ਭਾਰਤ ਦੇ ਹਿੰਦੀ ਖੇਤਰ ਦੀ ਬਲਾਤਕਾਰੀ ਮਾਨਸਿਕਤਾ ਦੀ ਕਸ਼ਮੀਰੀ ਕੁੜੀਆਂ 'ਤੇ ਅੱਖ

ਭਾਰਤ ਦੇ ਹਿੰਦੀ ਖੇਤਰ ਦੀ ਬਲਾਤਕਾਰੀ ਮਾਨਸਿਕਤਾ ਦੀ ਕਸ਼ਮੀਰੀ ਕੁੜੀਆਂ 'ਤੇ ਅੱਖ
ਭਾਰਤੀ ਫੌਜੀਆਂ ਦੇ ਨਾਕੇ ਕੋਲੋਂ ਲੰਘਦੀ ਹੋਈ ਇੱਕ ਕਸ਼ਮੀਰੀ ਔਰਤ ਦੀ ਤਸਵੀਰ

ਚੰਡੀਗੜ੍ਹ: ਕਸ਼ਮੀਰ ਦੇ ਮਾਮਲੇ ਵਿੱਚ ਭਾਰਤ ਦੇ ਹਿੰਦੁਤਵੀਆਂ ਦੀ ਗੰਦੀ ਮਾਨਸਿਕਤਾ ਸਾਰੀ ਦੁਨੀਆ ਦੇਖ ਰਹੀ ਹੈ। ਫੇਸਬੁੱਕ 'ਤੇ ਹਿੰਦੁਤਵੀਆਂ ਵੱਲੋਂ ਸ਼ੁਰੂ ਹੋਇਆ ਕਸ਼ਮੀਰੀ ਕੁੜੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਨ ਦਾ ਦੌਰ ਭਾਜਪਾ ਦੇ ਉੱਚ ਆਗੂਆਂ ਤੱਕ ਵੀ ਜਾ ਪਹੁੰਚਿਆ ਤੇ ਆਪਣੀ ਗੈਰ-ਮਨੁੱਖੀ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਬਾਹਰ ਜਲੂਸ ਕੱਢਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਦੇ ਕਈ ਉੱਚ ਆਗੂਆਂ ਨੇ ਕਸ਼ਮੀਰ ਦੀਆਂ ਕੁੜੀਆਂ ਸਬੰਧੀ ਗਲਤ ਬਿਆਨ ਦਿੱਤੇ। 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ
ਮਨੋਹਰ ਲਾਲ ਖੱਟੜ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਹਰਿਆਣੇ ਦੇ ਮੁੰਡੇ ਕਸ਼ਮੀਰ ਦੀਆਂ ਕੁੜੀਆਂ ਨੂੰ ਵਿਆਹ ਕੇ ਲਿਆ ਸਕਣਗੇ। ਖੱਟੜ ਨੇ ਬੜੇ ਨੀਚ ਹਾਸੇ ਵਿੱਚ ਹੱਸਦਿਆਂ ਕਿਹਾ, "ਜੇ ਵਿਆਹੁਣ ਲਈ ਕੁੜੀਆਂ ਘੱਟ ਹੋ ਜਾਣ ਤਾਂ ਪਹਿਲਾਂ ਕਹਿੰਦੇ ਸੀ ਕਿ ਬਿਹਾਰ ਤੋਂ ਲਿਆਉਣੀ ਪਵੇਗੀ, ਪਰ ਹੁਣ ਕੁੱਝ ਲੋਕ ਕਹਿ ਰਹੇ ਹਨ ਕਿ ਹੁਣ ਤਾਂ ਕਸ਼ਮੀਰ ਵੀ ਖੁੱਲ੍ਹ ਗਿਆ ਹੈ।"


ਕਸ਼ਮੀਰੀ ਕੁੜੀਆਂ ਖਿਲਾਫ ਬਿਆਨ ਦਿੰਦੇ ਹੋਏ ਖੱਟੜ

ਇਸ ਬਿਆਨ ਦੀ ਸਾਰੇ ਪਾਸਿਆਂ ਤੋਂ ਨਿਖੇਧੀ ਹੋਣ ਮਗਰੋਂ ਮਨੋਹਰ ਲਾਲ ਖੱਟਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਬਿਆਨ ਤਾਂ ਐਂਵੇਂ ਸਹਿਜ ਵਿੱਚ ਦਿੱਤਾ ਗਿਆ ਸੀ। 

ਰਾਹੁਲ ਗਾਂਧੀ ਨੇ ਖੱਟੜ ਨੂੰ ਕਮਜ਼ੋਰ ਦਿਮਾਗ ਵਾਲਾ ਇਨਸਾਨ ਦੱਸਿਆ
ਖੱਟਰ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰੀ ਔਰਤਾਂ ਪ੍ਰਤੀ ਖੱਟੜ ਦਾ ਇਹ ਬਿਆਨ ਬਹੇਤ ਸ਼ਰਮਨਾਕ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਕਮਜ਼ੋਰ, ਡਰਪੋਰ ਅਤੇ ਮਾੜੇ ਦਿਮਾਗ ਵਾਲੇ ਇਨਸਾਲ ਨੂੰ ਆਰ.ਐੱਸ.ਐੱਸ ਦੀ ਸਿੱਖਿਆ ਕੀ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਔਰਤਾਂ ਕੋਈ ਮਰਦ ਦੀ ਜਾਇਦਾਦ ਨਹੀਂ ਹਨ। 


ਰਾਹੁਲ ਗਾਂਧੀ

ਇਸ ਤੋਂ ਪਹਿਲਾਂ ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਐੱਮ.ਐੱਲ.ਏ ਵਿਕਰਮ ਸੈਣੀ ਨੇ ਬੜਾ ਸ਼ਰਮਨਾਕ ਬਿਆਨ ਦਿੰਦਿਆਂ ਕਿਹਾ ਸੀ ਕਿ ਭਾਜਪਾ ਦੇ ਕੁਆਰਿਆਂ ਲਈ ਮੌਕਾ ਹੈ ਹੁਣ ਉਹ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਾ ਸਕਦੇ ਹਨ।

ਹਿੰਦੀ ਖੇਤਰ ਦੀ ਬਲਾਤਕਾਰੀ ਮਾਨਸਿਕਤਾ
ਜ਼ਿਕਰਯੋਗ ਹੈ ਕਿ ਭਾਰਤ ਦਾ ਹਿੰਦੀ ਖੇਤਰ ਜਿੱਥੋਂ ਇਹ ਬਿਆਨ ਆ ਰਹੇ ਹਨ ਉਹ ਬਲਾਤਕਾਰੀ ਮਾਨਸਿਕਤਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਹਿੰਦੀ ਖੇਤਰ ਵਿੱਚ ਪੈਂਦੀ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਦੁਨੀਆ "ਰੇਪ ਕੈਪੀਟਲ" ਕਰਕੇ ਜਾਣਦੀ ਹੈ। ਇਸ ਮਾਨਸਿਕਤਾ ਦਾ ਝਲਕਾਰਾ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਵੀ ਦੇਖਿਆ ਗਿਆ ਸੀ ਜਦੋਂ ਦਿੱਲੀ ਸਮੇਤ ਹਿੰਦੀ ਖੇਤਰ ਵਿੱਚ ਸਿੱਖ ਔਰਤਾਂ ਦੀ ਬੇਪੱਤੀ ਕੀਤੀ ਗਈ ਸੀ। ਅਜਿਹੀ ਮਾਨਸਿਕਤਾ ਵਾਲੇ ਸਮਾਜ ਨੂੰ ਕਿਸੇ ਪੱਖ ਤੋਂ ਸੱਭਿਅਕ ਕਿਹਾ ਜਾ ਸਕਦਾ ਹੈ ਇਸ 'ਤੇ ਸਵਾਲੀਆ ਚਿੰਨ੍ਹ ਹੈ।


ਬਲਾਤਕਾਰ ਖਿਲਾਫ ਪ੍ਰਦਰਸ਼ਨ ਵਿੱਚ "ਮੈਨੂੰ ਭਾਰਤੀ ਹੋਣ 'ਤੇ ਸ਼ਰਮ ਆਉਂਦੀ ਹੈ" ਦਾ ਪੋਸਟਰ ਫੜ੍ਹੀ ਖੜ੍ਹਾ ਇੱਕ ਨੌਜਵਾਨ

ਬਲਾਤਕਾਰੀ ਮਾਨਸਿਕਤਾ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼
ਜਿੱਥੇ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਪੰਜਾਬ ਵਿੱਚੋਂ ਬਹੁਤ ਮਜ਼ਬੂਤ ਅਵਾਜ਼ ਉੱਠੀ ਹੈ ਉੱਥੇ ਹੀ ਇਸ ਬਲਾਤਕਾਰੀ ਮਾਨਸਿਕਤਾ ਖਿਲਾਫ ਸਿੱਖ ਧਰਮ ਵੱਲੋਂ ਆਪਣੇ ਸਿਧਾਂਤ 'ਤੇ ਚਲਦਿਆਂ ਦਹਾੜ ਮਾਰੀ ਗਈ ਹੈ। ਸਿੱਖ ਧਰਮ ਦੇ ਕੇਂਦਰੀ ਰਾਜਨੀਤਕ ਸਥਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ਵਿੱਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲ੍ਹੇਆਮ ਐਲਾਨ ਹੋ ਰਹੇ ਹਨ।


ਗਿਆਨੀ ਹਰਪ੍ਰੀਤ ਸਿੰਘ

ਉਹਨਾਂ ਕਿਹਾ ਕਿ ਕਸ਼ਮੀਰ ਦੀਆਂ ਬਹੂ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ, ਕਸ਼ਮੀਰ ਦੀਆਂ ਔਰਤਾਂ ਦੇ ਗੌਰਵ ਅਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ ਤੇ ਅਸੀਂ ਆਪਣਾ ਧਰਮ ਨਿਭਾਉਣ 'ਚ ਕਦੇ ਪਿੱਛੇ ਨਹੀਂ ਹਟਾਂਗੇ। ਉਹਨਾਂ ਕਿਹਾ ਕਿ ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੁੱਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।