ਉਚੇਰੀ ਸਿੱਖਿਆ ਵਿਵਸਥਾ ਦੀ ਗੁਣਵੱਤਾ ਦੀ ਘਾਟ  ਕਾਰਣ ਪ੍ਰਵਾਸ ਕਰ ਰਿਹੈ ਨੌਜਵਾਨ ਵਰਗ

ਉਚੇਰੀ ਸਿੱਖਿਆ ਵਿਵਸਥਾ ਦੀ ਗੁਣਵੱਤਾ ਦੀ ਘਾਟ  ਕਾਰਣ ਪ੍ਰਵਾਸ ਕਰ ਰਿਹੈ ਨੌਜਵਾਨ ਵਰਗ

ਉਚੇਰੀ ਸਿੱਖਿਆ ਵਿਚ ਆਰਟਸ ਵਿਸ਼ਿਆਂ ਦੀ ਗੱਲ..

 ਸਿੱਖਿਆ ਸੰਸਾਰ ਵਿਚ ਗੁਣਵੱਤਾ (ਕੁਆਲਟੀ) ਅਤੇ ਕੀਮਤ ਦਾ ਨਾ-ਪਾਕ ਗੱਠਜੋੜ ਕਿਵੇਂ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਉਡਾਰੀ ਮਾਰਨ ਲਈ ਮਜਬੂਰ ਕਰ ਰਿਹਾ ਹੈ? ਨੌਜਵਾਨਾਂ ਦੇ ਵਿਦੇਸ਼ੀ ਪ੍ਰਵਾਸ ਦੇ ਭਾਵੇਂ ਅਨੇਕਾਂ ਕਾਰਨ ਹਨ ਜਿਵੇਂ ਰਿਸ਼ਤਿਆਂ ਵਿਚ ਖੋਖਲਾਪਣ, ਪਦਾਰਥਵਾਦੀ ਸੋਚ, ਆਪਣਿਆਂ ਦਾ ਆਪਣਿਆਂ ਦੀ ਅਪਣੱਤ ਤੋਂ ਮੁਨਕਰ ਹੋਣਾ ਆਦਿ, ਪਰੰਤੂ ਵਿਸ਼ੇ ਦੀ ਵਲਗਣ ਵਿਚ ਅਸੀਂ ਕੇਵਲ ਉਚੇਰੀ ਵਿੱਦਿਆ ਨੂੰ ਮੁੱਖ ਰੱਖ ਕੇ ਵਿਚਾਰ ਨੂੰ ਅਗਾਂਹ ਵਧਾਵਾਂਗੇ।

ਉਚੇਰੀ ਸਿੱਖਿਆ ਵਿਚ ਆਰਟਸ ਵਿਸ਼ਿਆਂ ਦੀ ਗੱਲ ਪਹਿਲ ਦੇ ਅਧਾਰ 'ਤੇ ਕਰਨੀ ਬਣਦੀ ਹੈ। ਮੈਂ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਹਾਂ ਕਿ ਅਧਿਆਪਨ ਦੇ ਖੇਤਰ ਵਿਚ ਵਿਚਰਦਿਆਂ ਵੀ ਮੈਂ ਕਦੀ ਇਹ ਨਹੀਂ ਜਾਣ ਸਕਿਆ ਕਿ ਇੰਨੀ ਵੱਡੀ ਤਾਦਾਦ ਵਿਚ ਅਸੀਂ ਇੰਨ੍ਹਾਂ ਬੱਚਿਆਂ ਨੂੰ ਕੀ ਅਤੇ ਕਿਉਂ ਪੜ੍ਹਾ ਰਹੇ ਹਾਂ? ਬਾਜ਼ਾਰ ਵਿਚੋਂ ਕੋਈ ਵਸਤੂ ਬਿੱਲ ਨਾਲ ਖ਼ਰੀਦਣੀ ਹੈ ਜਾਂ ਬਿਨਾਂ ਬਿੱਲ, ਬਰਾਂਡਿਡ ਖ਼ਰੀਦਣੀ ਹੈ ਜਾਂ ਨਾਨ-ਬਰਾਂਡਿਡ ਵਾਂਗ ਸਾਡੀ ਸਿੱਖਿਆ ਪ੍ਰਣਾਲੀ ਵੀ ਦੋ ਤਰ੍ਹਾਂ ਦੀ ਹੋ ਕੇ ਰਹਿ ਗਈ ਹੈ। ਕਾਲਜਾਂ ਵਿਚੋਂ ਲੱਖਾਂ ਦੀ ਗਿਣਤੀ ਵਿਚ ਬੀ.ਏ, ਐਮ.ਏ. ਕਰ ਕੇ ਕੁਝ ਸੈਂਕੜੇ 'ਪ੍ਰਤਿਭਾਸ਼ਾਲੀ' ਅਧਿਆਪਕ ਚੁਣੇ ਜਾਣ ਤੋਂ ਬਾਅਦ ਅਗਾਂਹ ਲੱਖਾਂ ਦੀ ਗਿਣਤੀ ਵਿਚ ਫਿਰ ਬੇਰੁਜ਼ਗਾਰ ਪੈਦਾ ਕਰਨ ਦੇ ਕਿੱਤੇ 'ਚ ਲੱਗ ਜਾਂਦੇ ਹਨ। ਇਹ ਵਰਤਾਰਾ ਇਕ ਕੜੀ ਦਾ ਰੂਪ ਲੈ ਲੈਂਦਾ ਹੈ। ਇਹੀ ਕਾਰਨ ਹੈ ਕਿ ਕਰੜੀ ਮਿਹਨਤ ਕਰ ਕੇ ਹੱਥ ਵਿਚ ਡਿਗਰੀ ਲੈ ਕੇ ਜਦੋਂ ਇਕ ਵਿਦਿਆਰਥੀ ਵਿਦਿਆਲੇ ਤੋਂ ਬਾਹਰ ਆਉਂਦਾ ਹੈ ਤਾਂ ਉਹ ਖ਼ੁਦ ਨੂੰ ਠੱਗਿਆ-ਠੱਗਿਆ ਜਿਹਾ ਮਹਿਸੂਸ ਕਰਦਾ ਹੈ। ਹੁਣ ਇਹ ਦਲੀਲ ਨਾ ਦੇਣ ਬੈਠ ਜਾਣਾ ਕਿ ਜੇ ਬਿਹਾਰ-ਬੰਗਾਲ ਤੋਂ ਆ ਕੇ ਰੇਹੜੀ ਲਾਉਣ ਵਾਲਾ ਲੱਖਾਂ ਕਮਾ ਸਕਦਾ ਹੈ ਤਾਂ ਸਾਡੇ ਨੌਜਵਾਨ ਕਿਉਂ ਨਹੀਂ? ਵੀਹ-ਪੰਝੀ ਸਾਲ ਉੱਚ-ਪੱਧਰ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਪਕੌੜਿਆਂ ਦੀ ਰੇਹੜੀ ਲਾਉਣੀ ਹੋਵੇ ਫਿਰ ਵਿੱਦਿਆ ਦੇ ਅਰਥ ਹੀ ਗੁਆਚ ਜਾਣਗੇ।

ਪੜ੍ਹੇ-ਲਿਖੇ ਨੌਜਵਾਨਾਂ ਦੇ ਪ੍ਰਵਾਸ ਪਿੱਛੇ ਕਾਰਨਾਂ ਵਿਚੋਂ ਇਕ ਪ੍ਰਮੁੱਖ ਕਾਰਨ ਸਾਡਾ ਉਚੇਰੀ ਵਿੱਦਿਆ ਦੇ ਢਾਂਚੇ ਦਾ ਬੁਰੀ ਤਰ੍ਹਾਂ ਡਗਮਗਾ ਜਾਣਾ ਹੈ। ਅਮੂਮਨ ਹੁੰਦਾ ਇਹ ਹੈ ਕਿ ਇੰਜੀਨੀਅਰਿੰਗ, ਤਕਨੀਕੀ ਜਾਂ ਹੋਰ ਪ੍ਰੋਫੈਸ਼ਨਲ ਕੋਰਸਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀ ਵੀ ਪ੍ਰੈਕਟੀਕਲ ਗਿਆਨ ਤੋਂ ਵਿਹੂਣੇ ਹੁੰਦੇ ਹਨ (ਭਾਵੇਂ ਅਜਿਹੇ ਹਾਲਾਤ ਲਈ ਉਨ੍ਹਾਂ ਦੀ ਖ਼ੁਦ ਦੀ ਜ਼ਿੰਮੇਵਾਰੀ ਬਹੁਤ ਸੀਮਤ ਹੁੰਦੀ ਹੈ) ਕਾਲਜਾਂ ਦੀਆਂ ਸਾਇੰਸ ਲੈਬਾਰਟਰੀਆਂ ਖ਼ਾਲੀ ਪਈਆਂ ਹਨ, ਪ੍ਰੈਕਟੀਕਲ ਪੀਰੀਅਡ ਕਾਗ਼ਜ਼ੀ ਸਮਾਂ-ਸਾਰਣੀ ਦੀ ਸ਼ੋਭਾ ਵਧਾਉਣ ਤੱਕ ਮਹਿਫੂਜ਼ ਹਨ ਤਾਂ ਜੋ ਕਾਲਜ ਅਧਿਆਪਕ ਦੇ 'ਕੰਮ ਦੇ ਬੋਝ' (ਵਰਕ ਲੋਡ) ਨੂੰ ਤਰਕ-ਸੰਗਤ ਬਣਾਇਆ ਜਾ ਸਕੇ।

ਜਿਹੜੇ ਬੱਚੇ ਪੜ੍ਹਾਈ ਦੇ ਬਹਾਨੇ ਵਿਦੇਸ਼ੀ ਧਰਤੀ 'ਤੇ ਕਦਮ ਰੱਖ ਚੁੱਕੇ ਹਨ, ਉਨ੍ਹਾਂ ਵਿਚ ਕੋਈ ਲੱਖ ਕਮੀਆਂ ਲੱਭਦਾ ਫਿਰੇ ਪਰੰਤੂ ਹੱਡ-ਭੰਨਵੀਂ ਮਿਹਨਤ ਤੋਂ ਜੀਅ ਚੁਰਾਉਣ ਵਾਲੇ ਉਨ੍ਹਾਂ ਨੂੰ ਕਤਈ ਨਹੀਂ ਆਖਿਆ ਜਾ ਸਕਦਾ। ਸਭ ਜਾਣਦੇ ਹਨ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੇ ਕੋਰਸਾਂ ਦੀ ਫ਼ੀਸ ਸਖ਼ਤ ਮਿਹਨਤ ਨਾਲ ਇੱਕਠੀ ਕਰ ਰਹੇ ਹਨ। ਕਦੀ ਸੋਚਿਆ ਹੈ ਕਿ ਬਿਗਾਨੀ ਧਰਤੀ, ਜਿੱਥੇ ਕੋਈ ਵੀ ਕਹਿਣ ਨੂੰ ਉਨ੍ਹਾਂ ਦਾ ਆਪਣਾ ਨਹੀਂ ਹੁੰਦਾ, ਉਨ੍ਹਾਂ ਦੇ ਨਾਂਅ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੁੰਦੀ ਫਿਰ ਵੀ ਉਥੋਂ ਦੀ ਵਿਵਸਥਾ ਉਨ੍ਹਾਂ ਨੂੰ ਘਰ, ਗੱਡੀ ਅਤੇ ਜ਼ਿੰਦਗੀ ਦੀਆਂ ਹੋਰ ਸੁਖ-ਸਹੂਲਤਾਂ ਮੁਹੱਈਆ ਕਰਵਾਉਣ ਵਿਚ ਉਕਾ ਹੀ ਸੰਕੋਚ ਨਹੀਂ ਕਰਦੀ। ਹਾਲਾਤ ਦੀ ਵਿਡੰਬਨਾ ਹੀ ਕਹੀ ਜਾਵੇਗੀ ਕਿ ਜਿੱਥੇ ਨੌਜਵਾਨ ਜੰਮਿਆ-ਪਲਿਆ, ਪ੍ਰਵਾਨ ਚੜ੍ਹਿਆ ਉਥੋਂ ਦੀ ਬੈਂਕਿੰਗ ਪ੍ਰਣਾਲੀ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਨੂੰ ਬਿਨਾਂ ਜ਼ਮੀਨ ਜਾਇਦਾਦ ਗਿਰਵੀ ਰੱਖੇ ਕੱਖ ਨਹੀਂ ਦਿੰਦੀ।

ਉਚੇਰੀ ਸਿੱਖਿਆ ਵਿਵਸਥਾ ਵਿਚ ਨਿਘਾਰ ਦਾ ਮੁੱਢ ਉਦੋਂ ਬੱਝਾ ਜਦੋਂ ਵੱਡੇ ਧਨਾਢ ਘਰਾਣੇ ਵਿੱਦਿਆ ਦੇ ਪਿੜ ਵਿਚ ਪ੍ਰਵੇਸ਼ ਕਰ ਗਏ। ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਸਦਕਾ ਨਵੇਂ ਵਿੱਦਿਅਕ ਅਦਾਰਿਆਂ ਲਈ ਵਿਦਿਆਰਥੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਗੁਣਵੱਤਾ ਬਹੁਤ ਪਿੱਛੇ ਰਹਿ ਗਈ ਕਿਉਂਕਿ ਗਿਣਤੀ ਵਿਚੋਂ ਹੀ ਗੁਣਵੱਤਾ ਨੂੰ ਛਾਂਟਣਾ ਹੁੰਦਾ ਹੈ। ਫਿਰ ਜਿਹੜਾ ਵੀ ਆਇਆ ਉਸ ਨੂੰ ਇੰਜੀਨੀਅਰਿੰਗ, ਮੈਨੇਜਮੈਂਟ, ਇੱਥੋਂ ਤੱਕ ਕਿ ਡਾਕਟਰੀ ਪੜ੍ਹਾਈ ਦੇ ਅਹਿਮ ਕੋਰਸਾਂ ਵਿਚ ਵੀ ਨਾ-ਕੇਵਲ ਦਾਖ਼ਲਾ ਮਿਲਣ ਲੱਗਾ ਬਲਕਿ ਡਿਗਰੀ ਤੱਕ ਪਹੁੰਚਦਾ ਕਰਨ ਦੇ ਇਕਰਾਰ ਵੀ ਹੋਣ ਲੱਗੇ। ਐਮ.ਫਿਲ ਅਤੇ ਪੀ.ਐੱਚ.ਡੀ. ਵਰਗੀਆਂ ਅਤਿ ਵੱਕਾਰੀ ਅਤੇ ਖੋਜ ਆਧਾਰਿਤ ਡਿਗਰੀਆਂ ਵੀ ਕਿਸੇ ਬਾਜ਼ਾਰੂ ਵਸਤੂ ਦੀ ਤਰ੍ਹਾਂ ਉਪਲਬਧ ਹੋਣ ਲੱਗੀਆਂ। ਇਸ ਸਭ ਕਾਸੇ ਲਈ ਅਸੀਂ ਕਿਸੇ ਸਰਕਾਰ ਜਾਂ ਰਾਜਨੀਤਕ ਪਾਰਟੀ ਵਿਸ਼ੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ, ਕਿਉਂਕਿ ਇਹ ਸਭ 'ਨਿਰਧਾਰਿਤ ਨੀਤੀ' ਅਧੀਨ ਲਏ ਫ਼ੈਸਲਿਆਂ ਦੀ ਬਦੌਲਤ ਹੀ ਵਾਪਰਨ ਵਾਲਾ ਵਰਤਾਰਾ ਹੁੰਦਾ ਹੈ ਅਤੇ ਅਮੂਮਨ ਨੀਤੀਆਂ ਬਣਦੀਆਂ ਇਕ ਸਰਕਾਰ ਵੇਲੇ ਹਨ ਅਤੇ ਲਾਗੂ ਦੂਜੀ ਸਰਕਾਰ ਵੇਲੇ ਹੁੰਦੀਆਂ ਹਨ। ਇਸੇ ਲਈ ਅਸੀਂ ਸਾਰਥਿਕ ਨਤੀਜੇ 'ਤੇ ਨਹੀਂ ਅੱਪੜ ਪਾਉਂਦੇ। ਲੋੜ ਵਿਵਸਥਾ ਨੂੰ ਬਦਲਣ ਦੀ ਹੁੰਦੀ ਹੈ ਅਤੇ ਅਸੀਂ ਸਰਕਾਰ ਬਦਲਣ ਤੁਰ ਪੈਂਦੇ ਹਾਂ।

ਸਾਡਾ ਮਨਸ਼ਾ ਵਿਦੇਸ਼ਾਂ ਦੀ ਵਿੱਦਿਅਕ ਵਿਵਸਥਾ ਦੇ ਸੋਹਲੇ ਗਾਉਣਾ ਜਾਂ ਇੱਥੋਂ ਦੇ ਵਿੱਦਿਅਕ ਢਾਂਚੇ ਨਾਲ ਤਸ਼ਬੀਹ ਦੇ ਕੇ ਉਥੋਂ ਦੇ ਸਿਸਟਮ ਨੂੰ ਵਡਿਆਉਣਾ ਹਰਗਿਜ਼ ਨਹੀਂ ਹੈ। ਬਲਕਿ ਧੜਾ-ਧੜ ਭਰ ਕੇ ਜਾ ਰਹੇ ਨੌਜਵਾਨਾਂ ਦੇ ਜਹਾਜ਼ਾਂ ਤੋਂ ਇਨ੍ਹਾਂ ਸਤਰਾਂ ਦਾ ਲੇਖਕ ਵੀ ਓਨਾਂ ਹੀ ਚਿੰਤਤ ਹੈ, ਜਿੰਨਾ ਕੋਈ ਹੋਰ ਸਮਾਜ ਵਿਗਿਆਨੀ। ਸਾਨੂੰ ਦੇਰ-ਸਵੇਰ ਮੌਜੂਦਾ ਵਿਵਸਥਾ ਨੂੰ ਬਦਲਣਾ ਹੋਵੇਗਾ। ਵਿਵਸਥਾ ਵਿਚ ਬਦਲਾਅ ਇਸ ਵਿਵਸਥਾ ਤੋਂ ਚੰਗੀ-ਚੋਖੀ ਕਮਾਈ ਕਰ ਰਹੇ ਲੋਕ ਨਹੀਂ ਚਾਹੁਣਗੇ, ਇਸ ਪਾਸੇ ਸਾਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਕਹਿੰਦੇ ਹਨ 'ਮੈਦਾਨ-ਏ-ਜੰਗ ਵਿਚ ਜਿੱਤ ਚੁੱਕੀ ਧਿਰ ਕੋਲੋਂ ਸਿੱਖਣ ਨੂੰ ਕੁਝ ਨਹੀਂ ਮਿਲਦਾ, ਕੁਝ ਸਿੱਖਣਾ ਹੈ ਤਾਂ ਸਾਨੂੰ ਹਾਰ ਚੁੱਕਿਆਂ ਦੇ ਤਜਰਬਿਆਂ ਦੀ ਪੜਚੋਲ ਕਰਨੀ ਹੋਵੇਗੀ। ਇਸ ਨੁਕਤੇ ਨੂੰ ਸਹੀ ਸੰਦਰਭ ਵਿਚ ਵਾਚਣ ਉਪਰੰਤ ਹੀ ਮਸਲੇ ਦੀ ਗਹਿਰਾਈ ਤੱਕ ਪਹੁੰਚ ਬਣਾ ਪਾਵਾਂਗੇ।

ਪਾਠਕਾਂ ਦੇ ਆਉਣ ਵਾਲੇ ਸਵਾਲਾਂ ਵਿਚ ਇਕ ਸਵਾਲ ਸਾਂਝਾ ਇਹ ਹੁੰਦਾ ਹੈ ਕਿ ਫਿਰ ਇਸ ਪ੍ਰਵਾਸ ਨੂੰ ਰੋਕਣ ਲਈ 'ਕੀ ਕੀਤਾ ਜਾਣਾ ਲੋੜੀਂਦਾ ਹੈ?' ਮੇਰਾ ਇੱਕੋ ਜਵਾਬ ਹੁੰਦੈ ਕਿ ਇਕ ਨਿਰਧਾਰਿਤ ਪੱਧਰ ਦੀ ਵਿੱਦਿਆ ਹਾਸਲ ਕਰ ਚੁੱਕੇ ਨੌਜਵਾਨ ਨੂੰ ਜਿਸ ਦਿਨ ਅਸੀਂ ਇਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬ ਹੋ ਗਏ ਕਿ ਤੂੰ ਆਪਣੀ ਧਰਤੀ 'ਤੇ ਆਪਣੇ ਪੱਧਰ 'ਤੇ ਆਪਣਾ ਕਾਰੋਬਾਰ ਖੜ੍ਹਾ ਕਰ ਸਕਦਾ ਹੈਂ, ਉਸ ਦਿਨ ਇਹ ਪ੍ਰਵਾਸ ਆਪਣੇ ਆਪ ਰੁਕ ਜਾਵੇਗਾ ਜਾਂ ਘਟ ਜ਼ਰੂਰ ਜਾਵੇਗਾ। ਮੰਨਿਆ ਕਿ ਰੁਜ਼ਗਾਰ ਸਭ ਨੂੰ ਨਹੀਂ ਦਿੱਤਾ ਜਾ ਸਕਦਾ ਪਰੰਤੂ ਪੜ੍ਹੇ-ਲਿਖੇ ਨੌਜਵਾਨ ਨੂੰ ਰੁਜ਼ਗਾਰ ਦਾ ਮੌਕਾ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ।

ਵਿੱਦਿਅਕ ਵਿਵਸਥਾ ਵਿਚ ਵੱਡੇ ਬਦਲਾਅ ਦੀ ਕਲਪਨਾ ਕਰਨੀ ਹੋਵੇ ਤਾਂ ਸਾਨੂੰ ਵਿਸ਼ਿਆਂ ਦੇ ਗੱਠਜੋੜ (ਸਬਜੈਕਟ ਕੰਬੀਨੇਸ਼ਨ) ਅਤੇ ਸਟਰੀਮ ਦੀ ਹੱਦਬੰਦੀ ਵਿਚੋਂ ਬਾਹਰ ਆਉਣਾ ਪਵੇਗਾ। ਵਿਸ਼ਿਆਂ ਦੀ ਚੋਣ ਚਤੁਰਾਈ ਨਾਲ ਬੋਲੇ ਗਏ ਝੂਠ ਤੋਂ ਵਧ ਕੁਝ ਨਹੀਂ, ਅਸਲ ਵਿਚ ਵਿਦਿਆਰਥੀਆਂ 'ਤੇ ਵਿਸ਼ਿਆਂ ਨੂੰ ਥੋਪਿਆ ਜਾਂਦਾ ਹੈ। ਮੈਡੀਕਲ ਪੜ੍ਹਨ ਵਾਲਾ ਵਿਦਿਆਰਥੀ ਜੇਕਰ ਸੁਭਾਅ ਪੱਖੋਂ ਸੰਗੀਤਕ ਰੁਚੀਆਂ ਦਾ ਮਾਲਕ ਵੀ ਹੈ ਤਾਂ ਅਜਿਹੇ ਵਿਦਿਆਰਥੀ ਲਈ ਸਾਡੇ ਕੋਲ ਕੀ ਪ੍ਰਬੰਧ ਹੈ? ਮੌਜੂਦਾ ਵਿਵਸਥਾ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਵਿਦਿਆਰਥੀ ਫੇਲ੍ਹ ਨਾ ਹੋਵੇ। ਅਜਿਹਾ ਸ਼ਾਇਦ ਯੂਨੀਵਰਸਿਟੀਆਂ ਲਈ ਆਪਣੇ ਵਿੱਤੀ ਘਾਟਿਆਂ ਦੀ ਪੂਰਤੀ ਵਾਸਤੇ ਜ਼ਰੂਰੀ ਹੁੰਦਾ ਹੋਵੇ। ਇਮਤਿਹਾਨ ਪ੍ਰਣਾਲੀ ਵਿਚ ਵੱਡਾ ਫੇਰ-ਬਦਲ ਸਮੇਂ ਦੀ ਫੌਰੀ ਮੰਗ ਹੈ। ਸਖ਼ਤ ਮਿਹਨਤ ਕਰਨ ਤੋਂ ਬਾਅਦ ਇੰਟਰਵਿਊ ਲਈ ਜੇਕਰ ਸਿਫ਼ਾਰਿਸ਼ ਲਈ ਜੁਗਾੜ ਨਾ ਕਰ ਪਾਉਣ ਦਾ ਵਿਦਿਆਰਥੀ ਦੇ ਦਿਲ-ਦਿਮਾਗ 'ਤੇ ਦਬਾਅ ਹੈ ਤਾਂ ਸੋਚਣਾ ਪਵੇਗਾ ਕਿ ਸਾਡੇ ਵਲੋਂ ਦਿੱਤੀ ਗਈ ਵਿੱਦਿਆ ਉਸ ਦੇ ਕਿਹੜੇ ਕੰਮ ਆਈ? ਸਰਕਾਰਾਂ ਅਕਸਰ ਪਾਰਦਰਸ਼ੀ ਢੰਗ-ਤਰੀਕਿਆਂ ਤਹਿਤ ਕੰਮ ਹੋਣ ਦੇ ਦਾਅਵੇ ਕਰਦੀਆਂ ਹਨ ਪਰੰਤੂ ਯਕੀਨ ਜਾਣਿਓ, ਜਿਸ ਦਿਨ ਸਰਕਾਰੀ ਤੰਤਰ 'ਚ ਇਹ ਪਾਰਦਰਸ਼ਤਾ ਆਮ ਸਧਾਰਨ ਬੰਦੇ ਨੂੰ ਵੀ ਨਜ਼ਰ ਆਉਣ ਲੱਗ ਪਈ, ਉਸ ਦਿਨ ਪੰਜਾਬੀਆਂ ਦੇ ਦਿਮਾਗ ਵਿਚੋਂ 'ਵਿਦੇਸ਼ ਸੈੱਟ ਹੋਣ ਦਾ ਜਨੂੰਨ' ਆਪਣੇ ਆਪ ਘਟਣਾ ਸ਼ੁਰੂ ਹੋ ਜਾਵੇਗਾ।

 

ਪ੍ਰੋਫੈਸਰ ਰਣਜੀਤ ਸਿੰਘ