ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਅਪੀਲ ਮਗਰੋਂ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਧਾਨ ਵਜੋਂ ਹੋਈ ਘਰ ਵਾਪਸੀ 

ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਅਪੀਲ ਮਗਰੋਂ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਧਾਨ ਵਜੋਂ ਹੋਈ ਘਰ ਵਾਪਸੀ 

 *ਜੀਕੇ ਨੇ ਕਿਹਾ ਸਿਰਸਾ ਦਲਾਲ ਹੈ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫਾ ਤਕਰੀਬਨ ਇਕ ਮਹੀਨੇ ਮਗਰੋਂ ਵੀ ਪ੍ਰਵਾਨ ਨਾ ਹੋਣ ਕਾਰਨ ਉਪਜੇ ਹਾਲਾਤ ਅਤੇ ਦੋ ਦਰਜਨ ਦੇ ਕਰੀਬ ਮੈਂਬਰਾਂ ਵੱਲੋਂ ਕੀਤੀ ਅਪੀਲ ਤੋਂ ਬਾਅਦ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਬਤੌਰ ਪ੍ਰਧਾਨ ਦਿੱਤਾ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ।

ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਦੇ ਦਿੱਲੀ ਕਮੇਟੀ ਦਫ਼ਤਰ ਵਿਖੇ ਅੱਜ ਕੁੱਝ ਕਮੇਟੀ ਮੈਂਬਰਾਂ ਦੇ ਤਰਲੇ ਪਿਛੋਂ ਵਾਪਸੀ ਕਰਨ ਉਤੇ ਪ੍ਰਤਿਕਰਮ ਦਿੰਦੇ ਹੋਏ ਆਪਣੇ ਫੇਸਬੁੱਕ ਲਾਈਵ ਦੌਰਾਨ ਸਿਰਸਾ ਨੂੰ 'ਦਲਾਲ' ਤੱਕ ਗਰਦਾਨ ਦਿੱਤਾ। ਜੀਕੇ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ ਉੱਤੇ ਪੁਸ਼ਤ ਪਨਾਹੀ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਸੋਂ ਮੁਆਫੀ ਦਿਵਾਉਣ ਦੀ ਦਲਾਲੀ ਕਰਨ ਪਿੱਛੋਂ ਸਿਰਸਾ ਦਾ ਨਾਂ ਵਜਦਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਖੁੱਲੇ ਤੌਰ ਉੱਤੇ ਡੇਰਾ ਮੁਆਫੀ ਵਿੱਚ ਸਿਰਸਾ ਦਾ ਨਾਂ ਮੀਡੀਆ ਸਾਹਮਣੇ ਲੈ ਚੁੱਕੇ ਹਨ। ਇਸੇ ਤਰ੍ਹਾਂ ਮਜੀਠੀਆ ਮੁਆਫੀਨਾਮੇ ਪਿੱਛੇ ਸਿਰਸਾ ਦਾ ਹੱਥ ਹੋਣ ਦੀ ਗਵਾਹੀ ਮੀਡੀਆ ਰਿਪੋਰਟਾਂ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਤਾਲ ਠੋਕ ਕੇ ਦੇ ਰਹੇ ਹਨ।