5 ਲੱਖ ਇਨਾਮ ਰੱਖੇ ਜਾਣ ਉਪਰੰਤ ਵੀ ਬੇਅਦਬੀ ਦੇ ਦੋਸ਼ੀ ਦੀ ਨਹੀਂ ਹੋਈ ਪਛਾਣ

5 ਲੱਖ ਇਨਾਮ ਰੱਖੇ ਜਾਣ ਉਪਰੰਤ ਵੀ ਬੇਅਦਬੀ ਦੇ ਦੋਸ਼ੀ ਦੀ ਨਹੀਂ ਹੋਈ ਪਛਾਣ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ-ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ 10 ਦਿਨ ਬਾਅਦ ਵੀ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਅੱਜੇ ਤੱਕ ਕੋਈ ਅਹਿਮ ਸੁਰਾਗ ਹੱਥ ਨਾ ਲਗਣ ਕਾਰਨ ਪੁਲਿਸ ਦੀਆਂ ਕੋਸ਼ਿਸ਼ਾਂ ਮੱਧਮ ਪੈ ਰਹੀਆਂ ਹਨ । ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਵੀ 5 ਲੱਖ ਰੁਪਏ ਦਾ ਨਕਦ ਇਨਾਮ ਰੱਖੇ ਜਾਣ ਉਪਰੰਤ ਵੀ ਅੱਜੇ ਤੱਕ ਕੋਈ ਵੀ ਅਜਿਹਾ ਵਿਅਕਤੀ ਸਾਹਮਣੇ ਨਹੀਂ ਆਇਆ ਜੋ ਇਹ ਦਾਅਵਾ ਕਰ ਸਕੇ ਕਿ ਉਹ ਕੁਝ ਵੀ ਦੋਸ਼ੀ ਬਾਰੇ ਕੁਝ ਜਾਣਦਾ ਜਾਂ ਦਸ ਸਕਦਾ ਹੈ ।ਸੀ. ਸੀ. ਟੀ. ਵੀ. ਫੁਟੇਜ਼ ਮੁਤਾਬਿਕ ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਵਿਖੇ ਘਟਨਾ ਤੋਂ ਤਿੰਨ ਦਿਨ ਪਹਿਲਾਂ ਹੀ 15 ਦਸੰਬਰ ਨੂੰ ਹੀ ਪੁੱਜ ਗਿਆ ਸੀ । ਇੱਥੇ ਪੁੱਜਣ ਸਮੇਂ ਇਕ ਕਿੱਟ ਨੁਮਾ ਬੈਗ ਵੀ ਉਸ ਦੇ ਮੋਢਿਆਂ 'ਤੇ ਸੀ ਪਰ ਪੁਲਿਸ ਹਾਲੇ ਤੱਕ ਇਹ ਬੈਗ ਹੀ ਨਹੀਂ ਲੱਭ ਸਕੀ ।ਦੂਜੇ ਪਾਸੇ ਦੋਸ਼ੀ ਦਾ ਥਹੁ ਪਤਾ ਲਾਉਣਾ ਤਾਂ ਦੂਰ ਦੀ ਗੱਲ ਇਹ ਵੀ ਪਤਾ ਨਹੀਂ ਲਗਿਆ ਕਿ ਫੜੇ ਜਾਣ ਮੌਕੇ ਉਹ ਕਿਹੜੀ ਭਾਸ਼ਾ ਵਿਚ ਗੱਲ ਕਰਦਾ ਸੀ ।ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਦੋਸ਼ੀ ਨੂੰ ਪਹਿਨਣ ਲਈ ਜੈਕਟ ਕਿਸ ਔਰਤ ਵਲੋਂ ਦਿੱਤੀ ਗਈ ਸੀ ।