ਭਾਰਤੀ ਰਾਜਨੀਤਿਕ ਦਾਬੇ ਨੂੰ ਪ੍ਰਤੀਬਿੰਬਤ ਕਰਦਾ ਹੈ ਸੈਨ ਹੋਜੇ ਗੁਰੁਦਾਆਰਾ ਸਾਹਿਬ ਦਾ ਤਾਜ਼ਾ ਫੁਰਮਾਨ

ਭਾਰਤੀ ਰਾਜਨੀਤਿਕ ਦਾਬੇ ਨੂੰ ਪ੍ਰਤੀਬਿੰਬਤ ਕਰਦਾ ਹੈ ਸੈਨ ਹੋਜੇ ਗੁਰੁਦਾਆਰਾ ਸਾਹਿਬ ਦਾ ਤਾਜ਼ਾ ਫੁਰਮਾਨ

ਅਮਰੀਕਾ ਵਿੱਚ ਸੈਨ ਹੋਜੇ  ਗੁਰਦੁਆਰਾ ਕਮੇਟੀ ਨੇ ਕੌਮੀ ਚਿੰਨ੍ਹਾਂ ਅਤੇ ਕੌਮੀ ਬਿਰਤਾਂਤ ਨੂੰ ਪ੍ਰਤੀਬਿੰਬਤ ਕਰਦੀ ਕਿਸੇ ਵੀ ਲਿਖਤ ਪੋਸਟਰ ਜਾਂ ਫੋਟੋ ਲਾਉਣ ਤੇ ਇੱਕ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ।

ਇਹ ਘਟਨਾ ਕੌਮੀ ਅਜ਼ਾਦੀ ਲਈ ਲੜ ਰਹੇ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ, ਸਿੱਖਾਂ ਦੀ ਕੌਮੀ ਚੇਤਨਾ ਪੈਦਾ ਕਰਨ ਵਾਲੇ ਹਰੇਕ ਸਰੋਤ ਉੱਤੇ ਕਬਜਾ ਕਰਨ ਜਾਂ ਇਨ੍ਹਾਂ ਨੂੰ ਤੋੜ ਭੰਨ ਦੇਣ ਦੀ ਨੀਤੀ ਤੇ ਚੱਲ ਰਹੀਆਂ ਹਨ। ਇਸ ਨੀਤੀ ਵਿੱਚ ਗੁਰਦੁਆਰੇ ਦੀ ਸਪੇਸ ਬਹੁਤ ਮਹੱਤਵਪੂਰਨ ਹੈ। ਇੱਥੋਂ ਹੀ ਕੌਮੀ ਸਿੱਖ ਚੇਤਨਾ ਗੁਰਮਤਿ ਅਤੇ ਸਿੱਖੀ ਨਾਲ ਜੁੜਕੇ, ਖਾਲਸਾਈ ਪਛਾਣ ਦਾ ਰੂਪ ਧਾਰਦੀ ਹੈ। ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ ਦੀ ਸੂਖਮ ਨੀਤੀ, ਖਾਲਸਾ ਪਛਾਣ ਨੂੰ ਗੁਰਮਤਿ ਅਤੇ ਸਿੱਖੀ ਤੋਂ ਤੋੜ ਕੇ ਇਸਨੂੰ ਅੰਗਰੇਜ਼ਾਂ ਦੀ ਪੈਦਾਵਾਰ, ਸੰਪਰਦਾਇਕਤਾ ਅਤੇ ਸੌੜਾ ਕੌਮਵਾਦ ਸਾਬਤ ਕਰਨ ਵੱਲ ਸੇਧਿਤ ਹੈ। ਇਹ ਸਿੱਖ ਕੌਮ ਉੱਤੇ ਰਾਜਸੀ ਤਾਕਤ ਦੀ ਵਰਤੋਂ ਰਾਹੀਂ ਦਾਬਾ ਪਾਉਣ ਦਾ ਵਰਤਾਰਾ ਜਾਂ ਪਰਯੋਗ ਹੈ। ਇਸ ਸੂਖਮ ਵਰਤਾਰੇ ਨੂੰ ਮਨੁੱਖੀ ਭਾਈਚਾਰਿਆਂ ਵੱਲੋਂ ਇੱਕ ਦੂਜੇ ਉੱਪਰ ਦਾਬਾ ਪਾਉਣ ਲਈ ਰਾਜਸੀ ਤਾਕਤ ਦੀ ਵਰਤੋਂ ਦੇ ਸਿਧਾਂਤ ਰਾਹੀਂ ਸਮਝਿਆ ਜਾ ਸਕਦਾ ਹੈ। ਰਾਜਨੀਤਕ ਤਾਕਤ ਦੇ ਸੰਕਲਪ ਅਨੁਸਾਰ, ਤਾਕਤ ਤੋਂ ਭਾਵ ਇੱਕ ਅਜਿਹੇ ਸਬੰਧ ਤੋਂ ਹੈ ਜੋ ਇੱਕ ਭਾਈਚਾਰੇ ਵੱਲੋਂ,ਦੂਜੇ ਭਾਈਚਾਰੇ ਦੇ ਵਿਹਾਰ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਵਿਹਾਰਕ ਬਦਲਾਵਾਂ ਵਿੱਚ ਮਨੁੱਖਾਂ ਦੇ ਵਿਸ਼ਵਾਸ਼, ਮਾਨਤਾਵਾਂ, ਵਿਚਾਰਾਂ, ਉਮੀਦਾਂ,ਭਾਵਨਾਵਾਂ ਅਤੇ ਕੋਈ ਸਰਗਰਮੀ ਕਰਨ ਦੀ ਸੋਚ ਸਭ ਕੁਝ ਸ਼ਾਮਲ ਹੈ।

ਇਸਤੋਂ ਭਾਵ ਕਿ ਇੱਕ ਤਾਕਤਵਰ ਭਾਈਚਾਰਾ ਦੂਜੇ ਕਮਜ਼ੋਰ ਭਾਈਚਾਰੇ ਜਾਂ ਭਾਈਚਾਰਿਆਂ ਦੀਆਂ ਨੀਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਅਜਿਹਾ ਵਿਹਾਰ ਕਰਨ ਲਈ ਮਜਬੂਰ ਕਰਦਾ ਹੈ ਜਿਹੜਾ ਕਿ ਉਹ ਨਹੀ ਕਰਨਾ ਚਾਹੁੰਦੇ। ਤਾਕਤਵਰ ਭਾਈਚਾਰਾ, ਆਪਣੇ ਅਧੀਨ ਭਾਈਚਾਰੇ ਜਾਂ ਭਾਈਚਾਰਿਆਂ ਦੀਆਂ ਸੋਚਾਂ ਅਤੇ ਇਛਾਵਾਂ ਨੂੰ ਕਾਬੂ ਕਰਕੇ ਵੀ ਇਨ੍ਹਾਂ ਦੇ ਵਿਹਾਰ ਨੂੰ ਬਦਲ ਦੇਂਦਾ ਹੈ। ਤਾਕਤਵਰ ਭਾਈਚਾਰੇ ਵੱਲੋਂ ਆਪਣੇ ਅਧੀਨ ਭਾਈਚਾਰੇ ਦੀਆਂ ਸੋਚਾਂ, ਇਛਾਵਾਂ,ਵਿਸ਼ਵਾਸ਼ਾਂ ਅਤੇ ਜਰੂਰਤਾਂ ਨੂੰ ਇੱਕ ਖਾਸ ਦਿਸ਼ਾ ਅਤੇ ਰੂਪਾਂ ਵਿੱਚ ਢਾਲ ਕੇ ਆਪਣਾਂ ਦਾਬਾ ਰੱਖਣ ਦੀ ਵਿਧੀ ਨੂੰ ਤਾਕਤ ਦੀ ਮਨੋਵਿਗਿਆਨਕ ਵਿਧੀ ਕਿਹਾ ਜਾਂਦਾ ਹੈ। ਤਾਕਤ ਦੀ ਮਨੋਵਿਗਿਆਨਕ ਵਿਧੀ ਤਾਕਤ ਵਰਤਣ ਦੀ ਸਭ ਤੋਂ ਉੱਤਮ ਅਤੇ ਸੂਖਮ ਤਕਨੀਕ ਹੈ। ਇਸ ਤਾਕਤ ਦੀ ਵਰਤੋਂ ਰਾਹੀਂ ਤਾਕਤਵਰ ਭਾਈਚਾਰਾ ਆਪਣੇ ਅਧੀਨ ਭਾਈਚਾਰੇ ਦੀ ਵਿਸ਼ਵਾਸ਼ ਪਰਣਾਲੀ ਨੂੰ ਕਾਬੂ ਕਰ ਲੈਂਦਾ ਹੈ ਅਤੇ ਅਧੀਨ ਭਾਈਚਾਰੇ ਦੇ ਲੋਕ ਤਾਕਤਵਰ ਭਾਈਚਾਰੇ ਦੀ ਇੱਛਾ ਦਾ ਪਾਲਣ ਕਰਨ ਲੱਗਦੇ ਹਨ।

ਮਨੋਸਮਾਜਕ ਦਾਬੇ ਦੀਆਂ ਵਿਧੀਆਂ ਦੀ ਵਰਤੋਂ ਕਰਨ ਵਾਲੇ ਤਾਕਤਵਰ ਭਾਈਚਾਰੇ ਵੱਲੋਂ ਅਧੀਨ ਭਾਈਚਾਰੇ ਨੂੰ ਕਾਬੂ ਹੇਠ ਰੱਖਣ ਲਈ ਫੌਜੀ ਤਾਕਤ ਵਰਤਣ ਦੀ ਲੋੜ ਘੱਟ ਹੀ ਪੈਂਦੀ ਹੈ। ਇਸ ਤਰ੍ਹਾਂ ਦੇ ਦਾਬੇ ਹੇਠ ਆਏ ਲੋਕ, ਤਾਕਤਵਰ ਭਾਈਚਾਰੇ ਦੀ ਵਿਚਾਰਧਾਰਾ ਅਤੇ ਵਿਸ਼ਵਾਸ਼ ਪਰਣਾਲੀ ਨੂੰ ਸਹਿਜ ਰੂਪ ਵਿੱਚ ਹੀ ਪਰਵਾਨ ਕਰ ਲੈਂਦੇ ਹਨ। ਮਨੋਸਮਾਜਕ ਦਬਾਅ ਉਸ ਸਮੇਂ ਅੱਤ ਖਤਰਨਾਕ ਰੂਪ ਧਾਰਦਾ ਹੈ ਜਦੋਂ ਗੁਲਾਮ ਭਾਈਚਾਰੇ ਦੇ ਲੋਕ ਆਪਣੀ ਨਿੱਜ ਅਤੇ ਭਾਈਚਾਰਕ ਵਿਸ਼ਵਾਸ਼ ਪਰਣਾਲੀ ਨੂੰ ਖੁਦ ਹੀ ਛੱਡਣ ਲੱਗਦੇ ਹਨ। ਇਸ ਹਾਲਤ ਵਿੱਚ ਤਾਕਤਵਰ ਭਾਈਚਾਰਾ, ਸੋਚ ਕਾਬੂ ਕਰਨ ਵਾਲੀ ਇਸ ਵਿਧੀ ਹੇਠ ਆਏ ਅਧੀਨ ਭਾਈਚਾਰੇ ਦੀ ਕੌਮੀ ਪਛਾਣ ਸਿਰਜਣ ਵਾਲੇ ਹਰੇਕ ਸਰੋਤ, ਜਿਵੇਂ ਧਾਰਮਕ ਸੰਸਥਾਵਾਂ, ਨਾਇਕ, ਪਵਿੱਤਰ ਥਾਵਾਂ, ਰੀਤੀ ਰਿਵਾਜ਼ਾਂ, ਪਰੰਪਰਾਵਾਂ, ਧਾਰਮਕ ਗਰੰਥਾਂ,ਸਾਹਿਤ ਅਤੇ ਕੌਮੀ ਚਿੰਨ੍ਹਾਂ ਨੂੰ ਬਰਬਾਦ ਕਰ ਦੇਂਦਾ ਹੈ।

ਸਨਾਤਨ ਹਿੰਦੂ ਪ੍ਰਬੰਧ ਅਤੇ ਭਾਰਤੀ ਰਾਜ ਵੱਲੋਂ ਸੋਚ ਕਾਬੂ ਕਰਨ ਵਾਲੀ,ਮਨੋਸਮਾਜਕ ਵਿਧੀ ਦੀ ਵਰਤੋਂ ਸਿੱਖਾਂ ਉੱਤੇ ਲਗਾਤਾਰ ਕੀਤੀ ਜਾ ਰਹੀ ਹੈ। ਖਾੜਕੂ ਲਹਿਰ ਦੇ ਖਾਤਮੇ ਤੋਂ 30 ਸਾਲਾਂ ਬਾਅਦ ਤੱਕ ਵੀ ਭਾਰਤੀ ਰਾਜ, ਕੌਮਵਾਦੀ ਸਿੱਖਾਂ ਅਤੇ ਕੌਮਵਾਦੀ ਚੇਤਨਾ ਨੂੰ ਆਪਣੇ ਸਾਰੇ ਫੌਜੀ, ਕਨੂੰਨੀ ਅਤੇ ਪਾਰਲੀਮੈਂਟਰੀ ਸਾਧਨਾ ਦੀ ਵਰਤੋਂ ਕਰਕੇ ਵੀ ਖਤਮ ਨਹੀ ਕਰ ਸਕਿਆ। ਭਾਰਤੀ ਰਾਜ ਆਪਣੇ ਸਾਰੇ ਢਾਂਚਾਗਤ ਸਾਧਨਾਂ ਦੀ ਵਰਤੋਂ ਕਰਕੇ, ਕੌਮਵਾਦੀ ਸਿੱਖਾਂ ਦੇ ਮਨੋਬਲ, ਖਾਲਸਾਈ ਪਛਾਣ, ਕੌਮਵਾਦੀ ਏਕੇ ਅਤੇ ਭਾਰਤੀ ਦਾਬੇ ਨੂੰ ਨਾ ਮੰਨਣ ਦੀ ਕੌਮੀ ਸਿੱਖ ਮਨੋਅਵਸਥਾ ਨੂੰ ਕਮਜ਼ੋਰ ਨਹੀ ਕਰ ਸਕਿਆ। ਭਾਰਤੀ ਰਾਜ ਸਾਰੇ ਮਨੋਵਿਗਿਆਨਕ ਸਾਧਨਾਂ ਦੀ ਵਰਤੋਂ ਕਰਕੇ ਵੀ ਕੌਮਵਾਦੀ ਸਿੱਖਾਂ ਵਿੱਚੋਂ,ਭਾਰਤੀ ਜਾਂ ਸਨਾਤਨੀ ਦਾਬੇ ਜਾਂ ਗੁਲਾਮੀ ਨੂੰ ਸਹਿਜ ਮਾਨਤਾ ਨਹੀ ਦਿਵਾ ਸਕਿਆ।

ਕੌਮਵਾਦੀ ਸਿੱਖਾਂ ਨੂੰ ਸਮਝਣਾਂ ਪਵੇਗਾ ਕਿ ਉਹ ਭਾਰਤੀ ਰਾਜ ਅਤੇ ਸਨਾਤਨੀ ਹਿੰਦੂ ਪਰਬੰਧ ਨਾਲ ਵਿਚਾਰਧਾਰਕ ਜੰਗ ਦੇ ਨਵੇਂ ਦੌਰ ਵਿੱਚ ਦਾਖਲ ਹੋ ਰਹੇ ਹਨ। ਸਿੱਖਾਂ ਦੀ ਸਨਾਤਨੀ ਤਾਕਤਾਂ ਖਿਲਾਫ ਵਿਚਾਰਧਾਰਕ ਜੰਗ, ਦੂਜੇ ਭਾਈਚਾਰਿਆਂ ਵਾਂਗ, ਵੱਧ ਅਧਿਕਾਰਾਂ ਜਾਂ ਫੈਡਰਲ ਸਬੰਧਾਂ ਵਿੱਚ ਸੁਧਾਰਾਂ ਤੱਕ ਸੀਮਤ ਨਹੀ ਹੈ। ਇਸਦਾ ਅਸਲ ਖਾਸਾ, ਭਾਰਤੀ ਹਿੰਦੂ ਸੱਭਿਆਤਾ ਨਾਲ ਵਿਚਾਰਧਾਰਕ ਵਿਰੋਧ ਵਿੱਚ ਨਿਹਿਤ ਹੈ। ਇਸ ਸੰਘਰਸ਼ ਵਿੱਚ ਸਾਨੂੰ ਖੂਨ ਦੇ ਰਿਸ਼ਤਿਆਂ ਅਤੇ ਜੀਨਾਂ ਦੀ ਸਮਾਨਤਾ ਤੋਂ ਉੱਪਰ ਉੱਠਕੇ, ਪਰਾਚੀਨ ਪੰਜਾਬ ਦੇ ਨਾਂਗੇ ਅਤੇ ਦਾਸ ਕਹਾਉਂਦੇ ਹੜੱਪਾ ਸ਼ਰਨਾਰਥੀਆਂ ਨਾਲ ਰਿਸ਼ਤਾ ਗੰਢਣਾਂ ਪਵੇਗਾ। ਸਾਨੂੰ ਆਪਣੀ ਗੁਰਮੁਖੀ ਲਿੱਪੀ ਦੀਆਂ ਜੜ੍ਹਾ ਸੰਸਕ੍ਰਿਤ ਨਾਲੋਂ ਤੋੜਨੀਆਂ ਪੈਣਗੀਆਂ। ਸਨਾਤਨੀ ਤਾਕਤਾਂ ਨਾਲ ਸਾਡੇ ਸੰਘਰਸ਼ ਨੂੰ, ਭਾਰਤੀ ਸੱਭਿਅਤਾ ਦੀ ਪਛਾਣ ਨਾਲ ਕੇਂਦਰੀ ਵਿਰੋਧ ਵੱਜੋਂ ਕੌਮਾਂਤਰੀ ਮਾਨਤਾ ਦਿਵਾਉਣੀ ਪਵੇਗੀ। ਇੱਥੇ ਇਹ ਤੱਥ ਮਹੱਤਵਪੂਰਨ ਹੈ ਕਿ ਏਸ਼ੀਆ ਵਿੱਚ, ਇੱਕ ਅਸਲ ਲੋਕਤੰਤਰ ਲੱਭਣ ਦੀ ਪੱਛਮ ਦੀ ਇੱਛਾ ਹੁਣ ਮੱਧਮ ਪੈ ਰਹੀ ਹੈ। ਸਿੱਖ ਸੰਘਰਸ਼ ਦੀਆਂ ਭਾਰਤਵਾਦੀ ਵਿਆਖਿਆਵਾਂ ਨੂੰ ਰੱਦ ਕਰਵਾਉਣ ਦਾ ਉਚਿਤ ਮੌਕਾ ਹੁਣ ਆਣ ਪਹੁੰਚਿਆ ਹੈ। ਸਾਡੇ ਲਈ ਇਹ ਸਾਬਤ ਕਰਨ ਦਾ ਹੁਣ ਅਹਿਮ ਮੌਕਾ ਹੈ ਕਿ, ਸਿੱਖ ਸੰਘਰਸ਼ ਕੋਈ ਸੌੜਾ ਨੈਸ਼ਨਲਿਜ਼ਮ ਨਹੀ ਹੈ। ਬਲਕਿ ਇਸਦਾ ਸਬੰਧ, ਜੈਨੀਆਂ, ਬੋਧੀਆਂ ਅਤੇ ਮੁਸਲਮਾਨਾਂ ਦੀ ਹੋਣੀ ਨਾਲ ਸਿੱਧਾ ਜੁੜਿਆ ਹੋਇਆ ਹੈ। ਇਤਿਹਾਸਕਾਰੀ ਅਤੇ ਬਿਰਤਾਂਤ ਸਿਰਜਣ ਦੇ ਇਸ ਪੱਧਰ ਤੱਕ ਪਹੁੰਚਣਾਂ, ਸਿੱਖ ਕੌਮ ਲਈ ਵੱਡੀ ਚੁਣੌਤੀ ਹੈ, ਵਰਤਮਾਨ ਸਮੇਂ ਦੀ।

ਸੈਨ ਹੋਜੇ ਗੁਰਦੁਆਰਾ ਕਮੇਟੀ ਦਾ ਫੁਰਮਾਨ, ਸਿੱਖ ਕੌਮੀ ਚੇਤਨਾ ਅੱਗੇ ਆਉਣ ਵਾਲੀਆਂ, ਕੁਝ ਭਵਿੱਖਮੁਖੀ ਚੁਣੌਤੀਆਂ ਦੀ ਸੂਹ ਵੀ ਦੇਂਦਾ ਹੈ। ਇਹ ਫੁਰਮਾਨ, ਸਿੱਖ ਪਰੰਪਰਾਵਾਂ, ਸਿੱਖ ਵਿਚਾਰਧਾਰਕ ਹਿੱਤਾਂ ਅਤੇ ਸਿੱਖ ਆਦਰਸ਼ਾਂ ਵਿੱਚ ਪਾਏ ਜਾਣ ਵਾਲੇ ਭਵਿੱਖਮੁਖੀ ਵਿਗਾੜਾਂ ਦੀ ਜਾਣਕਾਰੀ ਵੀ ਦੇਂਦਾ ਹੈ। ਸ਼ਬਦਾਂ ਹੇਠ ਲੁਕੀ ਹੋਈ ਇਸ ਬੁਝਾਰਤ ਨੂੰ ਬੁੱਝਣਾਂ ਜਰੂਰੀ ਹੈ। ਕੌਮਵਾਦ ਨਾਲ ਸਬੰਧਤ ਕੁਝ ਸੰਕਲਪ ਇਸ ਬੁਝਾਰਤ ਦੀ ਗੁੰਝਲ ਨੂੰ ਕੁਝ ਅਸਾਨ ਬਣਾ ਦੇਂਦੇ ਹਨ। ਜਿਸ ਤਰ੍ਹਾਂ ਕੌਮਵਾਦੀ ਚੇਤਨਾ ਕਿਸੇ ਭਾਈਚਾਰੇ ਜਾਂ ਕੌਮ ਦੀ ਵੱਖਰੀ ਪਛਾਣ ਦਾ ਤਾਕਤਵਰ ਸਰੋਤ ਹੁੰਦੀ ਹੈ। ਕਿਸੇ ਭਾਈਚਾਰੇ ਅਤੇ ਕੌਮ ਦੇ ਰਾਜਸੀ, ਸਮਾਜਕ ਅਤੇ ਮਾਨਸਿਕ ਪਰਗਟਾਵੇ, ਕੌਮੀ ਚੇਤਨਾ ਵਿੱਚੋਂ ਹੀ ਝਲਕਦੇ ਹਨ। ਕੌਮੀ ਭਾਵਨਾਵਾਂ, ਕੌਮ ਨਾਲ ਲਗਾਅ ਦਾ ਸਮੂਹਕ ਅਹਿਸਾਸ,ਕੌਮੀ ਚੇਤਨਾ ਦੇ ਅਜਿਹੇ ਤੱਤ ਹੁੰਦੇ ਹਨ, ਜੋ ਕੌਮੀ ਭਾਈਚਾਰੇ ਦੇ ਸਮੂਹਕ ਏਕੇ ਨੂੰ ਅਜਿਹਾ ਰੂਪ ਦੇਂਦੇ ਹਨ ਜਿਸ ਵਿੱਚ ਭਾਈਚਾਰੇ ਦੇ ਲੋਕਾਂ ਅਤੇ ਇਸਦੇ ਉਦੇਸ਼ਾਂ ਵਿਚਕਾਰ ਡੂੰਘਾ ਸਬੰਧ ਕਾਇਮ ਹੋ ਜਾਂਦਾ ਹੈ। ਇਸ ਹਾਲਤ ਵਿੱਚ ਲੋਕਾਂ ਦੀਆਂ ਅਚੇਤਨ ਮਨੋ-ਤਾਕਤਾਂ ਤੋਂ ਲੈਕੇ ਵਿਚਾਰਧਾਰਕ ਵਖਰੇਵੇਂ ਕੌਮੀ ਉਦੇਸ਼ਾਂ ਨਾਲ ਇੱਕਮਿੱਕ ਹੋ ਜਾਂਦੇ ਹਨ। ਕੌਮੀ ਉਦੇਸ਼, ਕੌਮੀ ਪਰੰਪਰਾਵਾਂ, ਹਿੱਤਾਂ ਅਤੇ ਆਦਰਸ਼ਾਂ ਨਾਲ ਜੁੜ ਜਾਂਦੇ ਹਨ। ਪਰੰਪਰਾਵਾਂ ਭਾਈਚਾਰੇ ਨੂੰ ਸਾਂਝੀ ਬੋਲੀ ਅਤੇ ਕਦਰਾਂ-ਕੀਮਤਾਂ ਨਾਲ ਜੋੜੀ ਰੱਖਦੀਆਂ ਹਨ। ਇਨ੍ਹਾਂ ਦੇ ਅਧਾਰ ਤੇ ਭਾਈਚਾਰਿਆਂ ਦੇ ਲੋਕ ਖਾਸ ਤਰ੍ਹਾਂ ਦੇ ਵਿਹਾਰ ਕਰਦੇ ਹਨ। ਕੌਮੀ ਹਿੱਤ ਆਮ ਤੌਰ ਤੇ ਕੌਮੀ ਵਿਚਾਰਧਾਰਾਵਾਂ ਨਾਲ ਜੁੜੇ ਹੁੰਦੇ ਹਨ। ਕੌਮੀ ਆਦਰਸ਼ ਕੌਮੀ ਭਾਈਚਾਰਿਆਂ ਦੀ ਹੋਂਦ ਅਤੇ ਬਿਹਤਰ ਹਾਲਤਾਂ ਜਿਵੇਂ, ਲੋਕਾਂ ਦੀ ਰੱਖਿਆ, ਸਿਹਤ, ਧੰਨ-ਦੌਲਤ, ਆਰਥਕ, ਮਾਨਸਕ ਅਤੇ ਸਰੀਰਕ ਬਿਹਤਰੀ ਬਾਰੇ ਭਵਿੱਖਮੁਖੀ ਚੇਤਨਾ ਪੈਦਾ ਕਰਦੇ ਹਨ। ਕੌਮੀ ਪਰੰਪਰਾਵਾਂ, ਕੌਮੀ ਭਾਈਚਾਰਿਆਂ ਨੂੰ ਇਨ੍ਹਾਂ ਦੇ ਭੂਤਕਾਲ, ਕੌਮੀ ਹਿੱਤ ਇਨ੍ਹਾਂ ਦੇ ਵਰਤਮਾਨ ਅਤੇ ਕੌਮੀ ਆਦਰਸ਼ ਕੌਮੀ ਭਾਈਚਾਰਿਆਂ ਨੂੰ ਭਵਿੱਖ ਨਾਲ ਜੋੜਦੇ ਹਨ। ਇਹ ਅਮਲ ਇੱਕ ਅਜਿਹੀ ਕੌਮੀ ਮਾਨਸਿਕਤਾ ਨੂੰ ਜਨਮ ਦੇਂਦਾ ਹੈ ਜੋ ਪਰੰਪਰਾਵਾਂ ਨੂੰ ਧਰਤੀ ਦੇ ਇੱਕ ਖਾਸ ਖਿੱਤੇ, ਹੋਮਲੈਂਡ ਨੂੰ ਕੌਮੀ ਭਾਈਚਾਰੇ ਦੀ ਭੂਤਕਾਲ ਦੀ ਵਿਰਾਸਤ ਬਣਾ ਦੇਂਦਾ ਹੈ। ਇਹ ਕੌਮੀ ਮਾਨਸਿਕਤਾ, ਹੋਮਲੈਂਡ ਨੂੰ ਕੌਮੀ ਹਿੱਤਾਂ ਨਾਲ ਜੋੜਦੀ ਹੈ। ਇਹੋ ਮਾਨਸਿਕਤਾ ਕੌਮ ਦੇ ਵਰਤਮਾਨ ਸਰੋਤਾਂ ਨੂੰ ਕੌਮੀ ਆਦਰਸ਼ ਦੇ ਭਵਿੱਖਮੁਖੀ ਵਿਕਾਸ ਦਾ ਅਧਾਰ ਵੀ ਬਣਾ ਦੇਂਦੀ ਹੈ।

ਇਹ ਕੌਮੀ ਮਾਨਸਿਕਤਾ ਜਾਂ ਕੌਮੀ ਚੇਤਨਾ, ਕੌਮੀ ਭਾਈਚਾਰਿਆਂ ਦਾ ਖਾਸ ਸੁਭਾਅ ਅਤੇ ਖਾਸ ਇਛਾਵਾਂ ਵੀ ਸਿਰਜਦੀ ਹੈ। ਇਸ ਚੇਤਨਾ ਜਾਂ ਮਾਨਸਿਕਤਾ ਨਾਲ ਸਬੰਧਿਤ, ਦਿਸਦੇ ਜਾਂ ਅਣਦਿਸਦੇ ਤੱਤ, ਜਿਵੇਂ ਧਰਮ, ਬੋਲੀ, ਖ਼ੇਤਰ, ਇਤਿਹਾਸ,ਸਾਂਝੇ ਵੰਸ਼ ਵਿੱਚ ਵਿਸ਼ਵਾਸ਼, ਸਾਂਝੇ ਕੌਮੀ ਨਾਮ, ਪਵਿੱਤਰ ਕੌਮੀ ਥਾਵਾਂ, ਰਾਜ-ਪਰਿਵਾਰ ਅਤੇ ਮਹਾਨ ਕੌਮੀ ਹਸਤੀਆਂ ਆਦਿ ਹੋਮਲੈਂਡ ਦੇ ਚੇਤਨਾ ਨਾਲ ਜੁੜਕੇ, ਇਸ ਨਾਲ ਇੱਕ ਖਾਸ ਲਗਾਅ ਦੀ ਭਾਵਨਾ ਪੈਦਾ ਕਰ ਦੇਂਦੇ ਹਨ।

ਕੌਮੀ ਚੇਤਨਾ ਬਾਰੇ ਉਪਰੋਕਤ ਜਾਣਕਾਰੀ ਤੋਂ ਹੀ ਭਾਰਤੀ ਪਰਬੰਧ ਦੇ ਸਿੱਖ ਸਰੋਤਾਂ ਉੱਤੇ ਹਮਲੇ ਦੀ ਰਾਜਨੀਤੀ ਨੂੰ ਸਮਝਿਆ ਜਾ ਸਕਦਾ ਹੈੈ। ਇਹ ਮਾਮਲਾ ਜਿੱਥੇ ਕੌਮੀ ਚੇਤਨਾ ਅਤੇ ਖਾਲਸਾਈ ਪਛਾਣ ਦੇ ਸਰੋਤਾਂ ਬਾਰੇ ਸਿੱਖ ਸਮਝ ਵਿੱਚ ਵਿਗਾੜ ਪੈਦਾ ਕਰਨ ਵੱਲ ਸੇਧਤ ਹੈ ਦੂਜੇ ਪਾਸੇ ਇਹ ਪੰਥ ਅਤੇ ਪੰਜਾਬ ਦੇ ਰਿਸ਼ਤੇ ਨੂੰ ਤੋੜ ਦੇਣ ਦੀ ਨੀਤੀ ਵੱਲ ਵੀ ਸੇਧਤ ਹੈ।

ਇਸੇ ਲਈ ਭਾਰਤੀ ਅਫਸਰਸ਼ਾਹੀ ਅਤੇ ਵਿਦੇਸ਼ਾਂ ਵਿੱਚ ਤਾਇਨਾਤ ਭਾਰਤੀ ਸਫੀਰ ਗਿਣ-ਮਿਥ ਕੇ ਗੁਰੂਘਰਾਂ ਨੂੰ ਆਪਣਾਂ ਨਿਸ਼ਾਨਾ ਬਣਾ ਰਹੇ ਹਨ। ਉਹ ਪੇਸ਼ ਇਸ ਤਰ੍ਹਾਂ ਕਰਦੇ ਹਨ ਕਿ ਉਹ ਗੁਰੂਘਰ ਸਿਰਫ ਸ਼ਰਧਾਲੂਆਂ ਦੇ ਤੌਰ ਤੇ ਜਾ ਰਹੇ ਹਨ ਪਰ ਅਸਲ ਨਿਸ਼ਾਨਾ ਉਨ੍ਹਾਂ ਦਾ ਖਾਲਸਾ ਜੀ ਦੀ ਸ਼ੁੱਧ ਪਛਾਣ ਨੂੰ ਸਿੱਖਾਂ ਦੇ ਹੋਮਲੈਂਡ ਨਾਲੋਂ ਤੋੜਕੇ ਭਾਰਤੀ ਹੋਮਲੈਂਡ ਨਾਲ ਜੋੜਨ ਦਾ ਹੈ। ਜਿੱਥੇ ਹਿੰਦੂ ਜਥੇਬੰਦੀ, ਆਰ ਐਸ ਐਸ ਸਿੱਖਾਂ ਸੰਸਥਾਵਾਂ ਦੇ ਅੰਦਰੂਨੀ ਪਰਬੰਧ ਵਿੱਚ ਦਖਲ ਦੇਕੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਦਰਸਾਉਣ ਉੱਤੇ ਜੋਰ ਦੇ ਰਹੀ ਹੈ ਉੱਥੇ ਵਿਦੇਸ਼ਾਂ ਵਿੱਚ ਤਾਇਨਾਤ ਭਾਰਤੀ ਅਫਸਰਸ਼ਾਹੀ ਗੁਰੂਘਰਾਂ ਵਿੱਚ ਅਣਲੋੜਾ ਦਖਲ ਦੇਕੇ ਸਿੱਖਾਂ ਦੀ ਉਸ ਕੌਮੀ ਚੇਤਨਾ ਨੂੰ ਖਤਮ ਕਰਨ ਦੇ ਯਤਨ ਕਰ ਰਹੇ ਹਨ ਜਿਹੜੀ ਚੇਤਨਾ 1984 ਦੇ ਘੱਲੂਘਾਰੇ ਨੇ ਉਸਾਰ ਦਿੱਤੀ ਹੈ। ਭਾਰਤ ਸਰਕਾਰ ਪਿਛਲੇ 40 ਸਾਲਾਂ ਦੌਰਾਨ ਆਪਣੇ ਲੱਖਾਂ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਉਸ ਚੇਤਨਾ ਨੂੰ ਖਤਮ ਨਹੀ ਕਰ ਸਕੀ ਜਿਹੜੀ ਭਾਰਤ ਨੂੰ ਹੁਣ ਬੇਗਾਨੀ ਧਰਤੀ ਸਮਝਦੀ ਹੈ ਅਤੇ ਪੰਜਾਬ ਨੂੰ ਆਪਣਾਂ ਹੋਮਲੈਂਡ ਤਸੱਵਰ ਕਰਦੀ ਹੈ। ਇਸੇ ਲਈ ਸਰਕਾਰਾਂ ਦੇ ਅਫਸਰ ਗੁਰੂਘਰਾਂ ਵਿੱਚੋਂ ਉਹ ਸਾਰੀਆਂ ਨਿਸ਼ਾਨੀਆਂ, ਫੋਟੋਆਂ, ਸਾਹਿਤ ਅਤੇ ਲੈਕਚਰ ਆਦਿ ਬੰਦ ਕਰਵਾਉਣ ਤੇ ਉਤਾਰੂ ਹਨ ਜਿਹੜੀਆਂ ਨਿਸ਼ਾਨੀਆਂ ਸਿੱਖਾਂ ਨੂੰ ਅਜ਼ਾਦ ਖਾਲਸਾ ਰਾਜ ਨਾਲ ਜੋੜਦੀਆਂ ਹਨ।

ਵਿਦੇਸ਼ੀ ਗੁਰੂਘਰਾਂ ਦੇ ਪਰਬੰਧਕਾਂ ਨੂੰ ਭਾਰਤ ਸਰਕਾਰ ਦੀ ਇਸ ਕੌਮ ਵਿਰੋਧੀ ਨੀਤੀ ਨੂੰ ਪਛਾਨਣਾਂ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਆਪਣੀ ਕੌਮ ਨਾਲ ਖੜ੍ਹਨਾ ਚਾਹੀਦਾ ਹੈ। ਇਤਿਹਾਸ ਉਨ੍ਹਾਂ ਸਿੱਖਾਂ ਨੂੰ ਹੀ ਯਾਦ ਕਰੇਗਾ ਜਿਹੜੇ ਬਿਖੜੇ ਸਮੇਂ ਆਪਣੇ ਪੰਥ ਦੇ ਮੋਢੇ ਨਾਲ ਮੋਢਾ ਡਾਹ ਕੇ ਲੜੇ ਸਨ।

 

ਜਸਵੀਰ ਸਿੰਘ