ਬਾਬਰੀ ਮਸਜਿਦ ਦੇ ਬੇਇਨਸਾਫ ਫੈਂਸਲੇ ਦੇ ਚਿੱਕੜ 'ਚ ਗੁਰੂ ਨਾਨਕ ਪਾਤਸ਼ਾਹ ਨੂੰ ਗਲਤਾਨ ਕਰਨ ਦੀ ਕੋਝੀ ਸਾਜਿਸ਼

ਬਾਬਰੀ ਮਸਜਿਦ ਦੇ ਬੇਇਨਸਾਫ ਫੈਂਸਲੇ ਦੇ ਚਿੱਕੜ 'ਚ ਗੁਰੂ ਨਾਨਕ ਪਾਤਸ਼ਾਹ ਨੂੰ ਗਲਤਾਨ ਕਰਨ ਦੀ ਕੋਝੀ ਸਾਜਿਸ਼

ਸੁਖਵਿੰਦਰ ਸਿੰਘ
ਬੀਤੇ ਕੱਲ੍ਹ ਭਾਰਤ ਦੀ ਸੁਪਰੀਮ ਕੋਰਟ ਨੇ ਮੁਸਲਿਮ ਧਰਮ ਦੀ ਇਬਾਦਤਗਾਹ ਬਾਬਰੀ ਮਸਜਿਦ ਵਾਲੀ ਥਾਂ 'ਤੇ ਰਾਮ ਮੰਦਿਰ ਬਣਾਉਣ ਦੀ ਕਾਨੂੰਨੀ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇਸ ਵਿਵਾਦਿਤ ਫੈਂਸਲੇ 'ਤੇ ਜਿੱਥੇ ਭਾਰਤ ਦੀਆਂ ਦੋਵੇਂ ਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਖੁਸ਼ੀ ਮਨਾ ਰਹੀਆਂ ਹਨ ਉੱਥੇ ਮੁਸਲਿਮ ਭਾਈਚਾਰੇ ਅੰਦਰ ਇੱਕ ਅਜੀਬ ਚੁੱਪੀ ਛਾ ਗਈ ਹੈ। ਇਹ ਮਸਲੇ ਨੂੰ ਭਾਰਤ ਦੀ ਰਾਜਨੀਤੀ ਵਿੱਚ ਹਿੰਦੁਤਵ ਦੇ ਗੌਰਵ ਦਾ ਪ੍ਰਤੀਕ ਬਣਾਇਆ ਗਿਆ ਸੀ ਜਿਸ ਨੂੰ ਪਹਿਲਾਂ 1992 ਵਿੱਚ ਹਿੰਦੁਤਵ ਦੀ ਭੀੜ ਨੇ ਸਰਕਾਰੀ ਸ਼ਹਿ 'ਤੇ ਧੱਕੇ ਨਾਲ ਬਾਬਰੀ ਮਸਜਿਦ ਢਾਹ ਕੇ ਉੱਚਾ ਕੀਤਾ ਤੇ ਬੀਤੇ ਕੱਲ੍ਹ ਭਾਰਤ ਦੀ ਨਿਆਪਾਲਿਕਾ ਨੇ ਉਸ ਗੌਰਵ 'ਤੇ ਕਾਨੂੰਨੀ ਮੋਹਰ ਲਾ ਦਿੱਤੀ। 

ਪਰ ਇਸ ਬੇਇਨਸਾਫੀ ਭਰੇ ਫੈਂਸਲੇ ਵਿੱਚ ਹਿੰਦੁਤਵ ਮਾਨਸਿਕਤਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਗਲਤਾਨ ਕਰਨ ਦਾ ਵੱਡਾ ਗੁਨਾਹ ਕੀਤਾ ਹੈ ਜਿਸ ਬਾਰੇ ਖਾਲਸਾ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਹੈ। ਜੱਜਾਂ ਵੱਲੋਂ ਸੁਣਾਏ ਫੈਂਸਲੇ 'ਚ ਬਾਬਰੀ ਮਸਜਿਦ ਵਾਲੀ ਥਾਂ 'ਤੇ ਹਿੰਦੂਆਂ ਦਾ ਦਾਅਵਾ ਪੱਕਾ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਦੀ ਅਯੁਧਿਆ ਫੇਰੀ ਦਾ ਹਵਾਲਾ ਵਰਤਿਆ ਗਿਆ। ਫੈਂਸਲੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ 1510-11 ਈਸਵੀ 'ਚ ਅਯੁਧਿਆ ਗਏ ਸਨ ਤੇ ਉਹਨਾਂ ਦੀ ਫੇਰੀ ਹਿੰਦੂਆਂ ਦੇ ਉਸ ਵਿਸ਼ਵਾਸ ਦੀ ਹਮਾਇਤ ਕਰਦੀ ਹੈ ਕਿ ਬਾਬਰੀ ਮਸਜਿਦ ਵਾਲੀ ਥਾਂ ਰਾਮ ਦੇ ਜਨਮ ਅਸਥਾਨ ਨਾਲ ਸਬੰਧਤ ਹੈ। 

ਫੈਂਸਲੇ ਵਿੱਚ ਜਨਮ ਸਾਖੀਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਜਨਮ ਸਾਖੀਆਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਯੁਧਿਆ ਗਏ ਸਨ ਜਿੱਥੇ ਉਹ ਰਾਮ ਦੇ ਜਨਮ ਸਥਾਨ 'ਤੇ ਵੀ ਗਏ ਸਨ। 

ਇੱਥੇ ਪਾਠਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਅਯੁਧਿਆ ਪੁਰਾਣੇ ਸਮੇਂ ਤੋਂ ਹਿੰਦੂ ਧਰਮ ਵਿੱਚ ਇਕ ਧਾਰਮਿਕ ਖਿੱਤੇ ਵਜੋਂ ਪ੍ਰਚਲਿਤ ਰਿਹਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਚਾਰ ਉਦਾਸੀਆਂ ਦੌਰਾਨ ਹਰ ਧਰਮ ਦੇ ਪ੍ਰਚਲਿਤ ਧਾਰਮਿਕ ਸਥਾਨਾਂ 'ਤੇ ਗਏ ਸਨ। ਪਰ ਗੁਰੂ ਨਾਨਕ ਪਾਤਸ਼ਾਹ ਦੀਆਂ ਇਹਨਾਂ ਸਥਾਨਾਂ ਦੀਆਂ ਫੇਰੀਆਂ ਨਾਲ ਉਹ ਕਿਸੇ ਧਰਮ ਜਾਂ ਕਿਸੇ ਧਾਰਮਿਕ ਸਖਸ਼ੀਅਤ ਦੇ ਭਗਤ ਨਹੀਂ ਬਣ ਜਾਂਦੇ, ਜਦਕਿ ਸੁਪਰੀਮ ਕੋਰਟ ਦੇ ਫੈਂਸਲੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਰਾਮ ਦਾ ਭਗਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਦੇ ਕੇਂਦਰੀ ਸਥਾਨਾਂ 'ਤੇ ਜਾ ਕੇ ਇੱਕ ਅਕਾਲ ਪੁਰਖ ਨੂੰ ਸਿਮਰਨ ਦਾ ਪ੍ਰਚਾਰ ਕੀਤਾ ਸੀ ਤੇ ਦੁਨੀਆ ਨੂੰ ਆਪਣੇ ਇਲਾਹੀ ਨੂਰ ਨਾਲ ਪ੍ਰਕਾਸ਼ਮਾਨ ਕੀਤਾ ਸੀ। 

ਦੂਜਾ ਤੱਥ ਇਹ ਹੈ ਕਿ ਅਯੁਧਿਆ ਵਿੱਚ ਸੈਂਕੜੇ ਮੰਦਿਰ ਹਨ ਜਿਹਨਾਂ ਬਾਰੇ ਰਾਮ ਦੇ ਜਨਮ ਦੇ ਅਲੱਗ-ਅਲੱਗ ਦਾਅਵੇ ਹਨ। ਸੁਪਰੀਮ ਕੋਰਟ ਦੇ ਫੈਂਸਲੇ ਵਿੱਚ ਵੀ  ਇਕ ਜੱਜ ਨੇ ਰਾਮ ਦੇ ਜਨਮ ਅਸਥਾਨ ਬਾਰੇ ਵੱਖਰੀ ਰਾਏ ਦਰਜ ਕਰਵਾਈ ਹੈ। ਇਸ ਜੱਜ ਦਾ ਨਾਮ ਨਹੀਂ ਦੱਸਿਆ ਗਿਆ ਹੈ ਪਰ ਉਸ ਨੇ ਕਿਹਾ ਕਿ ਰਾਮ ਜਨਮਭੂਮੀ ਦੀ ਅਸਲ ਥਾਂ ਬਾਰੇ ਕੋਈ ਪੁਖ਼ਤਾ ਸਮੱਗਰੀ ਨਹੀਂ ਹੈ। ਭਾਵ ਕਿ ਅਯੁਧਿਆ ਵਿੱਚ ਜੇ ਰਾਮ ਦਾ ਜਨਮ ਹੋਇਆ ਵੀ ਤਾਂ ਕਿਸ ਥਾਂ ਹੋਇਆ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈ ਅਤੇ ਇਸ ਗੱਲ ਦਾ ਕੋਈ ਪੁਖਤਾ ਪ੍ਰਮਾਣ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਯੁਧਿਆ ਵਿੱਚ ਕਿਸ ਥਾਂ ਗਏ। 

ਪਰ ਸੁਪਰੀਮ ਕੋਰਟ ਵੱਲੋਂ ਤੱਥਾਂ ਨੂੰ ਅੱਖੋਂ-ਪਰੋਖੇ ਕਰਕੇ ਮਹਿਜ਼ ਹਿੰਦੂ ਧਰਮ ਦੀ ਮਾਨਤਾ ਨੂੰ ਮੰਨਦਿਆਂ ਅਤੇ ਮਸਲਿਮ ਘੱਟਗਿਣਤੀ ਦੀਆਂ ਭਾਵਨਾਵਾਂ ਨੂੰ ਪੈਰਾਂ ਹੇਠ ਰੋਲਦਿਆਂ ਇੱਕ ਧਰਮ ਦੀ ਇਬਾਦਤਗਾਹ ਨੂੰ ਢਾਹ ਕੇ ਰਾਮ ਮੰਦਿਰ ਬਣਾਉਣ ਦਾ ਹੁਕਮ ਦੇ ਦਿੱਤਾ ਗਿਆ ਹੈ। ਇਹ ਫੈਂਸਲਾ ਠੀਕ ਉਸ ਸਮੇਂ ਆਇਆ ਜਦੋਂ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਚੋਜ ਸਦਕਾ ਇਸਲਾਮ ਅਤੇ ਸਿੱਖ ਧਰਮ ਦਾ ਕਰਤਾਰਪੁਰ ਲਾਂਘੇ ਰਾਹੀਂ ਇਲਾਹੀ ਮਿਲਾਪ ਹੋ ਰਿਹਾ ਸੀ ਤੇ ਦੂਜੇ ਪਾਸੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਬੀਜੀ ਜਾ ਰਹੀ ਬੇਇਨਸਾਫੀ ਦੀ ਫਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਭਾਗੀਦਾਰ ਬਣਾਉਣ ਦਾ ਫਰੇਬ ਰਚਿਆ ਜਾ ਰਿਹਾ ਸੀ। 

ਸਿੱਖ ਵਿਦਵਾਨਾਂ ਨੂੰ ਇਸ ਫੈਂਸਲੇ ਵਿੱਚ ਵਰਤੇ ਗਏ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਨਾਲ ਪੈਣ ਵਾਲੇ ਭੁਲੇਖਿਆਂ ਨੂੰ ਦੂਰ ਕਰਨ ਲਈ ਆਪਣੀਆਂ ਲਿਖਤਾਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਅੰਤ ਵਿੱਚ ਇਸ ਹੌਕੇ ਨੂੰ ਮੈਂ ਦਰਵੇਸ਼ ਕਵੀ ਹਰਿੰਦਰ ਸਿੰਘ ਮਹਿਬੂਬ ਦੀਆਂ ਇਹਨਾਂ ਲਿਖਤਾਂ ਨਾਲ ਤੁਹਾਡੇ ਤੱਕ ਪਹੁੰਚਦਾ ਕਰਦਾ ਹਾਂ:

ਬੁੱਤਪ੍ਰਸਤ ਫਿਲਾਸਫ਼ਰ ਨੂੰ
ਕਰੇਂ ਫ਼ਰੇਬ ਦਲੀਲਾਂ ਦੇਵੇਂ, 
ਝੂਠ ਜੁਗਾਂ ਤੋਂ ਬੋਲੇਂ।
ਲਾ ਅੰਬਾਰ ਫ਼ਿਲਾਸਫ਼ੀਆਂ ਦੇ,
ਰਹਿਮ ਬਿਨਾਂ ਪਿਆ ਫੋਲੇਂ।
ਲਾਏਂ ਹਿਸਾਬ ਘਿਰੇਂ ਵਿਚ ਜੋਤਸ਼,
ਖੁਰਣ ਦਗ਼ੇ ਨ ਤੇਰੇ।
ਆਖ਼ਿਰ ਆਪਣੇ ਪੱਥਰਾਂ ਨਾਲ ਹੀ,
ਜਾਨ ਆਪਣੀ ਤੋਲੇਂ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।