ਸੰਦੀਪ ਸਿੰਘ ਧਾਲੀਵਾਲ ਲਈ ਲੋਕ ਬੋਲੇ, "ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹੋਗੇ" (ਖਾਸ ਰਿਪੋਰਟ)

ਸੰਦੀਪ ਸਿੰਘ ਧਾਲੀਵਾਲ ਲਈ ਲੋਕ ਬੋਲੇ,

ਹਿਊਸਟਨ: ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਪੁਲਿਸ ਵਿਭਾਗ ਵਿੱਚ ਡਿਪਟੀ ਦੇ ਅਹੁਦੇ 'ਤੇ ਤੈਨਾਤ ਸੰਦੀਪ ਸਿੰਘ ਧਾਲੀਵਾਲ ਦੀ ਬੀਤੇ ਦਿਨੀਂ ਡਿਊਟੀ ਦੌਰਾਨ ਇੱਕ ਵਿਅਕਤੀ ਵੱਲੋਂ ਗੋਲੀ ਮਾਰਨ ਨਾਲ ਹੋਈ ਮੌਤ ਮਗਰੋਂ ਬੀਤੇ ਕੱਲ੍ਹ ਉਹਨਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਸੰਦੀਪ ਸਿੰਘ ਨੂੰ ਆਖਰੀ ਫਤਹਿ ਬੁਲਾਉਣ ਲਈ ਹਜ਼ਾਰਾਂ ਲੋਕ ਸ਼ਾਮਿਲ ਹੋਏ। ਇਹ ਲੋਕ ਹਿਊਸਟਨ ਦੇ ਵਾਸੀ ਵੱਖ-ਵੱਖ ਧਰਮਾਂ, ਜਾਤਾਂ, ਰੰਗਾਂ, ਨਸਲਾਂ ਅਤੇ ਕੰਮਾਂ ਨਾਲ ਸਬੰਧਿਤ ਸਨ ਜੋ ਸੰਦੀਪ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਕਰਕੇ ਉਸਨੂੰ ਪਿਆਰ ਕਰਦੇ ਹਨ।

ਸੰਦੀਪ ਸਿੰਘ ਧਾਲੀਵਾਲ ਸਿੱਖ ਕੌਮ ਦਾ ਮਾਣ ਹੈ
ਜਦੋਂ ਅਮਰੀਕਾ ਅੰਦਰ ਵਰਲਡ ਟਰੇਡ ਸੈਂਟਰ ਦੀ ਇਮਾਰਤ 'ਤੇ ਹਵਾਈ ਹਮਲੇ ਮਗਰੋਂ ਸਿੱਖਾਂ ਖਿਲਾਫ ਨਸਲਵਾਦ ਦੀ ਲਹਿਰ ਜ਼ੋਰ ਫੜ੍ਹ ਰਹੀ ਸੀ ਅਤੇ ਸਿੱਖਾਂ ਨੂੰ ਉਹਨਾਂ ਦੀ ਦਸਤਾਰ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਸੰਦੀਪ ਸਿੰਘ ਧਾਲੀਵਾਲ ਨੇ ਦਸਤਾਰ ਸਜਾ ਕੇ ਅਤੇ ਦਾਹੜਾ ਪ੍ਰਕਾਸ਼ ਕਰਕੇ ਪੁਲਿਸ ਮਹਿਕਮੇ ਵਿੱਚ ਨੌਕਰੀ ਕਰਨ ਲਈ ਇੱਕ ਲੰਬੀ ਕਾਨੂੰਨੀ ਲੜਾਈ ਲੜੀ ਅਤੇ ਦਸਤਾਰ ਸਮੇਤ ਨੌਕਰੀ ਕਰਨ ਦਾ ਹੱਕ ਬਹਾਲ ਕਰਵਾਇਆ। ਸੰਦੀਪ ਸਿੰਘ ਧਾਲੀਵਾਲ ਹੈਰਿਸ ਕਾਉਂਟੀ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਿਲ ਕਰਨ ਵਾਲਾ ਪਹਿਲਾ ਸਿੱਖ ਸੀ। 


ਸੰਦੀਪ ਸਿੰਘ ਧਾਲੀਵਾਲ ਦੀ ਪਤਨੀ ਨੂੰ ਸਨਮਾਨ ਦਿੰਦੇ ਹੋਏ ਅਫਸਰ

ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਬੀਤੇ ਸ਼ੁਕਰਵਾਰ ਡਿਊਟੀ ਦੌਰਾਨ ਇੱਕ ਸਿਰਫਿਰੇ ਨੇ ਪਿੱਠ ਪਿੱਛੋਂ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਟਰੈਫਿਕ ਸਟੋਪ 'ਤੇ ਗੱਡੀਆਂ ਦੀ ਜਾਂਚ ਕਰ ਰਹੇ ਸਨ।

ਸਿੱਖ ਪਰੰਪਰਾਵਾਂ ਮੁਤਾਬਿਕ ਕੀਤਾ ਗਿਆ ਅੰਤਿਮ ਸੰਸਕਾਰ
ਸਿੱਖ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਸੰਦੀਪ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਸਿੱਖ ਮਰਿਯਾਦਾ ਮੁਤਾਬਿਕ ਕੀਤਾ ਗਿਆ ਜਿਸ ਮੌਕੇ ਉਹਨਾਂ ਨੂੰ ਪੁਲਿਸ ਵਿਭਾਗ ਦੇ ਵਿਧਾਨ ਮੁਤਾਬਿਕ ਅਮਰੀਕਾ ਦੇ ਝੰਡੇ ਦੇ ਸਨਮਾਨ ਨਾਲ ਅਤੇ 21 ਫਾਇਰਾਂ ਦੇ ਸਲੂਟ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਹੈਲੀਕਾਪਟਰਾਂ ਵੱਲੋਂ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਉਡਾਣ ਭਰੀ ਗਈ ਅਤੇ ਪੁਲਿਸ ਬੈਂਡ ਵੱਲੋਂ ਧੁਨਾਂ ਨਾਲ ਉਹਨਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਗਿਆ। 

ਇਸ ਮੌਕੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ ਅਤੇ ਅੰਤਿਮ ਅਰਦਾਸ ਮਗਰੋਂ ਸੰਦੀਪ ਸਿੰਘ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਪੁਲਿਸ ਵਿਭਾਗ ਦੇ ਅਫਸਰਾਂ ਵੱਲੋਂ ਪੂਰੇ ਸਨਮਾਨ ਨਾਲ ਲਿਜਾਇਆ ਗਿਆ।

"ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ"
ਸ਼ਹਿਰ ਵਾਸੀਆਂ ਨੇ ਸੰਦੀਪ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਨੂੰ ਸਨਮਾਨ ਦਿੰਦਿਆਂ ਉਹਨਾਂ ਦੀ ਅੰਤਿਮ ਯਾਤਰਾ ਦੇ ਰਾਹ 'ਤੇ ਨੀਲੇ ਅਤੇ ਚਿੱਟੇ ਰੰਗ ਦੇ ਬੋਰਡਾਂ 'ਤੇ ਲਿਖਿਆ ਸੀ, "ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ" ਅਤੇ "ਡਿਪਟੀ ਧਾਲੀਵਾਲ ਦੀ ਮਿੱਠੀ ਯਾਦ ਵਿੱਚ"।

ਵੱਖ-ਵੱਖ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ
ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸੰਸਕਾਰ ਮੌਕੇ ਬੋਲਦਿਆਂ ਅਮਰੀਕਾ ਫੌਜ ਵਿੱਚ ਕੈਪਟਨ ਸਿੱਖ ਸਿਮਰਤਪਾਲ ਸਿੰਘ ਨੇ ਧਾਲੀਵਾਲ ਦੀ ਨਿਮਰਤਾ, ਦਲੇਰੀ ਅਤੇ ਚੜ੍ਹਦੀਕਲਾ ਵਾਲੇ ਸੁਭਾਅ ਦੀ ਤਰੀਫ ਕੀਤੀ। 


ਸੰਦੀਪ ਸਿੰਘ ਧਾਲੀਵਾਲ ਦੇ ਪਿਤਾ

ਉਹਨਾਂ ਕਿਹਾ, "ਸਾਡਾ ਸ਼ੇਰ ਭਾਵੇਂ ਸ਼ਰੀਰਕ ਰੂਪ ਵਿੱਚ ਸਾਡੇ ਕੋਲੋਂ ਚਲੇ ਗਿਆ ਹੈ ਪਰ ਉਸਦੀ ਨਿਰਸਵਾਰਥ ਸੇਵਾ ਅਤੇ ਅਣਥੱਕ ਮਿਹਨਤ ਨਾਲ ਤੋੜੀਆਂ ਰੋਕਾਂ ਦੀ ਕਹਾਣੀ ਹਮੇਸ਼ਾ ਸਾਡੇ ਕੋਲ ਜਿਉਂਦੀ ਰਹੇਗੀ।"

ਟੈਕਸਸ ਤੋਂ ਸੈਨੇਟਰ ਟੈਡ ਕਰੂਜ਼ ਨੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਸੰਬੋਧਨ ਹੁੰਦਿਆਂ ਕਿਹਾ, "ਅਸੀਂ ਤੁਹਾਡੇ ਪਿਤਾ ਵੱਲੋਂ ਕੀਤੀਆਂ ਸੇਵਾਵਾਂ, ਉਹਨਾਂ ਦੀ ਸ਼ਹਾਦਤ ਅਤੇ ਵਿਰਾਸਤ ਲਈ ਰਿਣੀ ਰਹਾਂਗੇ।"

ਪੁਲਿਸ ਕਮਿਸ਼ਨਰ ਐਡਰੀਅਨ ਗਰੇਸ਼ੀਆ ਨੇ ਕਿਹਾ ਕਿ ਸੰਦੀਪ ਸਿੰਘ ਨੇ ਆਪਣੀ ਜ਼ਿੰਦਗੀ ਅਸਲ ਵਿੱਚ ਰਾਜੇ ਵਾਂਗ ਬਤੀਤ ਕੀਤੀ। ਸੰਦੀਪ ਸਿੰਘ ਦੇ ਪਿਤਾ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, "ਬਾਬਾ. ਤੁਸੀਂ ਇੱਕ ਚੰਗੇ ਇਨਸਾਨ ਨੂੰ ਵੱਡਾ ਕੀਤਾ। ਤੁਸੀਂ ਉਸਦਾ ਪਾਲਣ ਪੋਸ਼ਣ ਮਹਾਨ ਦਿਲ ਨਾਲ ਕੀਤਾ।"

ਲੈਫਟਿਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਉਹ ਅਜਿਹੇ ਸਮਾਗਮਾਂ 'ਤੇ ਆਮ ਕਰਕੇ ਨਹੀਂ ਬੋਲਦੇ ਪਰ ਉਹਨਾਂ ਨੂੰ ਚੰਗਾ ਲੱਗਿਆ ਕਿ ਸੰਦੀਪ ਦੇ ਅੰਤਿਮ ਸੰਸਕਾਰ 'ਤੇ ਉਹਨਾਂ ਨੂੰ ਬੋਲਣ ਲਈ ਬੁਲਾਇਆ ਗਿਆ। ਉਹਨਾਂ ਕਿਹਾ, "ਉਹ ਆਪਣੀ ਇਸ ਜ਼ਿੰਦਗੀ ਵਿੱਚ ਬਹੁਤ ਲੋਕਾਂ ਨਾਲੋਂ ਵੱਧ ਕਰ ਗਿਆ ਜੋ 100 ਸਾਲਾਂ ਵਿੱਚ ਵੀ ਨਹੀਂ ਕਰ ਪਾਉਂਦੇ।"

ਹਿਊਸਟਨ ਸ਼ਹਿਰ ਦੇ ਮੇਅਰ ਟਰਨਰ ਨੇ ਕਿਹਾ, "ਉਹ ਚੰਗਿਆਈ ਦਾ ਦੂਤ ਸੀ ਤੇ ਜਿਸ ਢੰਗ ਨਾਲ ਉਸ ਦੀ ਮੌਤ ਹੋਈ ਉਹ ਉਸ ਚੰਗਿਆਈ ਨੂੰ ਮਿਟਾ ਨਹੀਂ ਸਕੇਗੀ।"

ਉਹਨਾਂ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਕਾਰਨ ਵਿਲੱਖਣਤਾਵਾਂ ਵਾਲੇ ਇਸ ਸ਼ਹਿਰ ਦੀ ਏਕਤਾ ਦੁਨੀਆ ਲਈ ਇੱਕ ਮਿਸਾਲ ਬਣੀ ਹੈ।

ਅਮਰੀਕਾ ਵਿੱਚ ਪਹਿਲੇ ਸਿੱਖ ਐਟੋਰਨੀ ਜਨਰਲ ਬਣੇ ਗੁਰਬੀਰ ਸਿੰਘ ਗਰੇਵਾਲ ਨੇੁ ਕਿਹਾ ਕਿ ਧਾਲੀਵਾਲ ਨੇ ਸਿੱਖਾਂ ਦੀ ਪੂਰੀ ਪੀੜੀ ਨੂੰ ਸਰਕਾਰੀ ਸੇਵਾਵਾਂ ਵਿੱਚ ਜਾਣ ਲਈ ਉਤਸ਼ਾਹਿਤ ਕੀਤਾ।