ਸੰਤ ਭਿੰਡਰਾਂਵਾਲਿਆਂ ਸਮੇਤ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦਾ ਵਿਰੋਧ ਕਰਨ ਵਾਲੇ ਕੌਮੀ ਬੇਵਫਾਹ ਹਨ

ਸੰਤ ਭਿੰਡਰਾਂਵਾਲਿਆਂ ਸਮੇਤ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦਾ ਵਿਰੋਧ ਕਰਨ ਵਾਲੇ ਕੌਮੀ ਬੇਵਫਾਹ ਹਨ

" ਸਿੱਖ ਦੁਸ਼ਮਣ ਜਮਾਤ ਦੇ ਇਹ ਫੀਲੇ ਸਿੱਖ ਕੌਮ ਤੋਂ ਮੁਆਫੀ ਮੰਗਣ,ਵਰਨਾ ਬਾਈਕਾਟ ਕੀਤਾ ਜਾਵੇ "

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ-   ਗੁਰਦੁਵਾਰਾ ਸੰਗਤ ਸਾਹਿਬ ਸਿਤਰੁੰਦਨ ਬੈਲਜ਼ੀਅਮ  ਵਿਖੇ  ਸ਼ਰਾਰਤੀ ਅਨਸਰਾਂ ਵਲੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ, ਮਹਾਨ ਜਰਨੈਲ ਸ਼ਹੀਦ ਜਨਰਲ  ਸ਼ਾਬੇਗ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਅਤੇ  ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦਾ ਵਿਰੋਧ ਕਰਨ ਵਾਲੇ ਸਿੱਖ ਕੌਮ ਦੇ ਵਫਾਦਾਰ ਨਹੀਂ ਬਲਕਿ ਸਿੱਖ ਦੁਸ਼ਮਣ ਜਮਾਤ ਦੇ ਫੀਲੇ ਹੀ ਹੋ ਸਕਦੇ ਹਨ ।  ਇਹ ਟਿੱਪਣੀ  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਹੋ ਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਬੈਲਜ਼ੀਅਮ ਦੇ ਉਕਤ ਘਟਨਾਕ੍ਮ ਦੌਰਾਨ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕਰਮ ਸਿੰਘ ਵਲੋਂ ਲਏ ਗਏ ਸਪੱਸ਼ਟ ਅਤੇ ਨਿਧੜਕ ਸਟੈਂਡ ਦੀ ਪ੍ਰਸੰਸਾ  ਕਰਦਿਆਂ  ਧੰਨਵਾਦ  ਕੀਤਾ ਗਿਆ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਆਖਿਆ ਗਿਆ ਕਿ ਜਿਹਨਾਂ ਸ਼ਰਾਰਤੀ ਲੋਕਾਂ ਨੇ ਸਿੱਖ ਸ਼ਹੀਦਾਂ ਦੇ ਫਲੈਕਸ ਪਾੜਨ ਦੀ ਗੁਸਤਾਖੀ ਕੀਤੀ ਹੈ ਜਾਂ ਦੁਬਾਰਾ ਫਲੈਕਸ ਅਤੇ ਤਸਵੀਰਾਂ ਲਗਾਉਣ ਦਾ ਵਿਰੋਧ ਕਰ ਰਹੇ ਹਨ ,ਸਿੱਖ ਕੌਮ ਉਹਨਾਂ ਨੂੰ ਕਦੇ ਮੁਆਫ ਨਹੀਂ ਕਰੇਗੀ ।

ਇਹਨਾਂ ਕੋਮੀ ਬੇਵਫਾਹ ਲੋਕਾਂ ਵਲੋਂ ਕੀਤੀ ਗਈ ਗੁਸਤਾਖੀ ਸਿੱਖ ਕੌਮ ਲਈ ਅਸਹਿ ਹੈ। ਖ਼ਾਲਸਾ ਪੰਥ ਅਜਿਹੀਆ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਕਰੇਗਾ। ਇਹਨਾਂ ਲੋਕਾਂ ਨੂੰ ਕੰਧ ਤੇ ਲਿਖਿਆ ਪੜਨ ਦੋ ਲੋੜ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਾਡੇ ਸਾਹਾਂ ਵਿੱਚ ਵਸਦੇ ਹਨ ਅਤੇ ਸਿੱਖੀ ਉਹਨਾਂ ਤੋਂ ਵੱਖ ਨਹੀਂ ਹੈ ।ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਚੱਲ ਰਹੇ ਸੰਘਰਸ਼ ਦੌਰਾਨ ਆਪਾ ਨਿਛਾਵਰ ਕਰਨ ਵਾਲੇ ਸ਼ਹੀਦ ਕੌਮ ਦਾ ਸਰਮਾਇਆ ਹਨ ਜਿਹਨਾਂ ਤੇ ਸਿੱਖ ਕੌਮ ਨੂੰ ਹਮੇਸ਼ਾਂ ਫਖਰ ਰਹੇਗਾ। ਪਰ ਨਿੱਜ ਪ੍ਰਸਤੀ ਦੀ ਭਾਵਨਾ ਅਤੇ ਪਦਾਰਥਵਾਦ ਦੀ ਚਕਾਚੌਂਧ ਨਾਲ ਅੰਨੇ ਹੋ ਚੁੱਕੇ ਲੋਕ ਕੌਮੀ ਦੁਸ਼ਮਣ ਦੀਆਂ ਚੱਪਲਾਂ ਚੱਟਣ ਦੀ ਹੋੜ ਵਿੱਚ ਹਨ । ਭਾਂਵੇ ਇਹਨਾਂ ਦੀਆਂ ਸ਼ਕਲਾਂ ਸਿੱਖਾਂ ਵਾਲੀਆਂ ਹੀ ਹਨ ਪਰ ਕੰਮ ਇਹ ਸਿੱਖ ਕੌਮ ਦੇ ਖਿਲਾਫ ਕਰ ਰਹੇ ਹਨ । ਇਹੋ ਜਿਹੇ ਅਕਿਰਘਣ ਲੋਕਾਂ ਤੋਂ ਸਿੱਖ ਕੌਮ ਨੂੰ ਸੁਚੇਤ ਰਹਿ ਕੇ ਇਹਨਾਂ ਨੂੰ ਨਕਾਰਨ ਦੀ ਜਰੂਰਤ ਹੈ । ਜਿਹੜੇ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਆਪਾ ਕੁਰਬਾਨ ਕਰਨ ਵਾਲੇ ਸਤਿਕਾਰਯੋਗ ਸ਼ਹੀਦਾਂ ਦੇ ਮਿੱਤ ਨਹੀਂ ,ਜਿਹਨਾਂ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਵੀ ਚੁੱਭਦੀਆਂ ਹੋਣ ਉਹ ਕਿਸੇ ਦੇ ਵੀ ਮਿੱਤ ਨਹੀਂ ਹੋ ਸਕਦੇ ।