ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਡਾਕ-ਘਰ ਦਾ ਨਾਂ ਰੱਖਣ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਡਾਕ-ਘਰ ਦਾ ਨਾਂ ਰੱਖਣ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼
ਸੰਦੀਪ ਸਿੰਘ ਧਾਲੀਵਾਲ

ਹਿਊਸਟਨ: ਅਮਰੀਕਾ ਦੇ ਸੂਬੇ ਹਿਊਸਟਨ ਵਿੱਚ ਡਿਊਟੀ 'ਤੇ ਤੈਨਾਤੀ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਖ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਇੱਕ ਡਾਕ-ਘਰ ਦਾ ਨਾਂ ਰੱਖਣ ਦਾ ਬਿੱਲ ਅਮਰੀਕੀ ਕਾਂਗਰਸ 'ਚ ਪੇਸ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਧਾਲੀਵਾਲ ਡਦਾ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫ਼ਿਕ ਸਟੌਪ ਉੱਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਮਰੀਕੀ ਲੋਕਾਂ ਪ੍ਰਤੀ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਕਾਂਗਰਸ ’ਚ ਇਹ ਬਿੱਲ ਖ਼ਾਸ ਤੌਰ ’ਤੇ ਲਿਆਂਦਾ ਗਿਆ ਹੈ। ਧਾਲੀਵਾਲ (42) ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਸ਼ੈਰਿਫ਼ ਸਨ। ਇੱਥੇ ਕਰੀਬ 10,000 ਸਿੱਖ ਰਹਿੰਦੇ ਹਨ। ਸੰਦੀਪ ਉਸ ਵੇਲੇ ਕੌਮੀ ਸੁਰਖ਼ੀ ਬਣ ਗਏ ਸਨ ਜਦ ਉਨ੍ਹਾਂ ਨੂੰ ਡਿਊਟੀ ਕਰਦਿਆਂ ਦਾੜ੍ਹੀ ਰੱਖਣ ਤੇ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਲਈ ਉਹਨਾਂ ਲੰਬਾ ਸਮਾਂ ਕਾਨੂੰਨੀ ਲੜਾਈ ਲੜੀ ਸੀ। 

ਕਾਂਗਰਸ ਮੈਂਬਰ ਲਿਜ਼ੀ ਫਲੈਚਰ ਨੇ ਬਿੱਲ ਪੇਸ਼ ਕਰਦਿਆਂ ਕਿਹਾ ‘ਡਿਪਟੀ ਧਾਲੀਵਾਲ ਨੇ ਸਾਡੇ ਸਮਾਜ ਦੀ ਬੇਹੱਦ ਸੁਚੱਜੇ ਢੰਗ ਨਾਲ ਨੁਮਾਇੰਦਗੀ ਕੀਤੀ, ਉਨ੍ਹਾਂ ਆਪਣੀਆਂ ਸੇਵਾਵਾਂ ਰਾਹੀਂ ਸਮਾਨਤਾ, ਤਾਲਮੇਲ ਤੇ ਭਾਈਚਾਰਕ ਸਾਂਝ ਲਈ ਸੰਘਰਸ਼ ਕੀਤਾ।’ ਪੇਸ਼ ਕੀਤੇ ਗਏ ਬਿੱਲ ’ਚ 315 ਐਡਿਕਸ ਹੌਵੈੱਲ ਰੋਡ ਦੇ ਡਾਕ ਘਰ ਦਾ ਨਾਂ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕ ਘਰ’ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਫਲੈਚਰ ਨੇ ਕਿਹਾ ਕਿ ਇਸ ਤਰ੍ਹਾਂ ਧਾਲੀਵਾਲ ਦੀਆਂ ਸੇਵਾਵਾਂ, ਸੰਘਰਸ਼ ਤੇ ਉਦਾਹਰਨ ਨੂੰ ਹਮੇਸ਼ਾ ਲਈ ਸੰਜੋ ਕੇ ਰੱਖਿਆ ਜਾ ਸਕੇਗਾ। 

ਉਨ੍ਹਾਂ ਆਸ ਪ੍ਰਗਟਾਈ ਕਿ ਇਸ ਬਿੱਲ ਨੂੰ ਟੈਕਸਸ ਦੇ ਉਨ੍ਹਾਂ ਦੇ ਸਹਿਯੋਗੀ ਮੈਂਬਰ ਜਲਦੀ ਪਾਸ ਕਰ ਦੇਣਗੇ। ਹੈਰਿਸ ਕਾਊਂਟੀ ਦੇ ਸ਼ੈਰਿਫ਼ ਨੇ ਫਲੈਚਰ ਦਾ ਧੰਨਵਾਦ ਕੀਤਾ ਹੈ। ਪਿਛਲੇ ਮਹੀਨੇ ਹਿਊਸਟਨ ਪੁਲੀਸ ਵਿਭਾਗ ਨੇ ਸੰਦੀਪ ਸਿੰਘ ਧਾਲੀਵਾਲ ਦੀ ਕੁਰਬਾਨੀ ਦਾ ਸਨਮਾਨ ਕਰਦਿਆਂ ਆਪਣੇ ਅਫਸਰਾਂ ਨੂੰ ਡਿਊਟੀ ਵੇਲੇ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।