ਸਾਕਾ ਨੀਲਾ ਤਾਰਾ ਦੀ ਬਰਸੀ 'ਤੇ ਵੋਟਿੰਗ ਪਿਛੇ ਚੋਣ ਕਮਿਸ਼ਨ ਦਾ ਮਕਸਦ ਕੀ ਸੀ?
* ਜੇਕਰ ਘਲੂਘਾਰਾ ਸਟੇਟ ਨੇ ਨਹੀਂ ਕੀਤਾ ਤਾਂ ਸੰਸਦ ਵਿਚ ਸਿਖਾਂ ਕੋਲੋਂ ਮਾਫੀ ਕਿਉਂ ਨਹੀਂ ਮੰਗੀ ਜਾਂਦੀ ?
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਵੋਟਾਂ ਪਈਆਂ ਹਨ। ਇਸ ਹਫਤੇ ਤੋਂ ਪੰਜਾਬ ਭਰ ਵਿੱਚ ਘਲੂਘਾਰਾ ਜੂਨ 84 ਦੀ ਬਰਸੀ ਮਨਾਈ ਜਾਂਦੀ ਹੈ। ਵਰਣਨਯੋਗ ਹੈ ਕਿ 1 ਜੂਨ 1984 ਨੂੰ ਭਾਰਤੀ ਫੌਜ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਚ ਫੌਜੀ ਹਮਲਾ ਕੀਤਾ ਸੀ। ਦਰਬਾਰ ਸਾਹਿਬ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਤੋਪਾਂ ਦੇ ਗੋਲੇ ਦਾਗੇ ਗਏ। ਇਸ ਕਾਰਵਾਈ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ,ਭਾਈ ਅਮਰੀਕ ਸਿੰਘ ,ਬਾਬਾ ਠਾਰਾ ਸਿੰਘ ਫੌਜ ਨਾਲ ਜੂਝਦੇ ਸ਼ਹੀਦ ਹੋ ਗਏ ਸਨ। ਅਕਾਲ ਤਖ਼ਤ ਦੀ ਇਮਾਰਤ ਮਿਜਾਈਲਾਂ,ਟੈਕਾਂ ਦੇ ਗੋਲਿਆਂ, ਬੰਬ ਧਮਾਕਿਆਂ ਨਾਲ ਤਬਾਹ ਕਰ ਦਿਤੀ। ਬੇਸ਼ਕ ਸਿਖਾਂ ਨੇ ਕਾਰ ਸੇਵਾ ਰਾਹੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਪੁਨਰ ਉਸਾਰ ਦਿੱਤੀ ਪਰ ਕਰੋੜਾਂ ਸਿੱਖਾਂ ਦੇ ਹਿਰਦਿਆਂ ’ਤੇ ਲੱਗਾ ਜ਼ਖ਼ਮ ਅਜੇ ਵੀ ਪੂਰੀ ਤਰ੍ਹਾਂ ਭਰਿਆ ਨਹੀਂ ਹੈ। ਉਹ ਜ਼ਖ਼ਮ ਨਿਸ਼ਚਿਤ ਤੌਰ 'ਤੇ ਘੱਟੋ-ਘੱਟ 1 ਜੂਨ ਨੂੰ ਵੱਡਾ ਦਰਦ ਦਿੰਦਾ ਹੈ।
ਫਿਰ ਸਵਾਲ ਇਹ ਹੈ ਕਿ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਾਂ ਦੀ ਤਰੀਕ ਉਸੇ ਦਿਨ ਹੀ ਕਿਉਂ ਤੈਅ ਕੀਤੀ? ਕਮਿਸ਼ਨ ਨੇ ਚੋਣਾਂ ਦੀ ਤਰੀਕ ਤੈਅ ਕਰਨ ਵਿੱਚ ਕਈ ਗਲਤੀਆਂ ਕੀਤੀਆਂ ਹਨ, ਜਿਵੇਂ ਕਿ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ ਕਿ ਸਿੱਕਮ ਵਿਧਾਨ ਸਭਾ ਦਾ ਕਾਰਜਕਾਲ 2 ਜੂਨ ਨੂੰ ਖਤਮ ਹੋ ਰਿਹਾ ਹੈ। ਉੱਥੇ ਵੀ ਉਨ੍ਹਾਂ ਨੇ 4 ਜੂਨ ਲਈ ਗਿਣਤੀ ਰੱਖੀ ਹੋਈ ਸੀ। ਇਹ ਸਰਾਸਰ ਮੂਰਖਤਾ ਅਤੇ ਨਿਕੰਮਾਪਨ ਹੈ।
ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿੱਚ ਚੋਣ ਕਮਿਸ਼ਨ ਨੇ ਅਣਜਾਣੇ ਵਿੱਚ ਅਜਿਹੀ ਗਲਤੀ ਕਰ ਦਿੱਤੀ ਕਿ ਉਸਨੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ 1 ਜੂਨ ਨੂੰ ਹੋਣ ਵਾਲੀ ਵੋਟਿੰਗ ਰਖ ਦਿੱਤੀ। ਇਹ ਜਾਣਬੁੱਝ ਕੇ ਲਿਆ ਗਿਆ ਫੈਸਲਾ ਜਾਪਦਾ ਹੈ, ਜਿਸ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋਵੇਗਾ। ਚੋਣ ਕਮਿਸ਼ਨ ਉੱਤਰੀ ਭਾਰਤ ਦੇ ਸਾਰੇ ਰਾਜਾਂ ਵਿੱਚ ਇੱਕੋ ਸਮੇਂ ਚੋਣਾਂ ਕਰਵਾ ਸਕਦਾ ਸੀ। ਪੰਜਾਬ ਦੀਆਂ ਚੋਣਾਂ ਦਿੱਲੀ ਅਤੇ ਹਰਿਆਣਾ ਦੇ ਨਾਲ ਹੀ ਕਰਵਾਈਆਂ ਜਾ ਸਕਦੀਆਂ ਸਨ। ਪਰ ਇਨ੍ਹਾਂ ਦੋਵਾਂ ਰਾਜਾਂ ਵਿੱਚ ਸਭ ਤੋਂ ਪਹਿਲਾਂ ਵੋਟਿੰਗ ਹੋਈ ਅਤੇ ਪੰਜਾਬ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਵਿਰੋਧੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਨੇ ਕਾਂਗਰਸ ਖਿਲਾਫ 1 ਜੂਨ ਨੂੰ ਭਾਵੁਕ ਤੌਰ 'ਤੇ ਵਰਤਿਆ ਹੈ।ਸਿਖ ਅਵਾਮ ਨੇ ਇਸ ਗੱਲ ਦਾ ਗੁਸਾ ਮਨਾਇਆ ਹੈ ਕਿ ਚਾਰ ਜੂਨ ਨੂੰ ਜਦ ਰਿਜਲਟ ਡਿਕਲੇਅਰ ਹੋਣਗੇ ਉਸ ਦਿਨ ਉਮੀਦਵਾਰਾਂ ਦੀ ਜਿੱਤ ਦੇ ਭੰਗੜੇ ਪਾਏ ਜਾਣਗੇ ਜੋ ਇਸ ਸਾਕੇ ਕਾਰਣ ਦੁਖੀ ਸਿਖਾਂ ਨੂੰ ਹੋਰ ਉਦਾਸ ਕਰੇਗਾ ਤੇ ਚਿੜਾਏਗਾ।
ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਸਿੱਖਾਂ ਦੀ ਨਵੀਂ ਪੀੜ੍ਹੀ 1984 ਦੀ ਘਟਨਾ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ। ਰਾਹੁਲ ਗਾਂਧੀ ਵੀ ਕਈ ਵਾਰ ਹਰਿਮੰਦਰ ਸਾਹਿਬ ਦੀ ਸੇਵਾ ਕਰ ਚੁੱਕੇ ਹਨ। ਜਦ ਕਿ ਸਿਖ ਮੰਨਦੇ ਹਨ ਕਿ ਇਹ ਘਲੂਘਾਰਾ ਸਟੇਟ ਨੇ ਕੀਤਾ ਹੈ।ਜੇਕਰ ਸਟੇਟ ਨੇ ਨਹੀਂ ਕੀਤਾ ਤਾਂ ਸੰਸਦ ਵਿਚ ਸਿਖਾਂ ਕੋਲੋਂ ਮਾਫੀ ਕਿਉਂ ਨਹੀਂ ਮੰਗੀ ਜਾਂਦੀ।
Comments (0)