ਸੰਗਰੂਰ ਲੋਕ ਸਭਾ ਦੇ ਚੋਣ ਦੰਗਲ  ਵਿਚ ਮਾਨ ਦੀ ਵਡੀ ਚਰਚਾ

ਸੰਗਰੂਰ ਲੋਕ ਸਭਾ ਦੇ ਚੋਣ ਦੰਗਲ  ਵਿਚ ਮਾਨ ਦੀ ਵਡੀ ਚਰਚਾ

*23 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ

*ਆਪ ,ਬਾਦਲ ਦਲ ,ਕਾਂਗਰਸ ਤੇ ਮਾਨ ਵਿਚਾਲੇ ਹੋਵੇਗਾ ਕਰੜਾ ਮੁਕਾਬਲਾ 

 *ਸਿਮਰਨਜੀਤ ਸਿੰਘ ਮਾਨ ਸੱਤਵੀਂ ਵਾਰ ਸੰਗਰੂਰ  ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ 

*ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ ਵਿਚ ਉਤਾਰਿਆ 

*ਆਪਨੇ ਜਿੱਤ  ਲਈ ਹਰ ਹਲਕੇ ਵਿਚ 10-10 ਵਿਧਾਇਕਾਂ ਦੀ ਡਿਊਟੀ ਲਗਾਈ 

ਅੰਮ੍ਰਿਤਸਰ ਟਾਈਮਜ਼                           

ਜਲੰਧਰ; ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇਣ ਕਾਰਨ ਹੁਣ ਉੱਥੇ ਜ਼ਿਮਨੀ ਚੋਣ ਹੋ ਰਹੀ ਹੈ ਜਿਸ ਲਈ 23 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ। ਭਗਵੰਤ ਮਾਨ ਪਹਿਲਾਂ 2014 ਅਤੇ ਫਿਰ 2019 ਵਿਚ 2 ਵਾਰ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਸੰਗਰੂਰ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਲਹਿਰਾਗਾਗਾ, ਦਿੜਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਾਲੇਰਕੋਟਲਾ, ਧੂਰੀ ਅਤੇ ਸੰਗਰੂਰ ਪੈਂਦੇ ਹਨ। ਸੰਨ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਾਰੇ ਹੀ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਲਹਿਰਾਗਾਗਾ ਤੋਂ ਬਰਿੰਦਰ ਕੁਮਾਰ ਗੋਇਲ ਨੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ, ਦਿੜਬਾ ਤੋਂ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਮੂਨਕ ਨੂੰ, ਸੁਨਾਮ ਤੋਂ ਅਮਨ ਅਰੋੜਾ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ, ਭਦੌੜ ਤੋਂ ਲਾਭ ਸਿੰਘ ਉੱਗੋਕੇ ਨੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਲੀ ਦਲ ਦੇ ਕੁਲਵੰਤ ਸਿੰਘ ਕੀਤੂ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਮਹਿਲਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੇ ਅਕਾਲੀ ਦਲ ਦੇ ਗੁਰਜੰਟ ਸਿੰਘ ਨੂੰ, ਮਾਲੇਰਕੋਟਲਾ ਤੋਂ ਡਾ. ਮੁਹੰਮਦ ਜ਼ਮੀਲ ਨੇ ਕਾਂਗਰਸ ਦੀ ਰਜ਼ੀਆ ਸੁਲਤਾਨਾ ਨੂੰ, ਧੂਰੀ ਤੋਂ ਭਗਵੰਤ ਮਾਨ ਨੇ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ ਅਤੇ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਨੇ ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੂੰ ਹਰਾਇਆ।

ਸੰਗਰੂਰ ਲੋਕ ਸਭਾ ਹਲਕੇ ਲਈ ਪੰਜ ਮੁੱਖ ਰਾਜਨੀਤਕ ਪਾਰਟੀਆਂ ਵਿਚ ਮੁਕਾਬਲਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜ਼ਿਲੇ ਦੇ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਆਪਣੀ ਪਹਿਲੀ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੱਤਵੀਂ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਨ੍ਹਾਂ ਨੇ 1999 ਵਿਚ ਲੋਕ ਸਭਾ ਚੋਣ ਜਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਭੈਣ ਹਨ। ਉਹ ਦੂਜੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਹਨ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਉਮੀਦਵਾਰ ਹਨ ਜੋ ਕਿ ਹੁਣੇ-ਹੁਣੇ ਕਾਂਗਰਸ ਛੱਡ ਕੇ ਆਏ ਹਨ ਅਤੇ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਦਿਲਬੀਰ ਸਿੰਘ ਗੋਲਡੀ 2017 ਵਿਚ ਧੂਰੀ ਤੋਂ ਜਿੱਤੇ ਸਨ ਅਤੇ ਉਹ ਲੋਕ ਸਭਾ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ। ਪੰਜਾਬ ਵਿਚ ਆਇਆ ਰਾਮ ਗਿਆ ਰਾਮਦਾ ਰੁਝਾਨ ਪੂਰੇ ਜ਼ੋਰਾਂ ਤੇ ਹੈ ਅਤੇ ਰੋਜ਼ਾਨਾ ਹੀ ਲੀਡਰ ਘਪਲਿਆਂ ਤੋਂ ਬਚਣ ਲਈ ਪਾਰਟੀਆਂ ਬਦਲ ਰਹੇ ਹਨ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਹੈ। ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਕੁਝ ਦਿਨ ਹੋਏ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ, ਡਾ. ਰਾਜ ਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ (ਚਾਰੇ ਸਾਬਕਾ ਮੰਤਰੀ), ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੀ ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਅਤੇ ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਨੇ ਵੀ ਭਾਜਪਾ ਦਾ ਲੜ ਫੜ ਲਿਆ ਹੈ। ਇਨ੍ਹਾਂ ਦਲ ਬਦਲੂਆਂ ਦਾ ਸੰਗਰੂਰ ਦੀ ਲੋਕ ਸਭਾ ਸੀਟ ਤੇ ਜ਼ਰੂਰ ਅਸਰ ਪਵੇਗਾ। ਪੰਜਾਬ 'ਚ ਆਪ ਪਾਰਟੀ ਦੀ ਸਰਕਾਰ ਆਉਣ ਨਾਲ ਸਿਆਸਤ 'ਵਿਚ ਪਛੜ ਚੁੱਕੀਆਂ ਪਾਰਟੀਆਂ ਵਿਚੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਹਾਲੇ ਵੀ ਸਿਆਸੀ ਖੋਰਾ ਲੱਗ ਰਿਹਾ ਹੈ, ਜਦੋਂ ਕਿ ਕੌਮੀ ਪਾਰਟੀ ਭਾਜਪਾ ਨੇ ਪੰਜਾਬ 'ਵਿਚ ਸੰਭਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਸ ਤਰ੍ਹਾਂ ਭਾਜਪਾ 'ਵਿਚ ਦੂਸਰੀਆਂ ਪਾਰਟੀਆਂ ਦੇ ਦਿੱਗਜ ਆਗੂਆਂ ਦੇ ਸ਼ਾਮਿਲ ਹੋਣ ਨਾਲ ਇਸ ਦਾ ਕਾਫ਼ਲਾ ਵੱਡਾ ਹੁੰਦਾ ਜਾ ਰਿਹਾ ਹੈ, ਅਗਲੇ ਦਿਨਾਂ 'ਵਿਚ ਕਾਂਗਰਸ ਅਤੇ ਸ਼ੋ੍ਮਣੀ ਅਕਾਲੀ ਦਲ ਨਾਲ ਸੰਬੰਧਿਤ ਕਈ ਸੀਨੀਅਰ ਆਗੂਆਂ ਵਲੋਂ ਭਾਜਪਾ ਦਾ ਪੱਲਾ ਫੜੇ ਜਾਣ ਦੀ ਚਰਚਾ ਹੈ ।ਭਾਜਪਾ ਭਾਵੇਂ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਉੱਭਰ ਚੁੱਕੀ ਹੈ ਪਰ ਪੰਜਾਬ 'ਵਿਚ ਇਹ ਪਾਰਟੀ ਆਪਣਾ ਆਧਾਰ ਬਣਾਉਣ 'ਚ ਸਫਲ ਨਹੀਂ ਹੋਈ ਸੀ । ਪਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧਿਆਨ ਹੁਣ ਪੰਜਾਬ 'ਚ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਹੈ । ਇਸ ਲਈ ਸੂਬੇ 'ਵਿਚ ਦੂਸਰੀਆਂ ਰਵਾਇਤੀ ਪਾਰਟੀਆਂ ਨੂੰ ਢਾਹ ਲਗਾ ਕੇ ਆਪਣਾ ਕਾਫ਼ਲਾ ਵੱਡਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਪੰਜਾਬ 'ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਹੂੰਝਾ ਫੇਰ ਜਿੱਤ ਤੋਂ ਬਾਅਦ ਕਈ ਲੋਕਾਂ ਨੇ ਆਪਣਾ ਸਿਆਸੀ ਭਵਿੱਖ ਇਸ ਪਾਰਟੀ 'ਵਿਚ ਤਲਾਸ਼ਣਾ ਸ਼ੁਰੂ ਕਰ ਦਿੱਤਾ ਸੀ, ਪਰ ਪੰਜਾਬ ਦੀ ਸੱਤਾ ਸੰਭਾਲਣ ਲਈ ਜਿਸ ਤਰ੍ਹਾਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਹਾਲੇ ਉਨ੍ਹਾਂ ਨੂੰ ਪੂਰੇ ਕਰਨ ਵਿ'ਚ ਪਾਰਟੀ ਸਫਲ ਨਹੀਂ ਹੋ ਸਕੀ, ਜਿਸ ਕਾਰਨ 'ਆਪ' ਦੀ ਲੋਕਪਿ੍ਅਤਾ ਦਾ ਗਰਾਫ਼ ਕੁਝ ਹੇਠਾਂ ਆਇਆ ਹੈ । ਹਾਲ 'ਵਿਚ ਕਾਂਗਰਸ ਪਾਰਟੀ ਦੇ ਚਾਰ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਡਾ: ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ, ਕੇਵਲ ਸਿੰਘ ਢਿੱਲੋਂ ਨੇ ਭਾਜਪਾ ਦਾ ਪੱਲਾ ਫੜ੍ਹ ਕੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਸੰਪਰਕ 'ਵਿਚ ਹਨ ।ਸੰਗਰੂਰ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਆਪ ਪਾਰਟੀ ਦੇ ਵਿਧਾਇਕ ਜੇਤੂ ਰਹੇ ਹਨ। ਵੈਸੇ ਆਮ ਆਦਮੀ ਪਾਰਟੀ ਦਾ ਪਲੜਾ ਭਾਰੂ ਲੱਗ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਹਰ ਵਿਧਾਇਕ ਆਪੋ-ਆਪਣੇ ਹਲਕੇ ਤੋਂ ਘਰਾਚੋਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਕੇ ਅੱਡੀ-ਚੋਟੀ ਦਾ ਜ਼ੋਰ ਲਗਾਵੇਗਾ। ਆਪਨੇ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਹਲਕੇ ਵਿਚ 10-10 ਵਿਧਾਇਕਾਂ ਦੀ ਡਿਊਟੀ ਲਾ ਦਿੱਤੀ ਹੈ। ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਪ ਪਾਰਟੀ ਨੂੰ 92 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਜਦਕਿ ਕਾਂਗਰਸ ਨੂੰ 18, ਸ਼੍ਰੋਮਣੀ ਅਕਾਲੀ ਦਲ ਨੂੰ 3, ਭਾਜਪਾ ਨੂੰ 2 ਅਤੇ ਆਜ਼ਾਦ ਤੇ ਬੀਐੱਸਪੀ ਨੂੰ ਇਕ-ਇਕ ਸੀਟ ਤੇ ਸਬਰ ਕਰਨਾ ਪਿਆ ਸੀ। ਪਿਛਲੇ ਸਮੇਂ ਤੇ ਝਾਤ ਮਾਰੀਏ ਤਾਂ ਪੰਜਾਬ ਵਿਚ ਜਿੰਨੀਆਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚੋਂ ਜ਼ਿਆਦਾ ਕਰਕੇ ਸੱਤਾਧਾਰੀ ਪਾਰਟੀ ਹੀ ਜਿੱਤ ਦੇ ਝੰਡੇ ਗੱਡਦੀ ਰਹੀ ਹੈ।