ਪੰਜਾਬ ਵਿਚ ਬਣੇਗਾ 'ਡੇਰਾ  ਸੌਦਾ

ਪੰਜਾਬ ਵਿਚ ਬਣੇਗਾ 'ਡੇਰਾ  ਸੌਦਾ

 ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਨੇ ਕੀਤਾ ਐਲਾਨ

*ਆਨਲਾਈਨ ਸਤਿਸੰਗ 'ਵਿਚ ਕਈ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਦੀ ਚਰਚਾ

*ਸੌਦਾ ਡੇਰਾ ਪੰਜਾਬ ਵਿਚ ਦੁਬਾਰਾ ਪ੍ਰਮੋਟ ਕਰਨ ਲੱਗੀ ਭਾਜਪਾ

ਵਿਸ਼ੇਸ਼ ਰਿਪੋਰਟ

ਹਰਿਆਣਾ ਵਿੱਚ ਆਦਮਪੁਰ ਜ਼ਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਮੀਆਂ ਤੇਜ਼ ਹੋ ਗਈਆਂ ਹਨ। ਆਦਮਪੁਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਦੋ ਨਵੰਬਰ ਨੂੰ ਵੋਟਾਂ ਪੈਣੀਆਂ ਹਨ ਜਦਕਿ ਪੰਚਾਇਤੀ ਚੋਣਾਂ ਦੀਆਂ ਵੋਟਾਂ ਨੌਂ ਤੇ 12 ਨਵੰਬਰ ਨੂੰ ਪੈਣੀਆਂ ਹਨ।ਹਰਿਆਣਾ 'ਵਿਚ ਪੰਚਾਇਤੀ ਤੇ ਆਦਮਪੁਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।ਡੇਰਾ ਮੁਖੀ ਡੇਰੇ ਦੀਆਂ ਦੋ ਸਾਧਵੀਆਂ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਤੋਂ ਇਲਾਵਾ ਡੇਰੇ ਦੇ ਹੀ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਮਗਰੋਂ ਉਮਰ ਕੈਦ ਭੁਗਤ ਰਿਹਾ ਹੈ।ਉਹ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਾਲ 2017 ਤੋਂ ਬੰਦ ਹਨ।ਪੈਰੋਲ ਦੇ ਨਿਯਮਾਂ ਮੁਤਾਬਕ ਹਾਲਾਂਕਿ ਉਹ ਕੋਈ ਵੱਡਾ ਇਕੱਠ ਨਹੀਂ ਕਰ ਸਕਦੇ ਪਰ ਉਨ੍ਹਾਂ ਦੇ ਸਤਿਸੰਗ ਨੂੰ ਉਨ੍ਹਾਂ ਦੇ ਆਪਣੇ ਯੂ ਟਿਊਬ ਚੈਨਲ "ਸੰਤ ਐਮ ਐਸ ਜੀ" ਉੱਤੇ ਦਿਖਾਇਆ ਜਾਂਦਾ ਹੈ।

ਬੀਤੇ ਦਿਨੀਂ  ਆਨਲਾਈਨ ਸਤਿਸੰਗ 'ਵਿਚ ਗੁਰਮੀਤ ਰਾਮ ਰਹੀਮ ਨੇ ਪੰਜਾਬ 'ਵਿਚ ਇਕ ਹੋਰ ਡੇਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਬਠਿੰਡਾ ਦੇ ਸਲਾਬਤਪੁਰਾ ਤੋਂ ਬਾਅਦ ਪੰਜਾਬ 'ਵਿਚ ਇਹ ਦੂਸਰਾ ਡੇਰਾ ਹੋਵੇਗਾ। ਇਹ ਡੇਰਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ 'ਵਿਚ ਖੋਲ੍ਹਿਆ ਜਾਵੇਗਾ। ਆਨਲਾਈਨ ਸਤਿਸੰਗ ਦੌਰਾਨ ਸੌਦਾ ਸਾਧ ਸੁਨਾਮ ਦੀ ਸੰਗਤ ਨਾਲ ਰੂਬਰੂ ਹੋਇਆ ਤਾਂ ਡੇਰਾ ਪ੍ਰੇਮੀਆਂ ਨੇ ਉੱਥੇ ਸਥਿਤ ਨਾਮ ਚਰਚਾ ਘਰ ਨੂੰ ਡੇਰੇ 'ਵਿਚ ਤਬਦੀਲ ਕਰਨ ਦੀ ਮੰਗ ਰੱਖੀ। ਇਹ ਸੁਣ ਕੇ ਸੌਦਾ ਸਾਧ ਨੇ ਤੁਰੰਤ ਉਨ੍ਹਾਂ ਦੀ ਗੱਲ ਮੰਨ ਲਈ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ। ਤੁਹਾਨੂੰ ਦੱਸ ਦੇਈਏ ਕਿ ਡੇਰਾ ਸਿਰਸਾ ਤੋਂ ਬਾਅਦ ਬਠਿੰਡਾ ਦੇ ਸਲਾਬਤਪੁਰਾ 'ਵਿਚ ਦੂਜਾ ਸਭ ਤੋਂ ਵੱਡਾ ਡੇਰਾ ਹੈ। ਦੂਜੇ ਪਾਸੇ ਸਿੱਖਾਂ 'ਵਿਚ ਪਹਿਲਾਂ ਹੀ ਸੌਦਾ ਸਾਧ ਪ੍ਰਤੀ ਰੋਸ ਹੈ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ, ਬਰਗਾੜੀ ਕਾਂਡ, ਮੌੜ ਮੰਡੀ ਬਲਾਸਟ 'ਚ ਕਈ ਡੇਰਾ ਪ੍ਰੇਮੀ ਨਾਮਜ਼ਦ ਹਨ। ਬਰਗਾੜੀ ਕਾਂਡ ਮਾਮਲੇ ਵਿਚ ਸੌਦਾ ਸਾਧ ਤੋਂ ਸਿਟ ਪੁੱਛਗਿੱਛ ਕਰ ਚੁੱਕੀ ਹੈ। ਚੇਤੇ ਰਹੇ ਕਿ ਸਾਲ 2007 'ਚ ਰਾਮ ਰਹੀਮ ਨੇ ਡੇਰਾ ਸਲਾਬਤਪੁਰਾ 'ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਭੇਸ ਧਾਰਨ ਕੀਤਾ ਸੀ, ਜਿਸ 'ਤੇ ਵਿਵਾਦ ਹੋ ਗਿਆ ਸੀ। ਉਦੋਂ ਤੋਂ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। 

 ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਿਸੰਗ 'ਵਿਚ ਕਈ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਦੀ ਚਰਚਾ ਚੁਫੇਰੇ ਹੈ। ਜਿਨ੍ਹਾਂ ਵਿਚ ਹਰਿਆਣਾ ਦੇ ਕੁਝ ਭਾਜਪਾ ਆਗੂਆਂ ਵਲੋਂ ਵੀ ਹਾਜ਼ਰੀ ਭਰੀ ਜਾ ਰਹੀ ਹੈ । ਉਸ ਦੀ ਪੈਰੋਲ ਇਕ ਵਾਰ ਫਿਰ ਖਿੱਤੇ 'ਵਿਚ ਚੋਣਾਂ ਦੇ ਨਾਲ ਮੇਲ ਖਾਂਦੀ ਹੈ, ਇਸ ਸਾਲ 'ਵਿਚ ਅਜਿਹਾ ਤੀਜੀ ਵਾਰ ਹੋਇਆ ਹੈ ।ਇਹ ਸਾਫ ਹੈ ਕਿ ਇਸ ਡੇਰੇ ਨੂੰ ਭਾਜਪਾ ਸਰਕਾਰ ਪੰਜਾਬ ਵਿਚ ਦੁਬਾਰਾ ਪ੍ਰਮੋਟ ਕਰ ਰਹੀ ਹੈ। ਦੱਸਣਯੋਗ ਹੈ ਕਿ ਹਰਿਆਣਾ 'ਵਿਚ ਅਗਲੇ ਮਹੀਨੇ ਪੰਚਾਇਤੀ ਚੋਣਾਂ ਅਤੇ ਆਦਮਪੁਰ ਹਲਕੇ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ |।ਡੇਰਾ ਮੁਖੀ, ਜੋ ਆਪਣੀਆਂ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ 20 ਸਾਲ ਦੀ ਕੈਦ ਕੱਟ ਰਿਹਾ ਹੈ, ਹਰਿਆਣਾ 'ਵਿਚ 46 ਨਗਰਪਾਲਿਕਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਜੂਨ 'ਵਿਚ ਵੀ ਇਕ ਮਹੀਨੇ ਦੀ ਪੈਰੋਲ 'ਤੇ ਬਾਹਰ ਆਇਆ ਸੀ । ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਦੋ ਹਫ਼ਤੇ ਪਹਿਲਾਂ 7 ਫਰਵਰੀ ਤੋਂ ਉਸ ਨੂੰ ਤਿੰਨ ਹਫਤਿਆਂ ਦੀ ਛੁੱਟੀ ਦਿੱਤੀ ਗਈ ਸੀ । 55 ਸਾਲਾ ਡੇਰਾ ਮੁਖੀ ਯੂ.ਪੀ. ਦੇ ਬਾਗਪਤ ਵਿਚਲੇ ਡੇਰਾ ਬਰਨਾਵਾ ਆਸ਼ਰਮ ਤੋਂ ਆਨਲਾਈਨ 'ਸਤਿਸੰਗ' ਕਰ ਰਿਹਾ ਹੈ ।ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਬੁੱਧਵਾਰ ਨੂੰ ਹਿਸਾਰ 'ਵਿਚ ਇਕ ਆਨਲਾਈਨ ਸਤਿਸੰਗ ਸੁਣਨ ਲਈ ਡੇਰੇ ਦੇ ਪੈਰੋਕਾਰਾਂ ਦੇ ਇਕ ਵੱਡੇ ਇਕੱਠ 'ਵਿਚ ਹਾਜ਼ਰ ਸਨ, ਜਿਸ ਦੌਰਾਨ ਉਨ੍ਹਾਂ ਆਪਣੇ ਪਰਿਵਾਰ ਦੇ ਡੇਰਾ ਸਿਰਸਾ ਨਾਲ ਸੰਬੰਧਾਂ ਬਾਰੇ ਗੱਲਬਾਤ ਕੀਤੀ | ਰਣਬੀਰ ਗੰਗਵਾ ਨੇ ਕਿਹਾ ਕਿ ਉਹ ਡੇਰਾ ਮੁਖੀ ਵਲੋਂ ਦਿੱਤੇ ਅਸ਼ੀਰਵਾਦ ਤੋਂ ਖੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਇਕ ਦਿਨ ਉਹ ਆਹਮੋ-ਸਾਹਮਣੇ ਮਿਲਣਗੇ । ਗੰਗਵਾ ਨੇ ਕਿਹਾ ਕਿ ਉਹ ਡੇਰਾ ਮੁਖੀ ਦੇ ਆਨਲਾਈਨ ਸਤਿਸੰਗ 'ਵਿਚ ਸ਼ਾਮਿਲ ਹੋਣ 'ਵਿਚ ਕੁਝ ਗਲਤ ਨਹੀਂ ਵੇਖਦੇ, ਉਹ ਤੇ ਉਨ੍ਹਾਂ ਦਾ ਪਰਿਵਾਰ ਦਹਾਕਿਆਂ ਤੋਂ ਡੇਰੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਨਿੱਜੀ ਵਿਸ਼ਵਾਸ ਤੇ ਪਸੰਦ ਦਾ ਮਾਮਲਾ ਹੈ । ਡੇਰਾ ਮੁਖੀ ਨੂੰ ਪੈਰੋਲ ਦੇਣ ਦੇ ਸਮੇਂ 'ਤੇ ਉਠਾਏ ਜਾ ਰਹੇ ਸਵਾਲਾਂ 'ਤੇ ਗੰਗਵਾ ਨੇ ਕਿਹਾ ਕਿ ਜੇਲ੍ਹ ਦੇ ਨਿਯਮਾਂ ਦੇ ਉਲਟ ਜੇਕਰ ਪੈਰੋਲ ਦਿੱਤੀ ਗਈ ਹੈ ਤਾਂ ਕੋਈ ਇਤਰਾਜ਼ ਉਠਾ ਸਕਦਾ ਹੈ ਪਰ ਕਿਸੇ ਵੀ ਕੈਦੀ ਨੂੰ ਪੈਰੋਲ ਦੇਣਾ ਉਸ ਦਾ ਜਾਇਜ਼ ਹੱਕ ਹੈ ਅਤੇ ਇਸ ਲਈ ਨਿਯਮ ਬਣਾਏ ਗਏ ਹਨ । ਗੰਗਵਾ ਨੇ ਕਿਹਾ ਕਿ ਉਸ ਨੂੰ ਪੈਰੋਲ ਉਦੋਂ ਵੀ ਦਿੱਤੀ ਗਈ ਜਦ ਕੋਈ ਚੋਣਾਂ ਨਹੀਂ ਸਨ, ਇਸ ਲਈ ਮੈਨੂੰ ਇਹ ਕੋਈ ਮੁੱਦਾ ਨਹੀਂ ਦਿਖਾਈ ਦਿੰਦਾ । ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਰਨਾਲ ਦੀ ਮੇਅਰ ਰੇਨੂ ਬਾਲਾ ਨੇ ਭਾਜਪਾ ਦੇ ਕੁਝ ਹੋਰ ਆਗੂਆਂ ਨਾਲ ਆਨਲਾਈਨ ਸਤਿਸੰਗ 'ਵਿਚ ਹਾਜ਼ਰੀ ਲਗਵਾਈ ।ਰੇਨੂ ਬਾਲਾ ਨੇ ਡੇਰਾ ਮੁਖੀ ਨੂੰ 'ਪਿਤਾਜੀ' ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਨਾਲ ਰਹਿਣਾ ਚਾਹੀਦਾ ਹੈ ।

ਡੇਰਾ ਮੁਖੀ ਦੀ ਪੈਰੋਲ ਅਤੇ ਮੋਦੀ ਸਰਕਾਰ 'ਤੇ ਸਵਾਲ ਉੱਠੇ 

ਬਾਬਾ ਸਰਬਜੋਤ ਸਿੰਘ ਬੇਦੀ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਰਕਾਰ ਡੇਰਾ ਮੁਖੀ ਵੀ ਵਰਤੋਂ ਪੰਚਾਇਤੀ ਚੋਣਾਂ ਤੇ ਹਰਿਆਣਾ ਵਿਧਾਨ ਸਭਾ ਆਦਮਪੁਰ ਦੀ ਜ਼ਿਮਨੀ ਚੋਣ 'ਵਿਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਨੇ ਕਿਹਾ, "ਇਹ ਠੀਕ ਹੈ ਕਿ ਕੈਦੀ ਨੂੰ ਪੈਰੋਲ ਲੈਣ ਦਾ ਹੱਕ ਹੈ ਪਰ ਦੂਜੇ ਪਾਸੇ ਜੇਲ੍ਹਾਂ 'ਵਿਚ ਹਜ਼ਾਰਾਂ ਅਜਿਹੇ ਕੈਦੀ ਹਨ, ਜਿਨ੍ਹਾਂ 'ਤੇ ਗੰਭੀਰ ਦੋਸ਼ ਨਹੀਂ ਹਨ ਤੇ ਕਈਆਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕਦੇ ਪੈਰੋਲ ਦਿੱਤੀ ਗਈ ਤੇ ਨਾ ਹੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖਿਆ ਗਿਆ ਹੈ।ਬਾਬਾ ਬੇਦੀ ਕਹਿੰਦੇ ਹਨ, "ਅਜਿਹੇ ਵਿੱਚ ਡੇਰਾ ਮੁਖੀ ਨੂੰ ਉਸ ਵੇਲੇ ਪੈਰੋਲ ਜਾਂ ਫਰਲੋ ਦੇਣੀ, ਜਦੋਂ ਕਿਤੇ ਚੋਣਾਂ ਹੋਣ ਤਾਂ ਇਹ ਸਰਕਾਰ ਦੀ ਮੰਸ਼ਾ 'ਤੇ ਸ਼ੱਕ ਤਾਂ ਪੈਦਾ ਕਰਦੇ ਹੀ ਹਨ।"

ਇਸੇ ਤਰ੍ਹਾਂ ਸੀਨੀਅਰ ਪੱਤਰਕਾਰ  ਗੁਰਬਚਨ ਸਿੰਘ ਨੇ ਸਰਕਾਰ 'ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਭਾਵੇਂ ਹਰ ਕੈਦੀ ਪੈਰੋਲ ਮੰਗ ਸਕਦਾ ਹੈ, ਪਰ ਇਹ ਸਰਕਾਰ ਤੇ ਪ੍ਰਸ਼ਾਸਨ ਨੇ ਵੇਖਣਾ ਹੁੰਦਾ ਹੈ ਕਿ ਕੈਦੀ ਨੂੰ ਪੈਰੋਲ ਦੀ ਇਸ ਵੇਲੇ ਕਿੰਨੀ ਲੋੜ ਹੈ।ਉਹ ਕਹਿੰਦੇ ਹਨ, "ਜੇ ਸਰਕਾਰ ਤੇ ਪ੍ਰਸ਼ਾਸਨ ਡੇਰਾ ਮੁਖੀ ਨੂੰ ਚੋਣਾਂ ਤੋਂ ਬਾਅਦ ਪੈਰੋਲ ਦਿੰਦਾ ਤਾਂ ਸ਼ਾਇਦ ਸਰਕਾਰ ਤੇ ਡੇਰਾ ਮੁਖੀ 'ਤੇ ਇਹ ਉਂਗਲ ਨਾ ਉਠਦੀ ਕਿ ਉਹ ਚੋਣਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ। ਪਰ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ ਤੇ ਡੇਰਾ ਮੁਖੀ ਵੱਲੋਂ ਪੈਰੋਲ ਮਿਲਣ ਮਗਰੋਂ ਅੱਜ ਦੀ ਅਤਿ ਆਧੂਨਿਕ ਤਕਨੀਕ ਦੀ ਵਰਤੋਂ ਕਰਦਿਆਂ ਆਨ ਲਾਈਨ ਆਪਣੇ ਸਤਿਸੰਗ ਤੇ ਪ੍ਰਵਚਨ ਦੇ ਰਿਹਾ ਹੈ। ਇਨ੍ਹਾਂ ਨੂੰ ਨੈਤਿਕ ਤੌਰ 'ਤੇ ਵੀ ਠੀਕ ਨਹੀਂ ਕਿਹਾ ਜਾ ਸਕਦਾ।"ਗੁਰਬਚਨ ਸਿੰਘ  ਦਾ ਕਹਿਣਾ ਹੈ ਕਿ ਡੇਰਾ ਮੁਖੀ ਨੂੰ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਵੀ ਪੈਰੋਲ ਦਿੱਤੀ ਗਈ ਸੀ ਪਰ ਪੰਜਾਬ ਵਿੱਚ ਤਾਂ ਡੇਰਾ ਮੁਖੀ ਦਾ ਕੋਈ ਜਾਦੂ ਨਹੀਂ ਚਲਿਆ। ਜੇ ਲੋਕ ਇਥੇ ਵੀ ਆਪਣੇ ਵਿਵੇਕ ਦਾ ਇਸਤੇਮਾਲ ਕਰਨਗੇ ਤਾਂ ਲੱਗਦਾ ਨਹੀਂ ਕਿ ਡੇਰਾ ਮੁਖੀ ਕੋਈ ਵੱਡਾ ਮਾਰਕਾ ਮਾਰ ਸਕੇ ਤੇ ਇਸ ਦਾ ਫਾਇਦਾ ਸਤਾਧਾਰੀ ਪਾਰਟੀ ਨੂੰ ਪੁੱਜੇ। ਉਂਜ ਸਤਾਧਾਰੀ ਪਾਰਟੀ ਨੇ ਡੇਰਾ ਮੁਖੀ ਨੂੰ ਪੈਰੋਲ ਚੋਣਾਂ 'ਵਿਚ ਲਾਹਾ ਲੈਣ ਲਈ ਹੀ ਦਿੱਤੀ ਹੈ।ਉਹ ਕਹਿੰਦੇ ਹਨ, "ਡੇਰਾ ਮੁਖੀ ਵੱਲੋਂ ਕੀਤੇ ਜਾ ਰਹੇ ਲਾਈਵ ਪ੍ਰੋਗਰਾਮਾਂ ਵਿੱਚ ਨੇਤਾਵਾਂ ਦਾ ਪਹੁੰਚਣਾ ਤੇ ਡੇਰਾ ਮੁਖੀ ਵੱਲੋਂ ਇਸ਼ਾਰਿਆਂ-ਇਸ਼ਾਰਿਆਂ ਵਿੱਚ ਮਦਦ ਕਰਨ ਦੀ ਵੀ ਗੱਲ ਕਹੀ ਗਈ ਹੈ। ਆਦਮਪੁਰ ਦੀ ਜ਼ਿਮਨੀ ਚੋਣ 'ਵਿਚ ਭਾਵੇਂ ਡੇਰਾ ਪ੍ਰੇਮੀਆਂ ਦੀਆਂ ਜਿਆਦਾ ਵੋਟਾਂ ਨਹੀਂ ਹਨ ਪਰ ਫਿਰ ਵੀ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"ਪੰਜਾਬ ਦੀਆਂ ਚੋਣਾਂ ਦੀ ਗੱਲ ਕਰਦਿਆਂ ਗੁਰਬਚਨ ਸਿੰਘ ਕਿਹਾ ਕਿ ਉਨ੍ਹਾਂ ਨੇ ਕਿਹਾ, "ਭਾਵੇਂ ਉਥੇ ਇਸ ਦਾ ਜਾਦੂ ਨਹੀਂ ਚਲਿਆ ਪਰ ਅਕਾਲੀਆਂ ਨੇ ਡੇਰੇ ਵਾਲੇ ਸਾਥ ਲੈ ਕੇ ਆਪਣੀ ਹੋਂਦ ਗੁਆ ਲਈ। ਇਹਦਾ ਅਕਾਲੀਆਂ 'ਤੇ ਇਹੋ ਜਿਹਾ ਪਰਛਾਵਾਂ ਪਿਆ ਕਿ ਉਨ੍ਹਾਂ ਨੇ ਆਪਣੀਆਂ ਖੁਦ ਦੀਆਂ ਵੋਟਾਂ ਗੁਆ ਲਈਆਂ। ਅਕਾਲੀਆਂ ਨੂੰ ਹੁਣ ਨਤੀਜਿਆਂ ਦਾ ਪਤਾ ਲੱਗ ਰਿਹਾ ਹੈ।"

ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਡੇਰਾ ਮੁਖੀ ਦੀ ਪੈਰੋਲ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਆਖਿਆ ਕਿ ਹਰਿਆਣਾ ਸਰਕਾਰ ਇਹਨਾਂ ਚੋਣਾਂ ਵਿੱਚ ਡੇਰਾ ਮੁਖੀ ਨੂੰ ਪੈਰੋਲ ਦੇ ਕੇ ਇਹਨਾਂ ਚੋਣਾਂ ਵਿੱਚ ਸਿਆਸੀ ਫ਼ਾਇਦਾ ਲੈਣਾ ਚਾਹੁੰਦੀ ਹੈ।ਉਨ੍ਹਾਂ ਨੇ ਕਿਹਾ, "ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਬੀਜੇਪੀ ਦੀ ਕਈ ਹੋਰ ਆਗੂ ਡੇਰਾ ਮੁਖੀ ਦੇ ਆਨ ਲਾਈਨ ਸਤਸੰਗ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਸਪਸ਼ਟ ਹੈ ਕਿ ਬੀਜੇਪੀ ਡੇਰਾ ਮੁਖੀ ਦੀ ਪੈਰੋਲ ਤੋਂ ਸਿਆਸੀ ਫ਼ਾਇਦਾ ਲੈਣਾ ਚਾਹੁੰਦੀ ਹੈ।"

ਦੂਜੇ ਪਾਸੇ ਕਾਂਗਰਸ ਵੀ ਬੀਜੇਪੀ ਆਗੂਆਂ ਦੇ ਸਤਸੰਗ ਵਿੱਚ ਸ਼ਾਮਲ ਹੋਣ ਉੱਤੇ ਇਤਰਾਜ਼ ਪ੍ਰਗਟ ਕਰ ਰਹੀ ਹੈ।ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੂਬਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ ਦਾ ਕਹਿਣਾ ਹੈ ਕਿ ਕਰਨਾਲ ਦੀ ਮੌਜੂਦਾ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦਾ ਸਤਿਸੰਗ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਬੀਜੇਪੀ ਇਹਨਾਂ ਚੋਣਾਂ ਵਿੱਚ ਡੇਰਾ ਮੁਖੀ ਦੀ ਪੈਰੋਲ ਦਾ ਸਿਆਸੀ ਫ਼ਾਇਦਾ ਲੈਣ ਦੀ ਫ਼ਿਰਾਕ ਵਿੱਚ ਹੈ।

ਇਸ ਮਾਮਲੇ ਵਿੱਚ ਕਰਨਾਲ ਦੇ ਡਿਪਟੀ ਮੇਅਰ ਨਵੀਨ ਕੁਮਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ, "ਕਰਨਾਲ ਵਿੱਚ ਡੇਰਾ ਸਮਰਥਕਾਂ ਵੱਲੋਂ ਇਸ ਸਤਿਸੰਗ ਰੱਖਿਆ ਗਿਆ ਸੀ ਜਿਸ ਲਈ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਇਸ ਕਰ ਕੇ ਉਹ ਸ਼ਾਮਲ ਹੋਏ ਹਨ। ਇਸ ਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।" ਸ੍ਰੋਮਣੀ ਕਮੇਟੀ ਮੁਖੀ ਹਰਜਿੰਦਰ ਸਿੰਘ ਧਾਮੀ ਨੇ ਇਸ ਉੱਤੇ ਇਤਰਾਜ਼ ਪ੍ਰਗਟਾਉਂਦਿਆਂ ਹਰਿਆਣਾ ਸਰਕਾਰ ਦੀ ਅਲੋਚਨਾ ਕੀਤੀ ਸੀ।ਧਾਮੀ ਦਾ ਕਹਿਣਾ ਸੀ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤਾਂ ਸਰਕਾਰ ਰਿਹਾਅ ਨਹੀਂ ਕਰਦੀ ਬਲਕਿ ਡੇਰਾ ਮੁਖੀ ਜੋ ਗੰਭੀਰ ਕਿਸਮ ਦੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਹਨ ਉਨ੍ਹਾਂ ਨੂੰ ਵਾਰ-ਵਾਰ ਜੇਲ੍ਹ ਤੋਂ ਛੁੱਟੀ ਦਿੰਦੀ ਹੈ।

 

ਬਘੇਲ ਸਿੰਘ ਧਾਲੀਵਾਲ