ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੱਗੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੱਗੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ
ਜੁਝਾਰ ਸਿੰਘ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਭਾਰਤ ਵੱਲੋਂ ਜੇਲ੍ਹ ਵਾਂਗੂ ਨੂੜ ਕੇ ਰੱਖੇ ਹੋਏ ਕਸ਼ਮੀਰੀਆਂ ਦੀ ਅਜ਼ਾਦੀ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਨੇ ਧਾਰਾ 370 ਅਤੇ 35-ਏ ਨੂੰ ਮੁੜ ਬਹਾਲ ਕਰਨ ਅਤੇ ਕਸ਼ਮੀਰ ਵਿੱਚ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕੀਤੀ। 

ਇਸ ਮੁਜ਼ਾਹਰੇ ਵਿੱਚ ਵਿਦਿਆਰਥੀ ਜਥੇਬੰਦੀਆਂ ਸੱਥ, ਐੱਸਐੱਫਐੱਸ, ਏਐੱਫਐੱਸਐੱਸ, ਪੀਐੱਸਯੂ ਲਲਕਾਰ, ਐੱਸਐੱਫਆਈ, ਆਈਸਾ ਅਤੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀ ਨੁਮਾਂਇੰਦਿਆਂ ਨੇ ਗੱਲ ਰੱਖਦਿਆਂ ਕਸ਼ਮੀਰ ਵਿੱਚ ਸਵੈ-ਨਿਰਣੇ ਦਾ ਹੱਕ ਬਹਾਲ ਕਰਨ ਦੀ ਮੰਗ ਕੀਤੀ।



ਇਸ ਮੌਕੇ ਬੋਲਦਿਆਂ ਵਿਦਿਆਰਥੀ ਜਥੇਬੰਦੀ ਸੱਥ ਦੀ ਪੀ.ਯੂ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਭਾਰਤੀ ਪਛਾਣ ਵਾਲਾ ਰਾਜਨੀਤਕ ਢਾਂਚਾ ਹੀ ਆਪਣੇ ਆਪ ਵਿੱਚ ਸਮੱਸਿਆਵਾਂ ਦੀ ਜੜ੍ਹ ਹੈ ਜਿਥੇ ਇੱਕ ਖਾਸ ਕੌਮ ਅਤੇ ਪਛਾਣ ਨੂੰ ਛੱਡ ਬਾਕੀ ਸਾਰੀਆਂ ਘੱਟ ਗਿਣਤੀ ਕੌਮਾਂ ਦਾ ਹਰ ਪਸਿਉਂ ਘਾਣ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿਰੋਧ ਵਿਚ ਥਾਂ ਥਾਂ ਸੰਘਰਸ਼ ਲੜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕਤੰਤਰ ਤੇ ਰਾਸ਼ਟਰਵਾਦ ਕਦੇ ਇਕੱਠੇ ਨਹੀਂ ਚਲ ਸਕਦੇ। ਇਸ ਤੋਂ ਇਲਾਵਾ ਸਿੱਖ ਇਤਿਹਾਸ ਤੇ ਝਾਤ ਮਾਰਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਮਨੁੱਖੀ ਹੱਕਾਂ ਖਾਤਰ ਸਿੱਖਾਂ ਦਾ ਸੰਘਰਸ਼ ਉਸ ਵੇਲੇ ਹੀ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਸੀ, ਤੇ ਸਿੱਖ ਇਹ ਸੰਘਰਸ਼ ਅੱਜ ਤੱਕ ਲੜਦੇ ਆ ਰਹੇ ਹਨ। 

ਇਸ ਮੌਕੇ ਕਸ਼ਮੀਰੀ ਵਿਦਿਆਰਥੀ ਫਹੀਮ ਵਲੋਂ ਕਿਹਾ ਗਿਆ ਕਿ ਭਾਰਤ ਦੀਆਂ ਜੇਲ੍ਹਾਂ, ਫੌਜਾਂ ਅਤੇ ਤਸ਼ੱਦਦ ਸਾਡੇ ਲੋਕਾਂ ਦੇ ਸੰਘਰਸ਼ ਨੂੰ ਕਦੇ ਵੀ ਖਤਮ ਨਹੀਂ ਕਰ ਸਕਣਗੇ ਤੇ ਕਸ਼ਮੀਰੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਲੜਦੇ ਰਹਿਣਗੇ। 

ਐੱਸਐੱਫਐੱਸ ਤੋਂ ਪ੍ਰਿਯਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਝੂਠੀ ਏਕਤਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਸ ਮੌਕੇ ਇਕੱਤਰ ਹੋਏ ਵਿਦਿਆਰਥੀਆਂ ਵੱਲੋਂ ਕਸ਼ਮੀਰ ਦੀ ਅਜ਼ਾਦੀ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।