ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਨਮ ਦਿਹਾੜੇ ’ਤੇ ਵਿਸ਼ੇਸ਼

ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਨਮ ਦਿਹਾੜੇ ’ਤੇ ਵਿਸ਼ੇਸ਼

ਇੰਜ. ਸੁਖਚੈਨ ਸਿੰਘ ਲਾਇਲਪੁਰੀ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਈਚੋਗਿਲ ਨਾਮੀ ਸਥਾਨ ’ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ। ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ਹੈ। ਉਹ 5 ਭਰਾ ਜੱਸਾ ਸਿੰਘ, ਜੈ ਸਿੰਘ, ਖ਼ੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਸਨ। ਮਗਰੋਂ ਉਹ ਪਿੰਡ ਈਚੋਗਿੱਲ ਵਿੱਚ ਜਾ ਵੱਸੇ।

ਇਸ ਕਰਕੇ ਪਹਿਲਾਂ ਜੱਸਾ ਸਿੰਘ ਈਚੋਗਿਲੀਆ ਕਰਕੇ ਵੀ ਪ੍ਰਸਿੱਧ ਹੋਏ। ਮਗਰੋਂ ਇਹ ਪਰਿਵਾਰ ਨਵਾਬ ਕਪੂਰ ਸਿੰਘ ਦੀ ਕਾਇਮ ਕੀਤੀ ਪਹਿਲੀ ਸਿੱਖ ਜਥੇਬੰਦੀ ਦਲ ਖ਼ਾਲਸਾ ਵਿੱਚ ਸ਼ਾਮਲ ਹੋ ਕੇ ਜਥੇਬੰਦੀ ਦਾ ਹਿੱਸਾ ਬਣ ਗਿਆ। ਮਿਹਨਤ ਤੇ ਲਗਨ ਕਾਰਨ ਜਥੇਬੰਦੀ ਵਿੱਚ ਉਨ੍ਹਾਂ ਦਾ ਰੁਤਬਾ ਉ¤ਚਾ ਚਲਾ ਗਿਆ। ਨਵਾਬ ਕਪੂਰ ਸਿੰਘ ਮਗਰੋਂ ਦਲ ਖ਼ਾਲਸਾ ਦੀ ਕਮਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਆ ਗਈ ਪਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਪ੍ਰਮੁੱਖ ਜਰਨੈਲ ਬਣਿਆ ਰਿਹਾ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਬਾਬਾ, ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ ਤਿਆਰ ਕਰ ਕੇ ਦੇਣ ਵਾਲੇ ਕਾਰੀਗਰਾਂ ਵਿੱਚ ਸ਼ਾਮਲ ਸਨ। ਕਹਿੰਦੇ ਹਨ ਕਿ ਜਿਸ ਨਾਗਣੀ ਨਾਲ ਭਾਈ ਬਚਿੱਤਰ ਸਿੰਘ ਨੇ ਪਹਾੜੀ ਰਾਜਿਆਂ ਦੇ ਮਸਤੇ ਹਾਥੀ ਨੂੰ ਮਾਰਿਆ ਸੀ। ਉਹ ਨਾਗਣੀ ਸਰਦਾਰ ਹਰਦਾਸ ਸਿੰਘ ਨੇ ਬਣਾਈ ਸੀ। ਜੱਸਾ ਸਿੰਘ ਦੇ ਪਿਤਾ ਸਰਦਾਰ ਭਗਵਾਨ ਸਿੰਘ ਸੰਤ ਸੁਭਾਅ ਦੇ ਵਿਅਕਤੀ ਸਨ। ਇਸ ਕਰਕੇ ਉਨ੍ਹਾਂ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ ਇਰਾਨੀ ਪਾਤਸ਼ਾਹ ਨਾਦਰਸ਼ਾਹ ਨਾਲ ਲੜੀ। ਉਸ ਵਕਤ ਉਹ ਤੇ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਦਲ ਖ਼ਾਲਸਾ ਦੇ ਜਾਂਬਾਜ਼ ਸਿਪਾਹੀ ਸਨ। ਦਲ ਖ਼ਾਲਸਾ ਤੇ ਪੰਜਾਬ ਦੇ ਹਾਕਮ ਜ਼ਕਰੀਆ ਖਾਂ ਵਿੱਚ ਬਹੁਤ ਜ਼ਬਰਦਸਤ ਟੱਕਰ ਹੁੰਦੀ ਰਹੀ ਪਰ ਜਦੋਂ ਜ਼ਕਰੀਆ ਖਾਂ ਸਿੰਘਾਂ ਨਾਲ ਲੜ-ਲੜ ਕੇ ਥੱਕ ਗਿਆ ਤਾਂ ਉਸ ਨੇ ਸਿੱਖਾਂ ਨੂੰ ਜਾਗੀਰ ਦੇ ਕੇ ਸਮਝੌਤਾ ਕਰ ਲਿਆ।

ਨਾਦਰਸ਼ਾਹ ਦੇ ਪੰਜਾਬ ਉ¤ਤੇ ਹਮਲੇ ਸਮੇਂ ਉਸ ਦੀ ਦਲ ਖ਼ਾਲਸਾ ਨਾਲ ਟੱਕਰ ਹੋਈ। ਇਸ ਲੜਾਈ ਵਿੱਚ 14 ਸਾਲ ਦੇ ਜੱਸਾ ਸਿੰਘ ਨੇ ਯੁੱਧ ਕਲਾ ਦੇ ਅਜਿਹੇ ਜੌਹਰ ਦਿਖਾਏ, ਜਿਨ੍ਹਾਂ ਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਏ। ਇਸ ਲੜਾਈ ਵਿੱਚ ਉਨ੍ਹਾਂ ਦੇ ਪਿਤਾ ਸਰਦਾਰ ਭਗਵਾਨ ਸਿੰਘ ਸ਼ਹੀਦ ਹੋ ਗਏ। ਇਹ ਭਿਅੰਕਰ ਲੜਾਈ, ਵਜ਼ੀਰਾਬਾਦ (ਗੁੱਜਰਾਂਵਾਲਾ) ਵਿੱਚ ਹੋਈ। ਇਸ ਲੜਾਈ ਵਿੱਚ ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਵੇਖ ਕੇ ਨਾਦਰ ਸ਼ਾਹ ਨੂੰ ਪਿੱਛੇ ਮੁੜਨਾ ਪਿਆ। ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖ ਕੇ ਜ਼ਕਰੀਆ ਖਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਨੇੜੇ ਪੰਜ ਪਿੰਡ ਜਾਗੀਰ ਵਜੋਂ ਦਿੱਤੇ। ਉਸ ਜ਼ਮਾਨੇ ਵਿੱਚ ਸਿੱਖ ਛੋਟੀਆਂ- ਛੋਟੀਆਂ ਮਿਸਲਾਂ ਵਿੱਚ ਵੰਡੇ ਹੋਏ ਸਨ।

ਅਕਸਰ ਬਾਹਰੋਂ ਆਉਣ ਵਾਲੇ ਹਮਲਾਵਰ ਇਨ੍ਹਾਂ ਮਿਸਾਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਵਿਸਾਖੀ ’ਤੇ ਅੰਮ੍ਰਿਤਸਰ ਵਿੱਚ ਭਾਰੀ ਇਕੱਠ ਹੋਇਆ। ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਮਿਸਲਾਂ ਦੀ ਹਿਫ਼ਾਜ਼ਤ ਲਈ ਕਿਲ੍ਹੇ ਉਸਾਰੇ ਜਾਣ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਆਖਿਆ ਕਿ ਸਭ ਤੋਂ ਪਹਿਲਾ ਕਿਲ੍ਹਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਉਸਾਰਿਆ ਜਾਵੇ। ਇਹ ਕਿਲ੍ਹਾ ਬਣਾਉਣ ਦੀ ਜ਼ਿੰਮੇਵਾਰੀ ਜੱਸਾ ਸਿੰਘ ਦੀ ਲਗਾਈ ਗਈ।

18 ਮਹੀਨੇ ਵਿੱਚ ਇਹ ਕਿਲ੍ਹਾ ਬਣ ਕੇ ਤਿਆਰ ਹੋ ਗਿਆ। ਜੱਸਾ ਸਿੰਘ, ਗੁਰੂ ਰਾਮਦਾਸ ਦੇ ਬਹੁਤ ਸ਼ਰਧਾਲੂ ਸਨ। ਇਸ ਲਈ ਗੁਰੂ ਰਾਮਦਾਸ ਪੁਰਬ ’ਤੇ ਇਸ ਕਿਲ੍ਹੇ ਦਾ ਉਦਘਾਟਨ ਹੋਇਆ ਤੇ ਇਸ ਦਾ ਨਾਂ ਗੁਰੂ ਰਾਮਦਾਸ ਦੇ ਨਾਂ ’ਤੇ ‘ਰਾਮ ਰੌਣੀ‘ ਰੱਖਿਆ ਗਿਆ। ਸੰਨ 1748 ਵਿੱਚ ਮੀਰ ਮਨੂੰ ਨੇ ਅਦੀਨਾ ਬੇਗ ਰਾਹੀਂ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ। ਸਰਦਾਰ ਜੱਸਾ ਸਿੰਘ ਦੀ ਰਾਜਨੀਤਕ ਸਿਆਣਪ ਅਤੇ ਮੌਕਾ ਸੰਭਾਲਣ ਦੀ ਸੂਝ-ਬੂਝ ਸਦਕਾ ਇਹ ਕਿਲ੍ਹਾ ਵੀ ਬਚ ਗਿਆ ਅਤੇ ਸਮਝੌਤੇ ਅਧੀਨ ਮੀਰ ਮਨੂੰ ਨੇ ਸਿੱਖਾਂ ਨੂੰ ਪੱਟੀ ਦੇ ਪਰਗਨੇ ਵਿੱਚ ਚੌਥਾ ਹਿੱਸਾ ਮਾਲੀਆ ਦੇਣਾ ਵੀ ਮੰਨ ਲਿਆ। ਉਸ ਦਿਨ ਤੋਂ ਇਹ ਕਿਲ੍ਹਾ ਸਿੱਖਾਂ ਦਾ ਗੜ੍ਹ ਬਣ ਗਿਆ ਤੇ ਇਸ ਦਾ ਨਾਂ ਰਾਮ ਰੌਣੀ ਤੋਂ ਬਦਲ ਕੇ ਰਾਮਗੜ੍ਹ
ਰੱਖਿਆ ਗਿਆ। ਸਰਦਾਰ ਜੱਸਾ ਸਿੰਘ ਨੂੰ ਇਸ ਕਿਲ੍ਹੇ ਦਾ ਕਿਲ੍ਹੇਦਾਰ ਥਾਪਿਆ ਗਿਆ।

ਇਸ ਦਿਨ ਤੋਂ ਉਨ੍ਹਾਂ ਦੇ ਨਾਂ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ। ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। 1767 ਵਿੱਚ ਬਿਆਸ ਦਰਿਆ ਕੋਲ ਉਨ੍ਹਾਂ ਦੀ ਲੜਾਈ ਅਹਿਮਦਸ਼ਾਹ ਅਬਦਾਲੀ ਨਾਲ ਹੋਈ। ਉਨ੍ਹਾਂ ਨੇ ਇੰਨੀ ਬਹਾਦਰੀ ਨਾਲ ਟਾਕਰਾ ਕੀਤਾ ਕਿ ਅਬਦਾਲੀ ਨੂੰ ਪਿੱਛੇ ਹਟਣਾ ਪਿਆ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ।

ਇਸ ਮਹਾਨ ਜਰਨੈਲ ਨੇ 14 ਸਾਲ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿੱਚ ਪੰਜਾਬੀਆਂ ਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪਣੇ ਆਖ਼ਰੀ ਸਮੇਂ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਉ¤ਤੇ ਕਬਜ਼ਾ ਕਰਨ ਵਿੱਚ ਮਦਦ ਕੀਤੀ ਅਤੇ ਪੰਜਾਬ ਵਿੱਚ ਖ਼ਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਇਹ ਮਹਾਨ ਯੋਧਾ ਸੱਚਾ-ਸੁੱਚਾ, ਦੇਸ਼ ਭਗਤੀ ਦਾ ਜੀਵਨ ਬਤੀਤ ਕਰ ਕੇ 1803 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।