ਲੁਧਿਆਣਾ ਜੇਲ੍ਹ ਝੜਪ ਵਿੱਚ ਝੂਠ ਦੀਆਂ ਬੁਣਤੀਆਂ ਪਾਉਂਦੀ ਪੁਲਿਸ ਤੇ ਸਰਕਾਰ

ਲੁਧਿਆਣਾ ਜੇਲ੍ਹ ਝੜਪ ਵਿੱਚ ਝੂਠ ਦੀਆਂ ਬੁਣਤੀਆਂ ਪਾਉਂਦੀ ਪੁਲਿਸ ਤੇ ਸਰਕਾਰ

ਲੁਧਿਆਣਾ: ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵੀਰਵਾਰ ਨੂੰ ਹੋਈ ਖੂਨੀ ਝੜਪ ਦੇ ਮਾਮਲੇ 'ਚ ਪੁਲਿਸ ਨੇ 22 ਕੈਦੀਆਂ ਨੂੰ ਨਾਮਜ਼ਦ ਕਰਕੇ ਪਰਚਾ ਦਰਜ ਕੀਤਾ ਹੈ। ਇਹ ਪਰਚਾ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਅਧੀਂ ਦਰਜ ਕੀਤਾ ਗਿਆ ਹੈ। 

ਇਸ ਝੜਪ ਦੌਰਾਨ ਕੈਦੀ ਅਜੀਤ ਬਾਬਾ ਦੀ ਮੌਤ ਹੋ ਗਈ ਸੀ ਤੇ ਪੰਜ ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਅਜੀਤ ਬਾਬਾ ਦੀ ਮੌਤ ਗੱਲੀ ਲੱਗਣ ਨਾਲ ਹੋਈ ਸੀ। 

ਇਸ ਖੂਨੀ ਝੜਪ ਸਬੰਧੀ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਖੋ-ਵੱਖਰੇ ਬਿਆਨ ਕਈ ਸਵਾਲ ਖੜ੍ਹੇ ਕਰ ਰਹੇ ਹਨ। ਦੱਸ ਦਈਏ ਕਿ ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਬੁੱਧਵਾਰ ਨੂੰ ਜੇਲ਼੍ਹ ਵਿੱਚ ਕੈਦੀ ਸੱਨੀ ਸੂਦ ਦੀ ਹੋਈ ਮੌਤ ਕਾਰਨ ਇਹ ਝੜਪ ਹੋਈ। ਪੁਲਿਸ ਦੇ ਬਿਆਨ ਮੁਤਾਬਕ ਸੱਨੀ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਸੀ। ਜਦਕਿ ਝੜਪ ਵਾਲੇ ਦਿਨ ਕੈਦੀਆਂ ਵੱਲੋਂ ਜੇਲ੍ਹ ਵਿੱਚੋਂ ਫੇਸਬੁੱਕ 'ਤੇ ਲਾਈਵ ਵੀਡੀਓ ਪਾ ਕੇ ਦਾਅਵਾ ਕੀਤਾ ਗਿਆ ਸੀ ਕਿ ਕੈਦੀ ਸੱਨੀ ਸੂਦ ਦੀ ਮੌਤ ਉਸ ਨਾਲ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਹੋਈ ਤੇ ਉਹਨਾਂ ਦੋਸ਼ ਲਾਇਆ ਸੀ ਕਿ ਪੁਲਿਸ ਆਮ ਹੀ ਜੇਲ੍ਹ ਵਿੱਚ ਕੈਦੀਆਂ ਦੀ ਕੁੱਟਮਾਰ ਕਰਦੀ ਹੈ। 

ਪਰ ਜੇਲ੍ਹ ਸੁਪਰਡੈਂਟ ਵੱਲੋਂ ਉਪਰੋਕਤ ਬਿਆਨ ਦੇਣ ਤੋਂ ਅਗਲੇ ਦਿਨ ਜਦੋਂ ਇਸ ਘਟਨਾ ਸਬੰਧੀ ਪਰਚਾ ਦਰਜ ਕਰਵਾਇਆ ਗਿਆ ਤਾਂ ਉਸ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਝੜਪ ਗੈਂਗਸਟਰਾਂ ਦੇ ਦੋ ਗੁੱਟਾਂ ਵਿੱਚ ਹੋਈ ਜਿਸ ਨੂੰ ਰੋਕਣ ਲਈ ਜਦੋਂ ਮੁਲਾਜ਼ਮਾਂ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਝੜਪ ਵਾਲੇ ਦਿਨ ਮੌਕੇ 'ਤੇ ਗਏ ਡੀਸੀ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਕੈਦੀ ਦੀ ਮੌਤ ਕਾਰਨ ਭੜਕੇ ਕੈਦੀਆਂ ਦੀ ਪੁਲਿਸ ਨਾਲ ਝੜਪ ਹੋਈ ਹੈ।  ਉਸੇ ਦਿਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਸੀ ਕਿ ਇਹ ਲੜਾਈ ਜੇਲ੍ਹ ਵਿੱਚ ਬੰਦ ਦੋ ਗੈਂਗਸਟਰ ਗੁੱਟਾਂ ਦਰਮਿਆਨ ਹੋਈ ਹੈ।

ਸੋ, ਹੁਣ ਤੱਕ ਦੇ ਸਾਰੇ ਬਿਆਨਾਂ ਅਤੇ ਕਾਰਵਾਈ ਤੋਂ ਪੁਲਿਸ ਦੇ ਦਾਅਵਿਆਂ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਤੇ ਪ੍ਰਤੀਤ ਹੋ ਰਿਹਾ ਹੈ ਕਿ ਇਸ ਝੜਪ ਦੀ ਅਸਲ ਵਜ੍ਹਾ ਤੋਂ ਭਟਕਾ ਕੇ ਮਸਲੇ ਨੂੰ ਹੋਰ ਰੰਗ ਦਿੱਤਾ ਜਾ ਰਿਹਾ ਹੈ। ਞ

ਇਸ ਝੜਪ ਵਿੱਚ ਮਾਰੇ ਗਏ ਕੈਦੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਗੋਲੀ ਮਾਰਨ ਵਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ