ਅਕਾਲੀ ਦਲ ਅਨੁਸ਼ਾਸਨਿਕ ਕਮੇਟੀ ਦਾ ਵੱਡਾ ਫ਼ੈਸਲਾ ! ਬੀਬੀ ਜਗੀਰ ਕੌਰ ਨੂੰ ਕੀਤਾ ਸਸਪੈਂਡ

ਅਕਾਲੀ ਦਲ ਅਨੁਸ਼ਾਸਨਿਕ ਕਮੇਟੀ ਦਾ ਵੱਡਾ ਫ਼ੈਸਲਾ ! ਬੀਬੀ ਜਗੀਰ ਕੌਰ ਨੂੰ ਕੀਤਾ ਸਸਪੈਂਡ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ :
ਅਕਾਲੀ ਦਲ ਅਨੁਸ਼ਾਸਨਿਕ ਕਮੇਟੀ ਨੇ ਵੱਡਾ ਫ਼ੈਸਲਾ ਲਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰ ਕੇ 48 ਘੰਟਿਆਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਚੰਡੀਗੜ੍ਹ 'ਚ ਬੁੱਧਵਾਰ ਨੂੰ ਪਹਿਲਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਸੀਨੀਅਰ ਲੀਡਰਸ਼ਿਪ ਦੀ ਬੈਠਕ ਹੋਈ ਜਿਸ ਵਿਚ SGPC ਪ੍ਰਧਾਨ ਦੇ ਮੁੱਦੇ 'ਤੇ ਚਰਚਾ ਹੋਈ। ਇਸ ਮੀਟਿੰਗ 'ਚ ਸੁਰਜੀਤ ਸਿੰਘ ਰੱਖੜਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਨੂੰ ਬੀਬੀ ਜਗੀਰ ਕੌਰ ਨਾਲ ਬੀਤੇ ਦਿਨ ਹੋਈ ਮੀਟਿੰਗ ਦੀ ਰਿਪੋਰਟ ਸੌਂਪ ਦਿੱਤੀ। ਇਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਇਹ ਸਖ਼ਤ ਫ਼ੈਸਲਾ ਲਿਆ ਹੈ।

ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ 9 ਨਵੰਬਰ ਨੂੰ ਹੋਣ ਜਾ ਰਹੀ ਹੈ। ਤਿੰਨ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਇਸ ਵਾਰ ਪਾਰਟੀ ਖ਼ਿਲਾਫ਼ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਪਾਰਟੀ ਆਗੂ ਲਗਾਤਾਰ ਜਗੀਰ ਕੌਰ 'ਤੇ ਚੋਣ ਨਾ ਲੜਨ ਲਈ ਦਬਾਅ ਬਣਾ ਰਹੇ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਇਸ ਲਈ ਰਾਜ਼ੀ ਨਹੀਂ ਸੀ।

ਦੂਜੇ ਪਾਸੇ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਚੋਣ ਲਡ਼ਨ ਲਈ ਬੀਬੀ ਜਗੀਰ ਕੌਰ ਦ੍ਰਿਡ਼ ਹਨ। ਉਨ੍ਹਾਂ ਪਾਰਟੀ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਅਕਾਲੀ ਦਲ ਉਨ੍ਹਾਂ ਨੂੰ ਮਨਾਉਣ ’ਚ ਅਸਫਲ ਰਿਹਾ ਸੀ। ਜਾਣਕਾਰੀ ਅਨੁਸਾਰ ਬੀਬੀ ਜੀ ਨੂੰ ਮਨਾਉਣ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖਡ਼ਾ ਦੀ ਘੰਟਿਆਂ ਬੱਧੀ ਬੈਠਕ ਵੀ ਬੇਨਤੀਜਾ ਰਹੀ ਸੀ। ਹੁਣ ਸਥਿਤੀ ਇਹ ਹੈ ਕਿ ਨਾ ਤਾਂ ਅਕਾਲੀ ਦਲ ਬੀਬੀ ਨੂੰ ਪ੍ਰਧਾਨ ਬਣਾਉਣ ਲਈ ਤਿਆਰ ਹੈ ਤੇ ਨਾ ਹੀ ਬੀਬੀ ਜਗੀਰ ਕੌਰ ਪਿੱਛੇ ਹਟਣ ਲਈ।