ਟਰੰਪ-ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਚੀਨ-ਅਮਰੀਕਾ ਵਿੱਚ ਵਪਾਰਕ ਜੰਗ 'ਚ ਕੁੱਝ ਖੜੋਤ ਦੇ ਅਸਾਰ

ਟਰੰਪ-ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਚੀਨ-ਅਮਰੀਕਾ ਵਿੱਚ ਵਪਾਰਕ ਜੰਗ 'ਚ ਕੁੱਝ ਖੜੋਤ ਦੇ ਅਸਾਰ
ਮੁਲਾਕਾਤ ਦੌਰਾਨ ਹੱਥ ਮਿਲਾਉਂਦੇ ਹੋਏ ਟਰੰਪ ਅਤੇ ਜਿਨਪਿੰਗ

ਚੰਡੀਗੜ੍ਹ: ਜਪਾਨ ਵਿੱਚ ਹੋ ਰਹੇ ਜੀ-20 ਸਮਿੱਟ ਦੌਰਾਨ ਅੱਜ ਜਪਾਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਅਹਿਮ ਬੈਠਕ ਹੋਈ। ਵਪਾਰਕ ਜੰਗ ਦੇ ਦੌਰ ਵਿੱਚੋਂ ਲੰਘ ਰਹੀਆਂ ਇਹਨਾਂ ਦੋ ਵਿਸ਼ਵ ਤਾਕਤਾਂ ਦੇ ਉੱਚ ਆਗੂਆਂ ਦਰਮਿਆਨ ਹੋਣ ਵਾਲੀ ਇਸ ਬੈਠਕ 'ਤੇ ਸਾਰੀ ਦੁਨੀਆਂ ਦੀਆਂ ਅੱਖਾਂ ਲੱਗੀਆਂ ਸਨ। ਹੁਣ ਤੱਕ ਬਾਹਰ ਆਈਆਂ ਖਬਰਾਂ ਮੁਤਾਬਿਕ ਦੋਵਾਂ ਆਗੂਆਂ ਨੇ ਵਪਾਰਕ ਟੈਕਸਾਂ ਸਬੰਧੀ ਗੱਲਬਾਤ ਵਿੱਚ ਚੱਲ ਰਹੀ ਖੜੌਤ ਨੂੰ ਤੋੜਨ ਦਾ ਫੈਂਸਲਾ ਕੀਤਾ ਹੈ ਤੇ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਚੀਨੀ ਵਸਤਾਂ 'ਤੇ ਨਵੇਂ ਟੈਰਿਫ ਨਹੀਂ ਲਾਵੇਗਾ। 

ਇਸ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਹ ਚੀਨ ਨਾਲ ਇਤਿਹਾਸਕ ਵਪਾਰਕ ਸੰਧੀ ਲਈ ਤਿਆਰ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਬਣੇ ਵਾਪਾਰਕ ਹਾਲਤ ਸੁਧਰ ਸਕਣ ਤਾਂ ਕਿ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਬਿਲੀਅਨ ਡਾਲਰਾਂ ਦੇ ਹੋ ਰਹੇ ਨੁਕਸਾਨ ਤੋਂ ਬਚਾਇਆ ਜਾ ਸਕੇ।

ਦੱਸ ਦਈਏ ਕਿ ਵਪਾਰਕ ਜੰਗ ਵਿੱਚ ੳੇੁਲਝੇ ਚੀਨ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਵਪਾਰਕ ਸੰਧੀ ਦੀ ਗੱਲਬਾਤ ਚੱਲ ਰਹੀ ਹੈ ਪਰ ਇਸ ਸੰਧੀ ਵਿੱਚ ਕੌਣ ਕੂਟਨੀਤਕ ਜਿੱਤ ਹਾਸਿਲ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਦੁਨੀਆਂ ਦੀਆਂ ਦੋ ਵੱਡੀਆਂ ਆਰਥਿਕ ਤਾਕਤਾਂ ਜ਼ਿਆਦਾ ਦੇਰ ਤੱਕ ਆਪਸੀ ਵਪਾਰਕ ਖੜੌਤ ਨੂੰ ਨਹੀਂ ਝੱਲ ਸਕਦੀਆਂ ਜਿਸ ਕਾਰਨ ਸੰਧੀ ਦਾ ਹੋਣਾ ਲਗਭਗ ਤੈਅ ਲੱਗ ਰਿਹਾ ਹੈ। ਪਰ ਇਸ ਸੰਧੀ ਵਿੱਚ ਕਿਸ ਦਾ ਪੱਲਾ ਭਾਰੀ ਰਹਿੰਦਾ ਹੈ ਇਸ ਸੰਧੀ ਦੇ ਕਾਗਜ਼ਾਂ 'ਤੇ ਉਤਰਨ ਬਾਅਦ ਹੀ ਪਤਾ ਲੱਗੇਗਾ। 

ਇਸ ਤੋਂ ਪਹਿਲਾਂ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਚੀਨ ਦੀਆਂ ਰਹਿੰਦੀਆਂ ਵਸਤਾਂ 'ਤੇ ਵੀ ਟੈਰਿਫ ਲਾਉਣ ਲਈ ਤਿਆਰ ਹੈ ਜੇ ਚੀਨ ਅਮਰੀਕਾ ਦੇ ਮਨਪਸੰਦ ਦੀ ਸੰਧੀ ਨਹੀਂ  ਕਰਦਾ ਹੈ। 

ਜਿਨਪਿੰਗ ਨਾਲ ਅੱਜ ਦੀ ਮੁਲਾਕਾਤ ਦੌਰਾਨ ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਵਪਾਰਕ ਸੰਧੀ ਦੇ ਸਿਰੇ ਚੜ੍ਹਨ ਦੇ ਬਹੁਤ ਨਜ਼ਦੀਕ ਹਨ। ਟਰੰਪ ਨੇ ਕਿਹਾ, "ਜੇ ਅਸੀਂ ਨਿਰਪੱਖ ਵਪਾਰਕ ਸੰਧੀ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਇਹ ਇਤਿਹਾਸਕ ਹੋਵੇਗਾ। ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਮੈਂ ਜਾਣਦਾ ਹਾਂ ਤੁਸੀਂ ਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੋ।"

ਜਿਨਪਿੰਗ ਨੇ ਕਿਹਾ, "ਚਾਲੀ ਸਾਲਾਂ ਦੌਰਾਨ ਅੰਤਰਰਾਸ਼ਟਰੀ ਹਾਲਤਾਂ ਤੇ ਚੀਨ-ਅਮਰੀਕਾ ਰਿਸ਼ਤਿਆਂ ਵਿੱਚ ਬਹੁਤ ਬਦਲਾਅ ਆਇਆ ਹੈ, ਪਰ ਇੱਕ ਮੂਲ ਤੱਥ ਅੱਜ ਵੀ ਜਿਉਂ ਦਾ ਤਿਉਂ ਹੈ। ਚੀਨ ਅਤੇ ਅਮਰੀਕਾ ਆਪਸੀ ਸਹਿਯੋਗ ਨਾਲ ਫਾਇਦੇ ਵਿੱਚ ਰਹਿਣਗੇ ਅਤੇ ਟਕਰਾਅ ਨਾਲ ਘਾਟੇ ਵਿੱਚ।" ਉਹਨਾਂ ਕਿਹਾ ਕਿ ਸਾਨੂੰ ਟਕਰਾਅ ਨਾਲੋਂ ਆਪਸੀ ਸਹਿਯੋਗ ਅਤੇ ਗੱਲਬਾਤ ਵੱਧ ਵਧਣਾ ਚਾਹੀਦਾ ਹੈ।

 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ