ਸੂਫੀ ਗਾਇਕੀ ਦਾ ਬਾਦਸ਼ਾਹ ਸ਼ਰਦੂਲ ਸਿਕੰਦਰ -ਨਵਨੀਤ ਸ਼ਰਮਾ

ਸੂਫੀ ਗਾਇਕੀ ਦਾ ਬਾਦਸ਼ਾਹ ਸ਼ਰਦੂਲ ਸਿਕੰਦਰ -ਨਵਨੀਤ ਸ਼ਰਮਾ

‘ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ’ ਇਹ ਸਿਰਫ਼ ਇਕ ਗੀਤ ਦੇ ਬੋਲ ਨਹੀਂ ਹਨ। ਇਹ ਉਸ ਦਰਵਾਜ਼ੇ ਦਾ ਨਾਮ ਹੈ ਜੋ ਹਰ ਉਸ ਜਗ੍ਹਾ ਲੋਕਾਂ ਲਈ ਖੁੱਲ੍ਹਿਆ ਸੀ ਜਿੱਥੇ-ਜਿੱਥੇ ਜਲੰਧਰ ਦੂਰਦਰਸ਼ਨ ਪੁੱਜਦਾ ਸੀ। ਕਾਂਗੜਾ ਦੇ ਪਹਾੜਾਂ ਅਤੇ ਉਸ ਤੋਂ ਵੀ ਦੂਰ ਤਕ। ਜਿਸ ਗਾਇਕ ਦਾ ਇਹ ਗੀਤ ਸੀ, ਉਸ ਦੇ ਹਿੱਸੇ ਇਹ ਜਿੰਨਾ ਆਇਆ, ਓਨਾ ਆਇਆ ਪਰ ਜਿਸ ਕਲਾਕਾਰ ਨੇ ਇਸ ਨੂੰ ਉਦੋਂ ਦੇ ਨਾਮਚੀਨ ਕਲਾਕਾਰਾਂ ਦੀ ਆਵਾਜ਼ ਵਿਚ ਗਾਇਆ, ਇਹ ਉਸ ਦਾ ਹੋ ਗਿਆ ਤੇ ਉਹ ਸੀ ਸਰਦੂਲ ਸਿਕੰਦਰ। ਕਹਿਣ ਨੂੰ ਤਾਂ ਇਹ ਮਮਿਕਰੀ ਸੀ ਪਰ ਆਵਾਜ਼ ਦੀ ਖ਼ੁਸ਼ਬੂ ਕਿੱਥੇ ਪਰਦੇ ਵਿਚ ਰਹਿੰਦੀ ਹੈ। ਪਟਿਆਲਾ ਘਰਾਣੇ ਦੀ ਪੂਰੀ ਤਿਆਰੀ ਉਨ੍ਹਾਂ ਦੀ ਆਵਾਜ਼ ਵਿਚ ਉਦੋਂ ਹੀ ਦਿਸ ਗਈ ਸੀ ਪਰ ਉਨ੍ਹਾਂ ਨੇ ਖ਼ੁਦ ਹੀ ਕਿਹਾ ਸੀ ਕਿ ਜਦ ਐੱਲਪੀ ਰਿਕਾਰਡ ਆਏ ਤਾਂ ‘ਰੋਡਵੇਜ਼ ਦੀ ਲਾਰੀ’ ਦਾ ਬਹੁਤਾ ਫ਼ਾਇਦਾ ਉਨ੍ਹਾਂ ਨੂੰ ਨਹੀਂ ਮਿਲ ਸਕਿਆ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਸੱਤ-ਅੱਠ ਗਾਇਕ ਵਾਰੀ-ਵਾਰੀ ਇਕ ਹੀ ਗੀਤ ਨੂੰ ਗਾ ਰਹੇ ਹਨ। ਭਲਾ ਹੋਵੇ ਦੂਰਦਰਸ਼ਨ ਦਾ ਜਿਸ ਵਿਚ ਲੋਕਾਂ ਨੇ ਲਾਈਵ ਦੇਖਿਆ ਕਿ ਸਰਦੂਲ ਸਿਕੰਦਰ ਗੁਰਦਾਸ ਮਾਨ ਤੋਂ ਲੈ ਕੇ ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਉਸਤਾਦ ਯਮਲਾ ਜੱਟ ਅਤੇ ਆਲਮ ਲੋਹਾਰ ਤਕ ਦੀ ਆਵਾਜ਼ ਵਿਚ ਉਕਤ ਗੀਤ ਗਾ ਰਿਹਾ ਹੈ।

ਬਾਅਦ ਵਿਚ ਇਸ ਆਵਾਜ਼ ਨੇ ਆਪਣਾ ਜੋ ਮੁਕਾਮ ਬਣਾਇਆ, ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਇੰਜ ਸਾਬਿਤ ਹੋਇਆ ਕਿ ਇਹ ਆਵਾਜ਼ ਆਪਣੇ ਹੀ ਰੰਗ ਦੀ ਇਕ ਆਵਾਜ਼ ਸੀ ਜੋ ਹੋਰਾਂ ਦੀ ਗੂੰਜ ਨਹੀਂ ਸੀ। ਅੱਜ ਉਸ ਸਿਕੰਦਰ ਦੇ ਚਹੇਤੇ ਬੇਹੱਦ ਗਮਗੀਨ ਹਨ ਕਿਉਂਕਿ ਉਨ੍ਹਾਂ ਦਾ ਫਕੀਰ ਸਿਕੰਦਰ ਅਨੰਤ ਯਾਤਰਾ ’ਤੇ ਨਿਕਲ ਗਿਆ ਹੈ। ਸਰਦੂਲ ਸਿਕੰਦਰ ਹੋਣ ਦਾ ਅਰਥ ਹੈ ਪੰਜਾਬੀ ਸੱਭਿਆਚਾਰ ਦੀ ਉਹ ਆਵਾਜ਼ ਜਿਸ ਵਿਚ ਸ਼ਾਸਤਰੀ ਗਾਇਨ ਦੀ ਡੂੰਘਾਈ ਸੀ, ਜਿਸ ਵਿਚ ਪਟਿਆਲਾ ਘਰਾਣੇ ਦੀ ਤਿਆਰੀ ਸੀ, ਜਿਸ ਵਿਚ ਉਨ੍ਹਾਂ ਦੇ ਪਿਤਾ ਦੀ ਤਰਬੀਅਤ ਸੀ, ਜਿਸ ਨੂੰ ਕੰਪਿਊਟਰ ਨਾਲ ਵਾਇਸ ਕਰੈਕਸ਼ਨ ਦੀ ਜ਼ਰੂਰਤ ਨਹੀਂ ਸੀ ਜੋ ਪੰਜਾਬੀ ਸੱਭਿਆਚਾਰ ਦੇ ਕਈ ਪੱਖਾਂ ਦਾ ਆਇਨਾ ਸੀ। ਗਾਇਨ, ਅਦਾਕਾਰੀ, ਸੁਰ ਰਚਨਾ ਦੇ ਸਬੰਧ ਵਿਚ ਪੰਜਾਬ ਦੇ ਸੱਭਿਆਚਾਰਕ ਮੁਹਾਂਦਰੇ ਦਾ ਕੋਈ ਚਿੱਤਰ ਬਣਾਉਣਾ ਚਾਹੇ ਤਾਂ ਉਹ ਸਰਦੂਲ ਸਿਕੰਦਰ ਵਰਗੇ ਹਸਤਾਖਰ ਦੇ ਬਿਨਾਂ ਅਧੂਰਾ ਰਹੇਗਾ। ਗੁਰਦਾਸ ਮਾਨ ਵਰਗੇ ਦੈਵੀ ਗੁਣਾਂ ਨਾਲ ਭਰਪੂਰ ਕਲਾਕਾਰ ਜੇਕਰ ਅੱਜ ‘ਉੱਠ ਗਏ ਗਵਾਂਢੋਂ ਯਾਰ ਰੱਬਾ ਹੁਣ ਕੀਹ ਕਰੀਏ’ ਕਹਿ ਕੇ ਸਰਦੂਲ ਨੂੰ ਸ਼ਰਧਾਂਜਲੀ ਦੇ ਰਹੇ ਹਨ ਤਾਂ ਇਸ ਦੇ ਪਿੱਛੇ ਸਰਦੂਲ ਦੀ ਗਾਇਕੀ ਵਿਚ ਉਹ ਤੱਤ ਹੈ ਜੋ ਉਨ੍ਹਾਂ ਦੇ ਗੀਤਾਂ, ਭੇਟਾਂ, ਗੁਰਬਾਣੀ ਵਿਚ ਝਲਕਦਾ ਹੈ। ਸਿਕੰਦਰ ਰਸਮੀ ਤੌਰ ’ਤੇ ਪੰਜਾਬ ਦੇ ਸਨ ਪਰ ਉਨ੍ਹਾਂ ਦਾ ਮੁਕਾਮ ਤਾਂ ਹਰ ਉਸ ਆਦਮੀ ਦਾ ਦਿਲ ਹੈ ਜਿਸ ਨੂੰ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਅਤੇ ਸੰਗੀਤ ਦਾ ਪੂਰਾ ਗਿਆਨ ਹੈ। ਹਿਮਾਚਲ ਵਿਚ ਉਹ ਮੇਲੇ ਇਕ ਅਲੱਗ ਰੰਗ ਵਿਚ ਰੰਗੇ ਜਾਂਦੇ ਸਨ ਜਿਨ੍ਹਾਂ ਵਿਚ ਸਰਦੂਲ ਸਿਕੰਦਰ ਦੀ ਸ਼ਿਰਕਤ ਹੁੰਦੀ ਸੀ। ਦੇਵੀਆਂ ਦੇ ਆਂਗਨ ਵਿਚ ਗੂੰਜਦੀਆਂ ਸਰਦੂਲ ਸਿਕੰਦਰ ਦੀਆਂ ਭੇਟਾਂ ਕਦੇ ਮੱਧਮ ਨਹੀਂ ਪੈ ਸਕਦੀਆਂ। ਘੱਟ ਲੋਕ ਜਾਣਦੇ ਹੋਣਗੇ ਕਿ ਸਰਦੂਲ ਦੀ ਆਵਾਜ਼ ਗਜ਼ਲਾਂ ਦੀ ਵੀ ਸਿਕੰਦਰ ਸੀ। ਇਸ ਦੇ ਪਿੱਛੇ ਦਾ ਤੱਤ ਉਨ੍ਹਾਂ ਦੀ ਸ਼ਖ਼ਸੀਅਤ ਦੀ ਸਾਦਗੀ ਅਤੇ ਪਾਰਦਰਸ਼ਿਤਾ ਸੀ।

ਉਨ੍ਹਾਂ ਨੇ ਇਕ ਵਾਰ ਖ਼ੁਦ ਹੀ ਬਿਆਨ ਕੀਤਾ ਸੀ ਕਿ ਕਿਵੇਂ ਮਸ਼ਹੂਰ ਕਵਾਲ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਬਿਮਾਰੀ ਦੌਰਾਨ ਉਹ ਉਨ੍ਹਾਂ ਦੀਆਂ ਲੱਤਾਂ ਇਸ ਮਕਸਦ ਨਾਲ ਦਬਾਉਣ ਲੱਗੇ ਸਨ ਕਿ ਕੁਝ ਪਲ ਉਨ੍ਹਾਂ ਦੇ ਨਜ਼ਦੀਕ ਰਹਿਣ ਦਾ ਪ੍ਰਸ਼ਾਦ ਹੀ ਮਿਲ ਜਾਵੇ। ਘਰੇਲੂ ਮਹਿਫਲਾਂ ਵਿਚ ਵੀ ਉਨ੍ਹਾਂ ਦਾ ਰੰਗ ਅਲੱਗ ਸੀ। ਦਿੱਲੀ ਵਾਲੇ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਨਾਲ ‘ਦੁਈ ਕਰ ਜੋਰ ਕਰਊਂ ਬਿਨੰਤੀ’ ਗਾਉਂਦੇ ਹੋਏ ਜੋ ਅਲਾਪ ਸਿਕੰਦਰ ਲੈਂਦੇ ਦਿਖਾਈ ਦਿੱਤੇ ਜਾਂ ਇਕ ਪੰਕਤੀ ਦੇ ਬਹਾਨੇ ਸੁਰ ਵਿਚ ਅੰਦਰ ਤਕ ਉਤਰ ਕੇ ਦੇਖਦੇ, ਉਹ ਵਿਲੱਖਣ ਸਨ। ਆਵਾਜ਼ ਦੀ ਰੇਂਜ ਦਾ ਆਲਮ ਇਹ ਸੀ ਕਿ ਉਹ ਗੁਰਬਾਣੀ ਵੀ ਸਹਿਜ ਨਿਭਾਅ ਜਾਂਦੇ ਸਨ ਅਤੇ ਆਮ ਆਦਮੀ ਦੀ ਪਸੰਦ ਦੇ ‘ਖ਼ਤ ਟੁਕੜੇ-ਟੁਕੜੇ ਕਰ ਦੇਣੇ, ਮੈਂ ਫਾੜ ਦੇਣਾ ਤਸਵੀਰਾਂ ਨੂੰ’ ਵਿਚ ਦਰਦ ਨੂੰ ਵੀ ਉਸੇ ਸ਼ਿੱਦਤ ਨਾਲ ਨਿਭਾਅ ਜਾਂਦੇ ਸਨ।

 ਕਲਾ ਨੂੰ ਹੱਲਾਸ਼ੇਰੀ ਦੇਣ ਦਾ ਵੀ ਇਕ ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ ਹੈ। ਉਸ ਦੀ ਇਕ ਵੰਨਗੀ ਇਹ ਹੈ ਕਿ ਸੰਨ 1962 ਵਿਚ ਚੀਨ ਦੇ ਹਮਲੇ ਤੋਂ ਬਾਅਦ ਗੁਰਦਾਸਪੁਰ ਨਾਲ ਸਬੰਧ ਰੱਖਣ ਵਾਲੇ ਚੇਤਨ ਆਨੰਦ ਦੇ ਮਨ ਵਿਚ ਫਿਲਮ ‘ਹਕੀਕਤ’ ਬਣਾਉਣ ਦਾ ਵਿਚਾਰ ਆਇਆ ਪਰ ਪੈਸੇ ਨਹੀਂ ਸਨ। ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਦਸ ਲੱਖ ਰੁਪਏ ਦੇ ਕੇ ਫਿਲਮ ਲਈ ਵਿੱਤੀ ਬੰਦੋਬਸਤ ਕੀਤਾ ਸੀ। ਇਹ ਮਿਸਾਲ ਇਸ ਲਈ ਕਿਉਂਕਿ ਇਸ ਦਾ ਪੰਜਾਬ ਵਿਚ ਕਲਾਵਾਂ ਨਾਲ ਨਾਤਾ ਹੈ। ਆਪਣੇ ਤੌਰ ’ਤੇ ਕਲਾਕਾਰ ਜੋ ਵੀ ਕਰਨਾ ਚਾਹੇ, ਕਰ ਲੈਂਦਾ ਹੈ ਪਰ ਉਸ ਦੀ ਉਡਾਣ ਨੂੰ ਲੰਬਾ ਕਰਨ ਲਈ ਜਿਸ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ, ਉਹ ਮਾਹੌਲ ਪੰਜਾਬ ਵਿਚ ਰਿਹਾ ਹੈ।

ਇਸ ਦੇ ਇਲਾਵਾ ਕਲਾਕਾਰਾਂ ਨੂੰ ਪਛਾਣਨ ਦੀ ਸਮਰੱਥਾ ਅਤੇ ਉਨ੍ਹਾਂ ਨੂੰ ਸਲਾਹੁਣ ਦਾ ਜਜ਼ਬਾ ਆਮ ਦਰਸ਼ਕਾਂ ਤੇ ਸਰੋਤਿਆਂ ਵਿਚ ਵੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਲਾਕਾਰ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ ਰਹੇ। ਸਰਦੂਲ ਸਿਕੰਦਰ ਦੀ ਖ਼ਾਸੀਅਤ ਇਸ ਹਲੀਮੀ ਵਿਚ ਸੀ ਕਿ ਉਹ ਅੰਤ ਤਕ ਸਿੱਖਣ ਦੀ ਤਮੰਨਾ ਰੱਖਦੇ ਰਹੇ। ਉਨ੍ਹਾਂ ਨੇ ਕਦੇ ਉਸਤਾਦ ਹੋਣਾ ਸਵੀਕਾਰ ਨਹੀਂ ਕੀਤਾ। ਕਈ ਸੰਵਾਦ ਉਨ੍ਹਾਂ ਦੇ ਅਜਿਹੇ ਹਨ ਜਿਨ੍ਹਾਂ ਵਿਚ ਉਹ ਕਹਿੰਦੇ ਹਨ ਕਿ ਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਅਵਸਥਾ ਵਿਚ ਤਾਂ ਢੰਗ ਨਾਲ ਸੁਣਨਾ ਆ ਜਾਵੇ, ਉਹੀ ਬਹੁਤ ਹੈ। ਉਨ੍ਹਾਂ ਦੇ ਸਮਕਾਲੀ ਗਾਇਕਾਂ ਨੇ ਵੀ ਬਹੁਤ ਨਾਂ ਕਮਾਇਆ ਹੈ ਪਰ ਸਰਦੂਲ ਸਿਕੰਦਰ ਨੇ ਆਪਣੀ ਅਲੱਗ ਛਾਪ ਛੱਡੀ। ਇਸ ਪਿੱਛੇ ਉਨ੍ਹਾਂ ਦੀ ਮਿਹਨਤ, ਸ਼ਾਲੀਨਤਾ ਅਤੇ ਹਲੀਮੀ ਸੀ। ਜੇਕਰ ਉਹ ਸਭ ਦੀ ਆਵਾਜ਼ ਵਿਚ ਗਾ ਲੈਂਦੇ ਸਨ ਤਾਂ ਇਹ ਮਾਮਲਾ ਤਕਨੀਕੀ ਘੱਟ, ਰੂਹਾਨੀ ਵੱਧ ਹੈ। ਸਰਦੂਲ ਸਿਕੰਦਰ ਦੇ ਕੰਮ ਦੀ ਬਹੁਤ ਸ਼ਲਾਘਾ ਹੋਈ ਹੈ ਪਰ ਉਨ੍ਹਾਂ ਦੀ ਸੰਗੀਤ ਨਾਲ ਜੁੜੀ ਵਿਰਾਸਤ ਨੂੰ ਸਾਂਭਣ ਵਿਚ ਹੁਣ ਸਰਕਾਰ ਵੀ ਕੁਝ ਸਾਰਥਕ ਕਦਮ ਚੁੱਕੇ। ਸੰਗੀਤ ਦੇ ਖੇਤਰ ’ਚ ਸਰਦੂਲ ਨੇ ਉਸ ਤਰ੍ਹਾਂ ਦੀ ਤਪੱਸਿਆ ਕੀਤੀ ਜਿਸ ਤਰ੍ਹਾਂ ਦੀ ਕੋਈ ਸੂਫੀ ਜਾਂ ਫ਼ਕੀਰ ਹੀ ਕਰ ਸਕਦਾ ਹੈ। ਉਹ ਕੱਪੜਿਆਂ ਤੋਂ ਸੂਫੀ ਰਹੇ ਹੋਣ ਜਾਂ ਨਾ, ਮਨ ਤੋਂ ਸੂਫੀ ਸਨ। ਅਜਿਹੇ ਸਭ ਦੇ ਸਾਂਝੇ ਕਲਾਕਾਰ ਨੂੰ ਨਮਨ।