ਹੈਰੋਇਨ ਸਮਗਲਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ 2 ਛੋਟੇ ਥਾਣੇਦਾਰ, 1 ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ

ਹੈਰੋਇਨ ਸਮਗਲਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ 2 ਛੋਟੇ ਥਾਣੇਦਾਰ, 1 ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ

ਹੌਲਦਾਰ ਗਿ੍ਫ਼ਤਾਰ, ਬਾਕੀ ਦੀਆਂ ਗਿ੍ਫ਼ਤਾਰੀਆਂ ਲਈ ਛਾਪੇਮਾਰੀ ਜਾਰੀ-ਐਸਐਸਪੀ. ਖੁਰਾਣਾ

ਅੰਮ੍ਰਿਤਸਰ ਟਾਈਮਜ਼

ਤਰਨ ਤਾਰਨ-ਜ਼ਿਲ੍ਹਾ ਤਰਨਤਾਰਨ 'ਚ ਪੰਜਾਬ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਨ ਦੇ 2 ਮਾਮਲੇ ਸਾਹਮਣੇ ਆਏ ਹਨ ।ਸੀਆਈਏ. ਸਟਾਫ਼ ਤਰਨ ਤਾਰਨ ਦੇ 2 ਛੋਟੇ ਥਾਣੇਦਾਰਾਂਂ ਪ੍ਰਭਜੀਤ ਸਿੰਘ ਤੇ ਏਐੱਸਆਈ. ਬਲਵਿੰਦਰ ਸਿੰਘ ਤੇ ਇਕ ਹੌਲਦਾਰ ਵਲੋਂ ਹੈਰੋਇਨ ਸਮੇਤ ਫੜੇ ਗਏ ਤਸਕਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਇ ਉਨ੍ਹਾਂ ਕੋਲੋਂ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ, ਜਦਕਿ ਦੂਸਰਾ ਮਾਮਲਾ ਥਾਣਾ ਸਦਰ ਤਰਨ ਤਾਰਨ ਦਾ ਹੈ, ਜਿਥੇ ਇਕ ਹੌਲਦਾਰ ਨੇ ਹੈਰੋਇਨ ਸਮੇਤ ਫੜੇ ਗਏ ਵਿਅਕਤੀਆਂ ਨੂੰ ਮੋਟੀ ਰਕਮ ਲੈ ਕੇ ਛੱਡ ਦਿੱਤਾ ਗਿਆ । ਇਹ ਦੋਵੇਂ ਮਾਮਲੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਤਰਨ ਤਾਰਨ ਦੇ ਐੱਸਐੱਸਪੀ. ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਰਿਸ਼ਵਤ ਲੈ ਕੇ ਤਸਕਰਾਂ  ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ ਕੋਟ ਧਰਮ ਚੰਦ ਕਲਾਂ ਨੂੰ ਛੱਡਣ ਵਾਲੇ ਸੀਆਈਏ. ਸਟਾਫ਼ ਤਰਨ ਤਾਰਨ ਦੇ 2 ਛੋਟੇ ਥਾਣੇਦਾਰਾਂਂ ਤੇ ਇਕ ਹੌਲਦਾਰ ਸਮੇਤ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਹੌਲਦਾਰ ਹਰਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ।ਜਾਣਕਾਰੀ ਦਿੰਦਿਆਂ ਐੱਸਐੱਸਪੀ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ   ਲਵਪ੍ਰੀਤ ਸਿੰਘ ਦੇ ਘਰ ਬੈਠ ਕੇ 25 ਫਰਵਰੀ ਨੂੰ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈ ਕੇ ਡਰਗ ਸਮਗਲਰਾਂ ਨੂੰ ਛੱਡ ਦਿੱਤਾ ਹੈ ਅਤੇ ਬਰਾਮਦ ਹੈਰੋਇਨ ਅਤੇ ਹੋਰ ਸਾਮਾਨ ਨੂੰ ਆਪਣੇ ਪਾਸ ਰੱਖ ਲਿਆ ਹੈ । ਐੱਸਐੱਸਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀਐੱਸਪੀ. (ਸਿਟੀ) ਬਰਜਿੰਦਰ ਸਿੰਘ ਵਲੋਂ ਕੀਤੀ ਗਈ ਅਤੇ ਜਾਂਚ ਦੌਰਾਨ ਉਕਤ ਥਾਣੇਦਾਰਾਂ ਵਲੋਂ ਰਿਸ਼ਵਤ ਲੈਣ ਦੀ ਗੱਲ ਸਾਹਮਣੇ ਆਈ ਹੈ, ਜਿਸ 'ਤੇ ਥਾਣਾ ਝਬਾਲ ਵਿਖੇ ਛੋਟੇ ਥਾਣੇਦਾਰ ਪ੍ਰਭਜੀਤ ਸਿੰਘ , ਛੋਟੇ ਥਾਣੇਦਾਰ ਦਵਿੰਦਰ ਸਿੰਘ  ਤੋਂ ਇਲਾਵਾ ਤਸਕਰ ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ ਕੋਟ ਧਰਮ ਚੰਦ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਐੱਸ.ਐੱਸ.ਪੀ. ਖੁਰਾਨਾ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਡੀਐੱਸਪੀ. ਗੋਇੰਦਵਾਲ ਪ੍ਰੀਤਇੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਹੌਲਦਾਰ ਹਰਪਾਲ ਸਿੰਘ ਨੇ 2 ਮਾਰਚ ਨੂੰ ਸਮਸ਼ੇਰ ਸਿੰਘ ਸ਼ੇਰਾ ਵਾਸੀ ਪਿੰਡ ਸੰਘੇ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ ਤੇ ਹੌਲਦਾਰ ਹਰਪਾਲ ਸਿੰਘ ਵਲੋਂ ਗੁਰਜੀਤ ਸਿੰਘ ਤੇ ਮਨਪ੍ਰੀਤ ਸਿੰਘ  ਵਾਸੀ ਰਸੂਲਪੁਰ ਨਾਲ ਹਮਸਲਾਹ ਹੋ ਕੇ ਸਮਸ਼ੇਰ ਸਿੰਘ ਪਾਸੋਂ ਬਰਾਮਦ ਹੈਰੋਇਨ ਆਪਣੇ ਪਾਸ ਰੱਖ ਲਈ ਸੀ ਅਤੇ ਸਮਸ਼ੇਰ ਸਿੰਘ ਪਾਸੋਂ 1 ਲੱਖ 10 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਸਮਸ਼ੇਰ ਸਿੰਘ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ।ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਹੌਲਦਾਰ ਹਰਪਾਲ ਸਿੰਘ   ਪਿੰਡ ਸੋਹਲ ਤੋਂ ਇਲਾਵਾ ਗੁਰਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਤਸਕਰ ਸਮਸ਼ੇਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ । ਇਸ ਮਾਮਲੇ ਵਿਚ ਹੌਲਦਾਰ ਹਰਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਫ਼ਰਾਰ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।