ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਲਈ ਸਰਗਰਮੀਆਂ ਸ਼ੁਰੂ

ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਲਈ ਸਰਗਰਮੀਆਂ ਸ਼ੁਰੂ

 ਬਾਦਲ ਪਰਿਵਾਰ ਦੀ ਮਰਜ਼ੀ ਮੁਤਾਬਿਕ ਬਣੇਗਾ ਪ੍ਰਧਾਨ 

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 9 ਨਵੰਬਰ ਨੂੰ ਬੁਲਾਏ ਜਾਣ ਦੇ ਐਲਾਨ ਤੋਂ ਬਾਅਦ ਅਗਲੇ ਪ੍ਰਧਾਨ ਦੇ ਨਾਂਅ ਨੂੰ ਲੈ ਕੇ ਪੰਥਕ ਗਲਿਆਰਿਆਂ ਵਿਚ ਹੁਣ ਤੋਂ ਹੀ ਚਰਚਾ ਸ਼ੁਰੂ ਹੋ ਗਈ ਹੈ । ਪੰਥਕ ਹਲਕਿਆਂ ਵਿਚ ਸ਼ੋ੍ਮਣੀ ਕਮੇਟੀ ਦੇ 45ਵੇਂ ਪ੍ਰਧਾਨ ਦੇ ਨਾਂਅ ਦੀ ਚਰਚਾ ਤੋਂ ਇਲਾਵਾ ਇਸ ਵਾਰ ਜਨਰਲ ਇਜਲਾਸ ਨਵੰਬਰ ਦੇ ਆਖ਼ਰੀ ਹਫ਼ਤੇ ਦੀ ਥਾਂ ਦੂਜੇ ਹਫ਼ਤੇ ਦੇ ਸ਼ੁਰੂ ਵਿਚ ਹੀ ਬੁਲਾਏ ਜਾਣ ਨੂੰ ਲੈ ਕੇ ਵੀ ਅਕਾਲੀ ਤੇ ਗ਼ੈਰ ਅਕਾਲੀ ਆਗੂਆਂ ਤੇ ਸ਼ੋ੍ਮਣੀ ਕਮੇਟੀ ਮੈਂਬਰਾਂ ਵਲੋਂ ਦਿਮਾਗਾਂ ਦੇ ਘੋੜੇ ਦੌੜਾਏ ਜਾ ਰਹੇ ਹਨ । ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਜਨਰਲ ਇਜਲਾਸਾਂ ਦਾ ਲੇਖਾ ਜੋਖਾ ਕਰੀਏ ਤਾਂ 2021 ਵਿਚ ਜਨਰਲ ਇਜਲਾਸ 29 ਨਵੰਬਰ ਨੂੰ ਕਰਵਾਇਆ ਗਿਆ ਸੀ, ਜਿਸ ਵਿਚ ਧਾਮੀ ਪ੍ਰਧਾਨ ਬਣੇ ਸਨ । ਇਸੇ ਤਰ੍ਹਾਂ 2020 ਵਿਚ ਇਹ ਇਜਲਾਸ 27 ਨਵੰਬਰ ਨੂੰ ਅਤੇ 2019 ਵਿਚ ਵੀ 27 ਨਵੰਬਰ ਨੂੰ ਹੀ ਜਨਰਲ ਇਜਲਾਸ ਬੁਲਾਏ ਗਏ ਸਨ, ਜਿਨ੍ਹਾਂ ਵਿਚ ਕ੍ਰਮਵਾਰ ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਚੁਣੇ ਗਏ ਸਨ । 2021 ਵਿਚ ਸ਼ੋ੍ਮਣੀ ਕਮੇਟੀ 'ਤੇ ਕਾਬਜ਼ ਧੜੇ ਸ਼ੋ੍ਰਮਣੀ ਅਕਾਲੀ ਦਲ ਦੀ ਪਾਰਟੀ ਹਾਈਕਮਾਂਡ ਵਲੋਂ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਇਆ ਗਿਆ ਸੀ ਜਿਨ੍ਹਾਂ ਨੇ ਵਿਰੋਧੀ ਧਿਰਾਂ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 19 ਦੇ ਮੁਕਾਬਲੇ 122 ਵੋਟਾਂ ਨਾਲ ਹਰਾਇਆ ਸੀ ਪਰ ਇਸ ਵਾਰ ਸ਼ੋ੍ਮਣੀ ਅਕਾਲੀ ਦਲ ਦੀ ਸੂਬਾਈ ਚੋਣਾਂ ਵਿਚ ਹੋਈ ਜ਼ਬਰਦਸਤ ਹਾਰ ਤੋਂ ਬਾਅਦ ਵਿਰੋਧੀ ਧਿਰ ਤੋਂ ਇਲਾਵਾ ਅਕਾਲੀ ਦਲ 'ਵਿਚ ਲੀਡਰਸ਼ਿਪ ਤਬਦੀਲੀ ਦੀ ਮੰਗ ਨੂੰ ਲੈ ਕੇ ਨਾਰਾਜ਼ ਚੱਲ ਰਹੇ ਅਕਾਲੀ ਆਗੂਆਂ ਦੇ ਇਕ ਧੜੇ ਵਲੋਂ ਵੀ ਆਪਣਾ ਉਮੀਦਵਾਰ ਖੜਾ ਕਰਨ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ ।ਇਕ ਸਾਬਕਾ ਪ੍ਰਧਾਨ ਤਾਂ ਪਹਿਲਾਂ ਹੀ ਹਰ ਹਾਲ ਪ੍ਰਧਾਨਗੀ ਚੋਣ ਲੜਣ ਦਾ ਸੰਕੇਤ ਦੇ ਚੁੱਕੇ ਹਨ ।ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਮਿਲਣ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਸ਼ੋ੍ਮਣੀ ਕਮੇਟੀ ਕਸੂਤੀ ਫਸੀ ਨਜ਼ਰ ਆ ਰਹੀ ਹੈ ਤੇ ਨਿਰਧਾਰਿਤ ਮਿਆਦ ਤੋਂ 21 ਦਿਨ ਪਹਿਲਾਂ, ਨਵੰਬਰ ਦੇ ਦੂਜੇ ਹਫ਼ਤੇ ਦੇ ਸ਼ੁਰੂ ਵਿਚ ਹੀ ਕੀਤੀ ਜਾ ਰਹੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਸ਼ੋ੍ਮਣੀ ਕਮੇਟੀ ਨੂੰ ਇਸ ਚੱਕਰਵਿਊ ਵਿਚੋਂ ਕੱਢਣ ਲਈ ਲੀਡਰਸ਼ਿਪ ਤਬਦੀਲੀ ਦੇ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ । ਪ੍ਰਧਾਨ ਬਨਣ ਦੇ ਚਾਹਵਾਨ ਮੈਂਬਰਾਂ ਵਲੋਂ ਪਾਰਟੀ ਹਾਈਕਮਾਨ ਤੱਕ ਪਹੁੰਚ ਕਰਨ ਲਈ ਜੋੜ ਤੋੜ ਸ਼ੁਰੂ ਕੀਤੇ ਜਾਣ ਦੀ ਸੂਚਨਾ ਹੈ ।ਇਸ ਵਾਰ ਫਿਰ ਬੀਬੀ ਜਾਗੀਰ ਕੌਰ ਦਾ ਨਾਮ  ਇਸ ਸੂਚੀ ਵਿਚ ਸ਼ਾਮਲ ਹੈ।ਪਰ ਬਾਬਾ ਧੁੰਮਾ ਤੇ ਸੰਤ ਸਮਾਜ ਵਲੋਂ ਅੰਦਰਖਾਤੇ ਵਿਰੋਧ ਕੀਤਾ ਜਾ ਰਿਹਾ ਹੈ।ਇਹ ਧੜਾ ਹਰਜਿੰਦਰ ਸਿੰਘ ਧਾਮੀ ਦਾ ਸਮਰਥਨ ਕਰ ਰਿਹਾ ਹੈ।