ਤੇਲ ਦੀਆਂ ਕੀਮਤਾਂ ਮੁੜ ਵਧਾਉਣ ਲਈ ਰੂਸ ਅਤੇ ਸਾਊਦੀ ਅਰਬ ਨੇ ਕੀਤਾ ਸਮਝੌਤਾ

ਤੇਲ ਦੀਆਂ ਕੀਮਤਾਂ ਮੁੜ ਵਧਾਉਣ ਲਈ ਰੂਸ ਅਤੇ ਸਾਊਦੀ ਅਰਬ ਨੇ ਕੀਤਾ ਸਮਝੌਤਾ

ਤੇਲ ਉਤਪਾਦਕ ਦੇਸ਼ਾਂ ਦੇ ਵੱਡੇ ਸਮੂਹ ਓਪੇਕ (ਆਰਗੇਨਾਈਜ਼ੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼) ਅਤੇ ਰੂਸ ਦਰਮਿਆਨ ਤੇਲ ਉਤਪਾਦਨ ਵਿਚ ਕਟੌਤੀ ਸਬੰਧੀ ਅਹਿਮ ਸਮਝੌਤਾ ਸਿਰੇ ਚੜ੍ਹ ਗਿਆ ਹੈ। ਕੋਰੋਨਾਵਾਇਰਸ ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਕਰਕੇ ਤੇਲ ਦੀ ਖਪਤ ਘਟਣ ਨਾਲ ਅਤੇ ਇਹਨਾਂ ਦੋਵਾਂ ਧਿਰਾਂ ਦਰਮਿਆਨ ਤੇਲ ਵਪਾਰ ਵਿਚ ਹਿੱਸੇਦਾਰੀ ਨੂੰ ਲੈ ਕੇ ਚੱਲ ਰਹੇ ਖਿੱਚੋਤਾਣ ਕਰਕੇ ਪਿਛਲੇ ਮਹੀਨੇ 'ਚ ਤੇਲ ਦੀਆਂ ਕੀਮਤਾਂ 18 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈਆਂ ਸਨ। ਇਸ ਕਾਰਨ ਤੇਲ ਉਤਪਾਦਨ 'ਤੇ ਟਿਕੀ ਇਰਾਕ ਵਰਗੇ ਦੇਸ਼ਾਂ ਦੀ ਆਰਥਿਕਤਾ ਖਤਰੇ ਵਿਚ ਸੀ।

ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਗੱਲਬਾਤ ਵਿਚ ਮਈ ਅਤੇ ਜੂਨ ਮਹੀਨੇ ਵਿਚ 10 ਮਿਲੀਅਨ ਬੈਰਲ ਪ੍ਰਤੀ ਦਿਨ ਤਕ ਉਤਪਾਦਨ ਘਟਾਉਣ ਦਾ ਸਮਝੌਤਾ ਕੀਤਾ ਗਿਆ ਹੈ। ਇਸ ਕਟੌਤੀ ਨੂੰ ਅਪ੍ਰੈਲ 2022 ਤਕ ਹੌਲੀ ਹੌਲੀ ਘੱਟ ਕੀਤਾ ਜਾਵੇਗਾ। ਇਹ ਫੈਂਸਲਾ ਤੇਲ ਦੀਆਂ ਕੀਮਤਾਂ ਨੂੰ ਮੁੜ ਵਧਾਉਣ ਲਈ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਲੜਾਈ ਵਿਚ ਮੁੱਖ ਧਿਰਾਂ ਸਾਊਦੀ ਅਰਬ ਅਤੇ ਰੂਸ ਸਨ।

ਮਾਰਚ ਮਹੀਨੇ ਤੋਂ ਇਹਨਾਂ ਦੋਵਾਂ ਦੇਸ਼ਾਂ ਦੀ ਆਪਸੀ ਲੜਾਈ ਕਰਕੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਸਨ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਦ ਟਰੰਪ ਵੱਲੋਂ ਸਾਊਦੀ ਅਰਬ ਅਤੇ ਰੂਸ ਦਰਮਿਆਨ ਕੁੱਝ ਦਿਨਾਂ ਵਿਚ ਸਮਝੌਤਾ ਸਿਰੇ ਚੜ੍ਹਨ ਦੇ ਬਿਆਨ ਮਗਰੋਂ ਕੀਮਤਾਂ ਵਿਚ 20 ਫੀਸਦੀ ਵਾਧਾ ਹੋਇਆ ਸੀ। ਡੋਨਲਾਡ ਟਰੰਪ ਨੇ ਸਾਊਦੀ ਅਰਬ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਤੇਲ ਉਤਪਾਦਨ ਨੂੰ ਘੱਟ ਨਹੀਂ ਕਰੇਗਾ ਤਾਂ ਅਮਰੀਕਾ ਉਸ 'ਤੇ ਪਾਬੰਦੀਆਂ ਲਾਵੇਗਾ। 

ਹੁਣ ਸ਼ੁਕਰਵਾਰ ਨੂੰ ਜੀ20 ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ ਸਾਊਦੀ ਅਰਬ ਕਰੇਗਾ। ਇਸ ਬੈਠਕ ਵਿਚ ਓਪੇਕ ਸਮੂਹ ਅਤੇ ਰੂਸ ਤੋਂ ਇਲਾਵਾ ਬਾਕੀ ਤੇਲ ਉਤਪਾਦਕ ਦੇਸ਼ਾਂ ਨੂੰ ਵੀ ਉਤਪਾਦਨ ਵਿਚ ਕਟੌਤੀ ਕਰਨ ਲਈ ਮਨਾਉਣ ਦੀ ਕੋਸ਼ਿਸ਼ ਹੋਵੇਗੀ। ਦੱਸ ਦਈਏ ਕਿ ਅਮਰੀਕਾ ਨੇ ਫਿਲਹਾਲ ਕਿਸੇ ਕਟੌਤੀ ਲਈ ਹਾਮੀ ਨਹੀਂ ਭਰੀ ਹੈ। 

ਓਪੇਕ 14 ਦੇਸ਼ਾਂ ਦਾ ਸਮੂਹ ਹੈ ਜਿਸ ਵਿਚ ਇਰਾਨ, ਇਰਾਕ, ਸਾਊਦੀ ਅਰਬ, ਅਲਜੀਰੀਆ, ਐਂਗੋਲਾ, ਇਕੁਟੋਰੀਅਲ ਗੁਈਨੀਆ, ਗੈਬਨ, ਕੁਵੈਤ, ਲੀਬੀਆ, ਨਾਈਜੀਰੀਆ, ਰਿਪਬਲਿਕ ਆਫ ਕੋਂਗੋ, ਯੂਏਈ ਅਤੇ ਵੈਨੇਜ਼ੁਏਲਾ ਸ਼ਾਮਲ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।