਰਨ ਲਗ ਜਾਣ । ਫਿਰ ਮੁੰਡੇ ਦਰਦ ਭਰੀਆਂ ਕਵਾਲੀਆਂ ‘ਤੇ ਭੰਗੜਾ ਪਾਉਂਣ ਲੱਗੇ । ਸਾਰੇ ਕੈਮਰੇ ਏਧਰ ਘੁੰਮ ਗਏ , ਦਾਦ ਦੇਣ ਵਾਲਿਆਂ ਦੇ ਮੁੱਖ ਮੁੜ ਗਏ। ਕਵਾਲ ਉਤਰ ਕੇ ਭੰਗੜੇ ਵਾਲਿਆਂ ਨਾਲ ਸੈਲਫੀਆਂ ਕਰਾਉਂਣ ਲੱਗੇ । ਮੇਲਾ ਮੁਕਾ ਕੇ ਮੁਰਗ ਮਸੁਲਮ , ਕਬਾਬ ਸ਼ੋਰਮਾ ਤੇ ਨਿਹਾਰੀ ਕੁਲਚਿਆਂ ਦੀਆਂ ਚਿਗੜ ਭੂਡੀਆਂ ਕੱਢੀਆਂ । ਪਿਪਲ ਸਿੰਘ ਇਨਰੈਕਟਡ ਵਿਦ ਏ ਯੰਗ ਲੇਡੀ ਇਨ ਇੰਗਲਿਸ਼ , ਹੂ ਵਾਜ ਸੈਲਿੰਗ ਕਬਾਬ ਟਿਕਾ ਦੇਅਰ, ਬਟ ਸੀਅ ਡਿੰਟ ਇੰਪਰੈਸਡ ਐਟ ਆਲ ਐਡ ਉਵਰਚਾਰਜਡ ਫਾਰ ਫੂਡ । 
ਰਾਤ ਲਖਨਊ ਟਿਕਣ ਕਰਕੇ ਅਯੁਧਿਆ ਅਜੇ ਦੂਰ ਸੀ । ਹਜਰਤਗੰਜ ਮਾਰਕੀਟ ਤਾਂ ਦੁਪਹਿਰੇ ਖੁਲਣੀ ਸੀ ਸੋ ਇਮਵਾੜੇ ਦੇ ਰਾਹ ਪਏ । ਇਮਾਮਵਾੜੇ ‘ਚ ਦਰਸ਼ਨੀ ਚੀਜ ਰੂਮੀ ਦਰਵਾਜਾ ਏ, ਜਿਹੜਾ ਇਥੋਂ ਦੇ ਨਵਾਬ ਅਸਫ ਉਦ ਦੌਲਾ ਨੇ ਆਪਣੀ ਬੇਗਮ ਰੂਮੀ ਲਈ 1784 ‘ਚ ਬਣਾਇਆ ਸੀ । ਦੌਲੇ ਦੇ ਅੰਦਰ ਕਿਤੇ ਹਰਮਨਜੀਤ ਸਿੰਘ ਵੱਸਦਾ ਸੀ , ਜਿਹੜਾ ਉਹਨੇ ਦਰਵਾਜੇ ਦੇ ਉਤੇ ਲੌਂਗ ਤੇ ਮੀਨਾਕਾਰੀ ‘ਚ ਲਾਚੀਆਂ ਲਾਈਆਂ । ਅੰਗਰੇਜਾਂ ਨੇ ਲਾਗੇ ਇਕ ਵਾਹਵਾ ਉਚਾ ਕਲੌਕ ਟਾਵਰ ਬਣਾਇਆ । ਇਥੇ ਕੋਲ ਹੀ ਅਖਲੇਸ਼ ਯਾਦਵ ਨੇ ਵੀ ਕੁਝ ਸ਼ੁਰੂ ਕੀਤਾ ਸੀ ਪਰ ਸਰਕਾਰ ਚਲੇ ਗਈ । ਦਰਵਾਜੇ ਦੇ ਅੰਦਰ ਸ਼ੀਆ ਮੁਸਲਮਾਨਾ ਦਾ ਇਮਾਮਵਾੜਾ ਏ, ਜਿਥੇ ਕਰਬਲਾ ਨੂੰ ਚੇਤੇ ਕਰਕੇ ਮੁਹਰਮ ਦੇ ਦਿਨ ਸ਼ੀਆ ਮੁਸਲਮਾਨ ਆਪਣੇ ਤੇ ਤਸ਼ੱਦਦ ਕਰ ਕੇ ਬਾਬੇ ਹੁਸੈਨ ਨੂੰ ਚੇਤੇ ਕਰਦੇ ਨੇ । ਅਮਰੀਕਾ ਨਾਲ ਮੱਥਾ ਲਾਈ ਬੈਠੇ ਇਰਾਨੀ ਜਰਨੈਲਾਂ ਦੀ “ਹਈ ਸ਼ਾਵਾਸ਼ਾ” ਕਹਿੰਦੇ ਇਸ਼ਤਿਹਾਰ ਲੱਗੇ ਹੋਏ ਸਨ । ਕਿਸੇ ਵਿਰਲੇ ਤੇ ਕਸ਼ਮੀਰ ਲਈ ਖਲੋਣ ਦੀ ਗੱਲ ਵੀ ਸੀ । ਇਮਾਮਵਾੜੇ ਦੀਆਂ ਬਰੂਹਾਂ ‘ਤੇ ਇਰਾਨ ਦੇ ਆਗੂ ਖੋਮੀਨੀ ਦੇ ਵੱਡੇ ਬੋਰਡ ਲੱਗੇ ਸਨ, ਨਾਲ ਪਤਾ ਨਹੀਂ ਕੀ ਲਿਖਿਆ ਸੀ । 
ਇਮਾਮਵਾੜੇ ਦੇ ਅੰਦਰ ਗਾਇਡ ਸਾਰੀ ਗਲ ਦੱਸਣ ਦਾ 100 ਰੁਪਈਆਂ ਮੰਗਦਾ ਸੀ । ਅਸੀਂ ਸਰਫਾ ਕਰਕੇ, ਪੰਜਾਬੀ ਯੂਨੀਵਰਸਟੀ ਦੇ ਉਘੇ ਤਾਲਿਬੇ ਇਲਮ ਖੋਜੀ ਇਤਿਹਾਸਕਾਰ ਡਾ ਸਾਦਿਕ ਰਾਹੀ ਕੰਧਾਂ ਤੇ ਲੱਗੀਆਂ ਤਸਵੀਰਾਂ ਸਮਝਣ ਲੱਗੇ । ਇਹਨੇ ਤਸਵੀਰਾਂ ਵੇਖ ਕੇ ਦੱਸਿਆ ਕਿ ਕਿਸੇ ਵੇਲੇ ਇਮਾਮਵਾੜੇ ਦੇ ਵਿਹੜੇ ਤੇ ਪਾਰਕ ਦੀ ਥਾਂ ਤੇ ਵੱਡੀ ਝੀਲ ਸੀ । ਸਿਜਦਾ ਕਰਨ ਆਉਂਣ ਵਾਲੇ ਕਿਸ਼ਤੀਆਂ ਤੇ ਆਉਂਦੇ ਸੀ । ਹੋਰ ਇਮਾਰਤਾਂ ਵੀ ਨਵਾਬਾ ਨੇ ਠੰਢੀਆਂ ਰੱਖਣ ਲਈ ਪਾਣੀ ‘ਚ ਬਣਾਈਆਂ ਸੀ । ਚੁਫੇਰੇ ਪਾਣੀ ਖੜਾ ਸੀ । ਤਸਵੀਰਾਂ ਵੇਖਦੇ ਗਏ ਤੇ ਹੈਰਾਨ ਹੋਈ ਗਏ ਕਿ ਐਨਾ ਪਾਣੀ ਕਿਦਾਂ ਕੱਠਾ ਕੀਤਾ ਹੋਊ ? ਸਾਦਿਕ ਵਾਲੇ ਦੇ ਦਿਤੇ ਜਾ ਰਹੇ ਗਿਆਨ ਤੇ ਸੰਕਾਂ ਹੋਇਆ, ਤਸਵੀਰਾਂ ਧਿਆਨ ਨਾਲ ਵੇਖਣ ਤੇ ਪਤਾ ਲੱਗਾ ਕਿ ਇਹ ਸਾਰੀਆਂ ਤਸਵੀਰਾਂ 1910 ‘ਚ ਆਏ ਹੜਾਂ ਦੀਆਂ ਸਨ । ਜੋ ਪੁਰਾਤਨ ਜਾਣ ਕੇ ਕੰਧਾਂ ਤੇ ਲਾਈਆਂ ਹੋਈਆਂ ਸਨ । 
ਲਖਨਊ ਕਹਿਣ ਨੂੰ ਹੀ ਬਈਆਂ ਦੀ ਰਾਜਧਾਨੀ ਹੈ । ਪਰ ਵੇਖਣ ਨੂੰ ਨਵਾਬਾਂ ਦੀ ਹੈ । ਗੋਮਤੀ ਨਦੀ ਸ਼ਹਿਰ ਦੇ ਅੱਧ ‘ਚੋਂ ਲੰਘਦੀ ਹੈ । ਅਖਲੇਸ਼ ਨੇ ਦੋਵੇਂ ਕੰਢੇ ਬੰਨ ਕੇ ਯੂਕੇ ਵਾਲੇ ਥੇਮਸ ਤੋਂ ਵੀ ਵਧੀਆ ਸਾਂਭਿਆ ਹੋਇਆਂ। ਦੋਵਾਂ ਕੰਢਿਆਂ ਤੇ ਜੰਗਲ ਆ, ਵਿਚ ਸੈਰ ਕਰਨ ਨੂੰ ਰਾਹ ਕੱਢੇ ਆ । ਪਾਣੀ ਜਿਵੇਂ ਨਲਕਾ ਗੇੜ ਕੇ ਪਾਇਆ ਹੋਵੇ , ਮੂੰਹ ਦੀਹਦਾ । ਬਈਆ ਲੁਧਿਆਣੇ ਆ ਕੇ ਬੁਢੇ ਨਾਲੇ ਵਾਗੂ ਖਿਲਰ ਜਾਂਦਾ, ਯੂਪੀ ‘ਚ ਪਾਨ ਵੀ ਡੱਬਿਆਂ ‘ਚ ਥੁਕਦਾ । 
ਜੇ ਲਖਨਊ ਸ਼ਹਿਰ ਦਾ ਸਿਆਸੀ ਰੰਗ ਵੇਖਿਆ ਜਾਵੇ ਤਾਂ ਇਹ ਭੰਗਵਾ ਘੱਟ ਤੇ ਬਸਪਈ ਬਹੁਤਾ । ਨਵਾਬਾਂ ਤੇ ਅੰਗਰੇਜਾਂ ਤੋਂ ਬਾਅਦ ਕਿਸੇ ਰਾਜ ਦੁਆਰਾ ਸਿਰਜੀਆਂ ਵੱਡੀਆਂ ਨਿਸ਼ਾਨੀਆਂ ਬਸਪਈ ਹਨ, ਜੋ ਮਾਇਆਵਤੀ ਰਾਹੀਂ ਚੌਕਾਂ ‘ਚ ਦਲਿਤ ਨੇਤਾਵਾਂ ਦੇ ਬੁੱਤਾਂ ਤੇ ਹਾਥੀਆਂ ਵਾਲੇ ਅੰਬੇਦਕਰ ਭਵਨਾਂ ਦੇ ਰੂਪ ‘ਚ ਪਰਗਟ ਹੋਈਆਂ। ਉਝ ਨਿਸ਼ਾਨੀਆਂ ਹਰ ਰਾਜ ਦੀਆਂ ਨੇ । ਭਾਵੇਂ ਸਮਾਜਵਾਦੀਆਂ ਦੇ ਰਾਮ ਮਨੋਹਰ ਲੋਹੀਆਂ ਹੋਵੇ ਜਾਂ ਜੈ ਪਰਕਾਸ਼ ਨਰਾਇਨ ਤੇ ਭਾਵੇਂ ਕਾਂਗਰਸੀਆਂ ਦੇ ਨਹਿਰੂ ਗਾਂਧੀ ਸਭ ਚੌਕਾਂ ‘ਚ ਸਜਾ-ਯਾਫਤਾ ਨੇ । 
ਲਖਨਊ ਤੋਂ ਤੁਰੇ ਤਾਂ ਸੌਹ ਖਾਧੀ ਕਿ ਹੁਣ ਅਯੁਧਿਆ ਤੋਂ ਪਹਿਲਾਂ ਰੁਕਣਾ ਨਹੀਂ । ਮਗਹਰ ਵਾਲੇ ਮੋੜ ਕੋਲ ਮੂਤਣ ਉਤਰਿਆਂ ਨੂੰ ਇਕ ਢਾਬੇ ਤੇ ਕੁਕੜ ਪੈ ਗਿਆ । ਛਕ ਤੇ ਫੇਰ ਅੱਗੇ ਚਾਲੇ ਪਾਏ । ਉਝ ਮਗਹਰ ‘ਚ ਬਾਬਾ ਭਗਤ ਕਬੀਰ ਜੀ ਨੇ ਦੇਹ ਤਿਆਗੀ ਸੀ, ਉਹ ਥਾਂ ਵੇਖਣ ਯੋਗ ਏ , ਪਰ ਅਸੀਂ ਤਹੱਈਆ ਕੀਤਾ ਸੀ ਕਿ ਖਲੋਣਾ ਨਹੀਂ ਕਿਤੇ । ਇਸੇ ਕੌਲ ਨੂੰ ਪੁਗਾਉਂਣ ਲਈ ਫੈਜਾਬਾਦ ਵੀ ਬਾਈਪਾਸ ਕਰਨਾ ਪਿਆ ।
ਅਯੁਧਿਆ ਦੇ ਮੋੜ ਤੇ ਪੁਲਿਸ ਦਾ ਪਹਿਰਾ ਏ ਪਰ ਗਲੇ ‘ਚ ਭੰਗਵੇ ਰੰਗ ਦੀ ਲੀਰ ਪਾ ਕੇ ਖਲੋਤੇ ਛਲਾਰੂਆਂ ਨੂੰ ਦੱਸਣਾ ਪੈਂਦਾ ਕਿ ਕਿਥੇ ਜਾਣਾ ਤੇ ਕਿਉਂ ਜਾਂਣਾ । ਆਈ ਮੀਨ ਰਾਮ-ਬਗਤ । ਅਯੁਧਿਆ ਖੌਫ ਦੀ ਲੈਬੌਰਟਰੀ ਹੈ । ਹਰ ਗਲੀ ਮੋੜ ਤੇ ਬੈਰੀਕੇਡ, ਪਹਿਰਾ ਤੇ ਪੁਲਸ । ਬੇਹਿਸਾਬ ਪੁਲਸੀਏ ਅਯੁਧਿਆ ਘੇਰੀ ਬੈਠੇ ਹਨ । ਯੂਪੀ ਦਾ ਸਿਰਫ ਇਹ ਸ਼ਹਿਰ ਹੈ ਜਿਥੇ ਦਾੜੀ ਟੋਪੀ ਵਾਲਾ ਮੁਸਲਮਾਨ ਤੇ ਬੁਰਕੇ ਵਾਲੀ ਜਨਾਨੀ ਨਹੀਂ ਦਿਸੀ । ਕੋਈ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ , ਕੋਈ ਝਗੜਾ ਨਹੀਂ । ਹਨੂਮਾਨਗੜੀ ਤੋਂ ਰਾਮ ਲੱਲਾ (ਰਾਮ ਜਨਮ ਭੂਮੀ ਉਰਫ ਬਾਬਰੀ ਮਸਜਿਦ ਤਕ) ਬਜਾਰ ‘ਚ ਇਕ ਭੈਅ ਤੁਹਾਡੇ ਨਾਲ ਸਫਰ ਕਰਦਾ ਹੈ। ਇਹ ਭੈਅ ਹੀ ਹੈ ਜੋ ਮੁਸਲਮਾਨ ਕੋਲੋਂ ਉਸਦੀ ਪਛਾਣ ਖੋਹ ਲੈਂਦਾ ਹੈ । ਰੋਟੀ ਤੇ ਮਹਜਬੀ ਪਛਾਣ ਚੋਂ ਇਕ ਚੁਣਨ ਵਾਲੀਆਂ ਚੋਣਾਂ ਈ.ਵੀ.ਐਮ ਮਸ਼ੀਨਾਂ ਨਾਲ ਨਹੀਂ ਮਸ਼ੀਨਗੰਨਾ ਦੇ ਪਰਛਾਵੇਂ ਨਾਲ ਹੁੰਦੀਆਂ । ਅਧੁਨਿਕ ਲੋਕਤੰਤਰਾਂ ‘ਚ ਭੈਅ ਦੀ ਸਿਆਸਤ ਨੂੰ ਘੱਲੂਘਾਰਿਆਂ ਦੀ ਸਿਆਸਤ ਦੇ ਬਦਲ ਵਜੋਂ ਵਰਤਿਆ ਜਾ ਰਿਹਾ ਹੈ । ਮਾਰਨ ਨਾਲੋਂ ਮਾਰਨ ਦਾ ਡਰ ਕਾਇਮ ਰੱਖਣਾ । ਨਾ ਝੁਕਣ ਵਾਲਾ ਸਿਰ ਗਿਣ ਲੈਣਾ, ਪਰ ਲਾਹੁਣਾ ਨਾ । ਇਹ ਲੈਬ ਹੈ, ਸਾਇਦ ਸਾਰਾ ਹਿੰਦੋਸਤਾਨ ਤੇ ਕਦੇ ਪੰਜਾਬ ਵੀ ਏਦਾਂ ਦਾ ਬਣਾਇਆ ਜਾਵੇ, ਪਰ ਵਾਹਿਗੁਰੂ ਦੀ ਸੱਤਾ ਅਨੰਤ ਤੇ ਬੰਦਿਆਂ ਤੋਂ ਕਿਤੇ ਤਾਕਤਵਰ ਹੈ । 
ਸਰੀਰ ਦੇ ਉਹ ਅੰਗ ਜਿਨ੍ਹਾਂ ਨੂੰ ਬੰਦਾ ਖੁਲੇਆਮ ਹੱਥ ਲਾਉਂਦਾ ਵੀ ਸੰਗਦਾ, ਪੁਲਿਸ ਵਾਲੇ ਚੰਗੀ ਤਰ੍ਹਾਂ ਮਸਲ ਕੇ ਵੇਖਦੇ ਨੇ । ਪੰਜ ਥਾਵਾਂ ਤੇ ਤਲਾਸ਼ੀ ਕਰ ਕੇ ਭੈਅ ਉਸਾਰਿਆ ਜਾਂਦਾ ਹੈ ਜਿਹਦੇ ਉਤੇ ਰਾਮ ਲੱਲਾ ਦੇ ਭਵਯ ਮੰਦਰ ਟਿਕਿਆ ਹੋਇਆ । ਗਰਿੱਲਾਂ ਦੇ ਪਿੰਜਰੇ ਤੋਂ ਕਿੱਲੇ ਦੀ ਵਿਥ ‘ਤੇ ਤੰਬੂ ‘ਚ ਰਾਮ ਲੱਲਾ ਬਿਰਜਾਮਾਨ ਨੇ । ਪੰਡਤ ਤਲੀ ਤੇ ਚਾਰ ਮਖਾਣੇ ਰੱਖਦਾ ਹੈ ਤੇ ਪੁਲਸੀਏ ਪਿਛਵਾੜੇ ਤੇ ਗੋਡਾ ਮਾਰ ਕੇ ਜਿੰਦਗੀ ਦਾ ਸਬਕ ਦੇਂਦੇ ਨੇ, “ ਚਲਤੇ ਰਹੀਏ, ਰੁਕੀਏ ਮਤ ” । ਬਾਬਰੀ ਮਸੀਤ ਦਾ ਤਾਂ ਮਲਬਾ ਵੀ ਨਹੀਂ ਲੱਭਦਾ । ਕੋਈ ਵਿਰਲਾ ਬਾਬਰੀ ਦਾ ਥਹੁ ਟਿਕਾਣਾ ਪੁਛਦਾ ਹੈ, ਜੋ ਜੈ ਸੀਆ ਰਾਮ ਦੇ ਨਾਹਰਿਆਂ ਥੱਲੇ ਦਬ ਜਾਂਦਾ ਹੈ । ਬਿਨ੍ਹਾਂ ਮੋਬਾਇਲਾਂ ਦੇ ਕੀਤੀ ਇਹ ਯਾਤਰਾ ਦਿਮਾਗ ‘ਚ ਇਕ ਖਾਨਾ ਮੱਲ ਲੈਂਦੀ ਹੈ ਤੇ ਸੁਆਲ ਉਠਦਾ ਹੈ ਕਿ ਬਾਬਰੀ ਮਸੀਤ ਢਾਹ ਕੇ ਦਹਿਸ਼ਤ ਦੀਆਂ ਬੁਰਜੀਆਂ ਤੇ ਉਸਾਰੇ ਰਾਮ ਮੰਦਰ ਵਿਚ ਕੀ ਹਿੰਦੂ ਕਦੇ ਭੈਅ ਮੁਕਤ ਹੋ ਕੇ ਰਾਮ ਜੀ ਦੀ ਅਰਾਧਨਾ ਕਰ ਸਕੇਗਾ ? 
ਰਾਮ ਰੌਲੇ ਨੇ ਸ਼ਹਿਰ ਦੇ ਜਿਵੇਂ ਸਾਹ ਪੀਤੇ ਹੋਏ ਨੇ, ਕਿਸੇ ਫੈਸਲੇ ਦੀ ਉਡੀਕ ‘ਚ ਯੁਗ ਰੁਕਿਆ ਹੋਇਆ, ਸੈਕੜੇ ਸਾਲ ਪੁਰਾਣੀਆਂ ਇਮਾਰਤਾਂ, ਵਿਰਾਨ ਜਿਹੀਆਂ ਗਲੀਆਂ, ਸ਼ੱਕੀ ਚੁਫੇਰੇ ‘ਚ ਮਸੂਸ ਨਹੀਂ ਹੁੰਦਾ ਕਿ ਕੌਸ਼ਲਿਆ ਤੇ ਰਾਜੇ ਦਸ਼ਰਥ ਦਾ ਪੁੱਤ ਇਨ੍ਹਾਂ ਗਲੀਆਂ ‘ਚ ਕਦੇ ਇਲਤਾਂ ਕਰਦਾ ਹੋਊ । ਨਫਰਤ ਨੇ ਬਚਪਨ ਐਸਾ ਚੰਡਿਆ ਹੋਇਆ ਕਿ 20 ਰੁਪਈਆਂ ‘ਚ ਮੰਦਰਾਂ ਦੇ ਦਰਸ਼ਨ ਕਰਵਾਉਂਣ ਵਾਲਾ ਇਕ ਮੰਗਤਾ ਕਮ ਗਾਇਡ ਇਸ ਗੱਲ ‘ਤੇ ਔਖਾ ਹੋ ਗਿਆ ਕਿ ਜਿਸ ਮੰਦਰ ‘ਚ ਸਾਨੂੰ ਲੈ ਕੇ ਗਿਆ ਉਥੇ ਅਸੀਂ ਭਗਵਾਨ ਦੇ ਦਰਸ਼ਨ ਕਿਉਂ ਨਹੀਂ ਕੀਤੇ । ਪੰਦਰਾਂ ਕੁ ਸਾਲ ਦਾ ਉਹ ਗਾਇਡ ਸੱਤਾ ਦੇ ਬਖਸ਼ੇ ਸ਼ਾਹਾਂ ਨਾਲ ਹੰਕਾਰ ਦੇ ਫੁੰਕਾਰੇ ਮਾਰਦਾ ਸਾਡੇ ਤੋਂ ਵਿਦਾ ਹੋਇਆ । ਉਥੇ ਦੇਉਬੰਦ ਦਾ ਉਹ ਸ਼ਰੀਫ ਮੋਮਨ ਯਾਦ ਆਇਆ, ਜਿਸ ਨੇ ਮਸੀਤ ਦੇ ਅੰਦਰ ਜਾ ਕੇ ਕਿਬਲੇ ਕੋਲ ਖਲੋ ਕਿ ਕਿਹਾ ਕਿ ਮੈਨੂੰ ਪਤਾ ਤੁਹਾਡੇ ਲਈ ਇਸ ਦਾ ਉਹ ਦਰਜਾ ਉਹ ਨਹੀਂ ਜੋ ਸਾਡੇ ਲਈ, ਪਰ ਤੁਸੀਂ ਤਸਵੀਰਾਂ ਖਿੱਚ ਲਉ । 
ਉਝ ਦੇਊਬੰਦ ਦੇ ਮੋਮਨ ਵਰਗਾ ਇਕ ਸਾਧੂ ਇਥੇ ਵੀ ਮਿਲ ਪਿਆ । ਗੁਰਦਵਾਰਾ ਸਾਹਿਬ ਬ੍ਰਹਮ ਕੁੰਡ ਦਾ ਰਾਹ ਪੁਛਿਆ ਤੇ ਉਹਨੇ ਸਾਇਕਲ ਨੂੰ ਲੱਤ ਦੇ ਦਿਤੀ । ਬੁੱਢੇ ਸਾਧੂ ਨੇ ਸੈਕਲ ਦਾ ਉਹ ਵਾਅਵਰੋਲਾ ਬਣਾਇਆ ਕਿ ਗੱਡੀ ‘ਚ ਬੈਠੇ ਗੱਭਰੂ ਕਹਿਣ “ਸਾਧੂ ਨਾ ਜਾਣੀ ਪੱਟਦੂ ਚੁਗਾਠ ਨੀ” । ਰਾਹ ਦੱਸ ਕੇ ਆਪਣੇ ਰਾਹੇ ਪਿਆ। 


ਗੁਰੂ ਨਾਨਕ ਪਾਤਸ਼ਾਹ ਨੇ ਜਿਸ ਰੁਖ ਹੇਠ ਪੰਡਤਾਂ ਨਾਲ ਗੋਸਟ ਕੀਤੀ ਅਯੁਧਿਆ

ਇਥੇ ਗੁਰੂ ਨਾਨਕ ਪਤਾਸ਼ਾਹ ਦੀ ਯਾਦ ‘ਚ ਨਵੀਂ ਇਮਾਰਤ ਬਣੀ ਹੋਈ ਹੈ । ਕੋਲ ਹੀ ਇਕ ਬੇਲ ਦਾ ਰੁੱਖ ਹੈ ਜੋ ਜਿਸ ਥੱਲੇ ਪਾਤਸ਼ਾਹ ਨੇ ਅਯੁਧਿਆ ਦੇ ਪੰਡਿਤਾ ਨਾਲ ਗੋਸਟਿ ਕੀਤੀ । ਗੁਰੂ ਤੇਗ ਬਹੁਦਾਰ ਪਾਤਸ਼ਾਹ ਵੀ ਇਸ ਸਥਾਨ ‘ਤੇ ਆਏ । ਇਹ ਸਥਾਨ ਸਰਾਜ ਨਦੀਂ ਦੇ ਕੰਢੇ ਤੇ ਹੈ ਤੇ ਅਯੁਧਿਆ ਦੇ ਬਾਹਰਵਾਰ ਹੈ । ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦਾ ਅਸਥਾਨ ਕਰੀਬ ਸੌ ਸਾਲ ਪੁਰਾਣਾ ਬਣਿਆ ਹੋਇਆ ਹੈ । ਇਥੇ ਪਾਤਸ਼ਾਹ ਦੀ ਬਖਸ਼ਿਸ ਕੁਝ ਸ਼ਾਸਤਰ ਤੇ ਇਕ ਹੱਥ ਲਿਖਤ ਬੀੜ ਹੈ । ਬੀੜ ਵਿਚ ਲਾਲ ਸ਼ਾਹੀ ਨਾਲ ਅੱਖਰਾਂ ਵਿੱਚ ਹੀ ਸ਼ਾਸ਼ਤਰਾਂ ਦੇ ਅਕਾਰ ਬਣਾਏ ਗਏ ਹਨ । ਲਿਖਤ ਬਹੁਤ ਸੁੰਦਰ ਹੈ।


ਮਾਹਰਾਜ ਦਾ ਹਥ ਲਿਖਤ ਸਰੂਪ ਜਿਸ ਵਿਚ ਕਟਾਰ ਤੇ ਹੋਰ ਸ਼ਸਤਰ ਬਣੇ ਹੋਏ ਨੇ

ਇਥੋਂ ਦੇ ਮਹੰਤ ਜੀ ਪੰਜ ਪੀੜੀਆਂ ਤੋਂ ਇਨ੍ਹਾਂ ਸਥਾਨਾਂ ਦੀ ਸੇਵਾ ਕਰ ਰਹੇ ਹਨ । ਮੌਜੂਦਾ ਮਹੰਤ ਬਲਜੀਤ ਸਿੰਘ ਖਾਲਸਾ ਜੀ 1984 ‘ਚ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਨ । ਸੰਨ 1991 ‘ਚ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਮੌਕੇ ਵੀ ਹਾਜ਼ਰ ਸਨ । ਨਵਾਂ ਅਯੁਧਿਆ ਵਸਾਉਂਣ ਦੀ ਤਰਕੀਬ ਨਾਲ ਸਰਾਜ ਨਦੀ ਦਾ ਰੁੱਖ ਬਦਲ ਦਿਤਾ ਹੈ । ਅਜੇ ਤਾਂ ਪਾਣੀ ਵੀ ਖੜਾ ਹੈ ਤੇ ਕੁਦਰਤੀ ਦਿੱਖ ਕਾਇਮ ਹੈ ਪਰ ਆਉਂਣ ਵਾਲੇ ਸਮੇਂ ‘ਚ ਬਹੁਤ ਕੁਝ ਬਦਲ ਜਾਣ ਦੀ ਸੰਭਾਵਨਾ ਹੈ । 


ਕੌਤਕ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਅਯੁਧਿਆ

ਗੁਰੂ ਨਾਨਕ ਪਾਤਸ਼ਾਹ ਦੇ ਅਯੁਧਿਆ ਆਗਮਨ ‘ਤੇ ਰਿਆਸਤ ਦੇ ਰਾਜੇ ਨੇ ਆਪ ਜੀ ਨੂੰ ਇਕ ਬਾਗ ਨਜਰਾਨੇ ਵਜੋਂ ਦਿਤਾ ਸੀ ਜਿਥੇ ਅੱਜ ਕੱਲ ਨਜਰਬਾਗ ਅਬਾਦੀ ਹੈ । ਇਥੇ ਗੁਰਦਵਾਰਾ ਸਾਹਿਬ ਦੇ ਨਿਸ਼ਾਨ ਮਿਟਦੇ ਮਿਟਦੇ ਬਚੇ ਸਨ । 1943 ‘ਚ ਲਹਿੰਦੇ ਪੰਜਾਬ ਤੋਂ ਮਹਾਂਪੁਰਖ ਸੁੰਦਰ ਸਿੰਘ ਅਲੀਬੇਗ ਵਾਲੇ ਤੇ ਪਿਛੋਂ ਉਨ੍ਹਾਂ ਦੇ ਵਰਸੋਏ ਬਾਬਾ ਮੋਹਨ ਸਿੰਘ ਕਾਹਨਪੁਰ ਵਾਲਿਆਂ ਨੇ ਯਾਦਗਰ ਕਾਇਮ ਰੱਖੀ । ਦਸ ਕੁ ਸਾਲ ਪਹਿਲਾਂ ਨਾਨਕਸਰ ਵਾਲੇ ਮਹਾਂਪੁਰਖਾਂ ਬਾਬਾ ਰਾਮ ਸਿੰਘ ਨੇ ਮਹੰਤ ਕੋਲੋਂ ਥਾਂ ਖਰੀਦ ਕੇ ਅਲੀਸ਼ਾਨ ਗੁਰਦਵਾਰਾ ਸਾਹਿਬ ਬਣਾਇਆ । ਜਿਥੇ ਬਾਬਾ ਨਵਨੀਤ ਸਿੰਘ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸੇਵਾ ਨਿਭਾ ਰਹੇ ਨੇ । 


ਕਰਾਮਾਤ 
ਅਯੁਧਿਆ ਸ਼ਹਿਰ ਵਿਚ ਸਿੱਖਾਂ ਦੇ 15 ਕੁ ਘਰ ਨੇ । ਕਾਰੋਬਾਰੀ ਪਰਿਵਾਰ ਅਕਸਰ ਸ਼ਹਿਰ ਬਦਲਦੇ ਵੀ ਰਹਿੰਦੇ ਨੇ । ਏਨੇ ਕੁ ਹੀ ਸਿੰਧੀ ਤੇ ਪੰਜਾਬੀ ਗੁਰੂ ਨਾਨਾਕ ਨਾਮ ਲੇਵਾ ਹਨ । ਪਰ ਇਸ ਸ਼ਹਿਰ ਵਿਚ ਨਗਰ ਪਾਲਿਕਾ ਦਾ ਪ੍ਰਧਾਨ ਕਈ ਸਾਲ ਸਿੱਖ ਰਿਹਾ । 1939 ‘ਚ ਜਨਮੇ ਮਹਿੰਦਰ ਸਿੰਘ ਦੇ ਬਾਪੂ ਜੀ ਲਾਹੌਰ ਕੋਲੋਂ ਆ ਕੇ ਅਯੋਧਿਆ ‘ਚ ਕਾਰੋਬਾਰ ਕਰਨ ਲੱਗੇ ਸਨ । ਦੋ ਸਾਲ ਦੀ ਉਮਰ ‘ਚ ਇਹ ਅਯੁਧਿਆ ਆ ਗਏ । ਚੰਗਾ ਕਾਰੋਬਾਰ ਖੜਾ ਕੀਤਾ । ਅਯੁਧਿਆ ਵਿਚ ਇਕੋ ਪਟਰੋਲ ਪੰਪ ਹੈ ਜੋ ਸਰਦਾਰ ਜੀ ਦਾ ਹੈ । ਸਰਦਾਰ ਜੀ ਦੇ ਘਰ ਨੂੰ ਜਾਣ ਵਾਲੀ ਗਲੀ ਦਾ ਨਾਂ ਸਰਦਾਰ ਜੀ ਵਾਲੀ ਗਲੀ ਹੈ । ਜਵਾਨੀ ਪਹਿਰੇ ਸਰਦਾਰ ਜੀ ਕਿਰਤ ਕਮਾਈਆਂ ਚੋਂ ਦਸਵੰਧ ਕੱਡ ਕੇ ਗਰੀਬਾਂ ਦੀ ਸੇਵਾ ਕਰਦੇ ਸਨ । ਕਾਂਗਰਸ ਪਾਰਟੀ ਦੇ ਧਿਆਨ ‘ਚ ਆਏ ਤੇ ਮੈਬਰ ਬਣਾ ਲਿਆ ਕਿ ਚਾਰ ਵੋਟਾਂ ਪਵਾ ਦਊ । ਪਾਰਟੀ ਮੈਬਰ ਨੂੰ ਚਾਰ ਪੈਸੇ ਵੱਜਣ ਲੱਗ ਜਾਣ ਇਸ ਇਰਾਦੇ ਨਾਲ ਰਾਸਨ ਦਾ ਡੀਪੂ ਦਵਾ ਦਿੱਤਾ । ਰਾਸ਼ਨ ਦੇ ਡੀਪੂ ਨੂੰ ਸਰਦਾਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਮੋਦੀਖਾਨਾ ਮਾਡਲ ਨਾਲ ਚਲਾਇਆ । ਗਰੀਬਾਂ ਨੂੰ ਘਰੋ ਘਰੀ ਜਾ ਕੇ ਰਾਸ਼ਨ ਦੇਣਾ । ਉਨ੍ਹਾਂ ਨੂੰ ਯਕੀਨ ਨਹੀ ਸੀ ਸਰਕਾਰ ਵੀ ਕੁਝ ਦੇ ਸਕਦੀ , ਕਿਉਂ ਕਿ ਸਰਕਾਰ ਤਾਂ ਪਹਿਲਾਂ ਵੀ ਸੀ ਪਰ ਰਾਸ਼ਨ ਤਾਂ ਸਿਰਫ ਸਰਦਾਰ ਜੀ ਨੇ ਦਿੱਤਾ । ਇਉਂ ਸਰਦਾਰ ਜੀ ਗਰੀਬਾਂ ‘ਚ ਹਰਮਨ ਪਿਆਰੇ ਹੋ ਗਏ । 


ਕਰਾਮਾਤ ਵਾਲੇ ਸਰਦਾਰ ਜੀ ਦੀ ਕੋਠੀ

80 ਵਿਆਂ ‘ਚ ਸਰਦਾਰ ਜੀ ਨੂੰ ਕਾਂਗਰਸ ਨੇ ਟਿਕਟ ਦੇਣ ਦਾ ਫੈਸਲਾ ਕੀਤਾ । ਯੂਪੀ ਦੀ ਸਿਆਸਤ ਦਾ ਮੂਲ ਅਧਾਰ ਧਰਮ ਤੇ ਜਾਤ ਹੈ । ਮਹਿੰਦਰ ਸਿੰਘ ਨੇ ਕਿਹਾ ਕਿ ਮੇਰੀ ਬੇਇਜਤੀ ਹੋਵੇਗੀ ਕਿਉਂ ਕਿ ਸਿੱਖ ਨੂੰ ਵੋਟ ਕੌਣ ਪਾਵੇਗਾ ਸਾਡੇ ਤਾਂ ਘਰ ਹੀ 15 ਨੇ । ਪਰ ਪਾਰਟੀ ਪ੍ਰਧਾਨ ਨੇ ਮਹਿੰਦਰ ਸਿੰਘ ਦੀ ਸਿੱਖੀ ਸੇਵਕੀ ਵੇਖ ਲਈ ਸੀ ਤੇ ਉਹ ਸਹੀ ਸਾਬਤ ਹੋਇਆ । ਸਰਦਾਰ ਜੀ ਨਗਰ ਪਾਲਿਕਾ ਦੇ ਪ੍ਰਧਾਨ ਬਣੇ । ਫਿਰ ਉਹ ਲਗਾਤਾਰ ਜਿਤਦੇ ਰਹੇ । 84 ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਹੁਣ ਸਿੱਖ ਹੋਣ ਦੇ ਮਤਲਬ ਬਦਲ ਗਏ ਨੇ , ਨਹੀਂ ਜਿਤਣਗੇ । ਪਰ ਉਹ ਫਿਰ ਜਿੱਤ ਗਏ । ਜਦੋਂ ਰਾਜਨਾਥ ਸਿੰਘ ਦੀ ਅਗਵਾਈ ‘ਚ ਭਾਜਪਾ ਨੇ ਸੰਨ 2000 ;ਚ ਸਰਕਾਰ ਬਣਾਈ ਤਾਂ ਲੱਗਿਆ ਕਿ ਹੁਣ ਕੋਈ ਕਾਗਰਸੀ ਨਹੀਂ ਜਿਤਣਾ । ਪਰ ਸਰਦਾਰ ਜੀ ਫੇਰ ਜਿੱਤ ਗਏ । ਰਾਜਨਾਥ ਅਯੁਧਿਆ ਆਇਆ ਹੋਇਆ ਸੀ, ਨਗਰ ਪਾਲਿਕਾ ਦਾ ਪ੍ਰਧਾਨ ਕਾਂਗਰਸੀ ਬੈਠਾ ਸੀ । ਰਾਜਨਾਥ ਨੇ ਪੁਛਿਆ ਕਿ ਇਹ ਸੀਟ ਅਸੀਂ ਕਿਵੇਂ ਹਾਰ ਗਏ । ਜਿਲ੍ਹਾ ਭਾਜਪਾ ਪ੍ਰਧਾਨ ਕਹਿੰਦਾ ਕਿ ਇਹ ਕਾਂਗਰਸ ਨਹੀਂ ਜਿੱਤੀ, ਸਰਦਾਰ ਜੀ ਜਿੱਤੇ ਨੇ । ਸਰਦਾਰ ਜੀ ਸਮਾਂ ਲੈ ਕੇ ਸਟੇਜ ਤੇ ਗਏ ਤੇ ਕਿਹਾ ਕਿ ਸਿਰਫ ਇਕ ਗੱਲ ਦਰੁਸਤ ਕਰਨੀ ਏ , ਨਾ ਕਾਂਗਰਸ ਜਿੱਤੀ ਏ ਨਾ ਸਰਦਾਰ ਜੀ ਜਿੱਤੇ ਨੇ , ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿਧਾਂਤ ਜਿਤਿਆ ਏ । 
ਮਹਿੰਦਰ ਸਿੰਘ ਦੀ ਇੰਟਰਵਿਊ ਕਰ ਕੇ ਤੁਰੇ ਤਾਂ ਉਨ੍ਹੇ ਪਿਪਲ ਦੀ ਬਾਹ ਫੜ ਲਈ । ਕਹਿੰਦਾ ਮਾਹਰਾਜ ‘ਤੇ ਭਰੋਸਾ ਰੱਖਿਆ ਕਰੋ। 
ਭਾਈ ਨਵਨੀਤ ਸਿੰਘ ਨੇ ਗਜਾ ਕਰ ਕੇ ਲਿਆਦੇ ਭਾਜੇ ਤੇ ਪਰਸ਼ਾਦਿਆਂ ਨਾਲ ਬਹੁਤ ਸਵਾਦ ਗੱਫੇ ਛਕਾਏ । ਕਾਮਰੇਡ ਚਵਲ ਨਾ ਮਾਰਦਾ ਤਾਂ ਰੂਹ ਛਾਰ ਛਾਰ ਹੋ ਗਈ ਸੀ। ਅਯੋਧਿਆ ਤੋਂ ਤੁਰ ਕੇ ਰਾਤੋ ਰਾਤ ਲਖਨਊ ਲੰਘ ਅਕਸਪ੍ਰੈਸ ਹਾਈਵੇਅ ਤੇ ਪਹੁੰਚੇ । ਪੰਜਾਬ ਵੱਲ ਨੂੰ ਚਾਲੇ ਪਾਏ । ਰਾਹ ਵਿਚ ਕਰੂਖਸ਼ੇਤਰ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਦੇ ਪਟਿਆਲੇ ਆ ਕਿਆਮ ਕੀਤਾ । 
ਸਾਰਾ ਸਫਰ ਚੜਦੀ ਕਲਾ ‘ਚ ਰਿਹਾ । ਕੱਲੇ ਮੰਦਰ, ਮਸੀਤਾਂ ਤੇ ਗੁਰਦਵਾਰੇ ਹੀ ਨਹੀਂ ਵੇਖੇ, ਮਨ ਮੰਦਰਾਂ ਦੀਆਂ ਸੈਰਾਂ ਕੀਤਾ । ਸਭ ਗੱਲਾਂ ਕਹਿਣ ਕਥਨ ਤੋਂ ਬਾਹਰੀਆਂ ਨੇ, ਪੱਥਰਾਂ ਦੇ ਸ਼ਹਿਰਾਂ ‘ਚ ਸੌ ਫੁੱਲਾਂ ਦੀ ਜਿਆਰਤ ਕੀਤੀ । 
ਕਲਾ ਗੁਰੂ ਮਾਹਰਾਜ ਦੀ ਵਰਤੀ !

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।