ਅਸਤੀਫਿਆਂ ਦੀ ਬਰਸਾਤ ਵਿੱਚ ਡੁੱਬਣ ਲੱਗੀ ਕਾਂਗਰਸ ਦੀ ਬੇੜੀ; ਕਈ ਆਗੂਆਂ ਨੇ ਦਿੱਤੇ ਅਸਤੀਫੇ

ਅਸਤੀਫਿਆਂ ਦੀ ਬਰਸਾਤ ਵਿੱਚ ਡੁੱਬਣ ਲੱਗੀ ਕਾਂਗਰਸ ਦੀ ਬੇੜੀ; ਕਈ ਆਗੂਆਂ ਨੇ ਦਿੱਤੇ ਅਸਤੀਫੇ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਕਾਂਗਰਸ ਦੀ ਬੇੜੀ ਅਸਤੀਫਿਆਂ ਦੀ ਬਰਸਾਤ 'ਚ ਡੁੱਬਦੀ ਨਜ਼ਰ ਆ ਰਹੀ ਹੈ। ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੇ ਫੈਂਸਲੇ 'ਤੇ ਕਾਇਮ ਰਹਿਣ ਦੇ ਬਿਆਨ ਮਗਰੋਂ ਅੱਜ ਕਾਂਗਰਸ ਵਿੱਚ ਅਸਤੀਫਆਂ ਦੀ ਝੜੀ ਲੱਗ ਗਈ। ਕਾਂਗਰਸ ਵਿੱਚ ਰਾਹੁਲ ਦੇ ਕਰੀਬੀ ਮੰਨੇ ਜਾਂਦੇ ਆਗੂਆਂ ਵੱਲੋਂ ਅੱਜ ਅਸਤੀਫੇ ਦਿੱਤੇ ਜਾ ਰਹੇ ਹਨ। ਇਹਨਾਂ ਅਸਤੀਫਿਆਂ ਨੂੰ ਕਾਂਗਰਸ ਵਿੱਚ ਬਜ਼ੁਰਗਾਂ ਅਤੇ ਨੌਜਵਾਨਾਂ ਵਿਚਕਾਰ ਬਣੀ ਲਕੀਰ ਵਜੋਂ ਦੇਖਿਆ ਜਾ ਰਿਹਾ ਹੈ।

ਹੁਣ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੱਕ ਜਨਰਲ ਸਕੱਤਰ, ਮੱਧ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦੀਪਕ ਬਾਬਾਰੀਆ ਅਤੇ ਗੋਆ ਦੇ ਸੂਬਾ ਕਾਂਗਰਸ ਪ੍ਰਧਾਨ ਗਿਰੀਸ਼ ਚੌਦਾਨਕਰ ਨੇ ਅਸਤੀਫਾ ਦੇ ਦਿੱਤਾ ਹੈ। 

ਮੀਡੀਆ ਖਬਰਾਂ ਮੁਤਾਬਿਕ ਕਾਂਗਰਸ ਦੇ ਕਿਸੇ ਵੀ ਸੂਬਾ ਪ੍ਰਧਾਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਨਾ ਕਬੂਲਣ ਕਾਰਨ ਰਾਹੁਲ ਗਾਂਧੀ ਨਰਾਜ਼ ਸੀ। 

ਬੀਤੇ ਦਿਨ ਆਲ ਇੰਡੀਆ ਕਾਂਗਰਸ ਦੇ ਮੁੱਖ ਦਫਤਰ ਵਿੱਚ 300 ਦੇ ਕਰੀਬ ਨੌਜਵਾਨ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਦੇ ਸਮਰਥਕ ਵਿੱਚ ਇਕੱਤਰਤਾ ਕੀਤੀ। ਇਸ ਬੈਠਕ ਵਿੱਚ ਫੈਂਸਲਾ ਕੀਤਾ ਗਿਆ ਕਿ ਚੋਣਾਂ ਦੀ ਹਾਰ ਲਈ ਸਿਰਫ ਰਾਹੁਲ ਗਾਂਧੀ ਨਹੀਂ, ਬਲਕਿ ਮੋਹਰਲੀ ਕਤਾਰ ਦੇ ਸਾਰੇ ਆਗੂਆਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਞ

ਇਸ ਇਕੱਤਰਤਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਨਿਕ ਕੁਮਾਰ ਚੌਧਰੀ, ਰਾਜੇਸ਼ ਧਰਮਾਨੀ, ਵਰਿੰਦਰ ਸਿੰਘ ਰਾਠੌੜ, ਦਿੱਲੀ ਅਤੇ ਤੇਲੰਗਾਨਾ ਕਾਂਗਰਸ ਦੇ ਵਰਕਿੰਗ ਪ੍ਰਧਾਨ ਰਾਜੇਸ਼ ਲਿਲੋਥੀਆ ਅਤੇ ਪੂਨਮ ਪ੍ਰਭਾਕਰ, ਹਰਿਆਣਾ ਮਹਿਲਾ ਕਾਂਗਰਸ ਪ੍ਰਧਾਨ ਸੁਮਿਤਰਾ ਚੌਹਾਨ ਅਤੇ ਮਹਿਲਾ ਕਾਂਗਰਸ ਜਨਰਲ ਸਕੱਤਰ ਨੀਤਾ ਡਿਸੂਜ਼ਾ ਸਮੇਤ ਕਈ ਅਹੁਦੇਦਾਰਾਂ ਨੇ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ। 

ਬੈਠਕ ਦੇ ਪ੍ਰਬੰਧਕਾਂ ਨੇ ਦੱਸਿਆ ਕਿ 120 ਤੋਂ ਵੱਧ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਇਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਨੌਜਵਾਨ ਆਗੂ ਚਾਹੁੰਦੇ ਹਨ ਕਿ ਸਾਰੇ ਅਹੁਦੇਦਾਰ ਤਿੰਨ ਦਿਨਾਂ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਨਹੀਂ ਤਾਂ ਨੌਜਵਾਨ ਆਗੂ ਉਹਨਾਂ ਦੇ ਘਰ ਜਾ ਕੇ ਅਸਤੀਫਾ ਮੰਗਣਗੇ। ਇਸ ਬੈਠਕ ਵਿੱਚ ਮੰਨਿਆ ਗਿਆ ਕਿ ਕਾਂਗਰਸ ਦੇ ਆਗੂ ਬਤੌਰ ਰਾਹੁਲ ਗਾਂਧੀ ਦਾ ਕੋਈ ਬਦਲ ਨਹੀਂ ਹੈ ਤੇ ਉਹਨਾਂ ਨੂੰ ਬਤੌਰ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ। ਉਹਨਾਂ ਰਾਹੁਲ ਨੂੰ ਮਿਲ ਕੇ ਮਨਾਉਣ ਦਾ ਅਗਲਾ ਪ੍ਰੋਗਰਾਮ ਉਲੀਕਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ