ਸ. ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣੇ ‘ਤੇ ਪਾਰਟੀ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ : ਮਾਨ

ਸ. ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣੇ ‘ਤੇ ਪਾਰਟੀ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ: “ਅੱਜ ਤੜਕੇ ਲੁਧਿਆਣਾ ਦੇ ਹਸਪਤਾਲ ਵਿਚ ਜੇਰੇ ਇਲਾਜ ਅਧੀਨ ਬਰਨਾਲਾ ਜਿ਼ਲ੍ਹੇ ਦੇ ਪ੍ਰਧਾਨ ਸ. ਰਣਜੀਤ ਸਿੰਘ ਸੰਘੇੜਾ ਆਪਣੇ ਮਿਲੇ ਸਵਾਸਾ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ, ਬਰਨਾਲਾ ਨਿਵਾਸੀਆ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਲੇਕਿਨ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਸ. ਸੰਘੇੜਾ ਹਰ ਸਮੇਂ ਪਾਰਟੀ ਦੀ ਚੜ੍ਹਦੀ ਕਲਾਂ ਕਰਨ ਲਈ ਅਤੇ ਖ਼ਾਲਿਸਤਾਨ ਸਟੇਟ ਨੂੰ ਹੋਂਦ ਵਿਚ ਲਿਆਉਣ ਲਈ ਪਾਰਟੀ ਵੱਲੋਂ ਮਿਲੀਆ ਜਿ਼ੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਦੇ ਰਹੇ ਹਨ ਅਤੇ ਪਾਰਟੀ ਨੀਤੀਆ ਨੂੰ ਇਲਾਕਾ ਨਿਵਾਸੀਆ ਅਤੇ ਫੇਸਬੁੱਕ ਰਾਹੀ ਕੌਮਾਂਤਰੀ ਪੱਧਰ ਤੇ ਵੀ ਪ੍ਰਚਾਰਦੇ ਰਹੇ ਹਨ । ਜਦੋਂ ਅਸੀਂ 12 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਮਰਦ-ਏ-ਮੁਜਾਹਿਦ, ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਉਣ ਲਈ ਤਿਆਰੀਆ ਆਰੰਭਦੇ ਸੀ, ਤਾਂ ਉਨ੍ਹਾਂ ਨੂੰ ਇਸ ਦਿਨ ਲਈ ਇਕ ਵੱਖਰਾ ਹੀ ਚਾਅ ਚੜ੍ਹ ਜਾਂਦਾ ਸੀ ਅਤੇ ਉਹ ਬਰਨਾਲੇ ਤੋਂ ਆਪਣੀ ਪੂਰੀ ਟੀਮ ਨੂੰ ਲੈਕੇ ਦੋ ਦਿਨ ਪਹਿਲੇ ਹੀ ਪੰਡਾਲ ਵਾਲੇ ਸਥਾਂਨ ਤੇ ਪਹੁੰਚ ਜਾਂਦੇ ਸਨ । ਜਿਥੇ ਉਹ ਆਪਣੇ ਦਸਵੰਧ ਅਤੇ ਆਪਣੇ ਸਾਥੀਆਂ ਰਾਹੀ ਇਕੱਤਰ ਕੀਤੀ ਗਈ ਭੇਟਾ ਰਾਹੀ ਜਲੇਬੀਆ ਅਤੇ ਪਕੌੜਿਆ ਦੇ ਲੰਗਰ ਦੀ ਸੇਵਾ ਨਿਭਾਉਣ ਵਿਚ ਅਲੌਕਿਕ ਖੁਸ਼ੀ ਮਹਿਸੂਸ ਕਰਦੇ ਸਨ, ਸ. ਸੰਘੇੜਾ ਇਕ ਚੰਗੀ ਨੇਕ ਨੀਤੀ ਅਤੇ ਸਮਾਜ ਦੀ ਸੇਵਾ ਕਰਨ ਵਿਚ ਅਟੁੱਟ ਵਿਸਵਾਸ ਰੱਖਦੇ ਸਨ । ਅੱਜ ਜਦੋਂ ਉਹ ਸਰੀਰਕ ਤੌਰ ਤੇ ਸਾਨੂੰ ਵਿਛੋੜਾ ਦੇ ਗਏ ਹਨ, ਤਾਂ ਬਰਨਾਲਾ ਨਿਵਾਸੀਆ ਲਈ ਹੀ ਨਹੀਂ, ਬਲਕਿ ਪਾਰਟੀ ਦੀਆਂ ਪੂਰੀਆ ਸਫ਼ਾ ਵਿਚ ਇਕ ਡੂੰਘੀ ਸੋਗ ਦੀ ਲਹਿਰ ਦੌੜ ਗਈ ਹੈ । ਜਿਸ ਤੋਂ ਉਨ੍ਹਾਂ ਦਾ ਸੰਗਤਾਂ ਨਾਲ ਪਿਆਰ-ਮੁਹੱਬਤ ਅਤੇ ਸੰਗਤਾਂ ਦਾ ਉਨ੍ਹਾਂ ਨਾਲ ਮੇਲ-ਮਿਲਾਪ ਪ੍ਰਤੱਖ ਜਾਹਰ ਹੁੰਦਾ ਹੈ । ਅਸੀਂ ਇਸ ਅਤਿ ਦੁੱਖ ਦੀ ਘੜੀ ਵਿਚ ਸੰਘੇੜਾ ਪਰਿਵਾਰ, ਸੰਬੰਧੀਆਂ, ਮਿੱਤਰਾਂ, ਦੋਸਤਾਂ ਅਤੇ ਪਾਰਟੀ ਮੈਬਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਸਮੂਹਿਕ ਤੌਰ ਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਅਰਦਾਸ ਕਰਦੀ ਹੈ ਕਿ ਸਾਡੇ ਤੋਂ ਵਿਛੜੀ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਾਨੂੰ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਨ ਦੀ ਸ਼ਕਤੀ ਬਖਸਣ । ਤਾਂ ਕਿ ਅਸੀਂ ਸਭ ਉਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰੇਰਣਾ ਲੈਦੇ ਹੋਏ ਆਪਣੇ ਮਿਲੇ ਉਸ ਅਕਾਲ ਪੁਰਖ ਵੱਲੋਂ ਸਵਾਸਾ ਦੀ ਸਹੀ ਵਰਤੋਂ ਕਰਦੇ ਹੋਏ ਮਨੁੱਖਤਾ, ਸਮਾਜ ਅਤੇ ਕੌਮ ਦੀ ਸੇਵਾ ਕਰ ਸਕੀਏ ।”

 ਇਸ ਦੁੱਖ ਦਾ ਪ੍ਰਗਟਾਵਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਸੇਵਕ ਸਿੰਘ ਜਵਾਹਰਕੇ, ਸ. ਕੁਸਲਪਾਲ ਸਿੰਘ ਮਾਨ, ਸ. ਅਮਰੀਕ ਸਿੰਘ ਬੱਲੋਵਾਲ, ਸ. ਹਰਪਾਲ ਸਿੰਘ ਬਲੇਰ, ਸ. ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਸ. ਹਰਬੀਰ ਸਿੰਘ ਸੰਧੂ ਸਕੱਤਰ ਅੰਮ੍ਰਿਤਸਰ ਦਫ਼ਤਰ, ਬੀਬੀ ਕੋਮਲ ਸਕੱਤਰ, ਰਣਦੀਪ ਸਿੰਘ ਈਲਵਾਲ, ਲਲਿਤ ਮੋਹਨ ਸਿੰਘ ਸੇਵਾਦਾਰ, ਸਮੁੱਚੇ ਜਿ਼ਲ੍ਹਾ ਪ੍ਰਧਾਨ, ਸਮੁੱਚੇ ਪੀ.ਏ.ਸੀ. ਮੈਬਰਾਨ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਜਿਥੇ ਅਰਦਾਸ ਕੀਤੀ, ਉਥੇ ਸੰਗਤਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ 2:30 ਵਜੇ ਉਨ੍ਹਾਂ ਦੇ ਪਿੰਡ ਸੰਘੇੜਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ । ਭਾਵੇਕਿ ਲਾਕਡਾਊਨ ਤੇ ਕਰਫਿਊ ਦੀ ਸਥਿਤੀ ਹੋਣ ਦੀ ਬਦੌਲਤ ਦੂਰ-ਦੁਰਾਡੇ ਤੋਂ ਸਮੁੱਚੀ ਲੀਡਰਸਿ਼ਪ ਅਤੇ ਵਰਕਰ ਪਹੁੰਚਣ ਤੋਂ ਅਸਮਰੱਥ ਹੋਣਗੇ, ਪਰ ਬਰਨਾਲਾ ਤੇ ਸੰਗਰੂਰ ਜਿ਼ਲ੍ਹਿਆਂ ਦੀ ਲੀਡਰਸਿ਼ਪ ਇਸ ਸਮੇਂ ਜ਼ਰੂਰ ਹਾਜਰ ਹੋਵੇ ਅਤੇ ਹੋਣ ਵਾਲੀ ਅਰਦਾਸ ਵਿਚ ਸਮੂਲੀਅਤ ਕਰੇ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।