ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ

ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ
ਦਲਬੀਰ ਸਿੰਘ ਢਿਲਵਾਂ

ਗੁਰਦਾਸਪੁਰ: ਢਿਲਵਾਂ ਨਾਲ ਸਬੰਧਿਤ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਨੂੰ ਬੀਤੀ ਰਾਤ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਰਾਤ 9 ਵਜੇ ਦੇ ਕਰੀਬ ਜਦੋਂ ਦਲਬੀਰ ਸਿੰਘ ਰੋਜ਼ਾਨਾ ਵਾਂਗ ਰੋਟੀ ਖਾ ਕੇ ਆਪਣੇ ਭਰਾ ਅਤੇ ਪੁੱਤਰ ਸਮੇਤ ਘਰ ਬਾਹਰ ਸੈਰ ਕਰਨ ਗਏ ਤਾਂ ਉਹਨਾਂ 'ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵੱਲੋਂ ਢਿਲਵਾਂ ਦੇ ਗੋਲੀਆਂ ਮਾਰੀਆਂ ਗਈ ਜਿਹਨਾਂ ਨੂੰ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿੱਚ ਪਹੁੰਚਾਇਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ। ਕਾਤਲਾਂ ਵੱਲੋਂ ਗੋਲੀਆਂ ਮਾਰਨ ਮਗਰੋਂ ਢਿਲ਼ਵਾਂ ਦੀਆਂ ਲੱਤਾਂ ਵੀ ਵੱਢ ਦਿੱਤੀਆਂ ਗਈਆਂ ਸੀ। 

ਦਿਲਬੀਰ ਸਿੰਘ ਢਿਲਵਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਗਰਮ ਆਗੂ ਸਨ ਅਤੇ ਉਹ ਪਾਰਟੀ ਵਿੱਚ ਕਈ ਅਹਿਮ ਅਹੁਦਿਆਂ 'ਤੇ ਰਹੇ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਕਤਲ ਮਾਮਲੇ 'ਚ ਪੁਲਿਸ ਨੇ ਬਟਾਲਾ ਅਧੀਨ ਪੈਂਦੇ ਕੋਟਲੀ ਸੁਰਤ ਮੱਲ੍ਹੀ ਥਾਣੇ 'ਚ ਧਾਰਾ 302 ਅਤੇ ਹੋਰ ਧਾਰਾਵਾਂ ਅਧੀਨ ਬਲਵਿੰਦਰ ਸਿੰਘ, ਮੇਜਰ ਸਿੰਘ ਅਤੇ ਮਨਦੀਪ ਸਿੰਘ ਸਮੇਤ 4 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਮਾਝਾ ਨੌਜਵਾਨ ਇਕਾਈ ਦੇ ਮੁਖੀ ਰਵੀ ਕਰਨ ਕਾਹਲੋਂ ਨੇ ਇਸ ਕਤਲ ਪਿੱਛੇ ਕਾਂਗਰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ।

ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਅਤੇ ਸਰਪੰਚ ਦਲਬੀਰ ਸਿੰਘ ਢਿਲਵਾਂ ਦਰਮਿਆਨ ਇੱਕ ਕਾਮੇ ਨੂੰ ਲੈ ਕੇ ਦੁਪਹਿਰ ਵੇਲੇ ਲੜਾਈ ਹੋਈ ਸੀ। ਇਸ ਤੋਂ ਬਾਅਦ ਕੁੱਝ ਪਿੰਡ ਦੇ ਲੋਕਾਂ ਦੇ ਵਿਚ ਪੈਣ ਨਾਲ ਸਮਝੌਤਾ ਹੋ ਗਿਆ ਸੀ। ਪਰ ਸ਼ਾਮ ਨੂੰ ਦੋਸ਼ੀ ਨੇ ਢਿਲ਼ਵਾਂ ਦਾ ਕਤਲ ਕਰ ਦਿੱਤਾ।

ਐਸਐਸਪੀ ਨੇ ਕਿਹਾ ਕਿ ਕਤਲ ਕਰਨ ਮਗਰੋਂ ਹਮਲਾਵਰਾਂ ਨੇ ਢਿਲਵਾਂ ਦੀਆਂ ਲੱਤਾਂ ਵੱਢੀਆਂ। ਐਸਐਸਪੀ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।