ਸ੍ਰੋਮਣੀ ਕਮੇਟੀ  ਦਰਬਾਰ ਸਾਹਿਬ ਦੀਆਂ ਖਿੜਕੀਆਂ ਨੂੰ ਲਗਾਏ ਸ਼ੀਸ਼ੇ ਉਤਾਰੇਗੀ

ਸ੍ਰੋਮਣੀ ਕਮੇਟੀ  ਦਰਬਾਰ ਸਾਹਿਬ ਦੀਆਂ ਖਿੜਕੀਆਂ ਨੂੰ ਲਗਾਏ ਸ਼ੀਸ਼ੇ ਉਤਾਰੇਗੀ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਸ੍ਰੀ ਦਰਬਾਰ ਸਾਹਿਬ ਦੀ ਪਹਿਲੀ ਮੰਜ਼ਿਲ ਦੀਆਂ ਅੰਦਰ ਵੱਲ ਖੁੱਲ੍ਹਦੀਆਂ ਖਿੜਕੀਆਂ ਨੂੰ ਪਿਛਲੇ ਦਿਨੀਂ ਪ੍ਰਬੰਧਕਾਂ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਸ਼ੀਸ਼ੇ ਲਗਾ ਕੇ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਕੁਝ ਸ੍ਰੋਮਣੀ ਕਮੇਟੀ ਮੈਂਬਰਾਂ ਤੇ ਸੰਗਤਾਂ ਵਲੋਂ ਪ੍ਰਗਟਾਏ ਜਾ ਰਹੇ ਵਿਰੋਧ ਅਤੇ ਮੁਖ ਪ੍ਰਕਾਸ਼ ਅਸਥਾਨ ਵਿਖੇ ਹੁੰਦੇ ਇਲਾਹੀ ਬਾਣੀ ਦੇ ਕੀਰਤਨ ਦੀ ਆਵਾਜ਼ ਤੇ ਧੁਨੀ ਵਿਚ ਵਿਗਾੜ ਪੈਦਾ ਹੋਣ ਦੇ ਖਦਸ਼ੇ ਤੋਂ ਬਾਅਦ ਹੁਣ ਸ਼ੋ੍ਮਣੀ ਕਮੇਟੀ ਯੂ ਟਰਨ ਲੈਂਦਿਆਂ ਇਨ੍ਹਾਂ ਸ਼ੀਸ਼ਿਆਂ ਨੂੰ ਉਤਾਰ ਦੇਣ ਦਾ ਫ਼ੈਸਲਾ ਕੀਤਾ ਹੈ ।ਜਾਣਕਾਰੀ ਅਨੁਸਾਰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਵਿਰੋਧੀ ਧਿਰ ਨਾਲ ਸੰਬੰਧਤ ਅੰਤ੍ਰਿੰਗ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਇਹ ਮਾਮਲਾ ਉਠਾਏ ਜਾਣ ਤੋਂ ਬਾਅਦ ਸ਼ੋ੍ਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅਧਿਕਾਰੀਆਂ ਨੂੰ ਖਿੜਕੀਆਂ 'ਤੇ ਲਗਾਏ ਗਏ ਸ਼ੀਸ਼ੇ ਉਤਾਰ ਦੇਣ ਦੇ ਆਦੇਸ਼ ਜਾਰੀ ਕੀਤੇ ।ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਇਸ ਸੰਬੰਧੀ ਬੀਤੇ ਦਿਨੀ 11 ਫਰਵਰੀ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਸ਼ੀਸ਼ੇ ਲਗਾਏ ਜਾਣ ਦਾ ਵਿਰੋਧ ਦਰਜ ਕਰਾਉਂਦਿਆਂ ਕਿਹਾ ਸੀ ਕਿ ਅੰਤਿ੍ਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਇਸ ਪਾਵਨ ਅਸਥਾਨ ਦੇ ਆਰਕੀਟੈਕਟ, ਇਮਾਰਤਸਾਜ਼ੀ ਦੀ ਤਕਨੀਕ, ਪੁਰਾਤਨ ਮਰਿਯਾਦਾ, ਪਰੰਪਰਾ, ਕੀਰਤਨ ਗਾਇਣ ਅਤੇ ਅਧਿਆਤਮਕ ਸੁਹਜ ਨੂੰ ਧਿਆਨ ਵਿਚ ਰੱਖੇ ਬਗੈਰ ਅਤੇ ਪੰਥਕ ਰਾਇ ਤੋਂ ਬਿਨਾਂ ਚੁੱਪ-ਚਪੀਤੇ ਇਹ ਕਾਰਜ ਕੀਤੇ ਜਾਣਾ ਮੰਦਭਾਗੀ ਗੱਲ ਹੈ ਤੇ ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ।ਜਾਣਕਾਰੀ ਅਨੁਸਾਰ ਇਸ ਸੰਬੰਧੀ ਕੁੱਝ ਹੋਰ ਸ਼ੋ੍ਮਣੀ ਕਮੇਟੀ ਮੈਂਬਰਾਂ ਤੇ ਸੰਗਤਾਂ ਨੇ ਵੀ ਖਿੜਕੀਆਂ ਨੂੰ ਸ਼ੀਸ਼ੇ ਲਗਾ ਕੇ ਬੰਦ ਕਰਨ ਦਾ ਵਿਰੋਧ ਕੀਤਾ ਸੀ ।