ਕੈਨੇਡਾ ਤੋਂ ਆਈ ਸੰਗਤ ਦੀ ਬੱਸ ਖਡੂਰ ਸਾਹਿਬ ਪੁੱਜੀ; ਅਮਨ-ਅਮਾਨ ਦਾ ਦਿੱਤਾ ਸੁਨੇਹਾ

ਕੈਨੇਡਾ ਤੋਂ ਆਈ ਸੰਗਤ ਦੀ ਬੱਸ ਖਡੂਰ ਸਾਹਿਬ ਪੁੱਜੀ; ਅਮਨ-ਅਮਾਨ ਦਾ ਦਿੱਤਾ ਸੁਨੇਹਾ

ਖਡੂਰ ਸਾਹਿਬ: ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੀ ਅਗਵਾਈ ਵਿਚ ‘ਜਰਨੀ ਟੂ ਕਰਤਾਰਪੁਰ‘ ਨਾਂ ਦੀ ਬੱਸ ਪੰਦਰਾਂ ਮੁਲਕਾਂ ਵਿਚੋਂ ਹੁੰਦੀ ਹੋਈ ਇਥੇ ਖਡੂਰ ਸਾਹਿਬ ਵਿਖੇ ਪਹੁੰਚੀ। ਅੱਧ-ਪਚੱਧ ਥਲੀ ਅਤੇ ਬਾਕੀ ਸਮੁੰਦਰੀ ਜਹਾਜ ਰਾਹੀਂ ਪੈਂਡਾ ਤਹਿ ਕਰਦੀ ਹੋਈ ਇਹ ਬੱਸ ਇਕ ਦਰਜਨ ਤੋਂ ਵੱਧ ਸੰਗਤਾਂ ਨੂੰ ਲੈ ਕੇ ਕਰਤਾਰ (ਪਾਕਿਸਤਾਨ) ਪੁੱਜੀ ਅਤੇ ਬਾਅਦ ਵਿਚ ਵਾਹਗਾ ਸਰਹੱਦ ਰਾਹੀਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਮਾਹਰਾਜ ਦੇ ਦਰਸ਼ਨ ਲਈ ਆਈ।ਇਸ ਦੌਰਾਨ ਬੱਸ ਵਲੋਂ ਥਲੀ ਰੂਟ ‘ਤੇ 21000 ਕਿਲੋਮੀਟਰ ਦਾ ਪੈਂਡਾ ਤਹਿ ਕੀਤਾ ਗਿਆ।

ਇਹ ਬੱਸ ਅੱਜ ਇਥੇ ਖਡੂਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਚਲ ਰਹੇ ਨਿਸ਼ਾਨੇ ਸਿ¤ਖੀ ਇੰਸਟੀਚਿਊਟ ਵਿਖੇ ਵੀ ਪਹੁੰਚੀ ਅਤੇ ਸੰਗਤਾਂ ਦੇ ਜਥੇ ਦੀ ਅਗਵਾਈ ਕਰ ਰਹੇ ਗੁਰਚਰਨ ਸਿੰਘ ਬਨਵੈਤ ਨੇ ਐਨ.ਡੀ.ਏ ਦੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਕਿਹਾ ਕਿ ਗੁਰੂ ਮਾਹਾਰਾਜ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿਚ ਅਸੀਂ ਸਾਰੇ ਰਸਤੇ ਅਮਨ ਦਾ ਨਾਹਰਾ ਲਾਉਂਦੇ ਆਏ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਹੋਣ ਸਦਕੇ ਕਿਸੇ ਵੀ ਮੁਲਕ ਨੇ ਸਾਨੂੰ ਆਪਣੇ ਬਾਰਡਰ ‘ਤੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ-ਅਮਾਨ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਹੋਰ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਉਮੱਤ ਦੋਨਾ ਮੁਲਕਾਂ ਵਿਚਾਲੇ ਪਾਟੀ ਹੋਈ ਚਾਦਰ ਨੂੰ ਮੁੜ ਸੀਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਇਕ ਹੋਰ ਆਗੂ ਸ.ਦਲਜੀਤ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਲਈ ਅਸੀਂ ਇਕ ਸਾਲ ਪਹਿਲਾਂ ਤੋਂ ਤਿਆਰੀ ਕਰ ਰਹੇ ਸਾਂ। ਸਾਡੀ ਸੰਸਥਾ ਵਿਚ ਪਾਕਿਸਤਾਨੀ ਮੂਲ ਦਾ ਮੁਸਲਮਾਨ ਅਮੀਰ ਖਾਨ ਵੀ ਭਾਈਵਾਲ ਹੈ। ਇਸ ਯਾਤਰਾ ‘ਤੇ ਤਕਰੀਬਨ ਅਧਾ ਮਿਲੀਅਨ ਡਾਲਰ ਖਰਚ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਸਾਡਾ ਅਮਨ ਦਾ ਸੁਨੇਹਾ ਸਾਰੀ ਦੁਨੀਆ ਵਿਚ ਗਿਆ ਹੈ ਅਤੇ ਅਸੀਂ ਇਸ ਨੂੰ ਬੇਹੱਦ ਸਫਲ ਯਾਤਰਾ ਮੰਨਦੇ ਹਾਂ।

ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਬਰੇਗੇਡੀਅਰ ਜੀ ਐਸ ਰੰਧਾਵਾ ਨੇ ਇਕ ਡਾਕੂਮੈਂਟਰੀ ਫਿਲਮ ਰਾਹੀਂ ਸੰਗਤਾਂ ਨੂੰ ਐਨ.ਡੀ.ਏ ਅਕੈਡਮੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਇਸ ਮੌਕੇ ਬਾਬਾ ਬਲਦੇਵ ਸਿੰਘ ਅਤੇ ਬਾਬਾ ਗੁਰਪ੍ਰੀਤ ਸਿੰਘ ਤੋਂ ਇਲਾਵਾ ਕੈਰੀਅਰ ਐਂਡ ਕੋਰਸਿਜ਼ ਦੇ ਪ੍ਰਿੰਸੀਪਲ ਸ.ਬਲਦੇਵ ਸਿੰਘ ਸੰਧੂ, ਰਿਲੀਜੀਅਸ ਸਟਡੀਜ਼ ਦੇ ਪ੍ਰਿੰਸੀਪਲ ਭਾਈ ਵਰਿਆਮ ਸਿੰਘ, ਵਿਕਰਮਜੀਤ ਸਿੰਘ, ਐਨ ਡੀ ਏ ਦੇ ਉਪ ਮੁਖੀ ਕਰਨਲ ਜਸਵਿੰਦਰ ਸਿੰਘ ਤੋਂ ਇਲਾਵਾ ਐਨ ਡੀ ਏ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।