ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਕਾਤਲ ਕੌਣ?

 ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਕਾਤਲ ਕੌਣ?

* ਖਾਸੀ ਭੱਜ-ਨੱਠ ਕਰਨ ਦੇ ਬਾਵਜੂਦ ਦੋ ਹਫ਼ਤਿਆਂ ਬਾਅਦ ਵੀ ਪੁਲੀਸ ਖਾਲੀ ਹੱਥ 

 *ਸਿੱਧੂ ਮੂਸੇਵਾਲਾ 'ਤੇ ਗੋਲ਼ੀਆਂ ਚਲਾਉਣ ਵਾਲਾ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਸਾਥੀ ਸਣੇ ਗੁਜਰਾਤ ਤੋਂ ਗ੍ਰਿਫ਼ਤਾਰ     

                               ਕਵਰ ਸਟੋਰੀ                                         

 ਪੰਜਾਬ ਦੇ ਹਾਲਾਤ ਦਿਨੋ ਦਿਨ ਖਤਰਨਾਕ ਚੱਕਰਵਿਊ ਵੱਲ ਮੋੜਾ ਕੱਟ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਪੰਜਾਬ ਵਿਰੋਧੀ ਤਾਕਤਾਂ ਆਪਣੀਆਂ ਸਾਜਿਸ਼ਾਂ ਵਿੱਚ ਸਫਲ ਹੋ ਰਹੀਆਂ ਹਨ।ਬੀਤੇ ਦਿਨੀ ਅਣਪਛਾਤੇ ਹਮਲਾਵਰਾਂ ਵੱਲੋਂ ਪੰਜਾਬ ਦੇ ਸਭ ਤੋ ਵੱਧ ਸੁਣੇ ਜਾਣ ਵਾਲੇ ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।ਸਿੱਧੂ ਮੂਸੇ ਵਾਲੇ ਦੇ ਕਤਲ ਨੇ ਹਰ ਦਿਲ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਸਿੱਧੂ ਮੂਸੇ ਵਾਲੇ ਦੀ ਮੌਤ ਤੇ ਹਰ ਪੰਜਾਬੀ ਦੀ ਅੱਖ ਨਮ ਹੋਈ ਹੈ। ਦੀਪ ਸਿੱਧੂ ਦੀ ਮੌਤ ਤੋ ਬਾਅਦ ਸਿੱਧੂ ਮੂਸੇ ਵਾਲੇ ਦੀ ਮੌਤ ਨੇ ਵੀ ਪੰਜਾਬ ਨੂੰ ਅਥਾਹ ਦਰਦ ਦਿੱਤਾ ਹੈ,ਕਿਉਂਕਿ ਸਿੱਧੂ ਮੂਸੇ ਵਾਲੇ ਨੇ ਵੀ ਪੰਜਾਬ ਦਾ ਸਪੂਤ ਹੋਣ ਦਾ ਰਾਹ ਚੁਨਣ ਦਾ ਮਨ ਬਣਾ ਲਿਆ ਸੀ।ਉਹਦੀਆਂ ਮੀਡੀਆ ਕਰਮੀਆਂ ਨਾਲ ਅੰਤਲੀਆਂ ਮੁਲਾਕਾਤਾਂ ਦੇਖ ਸੁਣ ਕੇ ਸਪੱਸ਼ਟ ਹੋ ਰਿਹਾ ਸੀ ਕਿ ਉਹ ਆਪਣੇ ਹੁਨਰ ਨੂੰ ਹੁਣ ਪੰਜਾਬ ਦੇ ਹਿਤਾਂ ਲਈ ਵਰਤਣ ਦੀ ਤਿਆਰੀ ਵਿੱਚ ਹੈ।ਹੁਣ ਉਹ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਡਾਢਾ ਮਾਣ ਵੀ ਕਰਨ ਲੱਗਾ ਸੀ।ਉਹ ਖਾਲਿਸਤਾਨ ਦੀ ਗੱਲ ਵੀ ਬਾ-ਦਲੀਲ ਕਰਨ ਲੱਗ ਪਿਆ ਸੀ।ਸੰਗਰੂਰ ਦੀ ਜਿਮਨੀ ਚੋਣ ਵਿੱਚ ਅਜ਼ਾਦ ਸਿੱਖ ਰਾਜ ਦੇ ਹਾਮੀ ਅਤੇ ਖਾਲਿਸਤਾਨ ਲਹਿਰ ਦੇ ਬੁੱਢੇ ਜਰਨੈਲ ਵਜੋਂ ਜਾਣੇ ਜਾਂਦੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਡਟਣ ਦਾ ਐਲਾਨ ਉਹਨਾਂ ਦੀ ਸੋਚ ਨੂੰ ਸਪੱਸ਼ਟ ਰੂਪ ਵਿੱਚ ਪੇਸ਼ ਕਰਦਾ ਹੈ।ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਕਰਨ ਨੂੰ ਉਹ ਕੋਈ ਗਲਤ ਨਹੀ ਬਲਕਿ ਦਲੀਲ ਨਾਲ ਸਹੀ ਠਹਿਰਾਉਂਦਾ ਹੈ,ਸੋ ਉਹਨਾਂ ਦਾ ਆਪਣੀ ਬਦਲੀ ਸੋਚ ਨੂੰ ਆਪਣੇ ਪੁਰਖਿਆਂ ਦੀ ਸੋਚ ਤਸਲੀਮ ਕਰਕੇ ਬੇਝਿਜਕ ਪਰਗਟ ਕਰਨਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ।ਸਿੱਧੂ ਮੂਸੇਵਾਲਾ ‌ਦੇ ਕਤਲ ਮਾਮਲੇ ਵਿਚ ਮਾਨਸਾ ਪੁਲੀਸ ਦੇ ਦੋ ਹਫ਼ਤਿਆਂ ਬਾਅਦ ਵੀ ਹੱਥ ਖਾਲੀ ਹਨ। 29 ਮਈ ਦੀ ਘਟਨਾ ਤੋਂ ਬਾਅਦ ਹੁਣ ਤੱਕ ਪੁਲੀਸ ਨਾ ਕਾਤਲਾਂ ਨੂੰ ਫ਼ੜ ਸਕੀ ਹੈ ਅਤੇ ਨਾ ਹੀ ਹਥਿਆਰ, ਜਦੋਂ ਕਿ ਨਾ ਹੀ ਸ਼ੂਟਰਾਂ ਦੀ ਪੱਕੀ ਗਿਣਤੀ ਦਾ ਕੋਈ ਦਾਅਵਾ ਕਰ ਸਕੀ। ਪੁਲੀਸ ਵੱਲੋਂ ਅਜੇ ਤੱਕ ਕੋਈ ਸ਼ਾਰਪ ਸ਼ੂਟਰ ਕਾਤਲ ਵਜੋਂ ਕਾਬੂ ਨਹੀਂ ਕੀਤਾ ਜਾ ਸਕਿਆ। ਪੁਲੀਸ ਨੂੰ ਅਜੇ ਇਸ ਗੱਲ ਦਾ ਵੀ ਪਤਾ ਨਹੀਂ ਕਿ ਕਤਲ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪੁਲੀਸ ਕੋਲ ਇਸ ਗੱਲ ਦੇ ਵੀ ਪੁਖ਼ਤਾ ਸਬੂਤ ਨਹੀਂ ਕਿ ਕਤਲ ਕਰਨ ਵੇਲੇ ਸ਼ਾਰਪ ਸ਼ੂਟਰਾਂ ਜਾਂ ਕਾਤਲਾਂ ਦੀ ਗਿਣਤੀ ਕਿੰਨੀ ਸੀ। ਹੁਣ ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਦੀ ਜਾਂਚ ਅਤੇ ਦਾਅਵੇ ਵੀ ਇੱਕ ਦੂਜੇ ਨਾਲੋ ਵੱਖਰੇ ਵੱਖਰੇ ਰੂਪ ਵਿੱਚ ਸਾਹਮਣੇ ਆਉਣ ਲੱਗੇ ਹਨ। ਪਹਿਲਾਂ ਭਾਵੇਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ ਪਰ ਹੁਣ ਪੁਲੀਸ ਵਲੋਂ ਕਿਹਾ ਜਾਣ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੋਈ ਕਤਲ ਦੀ ਘਟਨਾ ਸਮੇਂ ਸ਼ਾਮਲ ਨਹੀਂ ਸੀ। ਦਿੱਲੀ ਪੁਲੀਸ 5 ਜਾਂ 6 ਸੂਟਰਾਂ ਦੀ ਗੱਲ ਕਰਨ ਲੱਗੀ ਹੈ ਪਰ ਪੰਜਾਬ ਪੁਲੀਸ ਚਾਰ ਸ਼ੂਟਰਾਂ ਦੀ ਗੱਲ ਕਰ ਰਹੀ ਹੈ। ਸਹੀ ਗਿਣਤੀ ਦਾ ਦੋਨਾਂ ਨੂੰ ਨਹੀਂ ਪਤਾ ਹੈ। ਉੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸਿੱਧੂ ਮੂਸੇਵਾਲਾ ‌ਦੇ ਕਤਲ ਲਈ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿੱਚ ਪੁਣੇ ਦੇ ਸਿਦੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਵ ਮਹਾਕਾਲ ਨੂੰ ਪੁਣੇ ਪੁਲੀਸ ਨੇ ਕਾਬੂ ਕੀਤਾ ਪਰ ਹੁਣ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ‌ਦਾ ਕਾਤਲ ਨਹੀਂ ਹੈ ਅਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ।

 

ਉਧਰ ਬਠਿੰਡਾ ਦੀ ਪੁਲੀਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਵਿਚ ਲਿਆ ਹੈ ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਬਿਰਤੀ ਦਾ ਤਾਂ ਹੈ ਅਤੇ ਉਸ ਉਪਰ 11, ਮੁਕੱਦਮੇ ਹਨ ਪਰ ਉਹ ਕੋਈ ਵੱਡਾ ਅਪਰਾਧੀ ਨਹੀਂ ਹੈ, ਨਾ ਹੀ ਸਿੱਧੂ ਮੂਸੇਵਾਲਾ ‌ਦੇ ਕਾਤਲਾਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ।ਉਧਰ ਮਾਨਸਾ ਪੁਲੀਸ ਅਜੇ ਤੱਕ ਹਥਿਆਰਾਂ ਨੂੰ ਲੈਕੇ ਵੀ ਕਸੂਤੀ ਉਲਝੀ ਹੋਈ ਹੈ। ਸਿੱਧੂ ਮੂਸੇਵਾਲਾ ‌ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ, ਜਿਸ ਵਿਚੋਂ 7 ਗੋਲੀਆਂ ਉਸ ਦੇ ਸਰੀਰ ਵਿਚੋਂ ਮਿਲੀਆਂ ਹਨ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ, ਇਨ੍ਹਾਂ ਵਿਚੋਂ ਇਕ ਰੂਸੀ ਏਐੱਨ-94 ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਪੰਜਾਬ ਪੁਲੀਸ ਅਜੇ ਤੱਕ ਇਹ ਯਕੀਨ ਨਾਲ ਨਹੀਂ ਕਹਿ ਸਕੀ ਕਿ ਸੱਚ ਮੁੱਚ ਇਹ ਹਥਿਆਰ ਵਰਤਿਆ ਵੀ ਗਿਆ ਹੈ ਜਾਂ ਨਹੀਂ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਸਬੂਤਾਂ ਨੂੰ ਲੈਬਾਰਟਰੀ ਵਿਚ ਭੇਜਿਆ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਆਉਣ ਉਤੇ ਅਸਲੀਅਤ ਪਤਾ ਲੱਗ ਸਕੇਗੀ।

ਪੰਜਾਬ ਪੁਲੀਸ ਹੁਣ ਤੱਕ ਇਸ ਕੇਸ ਵਿੱਚ 9 ਜਾਣਿਆ ਨੂੰ ਹੀ ਫੜ ਸਕੀ ਹੈ, ਜਿਨ੍ਹਾਂ ਵਿਚੋਂ ਇਕ ਸਿੱਧੂ ਮੂਸੇਵਾਲਾ ‌ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ  ਕੇਕੜਾ ਵੀ ਸ਼ਾਮਲ ਹੈ, ਜੋ ਹੁਣ ਪੁਲੀਸ ਰਿਮਾਂਡ ਉਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ਉਪਰ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦੋਂ ਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਅਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ 'ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਪੁਲੀਸ ਵਲੋਂ ਸਾਰੇ ਕਸੂਰਵਾਰਾਂ ਨੂੰ ਛੇਤੀ ਹੀ ਕਾਬੂ ਕੀਤਾ ਜਾ ਰਿਹਾ ਹੈ, ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਅਤੇ ਪੁਲੀਸ ਅਨੇਕਾਂ ਚੰਗੇ ਨਤੀਜਿਆਂ ਤੱਕ ਪਹੁੰਚ ਚੁੱਕੀ ਹੈ 

ਹੁਣੇ ਜਿਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਹੱਤਿਆਕਾਂਡ 'ਵਿਚ ਸ਼ਾਮਲ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਪੁਣੇ, ਪੰਜਾਬ ਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਧਵ ਨੂੰ ਉਸ ਦੇ ਇਕ ਸਾਥੀ ਨਵਨਾਥ ਸੂਰਿਆਵੰਖੀ ਸਮੇਤ ਫੜਿਆ ਗਿਆ ਹੈ। ਪੁਲਿਸ ਵਲੋਂ ਮੰਨਿਆ ਜਾ ਰਿਹਾ ਹੈ ਕਿ ਇਸ ਹੱਤਿਆਕਾਂਡ 'ਵਿਚ ਸੰਤੋਸ਼ ਜਾਧਵ ਵੀ ਸ਼ਾਮਲ ਸੀ। 

ਯਾਦ ਰਹੇ ਕਿ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਕਾਰਨ ਭਾਵੇਂ ਵੱਖਰੇ ਵੱਖਰੇ ਦਿਖਾਈ ਦਿੰਦੇ ਹਨ, ਪਰ ਇਹ ਦੋਨੋ ਹੀ ਮਾਲਵੇ ਦੇ ਟਿੱਬਿਆਂ ਦੀ ਪਵਿੱਤਰ ਮਿੱਟੀ ਵਿਚੋਂ ਜਨਮ ਲੈ ਕੇ ਵੱਡੇ ਮੁਕਾਮ ਤੇ ਪਹੁੰਚਣ ਤੋ ਬਾਅਦ ਅਚਾਨਕ ਵਾਪਸ ਪਰਤਣ ਦਾ ਰਾਹ ਅਖਤਿਆਰ ਕਰ ਲੈਂਦੇ ਹਨ, ਜਿਹੜਾ ਉਹਨਾਂ ਦੀ ਮੌਤ ਦਾ ਅਸਲ ਕਾਰਨ ਬਣ ਜਾਂਦਾ ਹੈ। ਦੀਪ ਸਿੱਧੂ ਉੱਚੇ ਮੁਕਾਮ ਤੇ ਪਹੁੰਚ ਕੇ ਮਹਾਂਨਗਰੀ ਦੀ ਬੇਹੱਦ ਸੁਖਾਲੀ ਜਿੰਦਗੀ ਨੂੰ ਛੱਡ ਆਪਣੀ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਹੁਣ ਦਾ ਬੇਹੱਦ ਔਖਾ ਰਾਹ ਚੁਣਦਾ ਹੈ,ਜਿਸ ਦਾ ਅੰਜਾਮ ਉਹਨਾਂ ਦੀ ਅਚਾਨਕ ਸੜਕੀ ਦੁਰਘਟਨਾ ਵਿਚ ਮੌਤ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।ਸਿੱਧੂ ਮੂਸੇ ਵਾਲਾ ਵੀ ਆਪਣੇ ਵੱਖਰੇ ਅੰਦਾਜ਼ ਦੀ ਗਾਇਕੀ ਕਾਰਨ ਐਨੀ ਮਕਬੂਲੀਅਤ ਖੱਟ ਲੈਂਦਾ ਹੈ ਕਿ ਮਾਲਵੇ ਦੇ ਇੱਕ ਅਣਜਾਣੇ ਪਿੰਡ ਮੂਸੇ ਨੂੰ ਹੀ ਮਹਾਂਨਗਰੀ ਦੇ ਬਰਾਬਰ ਕਰਕੇ ਦੇਖਦਾ ਹੈ ਅਤੇ ਪਿੰਡ ਵਿਚ ਰਹਿੰਦਾ ਹੈ।ਉਹ ਬੇਹੱਦ ਕਮਾਈ ਕਰਕੇ ਸਾਰੀਆਂ ਸੁਖ ਸਹੂਲਤਾਂ, ਮਹਾਂਨਗਰੀ ਨੂੰ ਚੁਣੌਤੀ ਦਿੰਦੀ ਪਿੰਡ ਵਿਚ ਬਣੀ ਹਵੇਲੀ ਵਿੱਚੋਂ ਪ੍ਰਾਪਤ ਕਰਦਾ ਕਰਦਾ ਅਚਾਨਕ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਚੱਲਣ ਦਾ ਐਲਾਨ ਕਰਦਾ ਹੈ। ਭਾਵੇਂ ੳਉਹਦੇ ਹਰ ਗਾਣੇ ਵਿੱਚ ਹੀ ਬਾਗੀਪੁਣਾ ਡੁੱਲ ਡੁੱਲ ਪੈਂਦਾ ਹੈ,ਪਰ ‘‘ਪੰਜਾਬ’’ ਨਾਮ ਦੇ ਗਾਣੇ ਨੇ ਸਟੇਟ ਨੂੰ ਉਹਦੇ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ।ਉਹਦੇ ਆਉਣ ਵਾਲੇ ਗਾਣੇ ਐਸ ਵਾਈ ਐਲਅਤੇ ਸ਼ੋਸ਼ਲ ਮੀਡੀਏ ਤੇ ਕਿਸੇ ਨਿੱਜੀ ਵੈਬ ਚੈਨਲ ਤੇ ਗੱਲਬਾਤ ਦੌਰਾਨ ਉਹਨੇ ਜਿਸ।ਤਰ੍ਹਾਂ ਖਾਲਿਸਤਾਨ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ ਕੀਤੀ ਹੈ, ਅਤੇ ਜਿਸ ਤਰਾਂ ਉਹਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣੇ ਪੁਰਖੇ ਤਸਲੀਮ ਕੀਤਾ ਹੈ,ਸ਼ਾਇਦ ਇਹ ਸਾਰਾ ਵਰਤਾਰਾ ਸਟੇਟ ਦੀ ਨੀਦ ਹਰਾਮ ਕਰਨ ਵਾਲਾ ਬਣ ਗਿਆ।ਸਿੱਧੂ ਮੂਸੇਵਾਲੇ ਦਾ ਕਤਲ ਜਿਹੜੇ ਅਤਿ ਅਧੁਨਿਕ ਰਸ਼ੀਅਨ ਹਥਿਆਰਾਂ (ਏ.ਐਨ.94) ਨਾਲ ਕੀਤਾ ਗਿਆ ਹੈ,ਉਹ ਅਆਧੁਨਿਕ ਹਥਿਆਰ ਰੂਸ ਦੀਆਂ ਸੁਰੱਖਿਆ ਫੋਰਸਾਂ ਕੋਲ  ਹਨ, ਜਦੋਕਿ ਭਾਰਤੀ ਫੋਰਸਾਂ ਕੋਲ ਵੀ ਉਹ ਹਥਿਆਰ ਅਜੇ ਨਹੀ ਹਨ, ਫਿਰ ਕਾਤਲਾਂ ਨੂੰ ਉਹ ਖਤਰਨਾਕ ਅਤੇ ਅਤਿ ਅਧੁਨਿਕ ਹਥਿਆਰ  ਕੀਹਨੇ ਮੁਹੱਈਆ ਕਰਵਾਏ ਸਨਇਹ ਸ਼ੱਕ ਦੀ ਸੂਈ ਵੀ  ਭਾਰਤ ਦੀਆਂ ਏਜੰਸੀਆਂ ਵੱਲ ਜਾਂਦੀ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਭਾਵੇਂ ਭਾਰਤੀ ਸਟੇਟ ਗੈਂਗਵਾਰ ਨਾਲ ਜੋੜ ਕੇ ਸਿੱਖ ਜੁਆਨੀ ਦੀ ਬਾਗੀ ਸੋਚ ਨੂੰ ਖਤਮ ਕਰਨ ਦੇ ਨਾਲ ਨਾਲ ਮਿੱਟੀ ਘੱਟੇ ਰੋਲਣ ਲਈ ਵੀ ਪੂਰੀ ਤਿਆਰੀ ਨਾਲ ਯਤਨਸ਼ੀਲ ਹੈ,ਜਿਸ ਵਿੱਚ ਉਹ ਹਰ ਵਾਰ ਕਾਮਯਾਬ ਵੀ ਹੁੰਦੀ ਆ ਰਹੀ ਹੈ,ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਜੁਆਨੀ ਦੇ ਲਾਲ ਖੂਨ ਨੂੰ ਪੂਰੀ ਤਰਾਂ ਬਦਰੰਗ ਕਰਨ ਤੋ ਅਸਮਰੱਥ ਹੈ।ਆਪਣੀ ਗਾਇਕੀ ਰਾਹੀ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਉੱਭਰਦੇ ਸਿਤਾਰੇ ਸਿੱਧੂ ਮੂਸੇ ਵਾਲੇ ਦਾ ਕਤਲ ਕੋਈ ਆਮ ਕਤਲ ਨਹੀ ਹੈ,ਇਸ ਕਤਲ ਨੂੰ ਮਹਿਜ ਗੈਂਗਵਾਰ ਜਾਂ ਗੈਂਗਸਟਰਾਂ ਦੀਆਂ ਫਿਰੌਤੀਆਂ ਨਾਲ ਜੋੜ ਕੇ ਦੇਖਣ ਦਾ ਸਿਰਜਿਆ ਜਾ ਰਿਹਾ ਬਿਰਤਾਂਤ ਪੰਜਾਬ ਦੀ ਜੁਆਨੀ ਦੇ ਕੌਮੀ ਜਜਬੇ ਨੂੰ ਗਲਤ ਪਾਸੇ ਵੱਲ ਮੋੜ ਕੇ ਦਿਸਾ ਹੀਣ ਕਰਨ ਦੀ ਗਹਿਰੀ ਸਾਜਿਸ਼ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਇਹ ਵੀ ਸਮਝਣਾ ਪਵੇਗਾ ਕਿ ਇੱਕ ਵਾਰ ਫਿਰ ਗੈਂਗਵਾਰ ਦੇ ਨਾਮ ਤੇ ਪੰਜਾਬ ਦੀ ਜੁਆਨੀ ਦਾ ਸ਼ਿਕਾਰ ਖੇਡਿਆ ਜਾਣ ਵਾਲਾ ਹੈ,ਇਹ ਸ਼ਿਕਾਰ ਵੀ ਉਹਨਾਂ ਨੌਜਵਾਨਾਂ ਦਾ ਖੇਡਿਆ ਜਾਵੇਗਾ,ਜਿਹਨਾਂ ਦੇ ਅੰਦਰ ਕੌਮੀ ਜਜਬੇ ਦੀ ਕੋਈ ਚਿਣਗ ਬਲ਼ਦੀ ਦਿਖਾਈ ਦਿੰਦੀ ਹੈ,ਜਿੰਨਾਂ ਦੇ ਅੰਦਰ ਰੁੜ੍ਹ ਚੱਲੇ ਪੰਜਾਬ ਦਾ ਦਰਦ ਹੈ। ਨਸ਼ਿਆਂ ਦੇ ਸਮਗਲਰਾਂ,ਸੜਕੀ ਦੁਰਘਟਨਾ ਕਹਿ ਕੇ ਪੰਜਾਬ ਦੇ ਪੁੱਤਾਂ ਨੂੰ ਚੁਣ ਚੁਣ ਕੇ ਖਤਮ ਕਰਨ ਵਾਲਿਆਂ ਅਤੇ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨਾਂ ਦੇ ਸਟੇਟ ਪੱਖੀ ਕਾਤਲਾਂ ਨੂੰ ਕੋਈ ਖਤਰਾ ਨਹੀ ਹੋਣ ਵਾਲਾ। ਸੁਭਦੀਪ ਸਿੰਘ ਸਿੱਧੂ (ਮੂਸੇ ਵਾਲਾ) ਵਰਗੇ ਬਾਗੀ ਪਰਵਿਰਤੀ ਵਾਲੇ ਅਜਾਦੀ ਪਸੰਦ ਨੌਜਵਾਨਾਂ ਦੇ ਹੋ ਰਹੇ ਕਤਲ ਬੇਹੱਦ ਚਿੰਤਾਜਨਕ ਹਨ ਅਤੇ ਇਹ ਵਰਤਾਰਾ ਸਿੱਖ ਕੌਮ ਲਈ ਸਵੈ ਚਿੰਤਨ ਦਾ ਗੰਭੀਰ ਵਿਸ਼ਾ ਵੀ ਹੈ। ਪੰਜਾਬ ਨੂੰ ਨਸ਼ਿਆਂ ਦੀ ਭੈੜੀ ਮਾਰ ਨਾਲ ਸਾਹ-ਸਤਹੀਣ ਕਰਨ  ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਹੁਣ ਗੈਂਗਵਾਰ ਦੇ ਸਿਰਜੇ ਜਾ ਰਹੇ ਅਤਿ ਘਾਤਕ ਬਿਰਤਾਂਤ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ  ਅਗਵਾਈ ਹੇਠ ਕੌਮੀ ਲਾਮਬੰਦੀ ਦੀ ਜਰੂਰਤ ਹੈ।

ਬਘੇਲ ਸਿੰਘ ਧਾਲੀਵਾਲ

99142-58142.