ਮੋਦੀ ਸਰਕਾਰ ਕਾਰਣ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਂਟ ਉਪਰ ਪਾਬੰਦੀ

ਮੋਦੀ ਸਰਕਾਰ ਕਾਰਣ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਂਟ ਉਪਰ ਪਾਬੰਦੀ

 ਕਿਸਾਨ ਅੰਦੋਲਨ ਦੌਰਾਨ ਸੇਵਾ ਖੇਤਰ ਵਿਚ ਸਰਗਰਮ ਭੂਮਿਕਾ

 ਕਿਸਾਨ ਅੰਦੋਲਨ ਦੌਰਾਨ ਸੇਵਾ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਂਟ 'ਤੇ ਕੇਂਦਰ ਸਰਕਾਰ ਨੇ ਭਾਰਤ ਵਿਚ ਪਾਬੰਦੀ ਲਗਾ ਦਿੱਤੀ ਹੈ | ਇਹ ਜਾਣਕਾਰੀ ਖ਼ੁਦ ਰਵੀ ਸਿੰਘ ਖ਼ਾਲਸਾ ਨੇ ਫੇਸਬੁੱਕ 'ਤੇ ਪਾਈ ਇਕ ਪੋਸਟ ਰਾਹੀਂ ਸਾਂਝੀ ਕੀਤੀ । ਰਵੀ ਸਿੰਘ ਖ਼ਾਲਸਾ ਨੇ ਪਾਬੰਦੀ ਲੱਗਣ ਦੀ ਜਾਣਕਾਰੀ ਦੇਣ ਦੇ ਨਾਲ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਹੈ ਭਾਜਪਾ ਦੇ ਰਾਜ ਵਿਚ ਲੋਕਤੰਤਰ ਦਾ ਅਸਲੀ ਚਿਹਰਾ ।ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਪਾਬੰਦੀਆਂ ਲਗਾਉਣ ਨਾਲ ਸਾਨੂੰ ਆਪਣੀ ਆਵਾਜ਼ ਚੁੱਕਣ ਤੋਂ ਨਹੀਂ ਰੋਕਿਆ ਜਾ ਸਕਦਾ ।ਅਸੀਂ ਹੋਰ ਉੱਚੀਆਂ ਆਵਾਜ਼ਾਂ ਉਠਾਵਾਂਗੇ ।ਰਵੀ ਸਿੰਘ ਖ਼ਾਲਸਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਬੰਦੀ ਉਸ ਵੇਲੇ ਲਗਾਈ ਗਈ ਹੈ ਜਦੋਂ ਇਸ ਤੋਂ ਕੁਝ ਦਿਨ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬਣਾਏ ਗਏ ਕਿਸਾਨਾਂ ਦੇ ਦੋ ਅਕਾਊਂਟਾਂ 'ਤੇ ਪਾਬੰਦੀ ਲਗਾਈ ਗਈ ਅਤੇ ਸਰਕਾਰ ਵਲੋਂ ਕਾਨੂੰਨੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਯੂਟਿਊਬ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਐਸ. ਵਾਈ. ਐਲ. 'ਤੇ ਪਾਬੰਦੀ ਲਗਾ ਦਿੱਤੀ ਸੀ ।

ਕੇਂਦਰ ਸਰਕਾਰ ਨੇ 27 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ, ਜੋ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕਜੁੱਟ ਹੋਈਆਂ 41 ਕਿਸਾਨ ਸੰਸਥਾਵਾਂ ਦਾ ਅਧਿਕਾਰਕ ਮੰਚ ਸੀ, ਦੇ ਟਵਿੱਟਰ ਹੈਂਡਲ ਕਿਸਾਨ ਏਕਤਾ ਮੰਚ ਅਤੇ 'ਟਰੈਕਟਰ ਟੂ ਟਵਿੱਟਰ' 'ਤੇ ਪਾਬੰਦੀ ਲਗਾਈ ਸੀ । ਰਵੀ ਸਿੰਘ ਖ਼ਾਲਸਾ ਵਲੋਂ ਫੇਸਬੁੱਕ 'ਤੇ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਟਵਿੱਟਰ 'ਤੇ ਉਨ੍ਹਾਂ ਦੇ ਸਮਰਥਕ ਅਤੇ ਕਿਸਾਨਾਂ ਵਲੋਂ ਤਿੱਖੇ ਪ੍ਰਤੀਕਰਮ ਕੀਤੇ ਜਾ ਰਹੇ ਹਨ । ਟਵਿੱਟਰ 'ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਸ ਕਦਮ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਜਾ ਰਿਹਾ ਹੈ ।ਸਮਰਥਕਾਂ ਵਲੋਂ ਇਸ ਨੂੰ ਸ਼ਰਮਨਾਕ, ਲੋਕਤੰਤਰ ਲਈ ਖ਼ਤਰਾ ਅਤੇ ਬੋਲਣ ਦੀ ਆਜ਼ਾਦੀ 'ਤੇ ਹਮਲਾ ਦੱਸਦਿਆਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਵਲੋਂ ਨੂਪੁਰ ਸ਼ਰਮਾ ਦੇ ਬਿਆਨ 'ਤੇ ਏਨੀਆਂ ਤਿੱਖੀਆਂ ਟਿੱਪਣੀਆਂ ਕਰਨ ਤੋਂ ਬਾਅਦ ਵੀ ਉਸ ਦਾ ਟਵਿੱਟਰ ਅਕਾਊਂਟ ਚਾਲੂ ਹੈ, ਜਦਕਿ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ । ਹੈਰਾਨੀ ਦੀ ਗਲ ਹੈ ਕਿ ਰਵੀ ਸਿੰਘ ਨੇ  ਕਦੇਂ ਭੜਕਾਊ ਨਹੀਂ ਲਿਖਿਆ।ਇਸਦੇ ਬਾਵਜੂਦ ਇਹ ਪਾਬੰਦੀ ਲਗਾਉਣਾ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਹੈ।