ਬੇਅਦਬੀ ਮਾਮਲਿਆਂ ਵਿੱਚ ਸੀਬੀਆਈ ਨੇ ਇਕ ਦਮ ਬਦਲੀ ਜਾਂਚ ਟੀਮ

ਬੇਅਦਬੀ ਮਾਮਲਿਆਂ ਵਿੱਚ ਸੀਬੀਆਈ ਨੇ ਇਕ ਦਮ ਬਦਲੀ ਜਾਂਚ ਟੀਮ

ਮੋਹਾਲੀ: ਪੰਜਾਬ ਵਿੱਚ ਹੋਏ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਚੱਲ ਰਹੀ ਸੁਣਵਾਈ ਦੌਰਾਨ ਬੀਤੇ ਕੱਲ੍ਹ ਅਦਾਲਤ ਵਿੱਚ ਸੀਬੀਆਈ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਪੂਰੀ ਟੀਮ ਨੂੰ ਬਦਲ ਦਿੱਤਾ ਗਿਆ ਹੈ। ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸੀਬੀਆਈ ਦੇ ਵਕੀਲ ਅਤੇ ਵਧੀਕ ਐੱਸਪੀ ਅਨੀਲ ਯਾਦਵ ਨੇ ਅਦਾਲਤ ਨੂੰ ਦੱਸਿਆ ਕਿ ਉਹ ਸੀਬੀਆਈ ਵੱਲੋਂ ਇਸ ਮਾਮਲੇ ਦੇ ਨਵੇਂ ਜਾਂਚ ਅਫਸਰ ਹੋਣਗੇ। 

ਇਸ ਨਵੇਂ ਜਾਂਚ ਅਫਸਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਇਸ ਮਾਮਲੇ ਦੀ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਹੁਣ ਤੱਕ ਦੀ ਪੜਤਾਲ ਤੋਂ ਵਾਕਫ ਹੈ ਤੇ ਉਸ ਨੂੰ ਪੂਰੇ ਦਸਤਾਵੇਜ਼ ਵੀ ਨਹੀਂ ਮਿਲੇ ਹਨ ਇਸ ਲਈ ਉਸ ਨੂੰ ਘੱਟੋ-ਘੱਟ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇ। ਇਸ ਤੋਂ ਬਾਅਦ ਅਦਾਲਤ ਨੇ ਨਵੇਂ ਜਾਂਚ ਅਫਸਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਤੇ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਤੱਕ ਟਾਲ ਦਿੱਤੀ। 

ਅੱਜ ਜਿੱਥੇ ਅਦਾਲਤ ਵਿੱਚ ਤਿੰਨ ਸ਼ਿਕਾਇਤਕਰਤਾ ਹਾਜ਼ਰ ਸਨ ਉੱਥੇ ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਜਦੋਂ ਜੱਜ ਅੱਗੇ ਆਪਣੀਆਂ ਦਲੀਲਾਂ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਜੱਜ ਨੇ ਉਹਨਾਂ ਨੂੰ ਟੋਕਦਿਆਂ ਕਿਹਾ ਕਿ ਸਮਾਂ ਆਉਣ 'ਤੇ ਉਹਨਾਂ ਦੀ ਗੱਲ ਵੀ ਸੁਣੀ ਜਾਵੇਗੀ। 

ਇਸ ਮੌਕੇ ਸ਼ਿਕਾਇਤਕਰਤਾਵਾਂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਦੇ ਵਕੀਲ ਨੇ 200 ਪੰਨਿਆਂ ਦਾ ਜਵਾਬ ਦਾਖਲ ਕਰਦਿਆਂ ਸੀਬੀਆਈ ਦੀ ਕਾਰਗੁਜ਼ਾਰੀ 'ਤੇ ਸਵਾਲ ਚੁਕਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਮੁੜ ਤੋਂ ਪੰਜਾਬ ਪੁਲਿਸ ਦੀ ਸਿਟ ਹਵਾਲੇ ਹੋਣੀ ਚਾਹੀਦੀ ਹੈ।