ਸ਼੍ਰੋਮਣੀ ਕਮੇਟੀ ਨੇ ਪਿਛਲੀਆਂ ਬੇਅਦਬੀਆਂ ਤੋਂ  ਜੇ ਕੁਝ ਸਿੱਖਿਆ ਹੁੰਦਾ ਤਾਂ ਸ੍ਰੀ ਦਰਬਾਰ ਸਾਹਿਬ ਦੀ ਘਟਨਾ ਰੁੱਕ ਸਕਦੀ ਸੀ- ਜਥੇਦਾਰ ਹਵਾਰਾ ਕਮੇਟੀ

ਸ਼੍ਰੋਮਣੀ ਕਮੇਟੀ ਨੇ ਪਿਛਲੀਆਂ ਬੇਅਦਬੀਆਂ ਤੋਂ  ਜੇ ਕੁਝ ਸਿੱਖਿਆ ਹੁੰਦਾ ਤਾਂ ਸ੍ਰੀ ਦਰਬਾਰ ਸਾਹਿਬ ਦੀ ਘਟਨਾ ਰੁੱਕ ਸਕਦੀ ਸੀ- ਜਥੇਦਾਰ ਹਵਾਰਾ ਕਮੇਟੀ

ਪ੍ਰੈਸ ਨੋਟ

ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ(19 ਦਸੰਬਰ) ਸ਼੍ਰੀ ਦਰਬਾਰ ਸਾਹਿਬ’ਚ ਬੇਅਦਬੀ ਦੀ ਮੰਦਭਾਗੀ ਘਟਨਾ ਨੇ ਜਿੱਥੇ ਸਿੱਖ ਜਗਤ ਦੀ ਮਾਨਸਿਕਤਾ ਨੂੰ ਨਮੋਸ਼ੀ ਤੇ ਰੋਹ ਵੱਲ ਧੱਕ ਦਿੱਤਾ ਹੈ ਉੱਥੇ ਸ਼੍ਰੋਮਣੀ ਕਮੇਟੀ ਦੇ ਨਿਕੰਮੇ ਪ੍ਰੰਬਧ ਵੱਲ ਵੀ ਸੰਗਤਾਂ ਦਾ ਧਿਆਨ ਖਿੱਚਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਘਟਨਾ ਸਾਲ 2015 ਤੋ ਨਿਰੰਤਰ ਹੋ ਰਹੀ ਬੇਅਦਬੀਆਂ ਦਾ ਸ਼ਿਖਰ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸਿਗਰਟ ਪੀ ਕੇ ਕੀਤੀ ਬੇਅਦਬੀ ਅਤੇ ਸ੍ਰੀ ਦਰਬਾਰ ਸਰੋਵਰ ਵਿੱਚ ਗੁਟਕਾ ਸਾਹਿਬ ਸੁੱਟ ਕੇ ਕੀਤੀ ਬੇਅਦਬੀ  ਤੋ ਸ਼੍ਰੋਮਣੀ ਕਮੇਟੀ ਨੇ ਜੇਕਰ ਕੁਝ ਸਿੱਖਿਆ ਹੁੰਦਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਦੁੱਖਦਾਈ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਇਸ ਘਟਨਾ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੀ ਕਾਰਜ ਸ਼ੈਲੀ ਅਤੇ ਕੁਸ਼ਲ ਪ੍ਰੰਬਧ ਕਰਨ ਦੀ ਸਮਰਥਾ ਤੇ ਸਵਾਲ ਖੜੇ ਕੀਤੇ ਹਨ। ਇਨ੍ਹਾ ਦੇ ਸਿਆਸੀ ਆਕਾ ਕੌਮ ਨੂੰ ਜਵਾਬਦੇਹ ਹਨ ਕਿ ਬੇਅਦਬੀ ਦੀ ਘਟਨਾਵਾਂ ਕਿਉ ਵਾਪਰ ਰਹੀਆਂ ਹਨ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੇਅਦਬੀਆਂ ਰੋਕਣ ਲਈ ਪੁਲਿਸ ਦੀ ਸਿਵਲ ਕੱਪੜਿਆਂ ਵਿੱਚ ਮੰਗੀ ਮਦਦ ਦਾ ਸਖ਼ਤ ਨੋਟਿਸ ਲੈਂਦਿਆਂ ਹਵਾਰਾ ਕਮੇਟੀ ਨੇ ਕਿਹਾ ਕਿ ਪ੍ਰਧਾਨ ਦੇ ਇਸ ਬਿਆਨ ਤੋ ਇਹ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਪ੍ਰੰਬਧਕੀ ਆਤਮ ਵਿਸ਼ਵਾਸ ਗਵਾ ਬੈਠੀ ਹੈ ਅਤੇ ਹੁਣ ਪੁਲਿਸ ਦਾ ਸਹਾਰਾ ਲੱਭ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਸਾਬਕਾ ਫੋਜੀ ਅਫ਼ਸਰਾਂ ਅਤੇ ਜਵਾਨਾਂ ਦੀ ਸੇਵਾਵਾਂ ਲੈਕੇ ਆਪਣਾ ਸੁਰਖਿਆ ਅਤੇ ਖੁਫੀਆ ਵਿੰਗ ਤਿਆਰ ਕਰੇ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਉੱਚੇ ਮਿਆਰ ਦੀ ਦੇਵੇ। ਸ਼੍ਰੋਮਣੀ ਕਮੇਟੀ ਨੂੰ ਸਖ਼ਤੀ ਨਾਲ ਸਾਵਧਾਨ ਕਰਦੇ ਹੋਏ ਕਿਹਾ ਕਿ ਜੇਕਰ ਸ੍ਰੀ ਦਰਬਾਰ ਸਾਹਿ‌ਬ ਦੀ ਸੁਰੱਖਿਆ ਦਾ ਪ੍ਰਬੰਧ ਚਿੱਟਕੱਪੜੇ ਪੁਲਸੀਆਂ ਨੂੰ ਦਿੱਤਾ  ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਹਵਾਰਾ ਕਮੇਟੀ ਆਗੂਆਂ ਨੇ ਕਿਹਾ ਕਿ ਖਾਲਸਾ ਪੰਥ ਨੂੰ ਸਪਸ਼ਟ ਕੀਤਾ ਜਾਵੇ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਲਈ ਪ੍ਰੰਬਧਕੀ ਨਜ਼ਰੀਏ ਤੋ ਕੌਣ ਕੌਣ ਜ਼ੁੰਮੇਵਾਰ ਹੈ ਅਤੇ ਉਸ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ। ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ,ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਦੀ ਘਟਨਾਵਾਂ ਨੂੰ ਰੋਕਣ ਲਈ ਸਿਆਸਤਦਾਨਾਂ ਦੀ ਗੁਰੂ ਘਰ ਵਿੱਚ ਦਖਲਅੰਦਾਜੀ ਬੰਦ ਕਰਨ ਕਿਉਂ ਕਿ ਇਹ ਲੋਕ ਵੋਟਾਂ ਵਾਸਤੇ ਕਿਸੇ ਵੀ ਨੀਵੇਂ ਪੱਦਰ ਤੱਕ ਜਾ ਸਕਦੇ ਹਨ।ਬਿਆਨ ਜਾਰੀ ਕਰਨ ਵਾਲ਼ਿਆਂ ਵਿੱਚ ਬਲਬੀਰ ਸਿੰਘ ਹਿਸਾਰ,ਬਲਜੀਤ ਸਿੰਘ ਭਾਉ,ਸੁਖਰਾਜ ਸਿੰਘ ਵੇਰਕਾ,ਬਲਦੇਵ ਸਿੰਘ ਨਵਾਪਿੰਡ,ਜਸਪਾਲ ਸਿੰਘ ਪੁਤਲੀਘਰ,ਗੁਰਮੀਤ ਸਿੰਘ ਬੱਬਰ ਆਦਿ ਸ਼ਾਮਲ ਸਨ।