ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਪੰਜਾਬ ਤੋਂ ਸ਼੍ਰੀਨਗਰ ਜਾਣਗੇ ਸਿੱਖਾਂ ਦੇ ਕਾਫਲੇ

ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਪੰਜਾਬ ਤੋਂ ਸ਼੍ਰੀਨਗਰ ਜਾਣਗੇ ਸਿੱਖਾਂ ਦੇ ਕਾਫਲੇ
ਕਸ਼ਮੀਰੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਸਿੱਖ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ

ਅੰਮ੍ਰਿਤਸਰ: ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 10 ਦਸੰਬਰ ਨੂੰ ਕਸ਼ਮੀਰ ਅੰਦਰ ਹੋ ਰਹੇ ਘੋਰ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਰੋਹ-ਭਰਪੂਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਕਾਰਕੁਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਜਥਿਆਂ ਦੇ ਰੂਪ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ 09 ਦਸੰਬਰ ਨੂੰ ਕਸ਼ਮੀਰ ਵੱਲ ਚਾਲੇ ਪਾਉਣਗੇ ਅਤੇ 10 ਦਸੰਬਰ ਨੂੰ ਸ਼੍ਰੀਨਗਰ ਪਹੁੰਚਕੇ ਕਸ਼ਮੀਰੀ ਲੋਕਾਂ ਦੇ ਦੱਬੇ ਜਾ ਰਹੇ ਹੱਕ-ਹਕੂਕ ਵਿਰੁੱਧ ਪ੍ਰਦਰਸ਼ਨ ਕਰਨਗੇ। ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰੈਣ ਸਿੰਘ ਚੌੜਾ ਵੀ ਮਾਰਚ ਵਿੱਚ ਸ਼ਾਮਲ ਹੋਣਗੇ।

ਪਤਰਕਾਰਾਂ ਵਲੋਂ ਕਸ਼ਮੀਰ ਨਾ ਜਾਣ ਦੇਣ ਤੇ ਪੁੱਛੇ ਸਵਾਲ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਦਰ ਸਰਕਾਰ ਨੇ ਕਰਨਾ ਹੈ ਪਰ ਉਹ ਕਸ਼ਮੀਰ ਜਰੂਰ ਜਾਣਗੇ ਅਤੇ ਜੇਕਰ ਰਸਤੇ ਵਿੱਚ ਜਾਂ ਉਥੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਹ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ।

ਕਸ਼ਮੀਰ ਜਾਣ ਦੇ ਆਪਣੀਆਂ ਪਾਰਟੀਆਂ ਦੇ ਫੈਸਲੇ ਦਾ ਖੁਲਾਸਾ ਕਰਦਿਆ ਉਹਨਾਂ ਕਿਹਾ ਕਿ ਭਾਰਤ ਦੀ ਫਾਸੀਵਾਦੀ ਸਰਕਾਰ ਨੇ ਕਸ਼ਮੀਰ ਨੂੰ ਖੁੱਲੀ ਜੇਲ ਵਿੱਚ ਤਬਦੀਲ ਕਰ ਰਖਿਆ ਹੈ। ਉਹਨਾਂ ਕਿਹਾ ਉਥੋਂ ਦੇ ਲੋਕਾਂ ਨੂੰ ਕੈਦੀ ਬਣਾ ਕੇ ਰਖਿਆ ਹੋਇਆ ਹੈ ਅਤੇ ਔਰਤਾਂ ਅਤੇ ਬੱਚੇ ਸਹਿਮ ਵਿੱਚ ਜੀਅ ਰਹੇ ਹਨ ।

ਕਸ਼ਮੀਰ ਦੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਹੋ ਰਹੀ ਦੁਰਦਸ਼ਾ ਉੱਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਲ 2019 ਵਿੱਚ ਮੋਦੀ ਸਰਕਾਰ ਅਧੀਨ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਸ਼ਮੀਰ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੇ ਗੁਆਂਢੀ ਹੋਣ ਦੇ ਨਾਤੇ ਪੰਜਾਬ ਦੇ ਸਿੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਬਦ-ਤੋਂ-ਬਦਤਰ ਹੋਈ ਸਥਿਤੀ ਦਾ ਵਿਰੋਧ ਕਰਨ ਅਤੇ ਕਸ਼ਮੀਰੀਆਂ ਦੇ ਕੁਚਲੇ ਜਾ ਰਹੇ ਹੱਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।

ਦਲ ਖ਼ਾਲਸਾ ਨੇ ਦੁਨੀਆਂ ਭਰ ਅੰਦਰ ਮਨੁੱਖੀ ਅਧਿਕਾਰ ਦਿਵਸ ਮਨਾ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਵਾਰ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਆਪਣੀ ਆਵਾਜ਼ ਅਸਰਦਾਰ ਢੰਗ ਨਾਲ ਬੁਲੰਦ ਕਰਨ ਤਾਂ ਜੋ ਦਿੱਲੀ ਦੇ ਕੰਨ੍ਹਾਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸੰਸਥਾਵਾਂ ਕਸ਼ਮੀਰ ਦੇ ਮੁੱਦੇ ਉੱਤੇ ਸਿਰਫ ਬਿਆਨਬਾਜ਼ੀ ਕਰ ਰਹੀਆਂ ਹਨ ਜਦਕਿ ਕਸ਼ਮੀਰ ਤੇ ਦੱਬੇ-ਕੁਚਲੇ ਲੋਕਾਂ ਨੂੰ ਅੰਤਰਰਾਸ਼ਟਰੀ ਆਵਾਜ਼ ਦੇ ਨਾਲ-ਨਾਲ ਸਹਾਇਤਾ ਦੀ ਵੀ ਜ਼ਰੂਰਤ ਹੈ।

ਇਸ ਦੇ ਨਾਮ-ਨਾਲ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖ਼ਾਲਸਾ ਜਿੱਥੇ ਬਹਿਬਲ ਕਲਾਂ ਗੋਲੀ ਕਾਂਡ, ਮੌੜ ਬੰਬ ਧਮਾਕੇ ਅਤੇ ਬਰਗਾੜੀ ਦੇ ਕੇਸਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰੇਗਾ ਉੱਥੇ ਹੀ ਪੁਲਿਸ ਹਿਰਾਸਤ ਅੰਦਰ ਹੋ ਰਹੇ ਅੱਤਿਆਚਾਰਾਂ, ਨਾਜਾਇਜ਼ ਹਿਰਾਸਤ, 124-ਏ, ਯੂ.ਏ.ਪੀ.ਏ. ਜਿਹੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਰਵਾਇਤਾਂ ਦਾ ਵੀ ਵਿਰੋਧ ਕਰੇਗਾ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਤੋਂ ਭਾਜਪਾ ਸਰਕਾਰ ਦੇ ਗ੍ਰੀਹ ਮੰਤਰੀ ਅਮਿਤ ਸ਼ਾਹ ਵੱਲੋਂ ਮੁੱਕਰ ਜਾਣ ਉੱਤੇ ਸਖਤ ਟਿਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਮੌਕੇ ਸਿੱਖ ਕੈਦੀਆਂ ਨਾਲ ਧੋਖਾਧੜੀ ਦੀ ਖੇਡ ਖੇਡੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਆਗੂ ਸਿੱਖਾਂ ਨਾਲ ਧੋਖਾ ਕਰਨ ਵਿੱਚ ਮਾਹਿਰ ਹਨ ਅਤੇ ਅਕਾਲੀ ਲੀਡਰਸ਼ਿਪ ਧੋਖੇ ਖਾਣ ਅਤੇ ਬੇਇਜਤੀ ਕਰਵਾਉਣ ਦੀ ਆਦੀ ਹੋ ਚੁੱਕੀ ਹੈ। ਉਹਨਾਂ ਪਤਰਕਾਰਾਂ ਦੇ ਸਵਾਲਾਂ ਦੇ ਜੁਆਬ ਵਿੱਚ ਕਿਹਾ ਕਿ ਸਿੱਖ ਰਾਜਨੀਤਿਕ ਨਜ਼ਰਬੰਦਾਂ ਦੀਆਂ ਸੰਭਾਵਿਤ ਰਿਹਾਈਆਂ ਦੇ ਸਬੰਧ ਵਿੱਚ ਮੀਡੀਆ ਵੀ ਫੇਕ ਨਿਊਣ ਚਲਾਉਣ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਡਿਪਟੀ ਸੈਕਟਰੀ ਦੇ ਦਸਤਖਤ ਹੇਠ ਜੋ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਤਬਦੀਲ ਕਰਨ ਦੀ ਪੁਸ਼ਟੀ ਸੀ, ਜੇਕਰ ਉਹ ਚਿੱਠੀ ਝੂਠੀ ਸੀ ਤਾਂ ਹੁਣ ਤੱਕ ਉਸ ਅਫਸਰ ਨੂੰ ਸਸਪੈਂਡ ਕਿਊਂ ਨਹੀ ਕੀਤਾ ਗਿਆ ਅਤੇ ਜੇਕਰ ਚਿੱਠੀ ਸੱਚੀ ਹੈ ਤਾਂ ਫਿਰ ਅਮਿਤ ਸ਼ਾਹ ਦੱਸਣ ਕੇ ੳੇਹਨਾਂ ਲੋਕ ਸਭਾ ਵਿੱਚ ਝੂਠ ਕਿਊਂ ਬੋਲਿਆ। 

ਉਹਨਾਂ ਕਿਹਾ ਕਿ ਅਜੇ ਤੱਕ ਇਹ ਹੀ ਸਪਸ਼ਟ ਨਹੀ ਕਿ ਰਾਸ਼ਟਰਪਤੀ ਨੇ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਰੱਦ ਕਰਨ ਦੀ ਫਾਈਲ 'ਤੇ ਦਸਖਤ ਕੀਤੇ ਹਨ ਜਾਂ ਨਹੀਂ ਪਰ ਸਰਕਾਰ ਦੀ ਚਿੱਠੀ ਅਤੇ ਅਮਿਤ ਸ਼ਾਹ ਦੇ ਬਿਆਨ ਨੇ ਰਿਹਾਈਆਂ ਦਾ ਮਾਮਲਾ ਹੋਰ ਪੇਚੀਦਾ ਕਰ ਦਿੱਤਾ ਹੈ। 

ਇਸ ਮੌਕੇ ਦਲ ਖ਼ਾਲਸਾ ਦੇ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ਼ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵੀ ਹਾਜ਼ਰ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।