ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮੁੱਦਿਆ ਨੂੰ ਆਪਣੀ ਤਕਰੀਰ ਵਿਚ ਉਠਾਇਆ    

ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮੁੱਦਿਆ ਨੂੰ ਆਪਣੀ ਤਕਰੀਰ ਵਿਚ ਉਠਾਇਆ    

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 10 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “ਪਹਿਲੇ ਤਾਂ ਇੰਡੀਅਨ ਪਾਰਲੀਮੈਂਟ ਵਿਚ ਪੰਜਾਬ ਸੂਬੇ ਨਾਲ ਸੰਬੰਧਤ ਐਮ.ਪੀਜ਼ ਨੂੰ ਹੁਕਮਰਾਨ ਲੋੜੀਦਾ ਸਮਾਂ ਬੋਲਣ ਲਈ ਦਿੰਦੇ ਹੀ ਨਹੀ । ਜੇਕਰ ਕਿਸੇ ਨੂੰ ਮਿਲ ਵੀ ਜਾਂਦਾ ਹੈ ਤਾਂ ਉਹ ਪੰਜਾਬ ਅਤੇ ਸਿੱਖ ਕੌਮ ਦੇ ਮੁੱਦਿਆ ਨੂੰ ਸਹੀ ਢੰਗ ਨਾਲ ਉਠਾਉਣ ਦੀ ਸਮਰੱਥ ਹੀ ਨਹੀ ਰੱਖਦਾ ਹੁੰਦਾ । ਲੇਕਿਨ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜੋ ਬੀਤੇ ਕੱਲ੍ਹ ਪੌਣੇ 5 ਮਿੰਟ ਦਾ ਸਮਾਂ ਪਾਰਲੀਮੈਟ ਵਿਚ ਬੋਲਣ ਲਈ ਮਿਲਿਆ ਤਾਂ ਉਨ੍ਹਾਂ ਨੇ ਇਸ ਸੀਮਤ ਸਮੇਂ ਵਿਚ ਪੰਜਾਬ ਤੇ ਸਿੱਖ ਕੌਮ ਦੇ ਸਭ ਗੰਭੀਰ ਮੁੱਦਿਆ ਨੂੰ ਛੂਹਦੇ ਹੋਏ ਹੁਕਮਰਾਨਾਂ ਤੇ ਸੰਸਾਰ ਨਿਵਾਸੀਆ ਨੂੰ ਪ੍ਰਤੱਖ ਕਰ ਦਿੱਤਾ ਕਿ ਉਹ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਅਹਿਮ ਮਸਲਿਆ ਨੂੰ ਆਪਣੇ ਸੀਮਤ ਸਮੇ ਵਿਚ ਵੀ ਬਾਦਲੀਲ ਢੰਗ ਨਾਲ ਉਠਾਉਣ ਦੀ ਸਮਰੱਥਾਂ ਤੇ ਯੋਗਤਾ ਰੱਖਦੇ ਹਨ । ਜਿਸ ਦ੍ਰਿੜਤਾ ਨਾਲ ਉਨ੍ਹਾਂ ਵੱਲੋ ਇਹ ਮੁੱਦੇ ਉਠਾਏ ਗਏ, ਉਹ ਉਨ੍ਹਾਂ ਦੀ ਕਾਬਲੀਅਤ ਨੂੰ ਖੁਦ-ਬ-ਖੁਦ ਸਪੱਸਟ ਕਰਦੀ ਹੈ । ਸ. ਮਾਨ ਨੇ ਆਪਣੀ ਤਕਰੀਰ ਦੌਰਾਨ ਇੰਡੀਅਨ ਬਜਟ ਦੀ ਗੱਲ ਕਰਦੇ ਹੋਏ ਕਿਹਾ ਕਿ ਹਿੰਦੂਤਵ ਹੁਕਮਰਾਨ ਸਾਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਜਟ ਸੰਬੰਧੀ ਕਿਸੇ ਤਰ੍ਹਾਂ ਦੀ ਨਾ ਤਾਂ ਜਾਣਕਾਰੀ ਦਿੰਦੇ ਹਨ ਅਤੇ ਨਾ ਹੀ ਸਾਡੇ ਕੋਲੋ ਇਸ ਵਿਸੇ ਤੇ ਕਿਸੇ ਰਾਏ ਲੈਣ ਨੂੰ ਮੁਨਾਸਿਬ ਸਮਝਦੇ ਹਨ । ਇਸ ਲਈ ਇਸ ਬਜਟ ਵਿਚਲੀਆਂ ਵੱਡੀਆ ਖਾਮੀਆ ਲਈ ਅਸੀ ਬਿਲਕੁਲ ਜਿੰਮੇਵਾਰ ਨਹੀ ਹਾਂ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਲੀਮੈਂਟ ਵਿਚ ਆਪਣੀ ਦਿੱਤੀ ਗਈ ਤਕਰੀਰ ਦੇ ਮਹੱਤਵਪੂਰਨ ਅੰਸਾ ਤੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਸੰਸਾਰ ਨਿਵਾਸੀਆ ਨੂੰ ਪਾਰਟੀ ਦੇ ਮੁੱਖ ਦਫਤਰ ਤੋ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਤੀ । ਸ. ਮਾਨ ਨੇ ਐਸ.ਜੀ.ਪੀ.ਸੀ. ਜੋ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ, ਉਸ ਸੰਬੰਧੀ ਬੋਲਦੇ ਹੋਏ ਕਿਹਾ ਕਿ ਇਸਦੀ ਜਰਨਲ ਚੋਣ ਕਰਵਾਉਣਾ ਇੰਡੀਆ ਦੇ ਗ੍ਰਹਿ ਵਿਭਾਗ ਦੀ ਜਿੰਮੇਵਾਰੀ ਹੈ ਜੋ ਕਿ ਬੀਤੇ 12 ਸਾਲਾਂ ਤੋ ਇਹ ਜਿੰਮੇਵਾਰੀ ਪੂਰਨ ਨਹੀ ਕੀਤੀ ਜਾ ਰਹੀ ਅਤੇ ਸਾਡੀ ਜਮਹੂਰੀਅਤ ਨੂੰ ਕੁੱਚਲਿਆ ਹੋਇਆ ਹੈ । ਜੋ ਤੁਰੰਤ ਬਹਾਲ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਬੀਬੀ ਬਿਲਕਿਸ ਬਾਨੋ ਦੇ ਦੋਸ਼ੀ ਬਲਾਤਕਾਰੀਆਂ ਅਤੇ ਉਸਦੇ ਪਰਿਵਾਰਿਕ ਮੈਬਰਾਂ ਦੇ ਕਾਤਲਾਂ ਨੂੰ ਹੁਕਮਰਾਨਾਂ ਨੇ 15 ਅਗਸਤ ਦੇ ਦਿਹਾੜੇ ਉਤੇ ਰਿਹਾਅ ਕਰ ਦਿੱਤਾ ਹੈ । ਦੂਸਰੇ ਪਾਸੇ ਜੋ ਸਿੱਖ ਕੌਮ ਦੇ ਰਾਜਸੀ ਕੈਦੀ ਆਪਣੀਆ ਬਣਦੀਆਂ 25-25 ਸਾਲਾਂ ਦੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ 35-35 ਸਾਲਾਂ ਤੋ ਉਪਰ ਵੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਨਾ ਕਰਕੇ ਹੁਕਮਰਾਨ ਖੁਦ ਹੀ ਕਾਨੂੰਨ ਤੇ ਵਿਧਾਨ ਦੀ ਉਲੰਘਣਾ ਕਰਦੇ ਆ ਰਹੇ ਹਨ । ਜੋ ਕਿ ਤੁਰੰਤ ਰਿਹਾਅ ਹੋਣੇ ਚਾਹੀਦੇ ਹਨ । ਸ. ਸੰਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਮੂਸੇਵਾਲਾ ਜਿਨ੍ਹਾਂ ਨੂੰ ਕ੍ਰਮਵਾਰ ਹਰਿਆਣਾ ਤੇ ਪੰਜਾਬ ਵਿਚ ਸਾਜਿਸ ਤਹਿਤ ਕਤਲ ਕੀਤਾ ਗਿਆ, ਇਸੇ ਤਰ੍ਹਾਂ ਰੂਸ ਦੇ ਦੋ ਨਾਗਰਿਕਾਂ ਨੂੰ ਓੜੀਸਾ ਵਿਚ ਮਾਰ ਦਿੱਤਾ ਗਿਆ, ਉਨ੍ਹਾਂ ਦੀ ਨਿਰਪੱਖਤਾ ਨਾਲ ਜਾਂਚ ਨਾ ਕਰਵਾਕੇ ਹੁਕਮਰਾਨ ਗੈਰ ਜਮਹੂਰੀਅਤ ਅਤੇ ਗੈਰ ਕਾਨੂੰਨੀ ਅਮਲ ਕਰ ਰਿਹਾ ਹੈ ਜੋ ਨਿੰਦਣਯੋਗ ਹੈ । ਸੰਨ 2015 ਵਿਚ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਸੀ ਢੰਗ ਨਾਲ ਬੇਅਦਬੀਆਂ ਹੋਈਆ । 8 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਦੋਸ਼ੀਆਂ ਨੂੰ ਨਾ ਤਾਂ ਫੜਿਆ ਜਾ ਰਿਹਾ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆ ਜਾ ਰਹੀਆ ਹਨ । ਇਥੋ ਤੱਕ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ 2 ਸਿੱਖ ਨੌਜ਼ਵਾਨਾਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ । ਜੋ ਅੱਜ ਤੱਕ ਇਨਸਾਫ਼ ਨਹੀ ਦਿੱਤਾ ਗਿਆ । ਇਸੇ ਤਰ੍ਹਾਂ ਕੋਟਕਪੂਰਾ, ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵੀ ਇਹ ਅਪਮਾਨ ਕੀਤੇ ਗਏ ।

ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਸਾਨਾਂ ਨਾਲ ਸੰਬੰਧਤ ਮੁੱਦਿਆ ਨੂੰ ਉਠਾਉਦੇ ਹੋਏ ਕਿਹਾ ਕਿ ਖਾਂਦਾ ਵਿਚ ਦਿੱਤੀ ਜਾਣ ਵਾਲੀ ਸਬਸਿਡੀ, ਫਸਲਾਂ ਉਤੇ ਦਿੱਤੀ ਜਾਣ ਵਾਲੀ ਐਮ.ਐਸ.ਪੀ, ਸੁਆਮੀ ਨਾਥਨ ਰਿਪੋਰਟ ਆਦਿ ਕੀਤੇ ਗਏ ਬਚਨਾਂ ਨੂੰ ਲਾਗੂ ਨਾ ਕਰਕੇ ਹੁਕਮਰਾਨ ਕਿਸਾਨ ਵਰਗ ਅਤੇ ਮਨਰੇਗਾ ਦੀ ਯੋਜਨਾ ਅਧੀਨ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਰੁਜਗਾਰ ਤੋ ਲਾਂਭੇ ਕਰਕੇ ਬਹੁਤ ਵੱਡੀ ਜਿਆਦਤੀ ਤੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਜਦੋਕਿ ਕਿਸਾਨਾਂ ਨਾਲ ਕੀਤੇ ਬਚਨਾਂ ਨੂੰ ਪੂਰਾ ਕਰਨਾ ਬਣਦਾ ਹੈ ।

ਉਨ੍ਹਾਂ ਇੰਡੀਅਨ ਫ਼ੌਜ, ਏਅਰ ਫੋਰਸ ਦੀ ਗੱਲ ਕਰਦੇ ਹੋਏ ਕਿਹਾ ਕਿ ਪੁਰਾਤਨ ਲੜਾਕੂ ਜਹਾਜ ਜੈਗੂਅਰ, ਮਿਰਾਜ, ਮਿੱਗ ਮੌਜੂਦਾ ਸਮੇਂ ਦੇ ਲੜਾਕੂ ਜਹਾਜਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀ ਰੱਖਦੇ । ਫ਼ੌਜ ਵਿਚ ਉਹ ਪੁਰਾਤਨ ਹਥਿਆਰ ਹੀ ਰੱਖੇ ਹੋਏ ਹਨ ਜੋ ਸਮੇ ਦੇ ਅਨੁਕੂਲ ਮੈਦਾਨ-ਏ-ਜੰਗ ਵਿਚ ਜੁਆਬ ਨਹੀ ਦੇ ਸਕਦੇ । ਫਿਰ ਫ਼ੌਜੀਆਂ ਦੀ ਕੇਵਲ ਤੇ ਕੇਵਲ 4 ਸਾਲਾਂ ਲਈ ਭਰਤੀ ਕਰਨ ਦਾ ਪ੍ਰੋਗਰਾਮ ਬਣਾਕੇ ਹੁਕਮਰਾਨ ਫ਼ੌਜੀ ਨਿਯਮਾਂ, ਅਸੂਲਾਂ ਨਾਲ ਖਿਲਵਾੜ ਕਰ ਰਹੇ ਹਨ ਜਦੋਕਿ ਇਨ੍ਹਾਂ 4 ਸਾਲਾਂ ਵਿਚ ਤਾਂ ਇਕ ਫ਼ੌਜੀ ਆਪਣੀ ਟ੍ਰੇਨਿੰਗ ਵੀ ਪੂਰੀ ਨਹੀ ਕਰ ਸਕਦਾ । ਕਾਂਗਰਸ, ਬੀਜੇਪੀ, ਵੀ.ਪੀ ਸਿੰਘ, ਚੰਦਰਸੇਖਰ ਹੁਣ ਤੱਕ ਦੀਆਂ ਸਭ ਸਰਕਾਰਾਂ ਕੋਲ ਕਿਸੇ ਤਰ੍ਹਾਂ ਦਾ ਫ਼ੌਜੀ ਤੁਜਰਬਾ ਨਹੀ ਹੈ । ਇੰਡੀਅਨ ਫ਼ੌਜ, ਚੀਨ-ਪਾਕਿਸਤਾਨ ਦੀ ਸਾਂਝੀ ਰਣਨੀਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀ ਹੈ । ਇਸ ਲਈ ਇੰਡੀਅਨ ਫ਼ੌਜ ਵਿਚ ਭਰਤੀ ਅਤੇ ਆਧੁਨਿਕ ਅਧਿਕਾਰਾਂ ਦੀ ਸੋਚ ਨੂੰ ਤਬਦੀਲ ਕਰਕੇ ਸਮੇ ਦੇ ਅਨੁਕੂਲ ਬਣਾਉਣਾ ਪਵੇਗਾ । ਸ. ਮਾਨ ਨੇ ਆਪਣੀ ਤਕਰੀਰ ਨੂੰ ਸੰਕੋਚਦੇ ਹੋਏ ਕਿਹਾ ਕਿ ਰੂਸ ਵੱਲੋ ਯੂਕਰੇਨ ਦੇ ਕਰੀਮੀਆ ਉਤੇ ਕਬਜਾ ਕਰਨ ਦੀ ਨੀਤੀ ਦੀ ਇੰਡੀਆ ਨੇ ਅੱਜ ਤੱਕ ਨਿੰਦਾ ਨਹੀ ਕੀਤੀ ਜਿਸਦਾ ਮਤਲਬ ਹੈ ਕਿ ਲਦਾਖ ਅਤੇ ਨੀਫਾ ਵਿਚ ਚੀਨ ਵੱਲੋ ਇੰਡੀਅਨ ਇਲਾਕੇ ਉਤੇ ਕੀਤੇ ਕਬਜੇ ਨੂੰ ਇਹ ਹਿੰਦੂਤਵ ਹੁਕਮਰਾਨ ਸਹੀ ਪ੍ਰਵਾਨ ਕਰਦੇ ਹਨ । ਸ. ਮਾਨ ਨੇ ਆਪਣੀ ਪੌਣੇ 5 ਮਿੰਟ ਦੀ ਤਕਰੀਰ ਦੌਰਾਨ ਜਿਸ ਬਾਖੂਬੀ ਢੰਗ ਨਾਲ ਅਹਿਮ ਮੁੱਦਿਆ ਨੂੰ ਛੂਹਦੇ ਹੋਏ ਦ੍ਰਿੜਤਾ ਨਾਲ ਆਵਾਜ ਉਠਾਈ, ਉਸਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸ਼ੀਅਤ ਆਪਣੇ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਪਾਰਲੀਮੈਟ ਦੀ ਫਲੋਅਰ ਤੇ ਸਹੀ ਢੰਗ ਨਾਲ ਉਠਾਕੇ ਆਪਣੇ ਲੋਕਾਂ ਤੇ ਸੂਬੇ ਨਾਲ ਇਨਸਾਫ਼ ਕਰਨ ਵਾਲੀ ਇਕ ਅੱਛੀ ਪਾਰਲੀਮੈਟੇਰੀਅਨ ਸਖਸੀਅਤ ਹੈ । ਜਿਨ੍ਹਾਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਾਰ-ਬਾਰ ਪਾਰਲੀਮੈਟ ਵਿਚ ਭੇਜਕੇ ਆਪਣੇ ਨਾਲ ਹੁੰਦੀਆ ਆ ਰਹੀਆ ਹਕੂਮਤੀ ਬੇਇਨਸਾਫ਼ੀਆਂ ਦੀ ਆਵਾਜ ਨੂੰ ਬੁਲੰਦ ਕੀਤਾ ਜਾ ਸਕਦਾ ਹੈ ਅਤੇ ਕੌਮਾਂਤਰੀ ਪੱਧਰ ਤੇ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਆਵਾਜ ਬੁਲੰਦ ਕੀਤੀ ਜਾ ਸਕਦੀ ਹੈ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਮੈਨੂੰ ਪਾਰਲੀਮੈਟ ਵਿਚ ਅੰਗਰੇਜੀ ਵਿਚ ਤਕਰੀਰ ਇਸ ਲਈ ਕਰਨੀ ਪੈਦੀ ਹੈ ਕਿਉਂਕਿ ਵੱਖ-ਵੱਖ ਸੂਬਿਆਂ ਦੇ ਐਮ.ਪੀ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆ ਕੌਮਾਂ ਅਤੇ ਵਰਗਾਂ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੋਣ ਵਾਲੀਆ ਜਿਆਦਤੀਆ ਦੀ ਸਹੀ ਢੰਗ ਨਾਲ ਜਾਣਕਾਰੀ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਸੰਘਰਸ਼ ਦੇ ਹੱਕ ਵਿਚ ਕੌਮਾਂਤਰੀ ਪੱਧਰ ਤੇ ਲੋਕ ਲਹਿਰ ਪੈਦਾ ਹੋ ਸਕੇ ਅਤੇ ਇੰਡੀਅਨ ਹੁਕਮਰਾਨਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਮਜਬੂਰ ਕੀਤਾ ਜਾ ਸਕੇ ।