ਨੇਪਾਲੀ ਜ਼ਮੀਨ 'ਤੇ ਭਾਰਤੀ ਕਬਜ਼ੇ ਖਿਲਾਫ ਵਿਰੋਧ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨੇ ਭਾਰਤੀ ਫੌਜ ਕੱਢਣ ਲਈ ਕਿਹਾ

ਨੇਪਾਲੀ ਜ਼ਮੀਨ 'ਤੇ ਭਾਰਤੀ ਕਬਜ਼ੇ ਖਿਲਾਫ ਵਿਰੋਧ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨੇ ਭਾਰਤੀ ਫੌਜ ਕੱਢਣ ਲਈ ਕਿਹਾ
ਨੇਪਾਲ ਵਿੱਚ ਵਿਰੋਧ ਪ੍ਰਦਰਸ਼ਨ ਦੀ ਤਸਵੀਰ

ਚੰਡੀਗੜ੍ਹ: ਨੇਪਾਲ ਦੇ ਪੱਛਮੀ ਖਿੱਤੇ ਵਿੱਚ ਸਥਿਤ ਕਾਲਾਪਾਣੀ ਨਾਮੀਂ ਥਾਂ 'ਤੇ ਭਾਰਤੀ ਕਬਜ਼ੇ ਖਿਲਾਫ ਨੇਪਾਲ ਵਿੱਚ ਰੋਸ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਭਾਰਤ ਨੂੰ ਕਾਲਾਪਾਣੀ ਖੇਤਰ 'ਚੋਂ ਆਪਣੇ ਸੁਰੱਖਿਆ ਦਸਤੇ ਬਾਹਰ ਕੱਢਣ ਲਈ ਕਿਹਾ ਹੈ।

ਦਰਅਸਲ ਇਹ ਵਿਵਾਦ ਭਾਰਤ ਵੱਲੋਂ ਜੰਮੂ ਕਸ਼ਮੀਰ ਦੀ ਪ੍ਰਬੰਧਕੀ ਤੋੜਭੰਨ ਮਗਰੋਂ ਜਾਰੀ ਕੀਤੇ ਨਵੇਂ ਨਕਸ਼ੇ ਨਾਲ ਸ਼ੁਰੂ ਹੋਇਆ ਜਿਸ ਵਿੱਚ ਕਾਲੇਪਾਣੀ ਦੇ ਖਿੱਤੇ ਨੂੰ ਭਾਰਤ ਨੇ ਆਪਣੇ ਪ੍ਰਬੰਧ ਹੇਠਲੇ ਉਤਰਾਂਚਲ ਸੂਬੇ ਦੀ ਹੱਦ ਅੰਦਰ ਦਿਖਾਇਆ। ਇਹ ਨਕਸ਼ਾ ਜਾਰੀ ਹੋਣ ਤੋਂ ਬਾਅਦ ਨੇਪਾਲ ਵਿੱਚ ਲੋਕ ਇਸ ਵਿਰੁੱਧ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਨਿੱਕਲੇ। 


ਭਾਰਤ ਵੱਲੋਂ ਜਾਰੀ ਕੀਤੇ ਨਵੇਂ ਨਕਸ਼ੇ ਦੀ ਤਸਵੀਰ

ਬੀਤੇ ਕੱਲ੍ਹ ਨੇਪਾਲ ਦੀ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੀ ਨੌਜਵਾਨ ਇਕਾਈ ਵੱਲੋਂ ਕਰਵਾਏ ਇੱਕ ਪ੍ਰੋਗਰਾਮ 'ਚ ਬੋਲਦਿਆਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੇ ਕਿਹਾ ਕਿ ਉਹ ਨੇਪਾਲ ਦੀ ਇੱਕ ਇੰਚ ਜ਼ਮੀਨ 'ਤੇ ਵੀ ਕਿਸੇ ਹੋਰ ਦੇਸ਼ ਦਾ ਕਬਜ਼ਾ ਨਹੀਂ ਹੋਣ ਦੇਣਗੇ ਤੇ ਭਾਰਤ ਕਾਲਾਪਾਣੀ ਖੇਤਰ ’ਚੋਂ ਆਪਣੇ ਸੁਰੱਖਿਆ ਦਸਤੇ ਬਾਹਰ ਕੱਢੇ। 

ਇਸ ਤੋਂ ਪਹਿਲਾਂ ਨੇਪਾਲ ਸਰਕਾਰ ਨੇ 6 ਨਵੰਬਰ ਨੂੰ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਹਦੇ ਧਿਆਨ ਵਿੱਚ ਆਇਆ ਹੈ ਕਿ ਭਾਰਤ ਦੇ ਇਸ ਨਵੇਂ ਨਕਸ਼ੇ ਵਿੱਚ ਕਾਲਾਪਾਣੀ ਖੇਤਰ ਨੂੰ ਆਪਣਾ ਹਿੱਸਾ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਸਰਕਾਰ ਕਾਲਾਪਾਣੀ ਖੇਤਰ ’ਚੋਂ ਭਾਰਤੀ ਫੌਜਾਂ ਨੂੰ ਲਾਂਭੇ ਕਰਨ ਦਾ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇਪਾਲੀ ਸਰਜ਼ਮੀਨ ਦੇ ਇਕ ਇੰਚ ’ਤੇ ਕਿਸੇ ਨੂੰ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਾਲਾਪਾਣੀ ਮੁੱਦੇ ਨੂੰ ਕੂਟਨੀਤੀ ਜ਼ਰੀਏ ਹੱਲ ਕਰਨਾ ਚਾਹੇਗੀ। ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।