ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਦਾ ਇਤਿਹਾਸ (ਸਥਾਪਨਾ ਦਿਹਾੜੇ 'ਤੇ ਵਿਸ਼ੇਸ਼)

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਦਾ ਇਤਿਹਾਸ (ਸਥਾਪਨਾ ਦਿਹਾੜੇ 'ਤੇ ਵਿਸ਼ੇਸ਼)

ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ। ਆਪਣੇ ਅਰੰਭ ਤੋਂ ਲੈ ਕੇ ਹੁਣ ਤੱਕ ਇਹ ਯੂਨੀਵਰਸਿਟੀ ਆਪਣੇ ਉਦੇਸ਼ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਹੈ। ਲੱਖਾਂ ਹੀ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰ ਚੱਕੀ ਇਹ ਯੂਨੀਵਰਸਿਟੀ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਚੁੱਕੀ ਹੈ। ਇਥੋਂ ਵਿੱਦਿਆ ਪ੍ਰਾਪਤ ਕਰ ਕੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਸੇਵਾਵਾਂ ਨਿਭਾ ਰਹੇ ਹਨ। 1961 ਵਿਚ ਇਹ ਯੂਨੀਵਰਸਿਟੀ ਹੋਂਦ ਵਿਚ ਆਈ ਹੈ ਪਰ ਇਸ ਦੀ ਸਥਾਪਨਾ ਪਿੱਛੇ ਬਹੁਤ ਹੀ ਰੌਚਿਕ ਅਤੇ ਮਹੱਤਵਪੂਰਨ ਤੱਥ ਛੁਪੇ ਹੋਏ ਹਨ।

ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਦੌਰਾਨ ਅਰੰਭ ਹੋ ਗਏ ਸਨ। ਅਪ੍ਰੈਲ 1952 ਵਿਚ ਗਿਆਨ ਸਿੰਘ ਰਾੜੇਵਾਲਾ ਪੈਪਸੂ ਦਾ ਮੁੱਖ ਮੰਤਰੀ ਬਣਿਆ। ਇਸ ਦੇ ਸਮੇਂ ਪੈਪਸੂ ਯੂਨੀਵਰਸਿਟੀ ਦੀ ਮੰਗ ਉੱਠੀ ਜਿਸ ਰਾਹੀਂ ਪੰਜਾਬੀ ਨੂੰ ਖੇਤਰੀ ਭਾਸ਼ਾ ਵੱਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। 1953-54 ਦੇ ਬਜਟ ਦੀ ਤਿਆਰੀ ਵਿਚ ਪੈਪਸੂ ਯੂਨੀਵਰਸਿਟੀ ਖੋਲਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹਾਊਸ ਤੱਕ ਪਹੁੰਚਣ ਉਪਰੰਤ ਇਸ ਦਾ ਜ਼ਿਕਰ ਵੀ ਨਾ ਹੋ ਸਕਿਆ। ਸਮਕਾਲੀ ਅਖ਼ਬਾਰਾਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਪੰਜਾਬੀ ਯੂਨੀਵਰਸਿਟੀ ਰਾਹੀਂ ਪੰਜਾਬੀ ਦੇ ਵਿਕਾਸ ਦੀ ਗੱਲ ਪੰਜਾਬੀਆਂ ਦੇ ਮਨ ਵਿਚ ਵੱਸ ਗਈ ਸੀ ਅਤੇ ਉਹ ਇਸ ਦੀ ਖੁੱਲ੍ਹ ਕੇ ਮੰਗ ਕਰਨ ਲੱਗੇ ਸਨ। ਸੰਗਠਾਨਤਮਿਕ ਤੌਰ ‘ਤੇ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਇਸ ਸੰਬੰਧੀ ਮਹੱਤਵਪੂਰਨ ਯਤਨ ਕੀਤੇ ਸਨ। 1956 ਵਿਚ ਇਹਨਾਂ ਨੇ ਦੂਜੀ ਪੰਜਾਬੀ ਕਾਨਫ਼ਰੰਸ ਦਿੱਲੀ ਵਿਖੇ ਕੀਤੀ ਜਿਸ ਵਿਚ ਭਾਰਤ ਦੇ ਗ੍ਰਹਿ ਮੰਤਰੀ ਗੋਵਿੰਦ ਵਲਭ ਪੰਤ, ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਸ. ਉੱਜਲ ਸਿੰਘ, ਡਿਪਟੀ ਸਪੀਕਰ ਹੁਕਮ ਸਿੰਘ, ਸ. ਸਵਰਨ ਸਿੰਘ, ਦੀਵਾਨ ਅਨੰਦ ਕੁਮਾਰ ਆਦਿ ਵਿਦਵਾਨ, ਸੂਝਵਾਨ, ਰਾਜਨੀਤੀਵਾਨ ਸ਼ਾਮਲ ਹੋਏ ਸਨ। ਇਸ ਕਾਨਫ਼ਰੰਸ ਦੇ ਵਿਚ ਜਿਹੜੇ ਮਤੇ ਪਾਸ ਕੀਤੇ ਗਏ ਸਨ ਉਹਨਾਂ ਵਿਚੋਂ ਯੂਨੀਵਰਸਿਟੀ ਪੱਧਰ ਦੀ ਇਕ ਸੰਸਥਾ ਸਥਾਪਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਗਿਆ:
“ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਕਿਸੇ ਭਾਸ਼ਾ ਦੀ ਸਰਵਪੱਖੀ ਉੱਨਤੀ ਲਈ ਤੇ ਇਸ ਦੇਸ਼ ਦੇ ਕਾਰ-ਵਿਹਾਰ ਦਾ ਯੋਗ ਮਾਧਿਅਮ ਬਣਾਉਣ ਲਈ ਉਸ ਨੂੰ ਯੂਨੀਵਰਸਿਟੀ ਪੱਧਰ ਤੀਕ ਲੈ ਜਾਣਾ ਅਧਿਕ ਜਰੂਰੀ ਹੈ। ਇਹ ਕਾਨਫ਼ਰੰਸ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬ ਰਾਜ ਦੇ ਪੰਜਾਬੀ ਬੋਲਦੇ ਭਾਗ ਲਈ ਇਕ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਜਿਸ ਦਾ ਮਾਧਿਅਮ ਪੰਜਾਬੀ ਹੋਵੇ।”

ਜਦੋਂ ਪੰਜਾਬੀ ਯੂਨੀਵਰਸਿਟੀ ਦੀ ਮੰਗ ਜੋਰ ਫੜਨ ਲੱਗੀ ਤਾਂ ਸਿੱਖ ਵੀ ਭਾਵੁਕ ਤੌਰ ਤੇ ਇਸ ਵਿਚ ਸ਼ਾਮਲ ਸਨ। ਸਿੱਖ ਸੰਸਥਾਵਾਂ ਪਹਿਲਾਂ ਹੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਚਨਬੱਧ ਸਨ ਅਤੇ ਉਹਨਾਂ ਦੇ ਹਰ ਇਕ ਏਜੰਡੇ ‘ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਸਨ। 2 ਜੂਨ 1956 ਦੇ ਸਪੋਕਸਮੈਨ ਵੀਕਲੀ ਵਿਚ ਸਿੱਖਾਂ ਨੂੰ ਇਹ ਸੁਝਾਅ ਦਿੱਤਾ ਕਿ ਸਮੇਂ ਦੀਆਂ ਸਮੱਸਿਆਵਾਂ ਦੇ ਸਨਮੁਖ ਸਿੱਖਾਂ ਨੂੰ ਪੰਜ ਸਾਲਾ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਗ਼ਜ਼ੀ ਗੱਲਾਂ ਤੋਂ ਅੱਗੇ ਜਾ ਕੇ ਕੁੱਝ ਠੋਸ ਕਾਰਜ ਕਰਨੇ ਚਾਹੀਦੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਉਹਨਾਂ ਵਿਚੋਂ ਇਕ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬੀ ਵਿਰੋਧੀਆਂ ਨੂੰ ਦਬਾਉਣ ਵਿਚ ਸਹਾਈ ਸਿੱਧ ਹੋਵੇਗੀ।

ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿਚ ਰਿਜਨਲ ਫਾਰਮੂਲੇ ਦਾ ਵੱਡਾ ਯੋਗਦਾਨ ਹੈ। 1956 ਵਿਚ ਭਾਸ਼ਾਈ ਸਮੱਸਿਆਵਾਂ ਨਾਲ ਨਜਿੱਠਣ ਲਈ ਬਣਾਈ ਗਈ ਇਸ ਯੋਜਨਾ ਵਿਚ ਭਾਵੇਂ ਪੰਜਾਬੀ ਯੂਨੀਵਰਸਿਟੀ ਦਾ ਕੋਈ ਜ਼ਿਕਰ ਨਹੀਂ ਸੀ ਪਰ ਫਿਰ ਵੀ ਇਸ ਦੀਆਂ ਮੀਟਿੰਗਾਂ ਵਿਚ ਜੇ ਕੋਈ ਮਹੱਤਵਪੂਰਨ ਪ੍ਰਾਪਤੀ ਸਮਝੀ ਜਾ ਸਕਦੀ ਹੈ ਤਾਂ ਉਹ ਇਸ ਯੂਨੀਵਰਸਿਟੀ ਦੀ ਸਥਾਪਨਾ ਹੈ। ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਗਿਆਨੀ ਕਰਤਾਰ ਸਿੰਘ ਰਿਜਨਲ ਫਾਰਮੂਲੇ ਦੇ ਕਰਤਾ-ਧਰਤਾ ਸਨ। ਇਸ ਸੰਬੰਧੀ ਹੋਈ ਇਕ ਮੀਟਿੰਗ ਵਿਚ ਉਹਨਾਂ ਨੇ ਇਹ ਵਿਚਾਰ ਪੇਸ਼ ਕੀਤਾ ਕਿ ਪੰਜਾਬੀ ਅਤੇ ਹਿੰਦੀ ਦੀ ਉੱਨਤੀ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਪੰਜਾਬੀ ਨੂੰ ਪੰਜਾਬ ਦੇ ਲੋਕਾਂ ਦੀ ਮੁੱਖ ਭਾਸ਼ਾ ਮੰਨਦੇ ਹੋਏ ਸਕੂਲ ਪੱਧਰ ‘ਤੇ ਸਿੱਖਿਆ ਦਾ ਮਾਧਿਅਮ ਪੰਜਾਬੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਇਸੇ ਸਮੇਂ ਗਿਆਨੀ ਕਰਤਾਰ ਸਿੰਘ ਦੇ ਇਕ ਨਿਕਟਵਰਤੀ ਸਾਥੀ ਸਰਦਾਰ ਰਾਮ ਦਿਆਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਜਾਵੇਗੀ। ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਨੂੰ ਰਿਜਨਲ ਫਾਰਮੂਲੇ ਦੀ ਮੁੱਖ ਮੰਗ ਵੱਜੋਂ ਪੇਸ਼ ਕੀਤਾ। ਯੂਨੀਵਰਸਿਟੀ ਦੀ ਸਥਾਪਨਾ ਦੀ ਮੰਗ ਜਦੋਂ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਕੋਲ ਪੁੱਜੀ ਤਾਂ ਉਸ ਨੇ ਇਸ ਮੰਗ ਨੂੰ ਤੁਰੰਤ ਪ੍ਰਵਾਨ ਲਿਆ ਗਿਆ ਅਤੇ ਵਿਧਾਨ ਸਭਾ ਵਿਚ ਯੂਨੀਵਰਸਿਟੀ ਦੀ ਸਥਾਪਨਾ ਦਾ ਮਤਾ ਪਾਸ ਕਰ ਦਿੱਤਾ ਗਿਆ।

ਭਾਵੇਂ ਕਿ ਯੂਨੀਵਰਸਿਟੀ ਦੀ ਸਥਾਪਨਾ ਨੂੰ ਰਿਜਨਲ ਫਾਰਮੂਲੇ ਦੀ ਮੁੱਖ ਮੰਗ ਦੱਸਿਆ ਗਿਆ ਸੀ ਪਰ ਜਦੋਂ ਇਸ ਨੂੰ ਬਰੀਕੀ ਨਾਲ ਵਾਚਿਆ ਗਿਆ ਤਾਂ ਪਤਾ ਲੱਗਿਆ ਕਿ ਇਸ ਫਾਰਮੂਲੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਕੋਈ ਜ਼ਿਕਰ ਨਹੀਂ ਸੀ। ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਇਸ ਸੰਬੰਧੀ ਗਿਆਨੀ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਗਿਆਨੀ ਜੀ ਨੇ ਕਿਹਾ ਕਿ ਰਿਜਨਲ ਫਾਰਮੂਲਾ ਭਾਸ਼ਾਈ ਮਸਲੇ ਹੱਲ ਕਰਨ ਲਈ ਹੋਂਦ ਵਿਚ ਆਇਆ ਹੈ ਅਤੇ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਗ਼ੈਰ ਪੰਜਾਬੀ ਦਾ ਵਿਕਾਸ ਕਿਵੇਂ ਸੰਭਵ ਹੈ। ਭਾਵੇਂ ਕਿ ਮੁੱਖ ਮੰਤਰੀ ਲਈ ਇਹ ਨਵਾਂ ਮਸਲਾ ਪੈਦਾ ਹੋ ਸਕਦਾ ਸੀ ਪਰ ਅੰਦਰੋਂ ਪੰਜਾਬੀ ਪ੍ਰੇਮੀ ਹੋਣ ਕਰ ਕੇ ਉਹਨਾਂ ਨੇ ਮਸਲੇ ਸੰਬੰਧੀ ਕੋਈ ਹੋਰ ਗੱਲ ਨਾ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨ ਅਰੰਭ ਕਰ ਦਿੱਤੇ।

5 ਅਗਸਤ 1960 ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਪੰਜਾਬ ਸਰਕਾਰ ਨੇ ਇਕ 12 ਮੈਂਬਰੀ ਕਮਿਸ਼ਨ ਦਾ ਗਠਨ ਕੀਤਾ। ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਇਸ ਕਮਿਸ਼ਨ ਦੇ ਚੇਅਰਮੈਨ ਅਤੇ ਪ੍ਰੋ. ਹਰਬੰਸ ਸਿੰਘ ਇਸ ਦੇ ਮੈਂਬਰ-ਸਕੱਤਰ ਸਨ। ਇਹਨਾਂ ਤੋਂ ਇਲਾਵਾ ਭਾਈ ਜੋਧ ਸਿੰਘ, ਸਰਦਾਰ ਹੁਕਮ ਸਿੰਘ, ਸਰਦਾਰ ਉੱਜਲ ਸਿੰਘ, ਮਲਿਕ ਹਰਦਿੱਤ ਸਿੰਘ, ਡਾ. ਏ.ਸੀ. ਜੋਸ਼ੀ, ਡਾ. ਅਨੂਪ ਸਿੰਘ, ਡਾ. ਪੀ.ਐਸ. ਗਿੱਲ, ਹਰਦਵਾਰੀ ਲਾਲ ਆਦਿ ਮੈਂਬਰ ਇਸ ਕਮਿਸ਼ਨ ਵਿਚ ਸ਼ਾਮਲ ਸਨ। ਇਸ ਕਮਿਸ਼ਨ ਦੇ ਗਠਨ ਸੰਬੰਧੀ ਪ੍ਰੋ. ਹਰਬੰਸ ਸਿੰਘ ਦੱਸਦੇ ਹਨ ਕਿ ਅਸੈਂਬਲੀ ਵਿਚ ਪੰਜਾਬੀ ਯੂਨੀਵਰਸਿਟੀ ਦਾ ਮਤਾ ਪਾਸ ਹੋਣ ਤੋਂ ਕੁੱਝ ਦਿਨ ਪਿਛੋਂ ਮਹਾਰਾਜਾ ਯਾਦਵਿੰਦਰ ਸਿੰਘ ਦੀ ਮਾਤਾ ਜੀ ਦੇ ਭੋਗ ‘ਤੇ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀ ਵਜ਼ੀਰ ਪਟਿਆਲਾ ਆਏ ਤਾਂ ਉਹਨਾਂ ਮਹਾਰਾਜੇ ਨੂੰ ਦੱਸਿਆ ਕਿ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਤੁਸੀਂ ਇਸ ਦਾ ਚੇਅਰਮੈਨ ਬਣਨਾ ਮਨਜ਼ੂਰ ਕਰੋ ਜਿਸ ਨੂੰ ਮਹਾਰਾਜੇ ਨੇ ਤੁਰੰਤ ਪ੍ਰਵਾਨ ਕਰ ਲਿਆ।

ਪੰਜਾਬੀ ਯੂਨੀਵਰਸਿਟੀ ਕਮਿਸ਼ਨ ਦੇ ਗਠਨ ਨਾਲ ਹੀ ਇਹ ਚਰਚਾ ਜੋਰ ਫੜ ਗਈ ਕਿ ਇਹ ਯੂਨੀਵਰਸਿਟੀ ਕਿਥੇ ਸਥਾਪਤ ਕੀਤੀ ਜਾਵੇ। ਪਟਿਆਲਾ, ਅੰਮ੍ਰਿਤਸਰ ਜਾਂ ਕਿਸੇ ਹੋਰ ਸ਼ਹਿਰ ਵਿਚ ਇਸ ਯੂਨੀਵਰਸਿਟੀ ਦੀ ਸਥਾਪਨਾ ਦੀ ਚਰਚਾ ਹੋਣ ਲੱਗੀ। ਪਟਿਆਲਾ ਦੇ ਵਸਨੀਕਾਂ ਨੇ ਇਕ 20 ਮੈਂਬਰੀ ਕਮੇਟੀ ਬਣਾਈ ਜਿਸ ਦਾ ਇਹ ਯਤਨ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਣੇ। ਇਸ ਸਮੇਂ ਡਾ. ਗੰਡਾ ਸਿੰਘ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਸਨ। ਇਸ ਕਮੇਟੀ ਨੇ ਉਹਨਾਂ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਪਟਿਆਲਾ ਯੂਨੀਵਰਸਿਟੀ ਦੀਆਂ ਸਮੂਹ ਲੋੜਾਂ ਦੀ ਪੂਰਤੀ ਕਰਦਾ ਹੈ। ਇਥੇ ਸੋਲਾਂ ਕਾਲਜ, ਸੱਤ ਲਾਇਬ੍ਰੇਰੀਆਂ ਅਤੇ ਬਹੁਤ ਸਾਰੇ ਹਾਈ ਸਕੂਲ ਮੌਜੂਦ ਹਨ। ਪੰਜਾਬੀ, ਭਾਸ਼ਾ ਅਤੇ ਸਭਿਆਚਾਰ ਦੀ ਖੋਜ ਨਾਲ ਸੰਬੰਧਿਤ ਬਹੁਤ ਸਾਰੇ ਖਰੜੇ ਇਸ ਸ਼ਹਿਰ ਵਿਚ ਮੌਜੂਦ ਹਨ ਜਿਹੜੇ ਕਿ ਖੋਜ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਹਾਈ ਹੋਣਗੇ। ਪਟਿਆਲੇ ਵਾਲੇ ਯਤਨ ਕਰ ਰਹੇ ਸਨ ਕਿ ਇਹ ਯੂਨੀਵਰਸਿਟੀ ਇਸੇ ਸ਼ਹਿਰ ਵਿਚ ਸਥਾਪਤ ਹੋਣੀ ਚਾਹੀਦੀ ਹੈ। ਭਾਵੇਂ ਕਿ ਮਹਾਰਾਜਾ ਯਾਦਵਿੰਦਰ ਸਿੰਘ ਤੱਕ ਇਹ ਗੱਲ ਪੁੱਜ ਗਈ ਸੀ ਪਰ ਉਹ ਤਾਂ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕਰਨ ਦੇ ਹਾਮੀ ਸਨ।

13 ਫਰਵਰੀ 1961 ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਿਸ ਵਿਚ ਦੋ ਗੱਲਾਂ ਪ੍ਰਮੁਖਤਾ ਨਾਲ ਉਜਾਗਰ ਕੀਤੀਆਂ ਗਈਆਂ ਕਿ ਇਕ ਤਾਂ ਇਹ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕੀਤੀ ਜਾਵੇਗੀ ਕਿਉਂਕਿ ਇਹ ਇਕ ਅਜਿਹੀ ਥਾਂ ਹੈ ਜਿੱਥੇ ਬਹੁਤ ਸਾਰੀਆਂ ਵਿੱਦਿਅਕ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ ਅਤੇ ਦੂਜਾ ਇਹ ਕਿ ਇਸ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿਉਮੈਨਿਟੀਜ਼ ਅਤੇ ਸਾਇੰਸ ਦੇ ਵਿਸ਼ੇ ਵੀ ਪੜ੍ਹਾਏ ਜਾਣਗੇ। ਸਰਕਾਰ ਨੇ ਕਮਿਸ਼ਨ ਦਾ ਸੁਝਾਅ ਪ੍ਰਵਾਨ ਕਰਦੇ ਹੋਏ 1961 ਵਿਚ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਵਿਖੇ ਸਥਾਪਨਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਇਸੇ ਸਾਲ 1 ਨਵੰਬਰ 1961 ਨੂੰ ਪੰਜਾਬ ਦੇ ਗਵਰਨਰ ਨੇ ਇਸ ਯੂਨੀਵਰਸਿਟੀ ਦੇ ਐਕਟ ‘ਤੇ ਆਪਣੀ ਮੋਹਰ ਲਗਾ ਦਿੱਤੀ।

30 ਅਪ੍ਰੈਲ 1962 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰਾਂਦਰੀ ਪੈਲੇਸ ਵਿਖੇ ਅਰੰਭ ਕਰ ਦਿੱਤੀ ਗਈ। 24 ਜੂਨ 1962 ਨੂੰ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੇ ਇਸ ਦਾ ਵਿਧੀਵਤ ਉਦਘਾਟਨ ਕਰਦੇ ਹੋਏ ਕਿਹਾ ਕਿ, “ਇਹ ਯੂਨੀਵਰਸਿਟੀ ਭਾਸ਼ਾ ਦੇ ਆਧਾਰ ‘ਤੇ ਬਣੀ ਹੈ।... ਇਸ ਯੂਨੀਵਰਸਿਟੀ ਦਾ ਉਦੇਸ਼ ਕੇਵਲ ਪੰਜਾਬੀ ਦਾ ਵਿਕਾਸ ਹੀ ਨਹੀਂ ਹੈ ਬਲਕਿ ਇਥੇ ਸਾਇੰਸ ਅਤੇ ਹਿਉਮੈਨਿਟੀਜ਼ ਦੇ ਨਾਲ-ਨਾਲ ਉਚੇਰੀ ਸਿੱਖਿਆ ਅਤੇ ਖੋਜ ਨੂੰ ਅੱਗੇ ਲਿਜਾਣ ਲਈ ਵੀ ਯਤਨ ਕੀਤੇ ਜਾਣੇ ਹਨ।” ਰਾਸ਼ਟਰਪਤੀ ਤੋਂ ਇਲਾਵਾ ਪੰਜਾਬ ਦੇ ਗਵਰਨਰ ਸ੍ਰੀ ਐਨ.ਵੀ ਗਾਡਗਿਲ, ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਜਦੋਂ ਇਹ ਯੂਨੀਵਰਸਿਟੀ ਹੋਂਦ ਵਿਚ ਆਈ ਤਾਂ ਇਸ ਦਾ ਘੇਰਾ 10 ਮੀਲ ਤੱਕ ਨਿਰਧਾਰਿਤ ਕੀਤਾ ਗਿਆ ਪਰ ਹੌਲੀ-ਹੌਲੀ ਇਹ ਵੱਧਣ ਲੱਗਾ ਅਤੇ ਮੌਜੂਦਾ ਸਮੇਂ ਵਿਚ ਪੰਜਾਬ ਦੇ ਮਾਲਵਾ ਇਲਾਕੇ ਵਿਚ ਸਿੱਖਿਆ ਪ੍ਰਦਾਨ ਕਰ ਰਹੀ ਹੈ। ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਸਾਇੰਸ, ਟੈਕਨਾਲੋਜੀ ਅਤੇ ਖੇਡਾਂ ਦੇ ਖ਼ੇਤਰ ਵਿਚ ਇਸ ਯੂਨੀਵਰਸਿਟੀ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਜਦੋਂ ਕੋਈ ਕੇਂਦਰੀ ਟੀਮ ਪੰਜਾਬੀ ਯੂਨੀਵਰਸਿਟੀ ਦੀ ਇੰਸਪੈਕਸ਼ਨ ਕਰਨ ਲਈ ਆਉਂਦੀ ਹੈ ਤਾਂ ਉਹ ਅਜਿਹੀ ਟਿੱਪਣੀ ਜ਼ਰੂਰ ਕਰ ਜਾਂਦੀ ਹੈ ਕਿ ਜਿਸ ਉਦੇਸ਼ ਲਈ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ, ਇਹ ਨਿਰੰਤਰ ਉਸੇ ਦਿਸ਼ਾ ਵਿਚ ਕਾਰਜ ਕਰ ਰਹੀ ਹੈ। ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ ਸੰਬੰਧੀ ਕੀਤੀ ਗਈ ਅਜਿਹੀ ਕੋਈ ਵੀ ਟਿੱਪਣੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਾਣ ਵਾਲੀ ਗੱਲ ਹੁੰਦੀ ਹੈ।

ਪਟਿਆਲਾ ਦੇ ਬਾਰਾਂਦਰੀ ਬਾਗ਼ ਤੋਂ ਅਰੰਭ ਹੋਈ ਇਹ ਯੂਨੀਵਰਸਿਟੀ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਨੂੰ ਵਿੱਦਿਆ ਪ੍ਰਦਾਨ ਕਰ ਰਹੀ। ਇਸ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਬਹੁਤੇ ਬੱਚੇ ਪੇਂਡੂ ਪਿਛੋਕੜ ਵਾਲੇ ਹੁੰਦੇ ਹਨ ਇਸ ਤਰ੍ਹਾਂ ਦੂਰ-ਦੁਰਾਡੇ ਜਾ ਕੇ ਵਿੱਦਿਆ ਪ੍ਰਾਪਤ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਲਈ ਇਹ ਯੂਨੀਵਰਸਿਟੀ ਵਰਦਾਨ ਸਾਬਿਤ ਹੋਈ ਹੈ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ